PunjabTop News

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ AI ਦੀ ਦੁਰਵਰਤੋਂ ’ਤੇ ਚਿੰਤਾ ਜਤਾਈ

ਸ੍ਰੀ ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਦੁਰਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲਿਆਂ ਉੱਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਿੱਖ ਕੌਮ ਅਤੇ ਨੌਜਵਾਨਾਂ ਦੇ ਨਾਮ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕੌਮ ਨੂੰ ਆਗਾਹ ਕਰਦਿਆਂ ਕਿਹਾ ਕਿ ਜਦੋਂ ਵੀ ਏਆਈ ਨਾਲ ਬਣੀ ਕੋਈ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਵੇ ਤਾਂ ਉਸ ਨੂੰ ਅਗਾਂਹ ਸਾਂਝੀ ਕਰਨ ਦੀ ਬਜਾਏ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਤੁਰੰਤ ਹੀ ਇਤਰਾਜ਼ਯੋਗ ਸਮੱਗਰੀ ਵਜੋਂ ਰਿਪੋਰਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਅਕਸਰ ਹੀ ਜਦੋਂ ਕੋਈ ਏਆਈ ਨਾਲ ਬਣੀ ਇਤਰਾਜ਼ਯੋਗ ਵੀਡੀਓ, ਫੋਟੋ ਆਦਿ ਸਾਹਮਣੇ ਆਉਂਦੀ ਹੈ ਤਾਂ ਸਾਡੇ ਲੋਕ ਉਸ ਸਮੱਗਰੀ ਨੂੰ ਆਪਣੇ ਸੋਸ਼ਲ ਮੀਡੀਆ ਮੰਚਾਂ ਉੱਤੇ ਅਪਲੋਡ ਜਾਂ ਸਾਂਝਾ ਕਰਕੇ ਹੋਰ ਵੀ ਅਗਾਂਹ ਫੈਲਾ ਦਿੰਦੇ ਹਨ, ਜਿਸ ਨਾਲ ਸ਼ਰਾਰਤੀ ਅਨਸਰਾਂ ਦਾ ਮੰਤਵ ਪੂਰਾ ਹੁੰਦਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਹੋਰ ਵੀ ਸੱਟ ਵੱਜਦੀ ਹੈ। ਇਸ ਦੀ ਬਜਾਏ ਵੀਡੀਓ, ਫੋਟੋ ਨੂੰ ਤੁਰੰਤ ਰਿਪੋਰਟ ਕੀਤਾ ਜਾਵੇ ਅਤੇ ਉਸ ਨੂੰ ਕਿਤੇ ਵੀ ਸਾਂਝਾ ਨਾ ਕੀਤਾ ਜਾਵੇ ਤਾਂ ਜੋ ਉਹ ਸਮੱਗਰੀ ਖਤਮ ਹੋ ਸਕੇ। ਉਨ੍ਹਾਂ ਕਿਹਾ ਕਿ ਮੀਡੀਆ, ਸੋਸ਼ਲ ਮੀਡੀਆ ਅਤੇ ਵੈੱਬ ਚੈਨਲਾਂ ਨੂੰ ਵੀ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਏਆਈ ਸਮੱਗਰੀ ਨੂੰ ਡਾਊਨਲੋਡ ਕਰਕੇ ਆਪਣੇ ਮੰਚਾਂ ਉੱਤੇ ਅਪਲੋਡ ਨਾ ਕਰਨ, ਇਸ ਨਾਲ ਭਾਵਨਾਵਾਂ ਨੂੰ ਹੋਰ ਵੀ ਸੱਟ ਵੱਜਦੀ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਹਦਾਇਤ ਕੀਤੀ ਕਿ ਅਜਿਹੇ ਮਾਮਲਿਆਂ ਵਿੱਚ ਸਖਤੀ ਵਰਤੀ ਜਾਵੇ ਅਤੇ ਆਪਣੇ ਆਪ ਨੋਟਿਸ ਲੈ ਕਿ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਏਆਈ ਤਕਨੀਕ ਦੀ ਦੁਰਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਵਰਤਾਰੇ ਨੂੰ ਠੱਲ੍ਹਣ। ਇਸ ਨੂੰ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਏਆਈ ਨੀਤੀ ਬਣਾਈ ਜਾਵੇ ਜਿਸ ਅਨੁਸਾਰ ਕਿਸੇ ਵੀ ਏਆਈ ਟੂਲ/ਸਾਫ਼ਟਵੇਅਰ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਸਮੱਗਰੀ ਨਾ ਬਣਾਈ ਜਾ ਸਕੇ ਅਤੇ ਨਾ ਹੀ ਅਪਲੋਡ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਜੇਕਰ ਅਜਿਹੀ ਇਤਰਾਜ਼ਯੋਗ ਸਮੱਗਰੀ ਦੀ ਪਛਾਣ ਜਨਤਕ ਹੋਣ ਤੋਂ ਪਹਿਲਾਂ ਹੀ ਹੋ ਜਾਵੇ ਤਾਂ ਇਸ ਨਾਲ ਇਹ ਵਰਤਾਰਾ ਕਾਫੀ ਹੱਦ ਤੱਕ ਠੱਲ੍ਹਿਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button