Press ReleasePunjabTop News

ਖਾਲਸਾ ਏਡ ਇੰਡੀਆ ਮੁਖੀ ਦਵਿੰਦਰਜੀਤ ਸਿੰਘ ਨੇ ਛੱਡਿਆ ਅਹੁਦਾ – ਮਾੜੇ ਪ੍ਰਬੰਧਨ ਅਤੇ ਪਾਰਦਰਸ਼ਤਾ ਦੀ ਘਾਟ ਕਾਰਨ ਟੀਮ ਨੇ ਦਿੱਤਾ ਅਸਤੀਫਾ

ਸ੍ਰੀ ਅੰਮ੍ਰਿਤਸਰ ਸਾਹਿਬ,  ਖਾਲਸਾ ਏਡ ਇੰਡੀਆ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਨ੍ਹਾਂ ਦੇ ਨਾਲ ਖਾਲਸਾ ਏਡ ਇੰਡੀਆ ਓਪਰੇਸ਼ਨ ਮੈਨੇਜਰ ਗੁਰਵਿੰਦਰ ਸਿੰਘ ਨੇ ਵੀ ਅਸਤੀਫਾ ਦਿੱਤਾਹੈ। ਦਵਿੰਦਰਜੀਤ ਸਿੰਘ ਨੇ ਇਸ ਅਸਤੀਫੇ ਦੇ ਕਾਰਨ ਖਾਲਸਾ ਏਡ ਸੰਸਥਾ ਅੰਦਰ ਚੰਗੀ ਮੈਨੇਜਮੈਂਟ ਦੀ ਕਮੀ, ਪਾਰਦਰਸ਼ਤਾ ਦੀ ਘਾਟ ਅਤੇ ਯੂ.ਕੇ ਮੈਨੇਜਮੈਂਟ ਦੀ ਲੋੜ ਤੋਂ ਜ਼ਿਆਦਾ ਦਖਲਅੰਦਾਜ਼ੀ ਨੂੰ ਦੱਸਿਆ ਹੈ।ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਖਾਲਸਾ ਏਡ ਵਿਚ ਪੂਰੀ ਤਨਦੇਹੀ ਨਾਲ ਸੇਵਾ ਨਿਭਾਅ ਰਹੇ ਸਨ, ਪਰ ਖਾਲਸਾ ਏਡ ਸੰਸਥਾ ਅੰਦਰ ਇਸ ਸਮੇਂ ਬਣੇ ਮਾੜੇ ਹਾਲਾਤਾਂ ਨੇ ਉਨ੍ਹਾਂ ਨੂੰ ਅੱਗੇ ਹੋਰ ਸੇਵਾ ਕਰਨ ਦੇ ਯੋਗ ਨਹੀਂ ਛੱਡਿਆ। ਉਨ੍ਹਾਂ ਨੇ ਦੱਸਿਆ ਕਿ 2023 ਵਿੱਚ ਪਿਛਲੀ ਟੀਮ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਪਹਿਲਾਂ ਓਪਰੇਸ਼ਨ ਲੀਡ ਵਜੋਂ ਕਾਰਜਭਾਰ ਸੰਭਾਲੇ ਸਨ।

ਦਵਿੰਦਰਜੀਤ ਸਿੰਘ ਨੇ 2025 ਹੜ੍ਹ ਰਾਹਤ ਸੇਵਾਵਾਂ ਦੌਰਾਨ ਖਾਲਸਾ ਏਡ ਦੇ ਪ੍ਰਦਰਸ਼ਨ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਚੀਜ਼ਾਂ ਮੈਨੇਜਮੈਂਟ ਦੇ ਕਮਜ਼ੋਰ ਹੋਣ ਕਰਕੇ ਅਤੇ ਯੂਕੇ ਹੈੱਡਕਵਾਰਟਰ ਤੋਂ ਬਹੁਤ ਜਿਆਦਾ ਕੰਟਰੋਲ ਕਰਨ ਦੇ ਕਾਰਨ ਲੋੜਵੰਦਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੀਆਂ। “ਕਈ ਬਹੁਤ ਹੀ ਜ਼ਿਆਦਾ ਪ੍ਰਮੁੱਖ ਅਤੇ ਅਹਿਮ ਫੈਸਲਿਆਂ ਵਿਚ ਦੇਰੀ, ਫੀਲਡ ਅਪਰੇਸ਼ਨਾਂ ਵਿੱਚ ਰੁਕਾਵਟਾਂ ਪਾਉਣਾ, ਲੋੜਵੰਦਾਂ ਦੀ ਸੇਵਾ ਲਈ ਖਰੀਦੇ ਜਾਣ ਵਾਲੇ ਸਮਾਨ ਦੇ ਸਪਲਾਇਰਾਂ ਅਤੇ ਸੇਵਾ ਕਰ ਰਹੇ ਵਲੰਟੀਅਰਾਂ ਦੀਆਂ ਪੇਮੈਂਟਾਂ ਨੂੰ ਵਾਰ-ਵਾਰ ਰੋਕਿਆ ਗਿਆ।” ਉਨ੍ਹਾਂ ਕਿਹਾ

ਉਹ ਦੋਸ਼ ਲਾਇਆ ਕਿ ਖਾਲਸਾ ਏਡ ਮੁਖੀ ਅਤੇ ਸੀ.ਈ.ਓ ਰਵੀ ਸਿੰਘ ਨੇ ਪੰਜਾਬ ਵਿਚ ਚੱਲ ਰਹੇ ਫੀਲਡ ਅਪਰੇਸ਼ਨਾਂ ਵਿੱਚ ਬੇਹਦ ਦਖਲਅੰਦਾਜ਼ੀ ਕਰਦਿਆਂ ਇੰਡੀਆ ਟੀਮ ਦੇ ਅਧਿਕਾਰ ਖੋਹੇ ਅਤੇ ਚੱਲ ਰਹੇ ਸੇਵਾ ਕਾਰਜਾਂ ਵਿਚ ਸ਼ਰੇਆਮ ਵਿਘਨ ਪਾਇਆ। ” ਖਾਲਸਾ ਏਡ ਵਿਚ ਕੋਈ ਵੀ ਮੈਨੇਜਮੈਂਟ ਅਤੇ ਪਾਰਦਰਸ਼ਤਾ ਨਹੀਂ ਹੈ, ਸੰਸਥਾ ਦੇ ਤਮਾਮ ਫੈਸਲੇ (ਨਿਜਪ੍ਰ੍ਸਤੀ ਨੂੰ ਸਮਰਪਿਤ) ਹਜ਼ਾਰਾਂ ਮੀਲ ਦੂਰ ਬੈਠਾ ਇਕ ਅਜਿਹਾ ਇਨਸਾਨ ਇੰਡੀਆ ਟੀਮ ‘ਤੇ ਥੋਪ ਰਿਹਾ ਹੈ, ਜਿਸ ਨੂੰ ਜ਼ਮੀਨੀ ਹਕੀਕਤ ਬਾਰੇ ਕੁਝ ਵੀ ਗਿਆਨ ਨਹੀਂ ਹੈ” ਉਨ੍ਹਾਂ ਕਿਹਾ।ਮੈਨੇਜਮੈਂਟ ‘ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਖਾਲਸਾ ਏਡ ਇੰਡੀਆ ਦੇ ਸਮੁੱਚੇ ਫੈਸਲਿਆਂ ਲਈ ਇਥੋਂ ਦੇ ਬੋਰਡ ਮੈਂਬਰ ਪੂਰੀ ਤਰ੍ਹਾਂ ਜਿੰਮੇਵਾਰ ਹਨ, ਪਰ ਖਾਲਸਾ ਏਡ ਇੰਡੀਆ ਚੈਰੀਟੇਬਲ ਟ੍ਰਸਟ ਦੇ ਮੌਜੂਦਾ 5 ਟਰੱਸਟੀਆਂ ਵਿਚੋਂ ਕੇਵਲ 2 ਟ੍ਰਸਟੀ ਹੀ ਭਾਰਤ ਦੇ ਹਨ ਅਤੇ ਕੇਵਲ 1 ਟ੍ਰਸਟੀ ਜ਼ਮੀਨੀ ਅਪਰੇਸ਼ਨਾਂ ਵਿਚ ਸ਼ਾਮਲ ਹੁੰਦਾ ਰਿਹਾ ਹੈ। ਬਾਕੀ ਦੇ ਸਾਰੇ ਟ੍ਰਸਟੀ ਨਾ ਹੀ ਸੰਸਥਾ ਦੇ ਵਿੱਤੀ ਮਾਮਲਿਆਂ ਵਿਚ ਅਤੇ ਨਾ ਹੀ ਸੰਚਾਲਨ ਦੇ ਫੈਸਲਿਆਂ ਵਿਚ ਕਦੇ ਸ਼ਾਮਲ ਹੋਏ। ਜਿਸ ਕਾਰਨ ਸੰਸਥਾ ਦਾ ਅੰਦਰੂਨੀ ਢਾਂਚਾ ਬੁਰੀ ਤਰ੍ਹਾਂ ਵਿਗੜ ਗਿਆ ਅਤੇ ਇਕ ਵਿਅਕਤੀ ਵਿਸ਼ੇਸ਼ ਦਾ ਕੰਟਰੋਲ ਹੋ ਗਿਆ। ਉਨ੍ਹਾਂ ਕਿਹਾ ਕਿ ਯੂ.ਕੇ ਬੈਠੇ ਰਵੀ ਸਿੰਘ ਦੀ ਹੱਦੋ ਜ਼ਿਆਦਾ ਮਾਈਕਰੋ ਮੈਨੇਜਮੈਂਟ ਕਰਨ ਦੀ ਆਦਤ ਨੇ ਪੰਜਾਬ ਹੜ੍ਹਾਂ ਵਿਚ ਚੱਲ ਰਹੀ ਸੇਵਾ ਕਾਰਜਾਂ ਵਿਚ ਬਹੁਤ ਵੱਡਾ ਵਿਘਨ ਪਾਇਆ ਹੈ। ਉਨ੍ਹਾਂ ਕਿਹਾ ਕਿ ਸਾਡੀ ਹਰ ਇਕ ਹਰਕਤ ‘ਤੇ ਉਹ ਬਹੁਤ ਡੂੰਘਾਈ ਨਾਲ ਨਿਗ੍ਹਾ ਰੱਖਦੇ ਸੀ, ਪਰ ਉਨ੍ਹਾਂ ਦੇ ਆਪਣੀ ਦੇਖ-ਰੇਖ ਵਾਲੀ ਸਾਡੇ ਤੋਂ ਪੁਰਾਣੀ ਟੀਮ ਦੁਆਰਾ ਸੰਗਤ ਦੇ ਦਸਵੰਧ ਦੀ ਕੀਤੀ ਦੁਰਵਰਤੋਂ (ਜਿਸਦੇ ਸਬੂਤ ਮੌਜੂਦ ਨੇ) ਬਾਰੇ ਅਜੇ ਤਕ ਨਹੀਂ ਕੁਝ ਨਹੀਂ ਬੋਲਿਆ। ”ਇਹ ਦੋਹਰਾ ਮਾਪਦੰਡ ਇਸ ਕਰਕੇ ਹੈ ਕਿਉਂਕਿ ਰਵੀ ਸਿੰਘ ਖੁਦ ਨੂੰ ਦੁਨੀਆਂ ਸਾਹਮਣੇ ਚੰਗਾ ਪੇਸ਼ ਕਰਕੇ ਆਪਣਾ ਬਚਾਵ ਕਰਨ, ਦਸਵੰਧ ਦੇ ਰਹੀ ਸੰਗਤ ਅਤੇ ਟਰੱਸਟੀਆਂ ਦੀ ਪੁੱਛਗਿੱਛ ਤੋਂ ਬਚਣ ਵਿਚ ਮਾਹਿਰ ਹਨ” ਉਨ੍ਹਾਂ ਕਿਹਾ।

ਆਪਣੇ ਕਾਰਜਕਾਲ ਦੌਰਾਨ ਹੋਏ ਸੇਵਾ ਕਾਰਜਾਂ ਨੂੰ ਗਿਣਵਾਉਂਦੀਆਂ ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਦਾਨ ਹੋਈ ਜ਼ਮੀਨ ‘ਤੇ ਹੈਲਥ ਸੈਂਟਰ ਬਣਾਇਆ ਜਾਣਾ ਸੀ, ਪਰ ਪੁਰਾਣੀ ਟੀਮ ਅਤੇ ਰਵੀ ਸਿੰਘ ਦੀ ਮਾੜੀ ਮੈਨੇਜਮੈਂਟ ਦੇ ਸਦਕਾ ਕਈ ਸਾਲਾਂ ਦਾ ਰੁਕਿਆ ਕੰਮ ਉਨ੍ਹਾਂ ਨੇ ਕੁਝ ਹੀ ਮਹੀਨਿਆਂ ਵਿਚ ਸੰਪੂਰਨ ਕੀਤਾ ਅਤੇ ਜਿਥੇ ਹੁਣ ਸੈਂਕੜੇ ਲੋੜਵੰਦ ਲੋਕ ਇਸ ਸੇਵਾ ਦਾ ਲਾਹਾ ਲੈ ਰਹੇ ਹਨ।ਦਵਿੰਦਰਜੀਤ ਸਿੰਘ ਨੇ ਖਾਲਸਾ ਏਡ ਦੀ ਵਿੱਤੀ ਪਾਰਦਰਸ਼ਤਾ ‘ਤੇ ਵੀ ਸਵਾਲ ਉਠਾਏ, ਉਨ੍ਹਾਂ ਕਿਹੇ ਕਿ ਸਾਲ 2019 ਹੜ੍ਹ ਰਾਹਤ ਕਾਰਜਾਂ ਦੀ ਰਿਪੋਰਟ ਕਿਉਂ ਨਹੀਂ ਜਾਰੀ ਕੀਤੀ ਗਈ? ਪਹਿਲੇ ਫੇਸ ਦੇ ਸੇਵਾ ਕਾਰਜਾਂ ਵਿਚ ਖਾਲਸਾ ਏਡ ਯੂਕੇ, ਅਮਰੀਕਾ ਅਤੇ ਕਨੇਡਾ ਦੇ ਚੈਪਟਰਾਂ ਵਲੋਂ ਸਾਂਝਾ ਪੈਸਾ ਲਾਇਆ ਗਿਆ ਸੀ। ਅਮਰਪ੍ਰੀਤ ਦੀ ਟੀਮ ਨੇ 24 ਹਜਾਰ ਬੈਗ ਡੀ.ਏ.ਪੀ ਖਾਦ ਦੇ ਖਰੀਦੇ, ਪਰ ਕੇਵਲ 7 ਹਜ਼ਾਰ ਥੈਲੇ ਹੀ ਕਿਸਾਨਾਂ ਵਿਚ ਵੰਡੇ ਗਏ। ਉਨ੍ਹਾਂ ਨੇ ਲੱਖਾਂ ਅਮਰੀਕੀ ਡਾਲਰਾਂ ਖਰਚ ਕਰਕੇ 2 ਹਜ਼ਾਰ ਵਾਟਰ ਪਿਊਰੀਫਾਇਰ ਫਿਲਟਰ ਵੀ ਖਰੀਦੇ, ਜੋ ਅੱਜ ਤਕ ਕਿਸੇ ਨੂੰ ਵੀ ਨਹੀਂ ਵੰਡੇ ਅਤੇ ਅੱਜ ਵੀ ਪਟਿਆਲਾ ਦਫ਼ਤਰ ਦੇ ਗੋਦਾਮ ਵਿਚ ਪਏ ਸੜ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਇਹ ਬਹੁਤੇ ਵਿਗਾੜੇ ਪ੍ਰੋਜੈਕਟਾਂ ਵਿਚੋਂ ਸਿਰਫ ਦੋ ਹੀ ਉਦਾਹਰਨਾਂ ਦੱਸੀਆਂ ਨੇ, ਹੋਰ ਵੀ ਬਹੁਤ ਘਪਲੇ ਹਨ ਜੋ ਸੰਗਤ ਦੇ ਦਸਵੰਧ ਦੀ ਦੁਰਵਰਤੋਂ ਦੇ ਸਬੂਤ ਹਨ। ਉਨ੍ਹਾਂ ਕਿਹਾ ਕਿ ਖਾਲਸਾ ਏਡ ਅਮਰੀਕਾ ਦੇ ਚੈਪਟਰ ਨੇ ਕਿਉਂ ਨਹੀਂ ਅਜੇ ਤਕ ਇਸ ਬਾਰੇ ਕੋਈ ਸਵਾਲ ਖੜ੍ਹਾ ਕੀਤਾ ਅਤੇ ਸੰਗਤ ਨੂੰ ਇਸ ਬਾਰੇ ਕਿਉਂ ਨਹੀਂ ਦੱਸਿਆ ਗਿਆ?

