ਰਿਆਸਤ ਨਾਭਾ ਦੇ ਪਿੰਡ ਬਡਰੁੱਖਾਂ ‘ਚ ਜਨਮਿਆ ਮਹਾਰਾਜਾ ਹੀਰਾ ਸਿੰਘ
ਦਫੇਦਾਰ ਹਰਜਿੰਦਰ ਸਿੰਘ ਖਹਿਰਾ
18 ਦਿਸੰਬਰ 1843 ਨੂੰ ਰਿਆਸਤ ਨਾਭਾ ਦੇ ਪਿੰਡ ਬਡਰੁੱਖਾਂ ਵਿੱਚ ਜਨਮਿਆ ਇਕ ਜੱਟ ਕਿਸਾਨ ਮੈਲੇ ਕੁਚਲੇ ਕੱਪੜੇ, ਗੋਡਿਆਂ ਤੱਕ ਮਿੱਟੀ ਗਾਰੇ ਨਾਲ ਲਿਬੜਿਆ, ਖੱਦਰ ਦਾ ਪਸੀਨੇ ਨਾਲ ਭਿੱਜਿਆ ਕੁੜਤਾ, ਸਿਰ ਤੇ ਬੇ ਤਰਤੀਬ ਖੱਦਰ ਦਾ ਹੀ ਲਪੇਟਿਆ ਮੰਡਾਸ਼ਾ। ਤੂੰਤਾਂ ਦੀ ਛਾਂ ਹੇਠ ਸਿਖਰ ਦੁਪਹਿਰੇ ਆਪਣੇ ਬਲਦਾਂ ਨੂੰ ਪਾਣੀ ਪਿਲਾਉਣ ਤੋਂ ਬਾਅਦ, ਗਾਜਰਾਂ ਪੁੱਟ ਕੇ ਪਾ ਰਿਹਾ ਹੈ। ਬਲਦ ਟੱਲੀਆਂ ਖੜਕਾਉਂਦੇ ਅਤੇ ਪੂਛਾਂ ਨਾਲ ਪਿੰਡੇ ਤੋਂ ਮੱਖੀਆਂ ਉਡਾਉਂਦੇ ਗਾਜਰਾਂ ਖਾਣ ਵਿੱਚ ਮਸਤ ਹਨ। ਪਹੇ ਵਿਚੋਂ ਗੁਜਰਦਾ ਇਕ ਬਾਮਣਾਂ ਵਾਲੀ ਵੇਸ਼ਭੁਸ਼ਾ ਧਾਰੀ ਰਾਹੀ ਆ ਕੇ ਰੁਕਦਾ ਹੈ। ਖੂਹ ਦੀ ਮੌਣ ਤੇ ਪਏ ਘੜੇ ਤੇ ਨਜ਼ਰ ਪੈਂਦੀ ਹੈ।
ਪਿਆਸ ਨਾ ਕਮਲਾਏ ਬੁੱਲ੍ਹਾਂ ਤੇ ਜੀਭ ਫੇਰ ਕੇ ਬੁੱਲ੍ਹਾਂ ਨੂੰ ਤਰੋਤਾਜ਼ਾ ਕਰਦਿਆਂ ਰੁਕਦਾ ਹੈ। ਜਜਮਾਨਾਂ, ਗਲਾ ਸੁੱਕ ਰਿਹਾ ਹੈ ਬੁੱਕ ਪਾਣੀ ਈ ਪਿਲਾਦੇ। ਜੱਟ ਇਸ਼ਾਰੇ ਨਾਲ ਛਾਵੇਂ ਬੈਠਣ ਲਈ ਕਹਿ ਕੇ, ਘੜੇ ਤੋਂ ਲੋਟੂ ਚੁੱਕਦਾ ਹੈ। ਘੜਾ ਟੇਡਾ ਕਰਕੇ ਲੋਟੂ ਨੂੰ ਪਾਣੀ ਨਾਲ ਭਰਦਾ ਹੈ, ਤੇ ਘੜੇ ਨੂੰ ਚੱਪਣ ਨਾਲ ਢੱਕ ਕੇ ਉਠਦਾ ਹੈ ਅਤੇ ਰਾਹੀ ਦੀ ਬੁੱਕ ਤੇ ਲੋਟੂ ਦੀ ਧਾਰ ਨਾਲ ਪਾਣੀ ਪਿਲਾਉਂਦਾ ਹੈ। ਪਾਣੀ ਪੀਣ ਤੋਂ ਬਾਅਦ ਰਾਹੀ ਠੰਡੇ ਪਾਣੀ ਨਾਲ ਰਾਹਤ ਮਹਿਸੂਸ ਕਰਦਿਆਂ ਲੰਮਾ ਜਾ ਸਾਹ ਲੈ ਕੇ ਰਾਮ ਕਹਿੰਦਾ। ਜੱਟ ਘੜੇ ਤੋਂ ਚੱਪਣ ਚੁੱਕ ਕੇ ਲੋਟੂ ਨਾਲ ਘੜਾ ਅਤੇ ਚੱਪਣ ਨਾਲ ਲੋਟੂ ਨੂੰ ਢਕ ਕੇ ਮੁੜਦਾ ਹੈ।।
