Press ReleasePunjabTop News
ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਸ਼ਤਾਬਦੀ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਹੋਏ ਨਤਮਸਤਕ
ਸਿੱਖ ਗੁਰੂ ਸਾਹਿਬਾਨ ਸਦਕਾ ਦੇਸ਼ ਦੀ ਧਰਮ ਸੰਸਕ੍ਰਿਤੀ, ਪਰੰਪਰਾਵਾਂ ਤੇ ਸੱਭਿਆਚਾਰ ਸੁਰੱਖਿਅਤ- ਸ੍ਰੀ ਗੁਲਾਬ ਚੰਦ ਕਟਾਰੀਆ
ਸ਼੍ਰੋਮਣੀ ਕਮੇਟੀ ਵੱਲੋਂ ਰਾਜਪਾਲ ਪੰਜਾਬ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਹਾੜੇ ਦੀ 450 ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਅਨੀਤਾ ਕਟਾਰੀਆ ਵੀ ਮੌਜੂਦ ਸਨ। ਸ੍ਰੀ ਕਟਾਰੀਆ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸ਼ਰਧਾ ਪ੍ਰਗਟਾਈ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਅਹੁਦੇਦਾਰਾਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਰਾਜਪਾਲ ਪੰਜਾਬ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਕਰੀਬ ਇੱਕ ਘੰਟਾ ਰੁਕੇ, ਜਿਸ ਦੌਰਾਨ ਉਹ ਲੰਗਰ ਘਰ ਵੀ ਗਏ। ਇਸੇ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜੇ ਅੱਜ ਦੇਸ਼ ਦੀ ਧਰਮ ਸੰਸਕ੍ਰਿਤੀ, ਪਰੰਪਰਾਵਾਂ ਤੇ ਸੱਭਿਆਚਾਰ ਸੁਰੱਖਿਅਤ ਹੈ ਤਾਂ ਉਹ ਸਿੱਖ ਗੁਰੂ ਸਾਹਿਬਾਨ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਧਰਮ ਸੰਸਕ੍ਰਿਤੀ ਬਚਾਉਣ ਲਈ ਸਿੱਖ ਗੁਰੂ ਸਾਹਿਬਾਨ ਨੇ ਜੋ ਯੋਗਦਾਨ ਤੇ ਕੁਰਬਾਨੀ ਦਿੱਤੀ ਹੈ ਉਹ ਇਤਿਹਾਸ ਵਿੱਚ ਅਮਰ ਹੈ। ਉਨ੍ਹਾਂ ਸ੍ਰੀ ਗੋਇੰਦਵਾਲ ਸਾਹਿਬ ਦਾ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਇੱਥੇ ਗੁਰੂ ਸਾਹਿਬ ਨੇ ਇੱਕ ਪੰਗਤ ਤੇ ਇੱਕ ਸੰਗਤ ਦਾ ਇਤਿਹਾਸ ਦਿੱਤਾ ਜੋ ਮਨੁੱਖੀ ਬਰਾਬਰੀ ਦੀ ਵਿਲੱਖਣ ਉਦਾਹਰਨ ਹੈ, ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਹਾਨਤਾ ਏਨੀ ਵੱਡੀ ਸੀ ਕਿ ਇੱਥੇ ਆਏ ਅਕਬਰ ਬਾਦਸ਼ਾਹ ਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਿਆ ਸੀ। ਸ੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਇੱਕ ਅਧਿਆਪਕ ਹਨ, ਸਿੱਖ ਗੁਰੂ ਸਾਹਿਬਾਨ ਦਾ ਇਤਿਹਾਸ ਪਹਿਲਾਂ ਪਾਠ ਪੁਸਤਕਾਂ ਵਿੱਚ ਪੜ੍ਹਨ ਨੂੰ ਮਿਲਦਾ ਸੀ, ਲੇਕਿਨ ਹੌਲੀ-ਹੌਲੀ ਸਾਡੇ ਦੇਸ਼ ਨੇ ਉਸ ਨੂੰ ਪਾਠ ਪੁਸਤਕਾਂ ਤੋਂ ਅਲੱਗ ਕੀਤਾ ਹੈ। ਰਾਜਪਾਲ ਪੰਜਾਬ ਨੇ ਕਿਹਾ ਕਿ ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਖਾਸਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਿਹਾਸ ਪੜ੍ਹਿਆ ਹੈ, ਜੋ ਕਿ ਬਹੁਤ ਹੀ ਸੰਘਰਸ਼ਮਈ ਤੇ ਪ੍ਰੇਰਣਾਦਾਇਕ ਹੈ। ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਕਰਦਿਆਂ ਰਾਜਪਾਲ ਪੰਜਾਬ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਸ ਤੋਂ ਵੱਡਾ ਕੁਰਬਾਨੀ ਸ਼ਾਇਦ ਹੀ ਕੋਈ ਹੋਵੇਗੀ ਕਿ ਆਪਣੇ ਧਰਮ ਪੰਥ ਨੂੰ ਬਚਾਉਣ ਲਈ ਚਾਰੋਂ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ। ਉਨ੍ਹਾਂ ਦੇਸ਼ਵਾਸੀਆਂ ਨੂੰ ਗੁਰੂ ਸਾਹਿਬਾਨ ਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਸਬੰਧਤ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਖੁਸ਼ੀ ਤੇ ਸੁਭਾਗਾ ਮਹਿਸੂਸ ਕਰ ਰਹੇ ਹਨ। ਰਾਜਪਾਲ ਪੰਜਾਬ ਨੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੇ ਗੁਰੂ ਸਾਹਿਬ ਅੱਗੇਪ ਦੇਸ਼ ਅਤੇ ਸੂਬੇ ਵਿੱਚ ਅਮਨ ਸ਼ਾਂਤੀ, ਭਾਈਚਾਰੇ ਤੇ ਤਰੱਕੀ ਦੀ ਅਰਦਾਸ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕਰਨ ਉੱਤੇ ਵੀ ਧੰਨਵਾਦ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਧਰਮ ਇਤਿਹਾਸ ਦੇ ਸ਼ਤਾਬਦੀ ਦਿਹਾੜੇ ਕੌਮ ਲਈ ਮਹੱਤਵਪੂਰਨ ਹਨ ਅਤੇ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇੱਕ ਅਹਿਮ ਮੌਕਾ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਨਾਲ ਸਬੰਧਤ ਇਸ ਸ਼ਤਾਬਦੀ ਦੌਰਾਨ ਪੰਜਾਬ ਦੇ ਰਾਜਪਾਲ ਦਾ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਆਉਣਾ ਸਵਾਗਤਯੋਗ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੌਰਾਨ ਹਰ ਇੱਕ ਨੂੰ ਖੁੱਲ੍ਹਾ ਸੱਦਾ ਹੁੰਦਾ ਹੈ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵੀ ਇਸੇ ਵਿੱਚ ਹੀ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਜੋ ਵੀ ਪ੍ਰਮੁੱਖ ਸ਼ਖ਼ਸੀਅਤਾਂ ਆਉਣਗੀਆਂ ਉਨ੍ਹਾਂ ਦਾ ਸਵਾਗਤ ਰਹੇਗਾ। ਐਡਵੋਕੇਟ ਧਾਮੀ ਨੇ ਸ਼ਤਾਬਦੀ ਮੌਕੇ ਸਹਿਯੋਗ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਇਸ ਸਮੇਂ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਵੀ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕੌਮ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਉੱਤੇ ਚੱਲਣ ਦੀ ਅਪੀਲ ਕੀਤੀ। ਸ. ਭੂੰਦੜ ਨੇ ਕਿਹਾ ਕਿ ਸਮਾਜ ਅੰਦਰ ਸੁਖਾਵਾਂ ਮਹੌਲ ਬਣਾਉਣ ਅਤੇ ਬੁਰਾਈਆਂ ਖਤਮ ਕਰਨ ਲਈ ਗੁਰੂ ਸਾਹਿਬ ਦੇ ਉਪਦੇਸ਼ ਵੱਡੀ ਮਹੱਤਤਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕੌਮ ਦੀ ਜਿੰਮੇਵਾਰੀ ਹੈ ਕਿ ਅਜਿਹੇ ਸ਼ਤਾਬਦੀ ਦਿਹਾੜਿਆਂ ਤੋਂ ਸੇਧ ਲੈ ਕੇ ਪੰਥਕ ਇੱਕਜੁੱਟਤਾ ਨਾਲ ਪੰਜਾਬ ਅਤੇ ਕੌਮ ਦੇ ਭਲੇ ਲਈ ਗੰਭੀਰ ਯਤਨ ਕੀਤੇ ਜਾਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਸਾਬਕਾ ਪ੍ਰਧਾਨ ਸ. ਅਲਵਿੰਦਰਪਾਲ ਸਿੰਘ ਪੱਖੋਕੇ, ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਮੈਂਬਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਸ. ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਅਵਤਾਰ ਸਿੰਘ ਧੱਤਲ, ਸਕੱਤਰ ਸ. ਪ੍ਰਤਾਪ ਸਿੰਘ, ਸਕੱਤਰ ਧਰਮ ਪ੍ਰਚਾਰ ਕਮੇਟੀ ਸ. ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ, ਇੰਚਾਰਜ ਸ. ਸਤਨਾਮ ਸਿੰਘ ਰਿਆੜ, ਮੈਨੇਜਰ ਸ. ਗੁਰਾ ਸਿੰਘ, ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ. ਕੁਲਦੀਪ ਸਿੰਘ ਔਲਖ, ਸ. ਪ੍ਰੇਮ ਸਿੰਘ ਆਦਿ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.