ਉਨ੍ਹਾਂ ਕਿਹਾ ਕਿ ਰਵੀ ਸਿੰਘ ਨੇ ਖੁਦ ਸੋਸ਼ਲ ਮੀਡੀਆ ‘ਤੇ ਪਾਈਆਂ ਕਿੰਨੀਆਂ ਹੀ ਵੀਡੀਓਜ਼ ਵਿਚ ਕਿਹਾ ਹੈ ਕਿ ਸਾਲ 2019 ਹੜ੍ਹਾਂ ਵਿਚ 2.4 ਮਿਲੀਆਂ ਪੌਂਡ ਇੱਕਠੇ ਹੋਏ ਸਨ, ਪਰ ਹਾਲੇ ਤਕ ਉਨ੍ਹਾਂ ਪੈਸਿਆਂ ਦਾ ਵੀ ਕੋਈ ਹਿਸਾਬ ਨਹੀਂ ਦਿੱਤਾ ਗਿਆ ਕਿ ਉਹ ਦਸਵੰਧ ਕਿਹੜੇ ਕਿਹੜੇ ਪ੍ਰੋਜੈਕਟ ‘ਤੇ ਵਰਤਿਆ ਗਿਆ ਹੈ।

ਸਾਲ 2025 ਦੇ ਹੜ੍ਹ ਰਾਹਤ ਸੇਵਾਵਾਂ ਬਾਰੇ ਬੋਲਦੇ ਕਿਹਾ ਕਿ ਖਾਲਸਾ ਏਡ ਅਤੇ ਇਸਦੇ ਬਾਕੀ ਦੇ ਬਾਹਰਲੇ ਚੈਪਟਰਾਂ ਨੇ, ਜਿਵੇਂ ਅਮਰੀਕਾ, ਕਨੇਡਾ ਅਤੇ ਆਸਟ੍ਰੇਲੀਆ ਨੇ ਕਿਉਂ ਹੁਣ ਤਕ ਇਕੱਠਾ ਹੋਇਆ ਦਸਵੰਧ ਦਾ ਸੰਗਤ ਨੂੰ ਹਿਸਾਬ ਨਹੀਂ ਦਿੱਤਾ? ” ਰਵੀ ਸਿੰਘ ਅਤੇ ਖਾਲਸਾ ਏਡ ਦੇ ਟਰੱਸਟੀਆਂ ਦੀ ਇਹ ਚੁੱਪ ਵੱਡੇ ਸ਼ੱਕ ਖੜ੍ਹੇ ਕਰ ਰਹੀ ਹੈ” ਉਨ੍ਹਾਂ ਕਿਹਾ।ਉਨ੍ਹਾਂ ਕਿਹਾ ਕਿ ਖਾਲਸਾ ਏਡ ਇੰਡੀਆ ਦਾ ਮੁੱਖ ਬੈਂਕ ਖਾਤਾ ਪਿਛਲੇ ਦੋ ਸਾਲਾਂ ਤੋਂ ਬੰਦ ਪਿਆ ਹੈ ਅਤੇ ਇਸ ਨੂੰ ਚਾਲੂ ਕਰਨ ਲਈ ਯੂਕੇ ਅਤੇ ਇੰਡੀਆ ਦੇ ਟਰੱਸਟੀਆਂ ਨੇ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ। ਉਲਟਾ ਪੰਜਾਬ ਵਿਚ ਆਮ ਲੋਕਾਂ ਲਈ ਚੱਲ ਰਹੇ ਮੈਡੀਕਲ ਅਤੇ ਸਿਖਿਆ ਪ੍ਰੋਜੈਕਟਾਂ ‘ਤੇ ਵੀ ਰਵੀ ਸਿੰਘ ਵਲੋਂ ਪਾਬੰਦੀ ਲਗਾ ਦਿਤੀ ਗਈ। ਜਿਸ ਵਿਚ ਲੱਖਾਂ ਲੋੜਵੰਦ ਮਹਿੰਗੇ ਇਲਾਜ ਤੋਂ ਛੁਟਕਾਰਾ ਪਾ ਕੇ ਮੁਫ਼ਤ ਇਲਾਜ ਅਤੇ ਲੋੜਵੰਦ ਘਰਾਂ ਦੇ ਬੱਚੇ ਉੱਚ ਪੱਧਰ ਦੀ ਸਿਖਿਆ ਮੁਫ਼ਤ ਲੈ ਰਹੇ ਸੀ।

