EDITORIAL

ਆਸਟਰੇਲੀਆ ਤੋਂ ਪੰਜਾਬ ਨੂੰ ਝਟਕਾ, ਪੰਜਾਬ ਸਰਕਾਰ ਕਿਉਂ ਚੁੱਪ ?

ਯੂਨੀਵਰਸਿਟੀਆਂ 'ਚ ਹੈਲਪ-ਡੈਸਕਾਂ ਦੀ ਲੋੜ

ਅਮਰਜੀਤ ਸਿੰਘ ਵੜੈਚ (94178-01988)

ਕਨੇਡਾ ਸਰਕਾਰ ਵੱਲੋਂ ਸੱਤ ਸੌ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਦਸਤਾਵੇਜ਼ਾਂ ‘ਚ ਗੜਬੜ ਮਿਲਣ ‘ਤੇ ਵਾਪਸ ਭਾਰਤ ਜਾਣ ਦੇ ਹੁਕਮਾਂ ਮਗਰੋਂ ਹੁਣ ਆਸਟਰੇਲੀਆ ਦੀਆਂ ਪੰਜ ਯੂਨੀਵਰਸਿਟੀਆਂ ਨੇ ਵੀ ਭਾਰਤੀ ਵਿਦਿਆਰਥੀਆਂ ਨੂੰ ਝਟਕੇ ਦੇਣ ਦੀਆਂ ਤਿਆਰੀਆਂ ਕੱਸ ਲਈਆਂ ਹਨ । ਇਸ ਡਰ ਦੀ ਤਲਵਾਰ ਹੁਣ ਕਈ ਵਿਦਿਆਰਥੀਆਂ ਦੇ ਭਵਿਖ ‘ਤੇ ਲਟਕਣ ਲੱਗ ਪਈ ਹੈ ।

011 2

ਇਕ ਪਾਸੇ ਇਕ ਜਲੰਧਰ ਦੇ ਸੈਨਿਕ ਪਰਿਵਾਰ ਦੇ ਜੰਮਪਲ਼ ਪੰਜਾਬੀ ਤੇ ਅਮਰੀਕੀ ਨਾਗਰਿਕ ਅਜੇਪਾਲ ਸਿੰਘ ਬੰਗਾ ਨੂੰ ਅਮਰੀਕਾ ਵਿਸ਼ਵ ਬੈਂਕ ਦਾ ਸੀਈਓ ਬਣਾਉਣ ਲਈ ਚੁਣਨ ਜਾ ਰਿਹਾ ਹੈ ਤੇ ਐਨ ਓਸੇ ਵਕਤ ਆਸਟਰੇਲੀਆ ਦੀਆਂ ਪੰਜ ਯੂਨੀਵਰਸਿਟੀਆਂ , ਪੰਜਾਬ ਦੇ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਨ ਦੇ ਹੁਕਮ ਚਾੜ੍ਹ ਰਹੀਆਂ ਹਨ । ਇਹ ਪਤਾ ਲੱਗਿਆ ਹੈ ਕਿ ਗੁਜਰਾਤ,ਹਰਿਆਣਾ ਤੇ ਪੰਜਾਬ ਦੇ ਵਿਦਿਆਰਥੀ ਆਸਟਰੇਲੀਆ ‘ਚ ਵੱਧ ਗਿਣਤੀ ‘ਚ ਜਾਂਦੇ ਹਨ । ਇਕ ਅੰਦਾਜ਼ੇ ਅਨੁਸਾਰ ਤਕਰੀਬਨ 30000 ਵਿਦਿਆਰਥੀ ਉੱਚ ਵਿਦਿਆ ਦੇ ਉਦੇਸ਼ ਨਾਲ਼ ਇਸ ਮੁਲਕ ‘ਚ ਹਰ ਵਰ੍ਹੇ ਪ੍ਰਵੇਸ਼ ਕਰਦੇ ਹਨ ।

