
ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਨੇੜੇ ਸੁਣਸਾਨ ਥਾਂ ’ਤੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਦੇ ਪਿੱਛੇ ਖੇਤਾਂ ਵਿੱਚੋਂ ਇੱਕ ਕ੍ਰੇਟ ਵਿੱਚ ਗੁਟਕਾ ਸਾਹਿਬ ਦੇ 6 ਸਰੂਪ ਬਰਾਮਦ ਹੋਏ ਹਨ।ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇੱਕ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਸਾਰੇ ਸਰੂਪ ਮਰਿਆਦਾ ਸਹਿਤ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਰਖਵਾ ਦਿੱਤੇ ਗਏ।ਇਸ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਡਾ. ਪ੍ਰਗਿਆ ਜੈਨ ਅਤੇ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਜਾਣਕਾਰੀ ਅਨੁਸਾਰ ਸਵੇਰੇ ਕਿਸੇ ਵਿਅਕਤੀ ਨੇ ਨਵੀਂ ਅਨਾਜ ਮੰਡੀ ਦੇ ਪਿੱਛੇ ਖੇਤਾਂ ਵਿੱਚ ਇੱਕ ਕ੍ਰੇਟ ਵਿੱਚ ਗੁਟਕਾ ਸਾਹਿਬ ਦੇ ਸਰੂਪ ਪਏ ਹੋਏ ਵੇਖੇ। ਇਸ ਦੀ ਸੂਚਨਾ ਗੁਰਦੁਆਰਾ ਚੁੱਲਾ ਸਾਹਿਬ ਦੇ ਪ੍ਰਬੰਧਕਾਂ ਨੂੰ ਦਿੱਤੀ ਗਈ। ਪ੍ਰਬੰਧਕ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਪੁਰਾਤਨ ਜਾਂ ਬਿਰਧ ਸਰੂਪ ਹਨ ਤਾਂ ਉਹਨਾਂ ਨੂੰ ਮਰਿਆਦਾ ਨਾਲ ਗੁਰਦੁਆਰਾ ਸਾਹਿਬ ਵਿੱਚ ਜਮ੍ਹਾਂ ਕਰਵਾਇਆ ਜਾਵੇ।
ਇਸ ਮਾਮਲੇ ’ਤੇ ਪੰਥਕ ਆਗੂ ਬਾਬਾ ਲਖਬੀਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਸੰਤੋਸ਼ਜਨਕ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਦੀ ਲਾਪਰਵਾਹੀ ਹੈ ਜਾਂ ਕਿਸੇ ਨੇ ਜਾਣਬੁੱਝ ਕੇ ਇਹ ਕਿਰਿਆ ਕੀਤੀ ਹੈ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਨਾਲ ਹੀ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



