
ਏਅਰ ਇੰਡੀਆ ਦੇ ਲੰਡਨ ਜਾ ਰਹੇ ਜਹਾਜ਼ ਦੀ 12 ਜੂਨ ਨੂੰ ਅਹਿਮਦਾਬਾਦ ਵਿਚ ਹੋਈ ਦੁਰਘਟਨਾ ਦੀ ਮੁੱਢਲੀ ਜਾਂਚ ਰਿਪੋਰਟ ਦੇ ਚੋਣਵੇਂ ਪ੍ਰਕਾਸ਼ਨ ’ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਪ੍ਰਗਟਾਈ ਹੈ। ਇਸ ਵਿਚ ਪਾਇਲਟਾਂ ਵੱਲੋਂ ਕੋਤਾਹੀ ਨੂੰ ਰੇਖਾਂਕਿਤ ਕੀਤਾ ਗਿਆ ਸੀ ਅਤੇ ਇਸ ਨਾਲ ਮੀਡੀਆ ਵਿਚ ਨੈਰੇਟਿਵ ਘੜਨ ਦਾ ਰਸਤਾ ਸਾਫ਼ ਹੋਇਆ ਸੀ। ਸਰਬਉੱਚ ਅਦਾਲਤ ਨੇ ਇਸ ਨੂੰ ਮੰਦਭਾਗਾ ਤੇ ਗ਼ੈਰ-ਜ਼ਿੰਮੇਵਾਰਾਨਾ ਕਰਾਰ ਦਿੱਤਾ।
ਜਸਟਿਸ ਸੂਰੀਆਕਾਂਤ ਅਤੇ ਜਸਟਿਸ ਐੱਨ. ਕੋਟਿਸਵਰ ਸਿੰਘ ਦੇ ਬੈਂਚ ਨੇ ਜਹਾਜ਼ ਦੁਰਘਟਨਾ ਜਾਂਚ ਬਿਊਰੋ (ਏਏਆਈਬੀ) ਦੀ 12 ਜੁਲਾਈ ਨੂੰ ਜਾਰੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂਆਂ ’ਤੇ ਗੌਰ ਕੀਤਾ ਅਤੇ ਦੁਰਘਟਨਾ ਦੀ ਜਾਂਚ, ਆਜ਼ਾਦ, ਨਿਰਪੱਖ ਅਤੇ ਤਵਰਿਤ ਜਾਂਚ ਦੇ ਪਹਿਲੂ ’ਤੇ ਕੇਂਦਰ ਤੇ ਸ਼ਹਿਰੀ ਆਵਾਜਾਈ ਡਾਇਰੈਕਟੋਰੇਟ (ਡੀਜੀਸੀਏ) ਨੂੰ ਨੋਟਿਸ ਜਾਰੀ ਕੀਤਾ। ਬੈਂਚ ਨੇ ਕਿਹਾ, ਜਾਂਚ ਪੂਰੀ ਹੋਣ ਤੱਕ ਇਸ ਤਰ੍ਹਾਂ ਦੀ ਰਿਪੋਰਟ ਤਰ੍ਹਾਂ ਗੁਪਤ ਰਹਿਣੀ ਚਾਹੀਦੀ। ਇਸ ਨਾਲ ਪੀੜਤਾਂ ਦੀ ਨਿੱਜਤਾ ਤੇ ਮਾਣ ਜੁੜਿਆ ਹੁੰਦਾ ਹੈ।
ਗ਼ੈਰ-ਸਰਕਾਰੀ ਸੰਗਠਨ ‘ਸੇਫਟੀ ਮੈਟਰਸ ਫਾਊਂਡੇਸ਼ਨ’ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇਸ ਤੋਂ ਪਹਿਲਾਂ ਕਿਹਾ, ਜਦੋਂ ਤੱਕ ਲੋਕਾਂ ਨੂੰ ਦੁਰਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਚੱਲਦਾ, ਉਹ ਖ਼ਤਰੇ ਵਿਚ ਹਨ ਕਿਉਂਕਿ ਉਦੋਂ ਤੱਕ ਕੋਈ ਅਹਿਤਿਆਤੀ ਕਦਮ ਨਹੀਂ ਚੁੱਕਿਆ ਜਾ ਸਕਦਾ। ਦੁਰਘਟਨਾ ਨੂੰ 100 ਦਿਨ ਤੋਂ ਵੱਧ ਹੋ ਗਏ ਹਨ ਅਤੇ ਹਾਲੇ ਵੀ ਕਾਰਨ ਦਾ ਪਤਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਕਮੇਟੀ ਵਿਚ ਪੰਜ ਮੈਂਬਰਾਂ ਵਿਚੋਂ ਤਿੰਨ ਜਹਾਜ਼ ਨਿਰਮਾਤਾ, ਏਅਰਲਾਈਨ ਅਤੇ ਡੀਜੀਸੀਏ ਤੋਂ ਹਨ ਅਤੇ ਉਨ੍ਹਾਂ ਵਿਚ ਹਿੱਤਾਂ ਦਾ ਟਕਰਾਅ ਹੋ ਸਕਦਾ ਹੈ। ਜਿਸ ਸੰਗਠਨ ਦੀ ਭੂਮਿਕਾ ਦੀ ਜਾਂਚ ਹੋ ਸਕਦੀ ਹੈ, ਉਸ ਦੇ ਅਧਿਕਾਰੀ ਜਾਂਚ ਕਮੇਟੀ ਦਾ ਹਿੱਸਾ ਕਿਵੇਂ ਹੋ ਸਕਦੇ ਹਨ। ਭੂਸ਼ਣ ਨੇ ਦੁਰਘਟਨਾ ਦੇ ਕਾਰਨਾਂ ’ਤੇ ਸਪੱਸ਼ਟਤਾ ਲਈ ਜਹਾਜ਼ ਦੇ ਫਲਾਈਟ ਡਾਟਾ ਰਿਕਾਰਡਰ ਦੀ ਜਾਣਕਾਰੀ ਉਜਾਗਰ ਕਰਨ ਦੀ ਮੰਗ ਕੀਤੀ। ਇਸ ’ਤੇ ਬੈਂਚ ਨੇ ਕਿਹਾ ਕਿ ਫਲਾਈਟ ਡਾਟਾ ਰਿਕਾਰਡਰ ਦੀ ਜਾਣਕਾਰੀ ਦੀ ਮੁਕਾਬਲੇਬਾਜ਼ ਏਅਰਲਾਈਨਾਂ ਦੁਰਵਰਤੋਂ ਕਰ ਸਕਦੀਆਂ ਹਨ।
ਜਸਟਿਸ ਸੂਰੀਆਕਾਂਤ ਨੇ ਕਿਹਾ ਕਿ ਸਾਨੂੰ ਟੁਕੜਿਆਂ ਵਿਚ ਜਾਣਕਾਰੀ ਜਾਰੀ ਨਹੀਂ ਕਰਨੀ ਚਾਹੀਦੀ। ਬੈਂਚ ਨੇ ਮਹਿਸੂਸ ਕੀਤਾ ਕਿ ਖੇਤਰ ਦੇ ਮਾਹਰਾਂ ਵੱਲੋਂ ਆਜ਼ਾਦ ਜਾਂਚ ਬਿਹਤਰ ਬਦਲ ਹੋ ਸਕਦਾ ਹੈ। ਅਫ਼ਹਾਵਾਂ ਤੇ ਕਿਆਸਿਆਂ ਨੂੰ ਸ਼ਾਂਤ ਕਰਨ ਅਤੇ ਮੀਡੀਆ, ਇੰਟਰਨੈੱਟ ਮੀਡੀਆ ਤੇ ਹੋਰ ਵਸੀਲਿਆਂ ਨਾਲ ਸੂਚਨਾਵਾਂ ਦੀ ਚੋਣਵੀਂ ਲੀਕ ਤੋਂ ਬਚਣ ਲਈ ਤੁਰੰਤ ਅਜਿਹੀ ਜਾਂਚ ਹੋਣੀ ਚਾਹੀਦੀ। ਕੈਪਟਨ ਅਮਿਤ ਸਿੰਘ ਦੀ ਅਗਵਾਈ ਵਾਲੇ ਐੱਨਜੀਓ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ।ਇਸ ਵਿਚ ਕਿਹਾ ਗਿਆ ਹੈ ਕਿ ਏਏਆਈਬੀ ਨੇ ਮੁੱਢਲੀ ਰਿਪੋਰਟ ਵਿਚ ਦੁਰਘਟਨਾ ਲਈ ‘ਫਿਊਲ ਕੱਟਆਫ ਸਵਿੱਚ’ ਨੂੰ ‘ਰਨ’ ਨਾਲ ‘ਕੱਟਆਫ’ ’ਚ ਬਦਲਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ, ਜਿਸ ਨਾਲ ਪਾਇਲਟ ਦੀ ਗ਼ਲਤੀ ਦਾ ਸੰਕੇਤ ਮਿਲਦਾ ਹੈ। ਰਿਪੋਰਟ ਵਿਚ ਅਹਿਣ ਜਾਣਕਾਰੀ ਲੁਕਾਈ ਗਈ ਹੈ ਜਿਸ ਵਿਚ ਪੂਰਾ ਡਿਜੀਟਲ ਫਲਾਈਟ ਡਾਟਾ ਰਿਕਾਰਡਰ ਆਊਟਪੁਟ, ਟਾਈਮ ਸਟੈਂਪ ਦੇ ਨਾਲ ਕਾਕਪਿਟ ਵਾਇਸ ਰਿਕਾਰਡਰ ਦੀ ਪੂਰੀ ਟ੍ਰਾਂਸਸਕ੍ਰਿਪਟ ਅਤੇ ਇਲੈਕਟ੍ਰਾਨਿਕ ਏਅਰਕ੍ਰਾਫਟ ਫਾਲਟ ਰਿਕਾਰਡਿੰਗ ਡਾਟਾ ਸ਼ਾਮਲ ਹੈ। ਦੁਰਘਟਨਾ ਦੇ ਕਾਰਨਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਸਮਝਣ ਲਈ ਇਹ ਲਾਜ਼ਮੀ ਹਨ। ਮਾਮਲੇ ਦੀ ਸੁਣਵਾਈ ਅਜਿਹੇ ਸਮੇਂ ਹੋਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਦੁਰਘਟਨਾਗ੍ਰਸਤ ਜਹਾਜ਼ ਦੇ ਚਾਰ ਯਾਤਰੀਆਂ ਦੇ ਪਰਿਵਾਰਾਂ ਨੇ ਅਮਰੀਕਾ ਵਿਚ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਅਤੇ ਸਵਿੱਚ ਨਿਰਮਾਤਾ ਕੰਪਨੀ ਹਨੀਵੇਲ ਵਿਰੁੱਧ ਮਾਮਲਾ ਦਾਇਰ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.