ਪੁਲਿਸ ਮੁਕਾਬਲੇ ’ਚ ਮਾਰੇ ਗਏ ਗੈਂਗਸਟਰ ਗੁਰਮੀਤ ਸਿੰਘ ਕਾਲਾ ਧਨੌਲਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ਗਈ। ਸਿਵਲ ਹਸਪਤਾਲ ਬਰਨਾਲਾ ’ਚ ਸੋਮਵਾਰ ਸ਼ਾਮ ਕਰੀਬ 5 ਵਜੇ ਡਾਕਟਰਾਂ ਦੇ ਬੋਰਡ ਜਿਸ ’ਚ ਡਾ. ਇੰਦੂ ਬਾਂਸਲ, ਡਾ. ਦੀਪਲੇਖ ਬਾਜਵਾ ਤੇ ਡਾ. ਲਵਲੀਨ ਗਰਗ ਸਨ, ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਉਪਰੰਤ ਲਾਸ਼ ਕਾਲਾ ਧਨੌਲਾ ਦੇ ਪਿਤਾ ਗੁਰਜੰਟ ਸਿੰਘ ਤੇ ਪਤਨੀ ਨੂੰ ਸੌਂਪ ਦਿੱਤੀ।
ਇਸ ਮੌਕੇ ਗੈਂਗਸਟਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀ ਤੇ ਰਿਸ਼ਤੇਦਾਰ ਵੀ ਹਾਜ਼ਰ ਸਨ। ਐਤਵਾਰ ਰਾਤ ਤੋਂ ਹੀ ਸਿਵਲ ਹਸਪਤਾਲ ਬਰਨਾਲਾ ਦੇ ਮੁੱਖ ਗੇਟ ਨੂੰ ਬੰਦ ਕਰ ਕੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਸਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਸੋਮਵਾਰ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਤੇ ਓਪੀਡੀ ’ਚ ਜਾਣ ਵਾਲੇ ਮਰੀਜ਼ਾਂ ਦੀ ਵੀ ਪੁਲਿਸ ਵੱਲੋਂ ਪਛਾਣ ਕੀਤੇ ਜਾਣ ਉਪਰੰਤ ਹੀ ਉਨ੍ਹਾਂ ਨੂੰ ਅੰਦਰ ਦਾਖ਼ਲ ਹੋਣ ਦਿੱਤਾ ਗਿਆ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਕਾਬੂ ਕੀਤੇ ਗਏ ਗੁਰਮੀਤ ਸਿੰਘ ਕਾਲਾ ਧਨੌਲਾ ਦੇ ਸਾਥੀ ਸੁਖਚੈਨ ਸਿੰਘ ਉਰਫ਼ ਚੀਨਾ ਵਾਸੀ ਭਗਤਪੁਰਾ ਮੌੜ, ਦਵਿੰਦਰ ਸਿੰਘ ਵਾਸੀ ਫ਼ਤਿਹਗੜ੍ਹ ਛੰਨਾ ਤੇ ਮਨਜਿੰਦਰ ਸਿੰਘ ਗੋਗਾ ਵਾਸੀ ਧਨੌਲਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਿੰਨੇ ਮੁਲਜ਼ਮਾਂ ਨੂੰ ਚੇਤਨ ਸ਼ਰਮਾ ਦੀ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਐਤਵਾਰ ਨੂੰ ਮੁਕਾਬਲੇ ਦੌਰਾਨ ਇੰਸਪੈਕਟਰ ਪੁਸ਼ਪਿੰਦਰ ਸਿੰਘ ਤੇ ਏਜੀਟੀਐੱਫ ਦੇ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਜ਼ਖ਼ਮੀ ਹੋਏ ਸਨ, ਉਹ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਅਧੀਨ ਹਨ, ਜਿਨ੍ਹਾਂ ਦੀ ਹਾਲਤ ਸਥਿਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.