ਉਂਜ ਇਨ੍ਹਾਂ ਯੂਨੀਵਰਸਿਟੀਆਂ ਨੇ ਪੰਜਾਬ ਤੋਂ ਇਲਾਵਾ ਹਰਿਆਣਾ,ਗੁਜਰਾਤ,ਯੂਪੀ ਤੇ ਬਿਹਾਰ ਦੇ ਵਿਦਿਆਰਥੀਆਂ ਨੂੰ ਵੀ ਇਸੇ ਕਤਾਰ ਵਿੱਚ ਖੜਾ ਕਰਨ ਦਾ ਫ਼ੈਸਲਾ ਕਰ ਲਿਆ ਹੈ । ਇਨ੍ਹਾਂ ਵਿਦਿਆਰਥੀਆਂ ‘ਤੇ ਇਸ ਆਧਾਰ ਨੂੰ ਬਣਾਕੇ ਨਿਗਰਾਨੀ ਕਰਨ ਦਾ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਰਾਜਾਂ ਦੇ ਬਹੁਤੇ ਵਿਦਿਆਰਥੀ ਸਿਰਫ਼ ਕੰਮ ਕਰਨ ਦੇ ਮਕਸਦ ਨਾਲ਼ ਹੀ ਉਸ ਮੁਲਕ ‘ਚ ਜਾਂਦੇ ਹਨ ਪੜ੍ਹਨ ਲਈ ਨਹੀਂ : ਇਸ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਹਨ ।

8135f6b7ab146c890988483a70a989d0

ਆਸਟਰੇਲੀਆ ‘ਚ ਅੱਠ ਲੱਖ ਤੋਂ ਵੱਧ ਭਾਰਤੀ ਲੋਕ ਰਹਿੰਦੇ ਹਨ ਤੇ ਇਨ੍ਹਾਂ ‘ਚ ਇਕੱਲੇ ਪੰਜਾਬੀ 25 ਫ਼ੀਸਦ ਭਾਵ ਤਕਰੀਬਨ ਢਾਈ ਲੱਖ ਹਨ । ਭਾਰਤੀ ਭਾਸ਼ਾਵਾਂ ‘ਚੋਂ ਪੰਜਾਬੀ ਬੋਲਣ ਵਾਲ਼ੇ ਲੋਕ ਸੱਭ ਤੋਂ ਵੱਧ ਤਕਰੀਬਨ ਢਾਈ ਲੱਖ ਹਨ ਤੇ ਇਸ ਮਗਰੋਂ ਹਿੰਦੀ ਦੋ ਲੱਖ ਬੋਲਣ ਵਾਲ਼ੇ ਲੋਕ ਹਨ । ਉਰਦੂ ਵੀ ਸਵਾ ਲੱਖ ਲੋਕ ਬੋਲਦੇ ਹਨ । ਇਥੇ ਤਾਮਿਲ,ਗੁਜਰਾਤੀ,ਮਲਿਆਲਮ ਤੇ ਬੰਗਲਾ ਬੋਲਣ ਵਾਲ਼ੇ ਭਾਰਤੀ ਵੀ ਹਨ ।
ਪੰਜਾਬੀ ਵੱਡੀ ਗਿਣਤੀ ‘ਚ ਕਨੇਡਾ,ਇੰਗਲੈਂਡ,ਅਮਰੀਕਾ ਵੱਲ ਜਾਂਦੇ ਹਨ ਪਰ ਹੁਣ ਇਨ੍ਹਾ ਦਾ ਰੁਝਾਨ ਆਸਟਰੇਲੀਆ ਵੱਲ ਵੀ ਵਧਿਆ ਹੈ । ਇਹ ਮੁਲਕ ਆਪਣੇ ਨਿਯਮਾਂ ਨੂੰ ਲੈ ਕੇ ਬਹੁਤ ਸਖ਼ਤ ਮੁਲਕ ਵਜੋਂ ਜਾਣਿਆਂ ਜਾਂਦਾ ਹੈ । ਹਾਲ ਹੀ ਵਿੱਚ ਇਕ ਪੰਜਾਬੀ ਪਰਮਿੰਦਰ ਸਿੰਘ ਨੂੰ 15 ਸਾਲਾਂ ਮਗਰੋਂ ਦੇਸ਼ ਨੂੰ ਛੱਡਣ ਦੇ ਹੁਕਮ ਜਾਰੀ ਹੋਏ ਹਨ । ਆਸਟਰੇਲੀਆ ਦੇ ਸਰਕਾਰੀ SBS Radio www.sbs.com.au/language/punjabi/en ਨਾਲ਼ ਇਕ ਮੁਲਾਕਾਤ ‘ਚ ਪਰਮਿੰਦਰ ਨੇ ਆਪਣੀ ਪੂਰੀ ਦਰਦ ਕਹਾਣੀ ਸਾਂਝੀ ਕੀਤੀ ਹੈ ।

