
ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਸੰਗਠਿਤ ਅਪਰਾਧ ਤੇ ਗੈਂਗਸਟਰ ਸਰਗਰਮੀਆਂ ’ਤੇ ਰੋਕ ਲਗਾਉਣ ਲਈ ਸੂਬੇ ਦੇ ਲੋਕਾਂ ਨੂੰ ਇਕ ਹੋਰ ਮਜ਼ਬੂਤ ਹਥਿਆਰ ਦਿੱਤਾ ਹੈ। ਡੀਜੀਪੀ ਗੌਰਵ ਯਾਦਵ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਟੋਲ-ਫ੍ਰੀ ਹੈਲਪਲਾਈਨ ਨੰਬਰ 1800-330-1100 ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਨੰਬਰ ਜ਼ਰੀਏ ਆਮ ਲੋਕ ਸਿੱਧੀ ਤੇ ਗੁਪਤ ਤਰੀਕੇ ਨਾਲ ਧਮਕੀ, ਵਸੂਲੀ ਤੇ ਅਪਰਾਧਕ ਸਰਗਰਮੀਆਂ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ। ਡੀਜੀਪੀ ਨੇ ਭਰੋਸਾ ਦਿਵਾਇਆ ਕਿ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਪੁਲਿਸ ਤੁਰੰਤ ਕਾਰਵਾਈ ਕਰੇਗੀ। ਡੀਜੀਪੀ ਨੇ ਇੰਸਟਾਗ੍ਰਾਮ ਅਤੇ ਐਕਸ ’ਤੇ ਵੀ ਸੰਦੇਸ਼ ਸਾਂਝਾ ਕਰ ਕੇ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਇਸ ਹੈਲਪਲਾਈਨ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ ਮਾਰਚ 2022 ਤੋਂ ਹੁਣ ਤੱਕ ਸੂਬੇ ਭਰ ਵਿਚ 500 ਤੋਂ ਜ਼ਿਆਦਾ ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚ ਗੈਂਗਸਟਰਾਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਪਾਰੀਆਂ, ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਧਮਕਾ ਕੇ ਪੈਸੇ ਮੰਗਣ ਵਰਗੀਆਂ ਵਾਰਦਾਤਾਂ ਸ਼ਾਮਲ ਹਨ। ਇਨ੍ਹਾਂ ਮਾਮਲਿਆਂ ਵਿਚ ਪੁਲਿਸ ਨੇ ਹੁਣ ਤੱਕ ਲਗਪਗ 327 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਚਾਰ ਪ੍ਰਮੁੱਖ ਹੈਲਪਲਾਈਨ ਸ਼ੁਰੂ ਕਰ ਚੁੱਕੀ ਹੈ। ਮਾਰਚ 2022 ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਐਂਟੀ-ਕਰਪਸ਼ਨ ਹੈਲਪਲਾਈਨ ਸ਼ੁਰੂ ਕੀਤੀ ਸੀ। ਰਿਸ਼ਵਤਖ਼ੋਰੀ ਤੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲੋਕ ਵ੍ਹਟਸਐਪ ਨੰਬਰ 9501200200 ਅਤੇ ਟੋਲ-ਫ੍ਰੀ ਨੰਬਰ 1800-1800-1000 ’ਤੇ ਦੇ ਸਕਦੇ ਹਨ। ਇਸੇ ਤਰ੍ਹਾਂ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਤਹਿਤ 1076 ਨੰਬਰ ਸ਼ੁਰੂ ਕੀਤਾ ਗਿਆ। ਇਸ ਦੀ ਮਦਦ ਨਾਲ 406 ਤੋਂ ਵੱਧ ਸੇਵਾਵਾਂ ਲੋਕਾਂ ਨੂੰ ਘਰ ਬੈਠੇ ਮੁਹੱਈਆ ਹੁੰਦੀਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦਿਆਂ ਅਕਤੂਬਰ 2024 ਵਿਚ ਖੁਰਾਕ ਤੇ ਹੋਰ ਖੇਤੀ ਉਤਪਾਦਾਂ ਦੀ ਨਾਜਾਇਜ਼ ਟੈਗਿੰਗ ਰੋਕਣ ਲਈ ਹੈਲਪਲਾਈਨ ਨੰਬਰ 1100 ਅਤੇ ਵ੍ਹਟਸਐਪ ਨੰਬਰ 91-98555-01076 ਜਾਰੀ ਕੀਤਾ ਗਿਆ। ਹੁਣ ਏਜੀਟੀਐੱਫ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.