ਸੂਬਾ ਸਰਕਾਰ ਵੱਲੋਂ ਹਰੇਕ ਸਾਲ ਕੱਢੀਆਂ ਜਾਣਗੀਆਂ ਅਧਿਆਪਕਾਂ ਦੀਆਂ ਅਸਾਮੀਆਂ : ਡਾ. ਬਲਬੀਰ ਸਿੰਘ
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੀ ਕਨਵੋਕੇਸ਼ਨ ਮੌਕੇ ਡਿਗਰੀਆਂ ਵੰਡੀਆਂ
ਕਾਲਜ ਵਿਖੇ ਨਵੇਂ ਬਣੇ ਬਾਸਕਟਬਾਲ ਕੋਰਟ ਦਾ ਕੀਤਾ ਉਦਘਾਟਨ
ਡਿਗਰੀਆਂ ਪ੍ਰਾਪਤ ਕਰਨ ਵਾਲੇ 212 ਵਿਦਿਆਰਥੀਆਂ ‘ਚੋਂ 50 ਫ਼ੀਸਦੀ ਦੇ ਕਰੀਬ ਨੇ ਨੌਕਰੀਆਂ ਕੀਤੀਆਂ ਹਾਸਲ
ਪਟਿਆਲਾ, 11 ਫਰਵਰੀ 2023 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ ਕਨਵੋਕੇਸ਼ਨ ਸਮਾਰੋਹ ਦੌਰਾਨ ਬੀ.ਐਡ ਤੇ ਐਮ.ਐਡ ਪਾਸ 212 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਡੀਨ ਭਾਸ਼ਾਵਾਂ, ਪੰਜਾਬੀ ਯੂਨੀਵਰਸਿਟੀ ਪ੍ਰੋ. (ਡਾ.) ਰਜਿੰਦਰਪਾਲ ਸਿੰਘ ਬਰਾੜ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਇਸ ਵੱਕਾਰੀ ਸੰਸਥਾ ਤੋਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਹਰੇਕ ਸਾਲ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਜਾਣਗੀਆਂ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਵੀ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਡਿਗਰੀਆਂ ਪ੍ਰਾਪਤ ਕਰਨ ਵਾਲੇ 212 ਵਿਦਿਆਰਥੀਆਂ ਵਿਚੋਂ 50 ਫ਼ੀਸਦੀ ਦੇ ਕਰੀਬ ਵਿਦਿਆਰਥੀ ਨੌਕਰੀਆਂ ਹਾਸਲ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਤਿੰਨ ਮੁੱਖ ਤਰਜੀਹਾਂ ‘ਚ ਸਿੱਖਿਆ, ਸਿਹਤ ਤੇ ਰੋਜ਼ਗਾਰ ਸ਼ਾਮਲ ਹੈ, ਜਿਨ੍ਹਾਂ ‘ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਨੌਜਵਾਨ ਪੀੜ੍ਹੀ ਸਿੱਖਿਅਤ ਹੋਵੇਗੀ ਤਾਂ ਰੋਜ਼ਗਾਰ ਦੇ ਵੀ ਬਿਹਤਰ ਮੌਕੇ ਮਿਲਣਗੇ। ਇਸ ਮੌਕੇ ਉਨ੍ਹਾਂ ਕਾਲਜ ਵਿਖੇ ਨਵੇਂ ਬਣੇ ਬਾਸਕਟਬਾਲ ਕੋਰਟ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿਹਤ ਦੇ ਖੇਤਰ ‘ਚ ਸੁਧਾਰ ਲਈ ਆਉਣ ਵਾਲੇ ਛੇ ਮਹੀਨਿਆਂ ਲਈ ਟੀਚਾ ਮਿਥਿਆ ਗਿਆ ਹੈ ਜਿਸ ਤਹਿਤ ਸੂਬੇ ਦੇ ਸਾਰੇ ਹਸਪਤਾਲਾਂ ‘ਚ ਸਫ਼ਾਈ, ਦਵਾਈ ਦੀ ਉਪਲਬਧਤਾ, ਟੈੱਸਟਾਂ ਦੀ ਹਸਪਤਾਲਾਂ ਦੇ ਅੰਦਰ ਹੀ ਸਹੂਲਤ ਅਤੇ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਕੰਮ ਕੀਤਾ ਜਾਵੇਗਾ।
ਕਨਵੋਕੇਸ਼ਨ ਸਮਾਗਮ ਦੌਰਾਨ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਹਾਜ਼ਰੀਨ ਨੂੰ ਜੀਆਇਆਂ ਆਖਦਿਆਂ ਕਾਲਜ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਕਾਰ ਵੱਲੋਂ ਕਾਲਜ ਨੂੰ 2.30 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ, ਜਿਸ ਨਾਲ ਕਾਲਜ ਦੇ ਆਡੀਟੋਰੀਅਮ ਦਾ ਨਵੀਨੀਕਰਨ ਤੇ ਖੇਡ ਮੈਦਾਨ ‘ਚ ਟਰੈਕ ਬਣਾਇਆ ਜਾਵੇਗਾ।
ਪ੍ਰੋ. (ਡਾ.) ਰਜਿੰਦਰਪਾਲ ਸਿੰਘ ਬਰਾੜ ਨੇ ਕੂੰਜੀਵਤ ਭਾਸ਼ਣ (ਕਨਵੋਕੇਸ਼ਨ ਐਡਰੈਸ) ਪੜਿਆ ਅਤੇ ਰਜਿਸਟਰਾਰ (ਘਰੇਲੂ ਪ੍ਰੀਖਿਆਵਾਂ) ਪ੍ਰੋ. ਕਿਰਨਜੀਤ ਕੌਰ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ।
ਇਸ ਮੌਕੇ ਰਜਿਸਟਰਾਰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਜੀ.ਐਸ. ਬਤਰਾ, ਸਰਕਾਰੀ ਬਿਕਰਮ ਕਾਲਜ ਦੇ ਪ੍ਰਿੰਸੀਪਲ ਡਾ. ਕੁਸ਼ਮ ਲਤਾ, ਪਿਯੂਸ਼ ਅਗਰਵਾਲ ਤੇ ਕਾਲਜ ਕੌਂਸਲ ਮੈਂਬਰ ਪ੍ਰੋ. (ਡਾ.) ਇੰਦਰਜੀਤ ਸਿੰਘ ਚੀਮਾ, ਡਾ. ਦੀਪਿਕਾ ਰਾਜਪਾਲ, ਡਾ. ਕੰਵਰ ਜਸਮਿੰਦਰਪਾਲ ਸਿੰਘ, ਡਾ. ਮਨਪ੍ਰੀਤ ਕੌਰ, ਰੁਪਿੰਦਰ ਸਿੰਘ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.