ਆਸਟਰੇਲੀਅਨ ਯੂਨੀਵਰਸਿਟੀਆਂ ਦੇ ਫ਼ੈਸਲੇ ਦਾ ਪਿਛੋਕੜ ਇਹ ਹੈ ਕਿ ਬਹੁਤੇ ਵਿਦਿਆਰਥੀ ਇਸ ਮੁਲਕ ‘ਚ ਦਾਖ਼ਲੇ ਲੈਣ ਲਈ ਏਜੰਟਾਂ ‘ਤੇ ਨਿਰਭਰ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੇ ਦਸਤਾਵੇਜ਼ਾਂ ‘ਚ ਕਮੀਆਂ ਰਹਿ ਜਾਂਦੀਆਂ ਹਨ । ਦੂਜੇ ਬੰਨੇ ਏਜੰਟ ਆਪਣੇ ਕਮਿਸ਼ਨ ਖਾਤਰ ਨਕਲੀ ਕਾਗ਼ਜ਼ ਤਿਆਰ ਕਰਵਾਕੇ ਭੇਜ ਦਿੰਦੇ ਹਨ । ਕਨੇਡਾ ਵਿੱਚ ਵੀ ਵਿਦਿਆਰਥੀਆਂ ਨਾਲ਼ ਜਲੰਧਰ ਦੇ ਇਕ ਇਮੀਗਰੇਸ਼ਨ ਏਜੰਟ ਨੇ ਧੋਖਾ ਕੀਤਾ ਸੀ । ਆਸਟਰੇਲੀਆ ਦੇ ਲੋਕਾਂ ਨੇ ਇਸ ਤੇ ਇਤਰਾਜ਼ ਉਠਾਏ ਹਨ ਕਿ ਭਾਰਤੀ ਵਿਦਿਆਰਥੀ ਪੜ੍ਹਨ ਦੇ ਬਹਾਨੇ ਉਥੇ ਜਾਕੇ ਦੋ ਨੰਬਰ ‘ਚ ਵਧੇਰੇ ਕੰਮ ਕਰਦੇ ਹਨ ਜਿਸ ਕਰਕੇ ਸਥਾਨਕ ਨਾਗਰਿਕਾ ਦੇ ਰੁਜ਼ਗਾਰ ‘ਤੇ ਅਸਰ ਪੈਂਦਾ ਹੈ । ਹਾਲ ਹੀ ਵਿੱਚ ਆਸਟਰੇਲੀਆ ‘ਚ ਕੁਝ ਖਾਲਿਸਤਾਨੀ ਮੁਜ਼ਾਹਰਾਕਾਰੀਆਂ ਕਰਕੇ ਵੀ ਪੰਜਾਬ ਦੇ ਵਿਦਿਆਰਥੀ ,ਖਾਸਕਰ ਸਿਖ, ਸਰਕਾਰ ਦੇ ਨੋਟਿਸ ‘ਚ ਆਏ ਹਨ ।

2020 5largeimg 1104324168

ਪੰਜਾਬ ‘ਚ ਹਰ ਮੋੜ ‘ਤੇ IELTS ਦੀਆਂ ਦੁਕਾਨਾਂ ਲੋਕਾਂ ਨੂੰ ਲੁੱਟ ਰਹੀਆਂ ਹਨ । ਕੱਚੇ-ਪੱਕੇ ਇੰਗਲਿਸ਼ ਸਿਖਾਉਣ ਵਾਲ਼ੇ ਟਰੇਨਰ ਇੰਗਲਿਸ਼ ਸਿਖਾ ਰਹੇ ਹਨ । ਹੁਣ ਤਾਂ ਨਿੱਕੇ ਸ਼ਹਿਰਾਂ ‘ਚ ਵੀ ਅਜਿਹੀਆਂ ਦੁਕਾਨਾਂ ਪੈਰ ਪਸਾਰਨ ਲੱਗ ਪਈਆਂ ਹਨ । ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਦਾ ਫ਼ੈਸਲਾ ਸਾਨੂੰ ਇਕ ਚਿਤਾਵਨੀ ਵਜੋਂ ਲੈਣਾ ਚਾਹੀਦਾ ਹੈ : ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਧੋਖੇਬਾਜ਼ ਏਜੰਟ ਭੋਲ਼ੇ-ਭਾਲ਼ੇ ਮਾਪਿਆਂ ਤੇ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਭੇਜਣ ਦੇ ਨਾਂ ‘ਤੇ ਲੁੱਟ ਰਹੇ ਹਨ ਪਰ ਹੁਣ ਤੱਕ ਪੰਜਾਬ ਸਰਕਾਰਾਂ ਚੁੱਪ ਹੀ ਵੱਟਦੀਆਂ ਆ ਰਹੀਆਂ ਹਨ ।

