ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ; 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਹੁਪੱਖੀ ਪਹੁੰਚ ਅਪਣਾਈ: ਡੀਜੀਪੀ ਗੌਰਵ ਯਾਦਵ
– ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਪਹਿਲੀ ਦਫ਼ਾ ਪੀ.ਆਈ.ਟੀ. ਐਨ.ਡੀ.ਪੀ.ਐਸ. ਐਕਟ ਤਹਿਤ ਚੋਟੀ ਦੇ ਨਸ਼ਾ ਤਸਕਰ ਦੀ ਨਿਵਾਰਕ ਹਿਰਾਰਤ ਦੇ ਹੁਕਮਾਂ ਨੂੰ ਅਮਲ ‘ਚ ਲਿਆਂਦਾ: ਡੀਜੀਪੀ ਪੰਜਾਬ
– ਪੁਲਿਸ ਟੀਮਾਂ ਵੱਲੋਂ 1 ਜਨਵਰੀ, 2024 ਤੋਂ ਹੁਣ ਤੱਕ 13.62 ਕਰੋੜ ਰੁਪਏ ਦੀ ਡਰੱਗ ਮਨੀ, 860 ਕਿਲੋ ਅਫੀਮ, 367 ਕੁਇੰਟਲ ਭੁੱਕੀ ਅਤੇ 2.90 ਕਰੋੜ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ
ਚੰਡੀਗੜ੍ਹ, 30 ਅਕਤੂਬਰ 2024 – ਸੂਬੇ ਵਿੱਚੋਂ ਨਸ਼ਿਆਂ ਦਾ ਸਫ਼ਾਇਆ ਕਰਨ ਲਈ ਜਾਰੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ 10 ਮਹੀਨਿਆਂ ਵਿੱਚ 7686 ਐਫ.ਆਈ.ਆਰਜ਼. ਦਰਜ ਕਰਕੇ 153 ਵੱਡੀਆਂ ਮੱਛੀਆਂ ਸਮੇਤ 10524 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਲਾਹਣਤ ਨਾਲ ਨਜਿੱਠਣ ਲਈ ਬਹੁਪੱਖੀ ਪਹੁੰਚ ਅਪਣਾਉਂਦਿਆਂ ਵੱਡੀਆਂ ਮੱਛੀਆਂ ‘ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਪਿੰਡਾਂ ਅਤੇ ਮੁਹੱਲਿਆਂ ਸਮੇਤ ਵਿਕਰੀ ਸਥਾਨ ‘ਤੇ ਹੀ ਨਸ਼ਾ ਵੇਚਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਸਾਲ 2024 ਵਿੱਚ ਨਸ਼ਿਆਂ ਦੀ ਬਰਾਮਦਗੀ ਸਬੰਧੀ ਵੇਰਵੇ ਦਿੰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਦੇ ਨਸ਼ਿਆਂ ਦੀ ਵਿਕਰੀ ਵਾਲੇ ਸੰਭਾਵਿਤ ਰੂਟਾਂ ‘ਤੇ ਨਾਕੇ ਲਗਾਉਣ ਤੋਂ ਇਲਾਵਾ ਨਸ਼ਿਆਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਸੂਬੇ ਭਰ ‘ਚੋਂ 790 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਹੈਰੋਇਨ ਜ਼ਬਤ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ 860 ਕਿਲੋ ਅਫੀਮ, 367 ਕੁਇੰਟਲ ਭੁੱਕੀ, 93 ਕਿਲੋ ਚਰਸ, 724 ਕਿਲੋ ਗਾਂਜਾ, 19 ਕਿਲੋ ਆਈ.ਸੀ.ਈ. ਅਤੇ 2.90 ਕਰੋੜ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸੂਬੇ ਭਰ ਵਿੱਚ ਇਸ ਸਾਲ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ’ਚੋਂ 13.62 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ 1 ਜਨਵਰੀ, 2024 ਤੋਂ ਹੁਣ ਤੱਕ 362 ਵੱਡੇ ਤਸਕਰਾਂ ਦੀਆਂ 208 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦਕਿ 289 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਬੰਧੀ 470 ਕੇਸ, ਮਨਜ਼ੂਰੀ ਲਈ ਸਮਰੱਥ ਅਥਾਰਟੀ ਕੋਲ ਲੰਬਿਤ ਹਨ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਸ਼ਹੂਰ ਕਲਾਂ ਦੇ ਅਵਤਾਰ ਸਿੰਘ ਉਰਫ਼ ਤਾਰੀ ਨਾਮੀ ਚੋਟੀ ਦੇ ਨਸ਼ਾ ਤਸਕਰ ਦੀ ਪ੍ਰੀਵੈਂਟਿਵ ਡਿਟੈਂਸ਼ਨ (ਨਿਵਾਰਕ ਹਿਰਾਸਤ) ਦੇ ਹੁਕਮਾਂ ਨੂੰ ਲਾਗੂ ਕਰਕੇ ਨਸ਼ਿਆਂ ਵਿਰੁੱਧ ਜਾਰੀ ਜੰਗ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਮੁਲਜ਼ਮ ਤਾਰੀ ਨੂੰ ਪ੍ਰੀਵੈਂਸ਼ਨ ਆਫ਼ ਇਲੀਸਿਟ ਟਰੈਫਿਕ ਇਨ ਨਾਰਕੋਟਿਕ ਡਰੱਗਜ਼ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਪੀਆਈਟੀ-ਐਨਡੀਪੀਐਸ) ਐਕਟ ਤਹਿਤ ਦੋ ਸਾਲਾਂ ਲਈ ਹਿਰਾਸਤ ਵਿੱਚ ਲੈ ਕੇ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਨਿਵਾਰਕ ਨਜ਼ਰਬੰਦੀ ਦਾ ਇਹ ਪਹਿਲਾ ਮਾਮਲਾ ਹੈ, ਜਿਸ ਵਿੱਚ ਪੀਆਈਟੀ-ਐਨਡੀਪੀਐਸ ਐਕਟ ਦੀ ਧਾਰਾ 3 (1) ਅਤੇ ਧਾਰਾ 10 ਤਹਿਤ ਸਮਰੱਥ ਅਥਾਰਟੀ ਦੁਆਰਾ ਆਦੇਸ਼ ਜਾਰੀ ਕੀਤੇ ਗਏ ਸਨ।
ਐਨਡੀਪੀਐਸ ਕੇਸਾਂ ਵਿੱਚ ਭਗੌੜੇ ਅਪਰਾਧੀਆਂ (ਪੀਓਜ਼)/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਇਸ ਸਾਲ 731 ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.