
ਸ਼੍ਰੀਨਗਰ : ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਜੰਮੂ-ਕਸ਼ਮੀਰ ਸਰਕਾਰ ਨੇ ਪੂਰੇ ਯਾਤਰਾ ਮਾਰਗ ਨੂੰ ਨੋ ਫਲਾਇੰਗ ਜ਼ੋਨ ਐਲਾਨ ਦਿੱਤਾ ਹੈ। ਯਾਤਰਾ ਮਾਰਗ ’ਤੇ ਪਹਿਲੀ ਜੁਲਾਈ ਤੋਂ 10 ਅਗਸਤ ਤੱਕ ਕੋਈ ਵੀ ਵਿਅਕਤੀ ਡ੍ਰੋਨ ਨਹੀਂ ਉਡਾ ਸਕੇਗਾ। ਹਾਲਾਂਕਿ ਸਿਰਫ਼ ਸੁਰੱਖਿਆ ਏਜੰਸੀਆਂ ਨੂੰ ਹੀ ਯਾਤਰਾ ਮਾਰਗ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਡ੍ਰੋਨ ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਇਸ ਫ਼ੈਸਲੇ ਕਾਰਨ ਇਸ ਵਾਰ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਹੈਲੀਕਾਪਟਰ ਸੇਵਾ ਮੁਹੱਈਆ ਨਹੀਂ ਹੋਵੇਗੀ। ਅਮਰਨਾਥ ਜੀ ਸ਼੍ਰਾਈਨ ਬੋਰਡ ਨੇ ਇਕ ਨੋਟਿਸ ਰਾਹੀਂ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ।
ਸ਼੍ਰਾਈਨ ਬੋਰਡ ਵੱਲੋਂ ਜਾਰੀ ਨੋਟਿਸ ਮੁਤਾਬਕ, ਯਾਤਰਾ ਦੌਰਾਨ ਪਹਿਲਗਾਮ ਤੇ ਬਾਲਟਾਲ ਰੂਟ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਇਸ ਲਈ ਯਾਤਰਾ ਮਾਰਗ ’ਤੇ ਸ਼ਰਧਾਲੂਆਂ ਨੂੰ ਇਸ ਵਾਰ ਹੈਲੀਕਾਪਟਰ ਸੇਵਾ ਮੁਹੱਈਆ ਨਹੀਂ ਹੋਵੇਗੀ। ਜਿਹੜੇ ਸ਼ਰਧਾਲੂ ਹੈਲੀਕਾਪਟਰ ਰਾਹੀਂ ਗੁਫ਼ਾ ਦੇ ਦਰਸ਼ਨ ਕਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪੈਦਲ, ਘੋੜੇ ਜਾਂ ਪਾਲਕੀ ਰਾਹੀਂ ਯਾਤਰਾ ਕਰ ਸਕਦੇ ਹਨ। ਇਸ ਵਾਰ 38 ਦਿਨਾਂ ਦੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਕੇ ਰੱਖੜੀ ਵਾਲੇ ਦਿਨ 9 ਅਗਸਤ ਨੂੰ ਖ਼ਤਮ ਹੋਵੇਗੀ। ਪਹਿਲਗਾਮ ਤੇ ਬਾਲਟਾਲ ਰੂਟ ਤੋਂ ਹਰ ਸਾਲ ਹੈਲੀਕਾਪਟਰ ਸੇਵਾ ਉਪਲਬਧ ਰਹਿੰਦੀ ਸੀ ਪਰ ਇਸ ਵਾਰ ਇਹ ਸੇਵਾ ਉਪਲਬਧ ਨਹੀਂ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.