ਠੱਗਾਂ ਤੋਂ ਬਚਣ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਲਈ ਭੇਜਣਾ ਹੋਵੇ ਤਾਂ ਸਿਰਫ਼ ਏਜੰਟਾਂ ‘ਤੇ ਹੀ ਵਿਸ਼ਵਾਸ ਨਾ ਕੀਤਾ ਜਾਵੇ ਬਲਕਿ ਹੋਰ ਸਬੰਧਿਤ ਲੋਕਾਂ ਤੋਂ ਵੀ ਪੜਤਾਲ਼ ਕਰ ਲਈ ਜਾਵੇ । ਕਿਸੇ ਚੰਗੀ ਸੰਸਥਾ ਰਾਹੀਂ ਹੀ ਆਪਣੇ ਕਾਗਜ਼ ਦਾਖਲੇ ਲਈ ਭੇਜੇ ਜਾਣ । ਸਾਡੀਆਂ ਯੂਨੀਵਰਸਿਟੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਕੈਂਪਸ ਵਿੱਚ ਇਸ ਤਰ੍ਹਾਂ ਦੇ ਹੈਲਪ ਡੈਸਕ ਸਥਾਪਤ ਕਰਨ ਜਿਥੋਂ ਬਾਹਰ ਜਾਣ ਵਾਲ਼ੇ ਵਿਦਿਆਰਥੀ ਸੇਧ ਲੈ ਸਕਣ ।

ਪੰਜਾਬ ਸਰਕਾਰ ਦਾ ਇਹ ਸਿਰਮੌਰ ਫ਼ਰਜ਼ ਬਣਦਾ ਹੈ ਕਿ ਇਕ ਤਾਂ ਵਿਦੇਸ਼ਾਂ ‘ਚ ਪੜ੍ਹਾਈ ਕਰਨ ਲਈ ਜਾਣ ਵਾਲ਼ਿਆਂ ਨੂੰ ਜਾਗਰੂਪ ਕੀਤਾ ਜਾਵੇ ਤੇ ਨਾਲ਼ ਹੀ ਕੋਈ ਨੋਡਲ ਅਥਾਰਟੀ ਬਣਾਈ ਜਾਵੇ ਜੋ ਹਰ ਕੇਸ ਦੀ ਜਾਂਚ ਕਰੇ ਤਾਂ ਕੇ ਕਿਸੇ ਨਾਲ਼ ਕੋਈ ਧੋਖਾਧੜੀ ਨਾ ਹੋਵੇ । ਦੂਜਾ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿੱਚ ਕੰਮ ਕਰ ਰਹੇ ਠੱਗ ਏਜੰਟਾਂ ਨੂੰ ਸਲਾਖਾਂ ਪਿਛੇ ਡੱਕੇ ਤੇ ਸਾਰੇ ਏਜੰਟਾਂ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਜਾਵੇ । ਜਿਸ ਤਰ੍ਹਾਂ ਮਾਨ ਸਰਕਾਰ ਭਰਿਸ਼ਟਾਚਾਰੀਆਂ ਦੇ ਮਗਰ ਪਈ ਹੈ ਇਸੇ ਤਰ੍ਹਾਂ ਇਨ੍ਹਾਂ ਠੱਗ ਕਿਸਮ ਦੇ ਏਜੰਟਾਂ ਦੇ ਸੰਘਾਂ ਉਪਰ ਵੀ ਅੰਗੂਠਾ ਰੱਖਣ ਦੀ ਲੋੜ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button