ਦਵਿੰਦਰਜੀਤ ਸਿੰਘ ਨੇ ਪੁਰਾਣੀ ਟੀਮ ਮੁਖੀ ਅਮਰਪ੍ਰੀਤ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਵਲੋਂ 2019 ਹੜ੍ਹਾਂ ਤੋਂ ਬਾਅਦ ਮੁੜ ਵਸੇਬਾ ਕਾਰਜਾਂ ਅੰਦਰ ਰੋਪੜ ਦੇ ਖੈਰਾਬਾਦ ਵਿਚ ਬਣਾਏ ਘਰਾਂ ਲਈ ਬੇਹੱਦ ਘਟੀਆ ਕੁਆਲਟੀ ਦੇ ਸਮਾਨ ਦੀ ਵਰਤੋਂ ਕੀਤੀ ਗਈ,ਜਿਸ ਕਾਰਣ ਉੱਥੇ ਵਸਣ ਵਾਲੇ ਲੋਕਾਂ ਦੀ ਜ਼ਿੰਦਗੀਆਂ ਦੀ ਪਰਵਾਹ ਕਰਦਿਆਂ ਇਨਕੁਆਇਰੀ ਹੋਈ ਅਤੇ ਬਾਅਦ ਵਿੱਚ ਉਨ੍ਹਾਂ ਦੀ ਆਪਣੀ ਟੀਮ ਵਲੋਂ ਘਰਾਂ ਨੂੰ ਰਹਿਣਯੋਗ ਬਣਾਇਆ ਗਿਆ।

ਆਖ਼ਰ ਵਿੱਚ ਦਵਿੰਦਰਜੀਤ ਸਿੰਘ ਨੇ ਸਿੱਖਾਂ ਦੀ ਏਨੀ ਵੱਡੀ ਸੰਸਥਾ ਖਾਲਸਾ ਏਡ ਬਾਰੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ, ”ਖਾਲਸਾ ਏਡ ਲੋਕ ਭਲਾਈ ਦੇ ਨਾਮ ‘ਤੇ ਮਾੜੀ ਮੈਨੇਜਮੈਂਟ, ਪਾਰਦਰਸ਼ਤਾ ਅਤੇ ਇਕ ਵਿਅਕਤੀ ਵਿਸ਼ੇਸ਼ ਦੀ ਨਿੱਜੀ ਸਖਸ਼ੀਅਤ ਨੂੰ ਉਭਾਰਨ ਜਿਹੇ ਝੂਠੇ ਪ੍ਰਚਾਰ ਵਿੱਚ ਫਸ ਚੁੱਕੀ ਹੈ।”

ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਰਵੀ ਸਿੰਘ ਤੋਂ ਸਵਾਲ ਕਰਨ ਕਿ ਸੰਗਤ ਵਲੋਂ ਦਿੱਤਾ ਗਿਆ ਕਰੋੜਾਂ ਰੁਪਏ ਦਾ ਦਸਵੰਧ ਕਿੱਥੇ ਅਤੇ ਕਿਵੇਂ ਖਰਚਿਆ ਜਾ ਰਿਹਾ ਹੈ। ”ਜੇਕਰ ਸਮਾਂ ਰਹਿੰਦੀਆਂ ਸੰਗਤ ਦੁਆਰਾ ਇਹ ਸਵਾਲ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿਚ ਖਾਲਸਾ ਏਡ ਜਿਹੀਆਂ ਸੰਸਥਾਵਾਂ (ਜੋ ਨਿਰੋਲ ਸੰਗਤ ਦੇ ਦਸਵੰਧ ਨਾਲ ਚਲਦੀਆਂ ਹਨ)ਉਨ੍ਹਾਂ ਹੱਥਾਂ ਵਿਚ ਚਲੇ ਜਾਣਗੀਆਂ, ਜੋ ਆਪਣੀ ਮਨਮਰਜ਼ੀ ਨਾਲ ਪੈਸੇ ਦੀ ਦੁਰਵਰਤੋਂ ਕਰਨਗੇ ਅਤੇ ਸੇਵਾ ਦੇ ਨਾਮ ‘ਤੇ ਸੋਸ਼ਲ ਮੀਡੀਆ ‘ਤੇ ਲਿਸ਼ਕਵੀਆਂ ਵੀਡੀਓਜ਼ ਪਾ ਕੇ ਸੰਗਤ ਤੋਂ ਪੈਸਾ ਲੁੱਟਦੇ ਰਹਿਣਗੇ।” ਉਨ੍ਹਾਂ ਕਿਹਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button