ਬੈਠੇ ਰਾਹੀ ਦੀਆਂ ਅੱਖਾਂ ਜੱਟ ਦੇ ਚੇਹਰੇ ਤੇ ਟਿਕੀਆਂ ਕੁਝ ਤਲਾਸ਼ ਰਹੀਆਂ ਹਨ। ਜੱਟ ਰਾਹੀ ਦੀ ਸੋਚ ਤੋਂ ਬੇਖਬਰ ਬਲਦਾਂ ਮੂਹਰੇ ਸੁੱਟੀਆਂ ਗਾਜਰਾਂ ਨੂੰ ਪਲਟਦਾ ਹੈ। ਅਪਣੇ ਕੰਮ ਵਿਚ ਮਸਤ ਅਣਭੋਲ ਜੱਟ ਨੂੰ ਰਾਹੀ ਅਵਾਜ ਮਾਰ ਕੇ ਅਪਣੇ ਲਵੇ ਬੁਲਾਉਂਦਾ ਤੇ ਲਵੇ ਬੈਠਣ ਲਈ ਕਹਿੰਦਾ ਹੈ। ਜੱਟ ਬੈਠ ਜਾਂਦਾ ਹੈ, ਰਾਹੀ ਉਸ ਨੂੰ ਹੱਥ ਦਿਖਾਉਣ ਲਈ ਕਹਿੰਦਾ ਹੈ। ਜੱਟ ਹੱਥ ਦਿਖਾਉਣ ਤੋਂ ਮਨ੍ਹਾ ਕਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਲਵੇ ਕੁਝ ਨਹੀਂ ਹੈ ਤੈਨੂੰ ਦੇਣ ਨੂੰ ਆਹ ਗਾਜਰਾਂ ਤੋਂ ਸਿਵਾਏ। ਤੂੰ ਗਾਜਰਾਂ ਲੈਣੀਆਂ ਨੇ ਤਾਂ ਉਂਝ ਹੀ ਲੈ ਜਾ, ਪਰ ਆਹ ਪਖੰਡ ਜੇ ਨਾ ਕਰ। ਰਾਹੀ ਫਿਰ ਜੋਰ ਪਾਉਂਦਾ ਹੈ ਹੱਥ ਦੇਖਣ ਲਈ। ਆਖਿਰ ਜੱਟ ਨੇ ਨਾ ਚਾਹੁੰਦੇ ਹੋਏ ਹੱਥ ਰਾਹੀ ਦੇ ਹੱਥ ਵਿੱਚ ਦੇ ਦਿੱਤਾ। ਰਾਹੀ ਨੇ ਹੱਥ ਦੇਖਿਆ ਤੇ ਕਿਹਾ, ਜਜਮਾਨ…!!! ਤੂੰ ਰਾਜਾ ਏਂ, ਤੇਰੀ ਤਕਦੀਰ ਵਿਚ ਲਿਖਿਆ ਹੈ ਕਿ ਤੂੰ ਰਾਜਾ ਏਂ। ਜੱਟ ਨੇ ਹੱਥ ਛੁਡਾਇਆ ਤੇ ਹੱਸਿਆ, ਮੈਂ ਤੈਨੂੰ ਪਹਿਲਾਂ ਈ ਕਿਹਾ ਸੀ ਕਿ ਕਿ ਮੇਰੇ ਲਵੇ ਕੁੱਝ ਨਹੀਂ ਹੈ ਤੈਨੂੰ ਦੇਣ ਲਈ ਆਹ ਗਾਜਰਾਂ ਤੋਂ ਸਿਵਾਏ।
ਉਹ ਮੈਂ ਤੈਨੂੰ ਪਹਿਲਾਂ ਈ ਕਹਿ ਦਿੱਤਾ ਸੀ ਕਿ ਜੇ ਤੂੰ ਲੈਣੀਆਂ ਨੇ ਤਾਂ ਲੈ ਜਾ। ਪਰ ਆਹ ਬਾਮਣਾਂ ਆਲ਼ੇ ਖੇਖਣ ਜੇ ਨਾ ਕਰ। ਰਾਹੀ ਨੇ ਕਿਹਾ, ਕਿ ਜਜਮਾਨ..!! ਮੈਂ ਬਾਮਣਾਂ ਆਲ਼ੇ ਖੇਖਣ ਨੀ ਕਰ ਰਿਹਾ। ਮੈਂ ਹਾਂ ਈ ਬਾਹਮਣ ਤੇ ਮੇਰੀ ਜੋਤਿਸ਼ ਕਹਿੰਦੀ ਆ ਕੇ ਤੂੰ ਰਾਜਾ ਏਂ ਰਾਜਾ। ਮੰਨਿਆ ਕਿ ਭਾਵੇਂ ਅੱਜ ਤੇਰੇ ਲਵੇ ਕੁਝ ਹੈ ਨਹੀਂ ਹੈ ਮੈਨੂੰ ਦੇਣ ਨੂੰ। ਪਰ ਜਿਸ ਰਾਜਾ ਬਣ ਗਿਆ.? ਉਸ ਦਿਨ ਭੁੱਲੀਂ ਨਾ। ਰਾਹੀ ਅਪਣੇ ਰਾਹ ਤੁਰ ਗਿਆ ਤੇ ਜੱਟ ਬਲਦ ਖੋਲ੍ਹ ਕੇ ਖੇਤ ਵਾਹੁਣ ਲੱਗ ਪਿਆ। ਦਿਨ ਭੀਤ ਗਿਆ ਸ਼ਾਮ ਪੈ ਚੱਲੀ ਤੇ ਇਸੇ ਤਰ੍ਹਾਂ ਦਿਨ ਬਿਤਦੇ ਗਏ। ਜੱਟ ਰੋਜਾਨਾ ਦੀ ਤਰ੍ਹਾਂ ਅਪਣੀ ਕਿਰਤ ਵਿੱਚ ਬਿਜੀ ਰਿਹਾ। ਮਹਾਰਾਜਾ ਨਾਭਾ ਦੀ ਮੌਤ ਹੋ ਜਾਂਦੀ ਹੈ।
ਉਨ੍ਹਾਂ ਦੇ ਅਪਣੀ ਔਲਾਦ ਨਾ ਹੋਣ ਕਾਰਨ ਉਨ੍ਹਾਂ ਦੇ ਹੱਕੀ ਵਾਰਿਸ ਦੀ ਤਲਾਸ਼ ਸ਼ੁਰੂ ਹੁੰਦੀ ਹੈ। ਸੂਈ ਘੁੰਮਦੀ ਹੋਈ ਉਸੇ ਕਿਸਾਨ ਤੇ ਆ ਟਿਕਦੀ ਹੈ। ਜਿਸ ਲਵੇ ਬਾਮਣ ਨੇ ਪਾਣੀ ਪੀਤਾ ਸੀ। ਨਾਭਾ ਰਿਆਸਤ ਦੇ ਅਹਿਲਕਾਰ ਲੱਭਦੇ ਹੋ ਉਸ ਕਿਸਾਨ ਤੱਕ ਪਹੁੰਚਦੇ ਹਨ। ਉਹ ਕਿਸਾਨ ਅੱਜ ਵੀ ਅਪਣੇ ਖੇਤੀ ਦੇ ਰੋਜਮਰਾ ਕੰਮਾਂ ਵਿਚ ਉਲਝਿਆ ਉਸੇ ਵੇਸਭੁਸ਼ਾ ਵਿਚ ਹੈ। ਕੰਮ ਛੁਡਵਾ ਕੇ ਉਸ ਨੂੰ ਨਾਭੇ ਲਿਆਂਦਾ ਜਾਂਦਾ ਹੈ। ਉਸ ਲਈ ਵਿਸ਼ੇਸ਼ ਤੌਰ ਤੇ ਸ਼ਾਹੀ ਵਸਤਰ ਤਿਆਰ ਕੀਤੇ ਜਾਂਦੇ ਹਨ। ਦੂਜੇ ਦਿਨ ਉਸ ਨੂੰ ਤਾਜ ਪਹਿਨਾ ਕੇ ਸ਼ਾਹੀ ਤਖਤ ਤੇ ਬਿਠਾਇਆ ਜਾਂਦਾ ਹੈ। ਉਹ ਕਿਸਾਨ ਮਹਾਰਾਜਾ ਬਣ ਜਾਂਦਾ ਹੈ। ਜੀ ਹਾਂ..! ਉਸ ਦਾ ਨਾਂ ਹੈ ਮਹਾਰਾਜਾ ਹੀਰਾ ਸਿੰਘ ਨਾਭਾ।
ਹੁਣ ਮਹਾਰਾਜਾ ਹੀਰਾ ਸਿੰਘ ਅਪਣੇ ਅਹਿਲਕਾਰਾਂ ਨੂੰ ਹੁਕਮ ਚਾੜ੍ਹਦਾ ਹੈ ਕਿ ਉਹ ਰਾਹੀ ਬਾਹਮਣ ਨੂੰ ਲੱਭ ਕੇ ਲਿਆਓ। ਬਾਹਮਣ ਨੂੰ ਪੇਸ਼ ਕੀਤਾ ਜਾਂਦਾ ਹੈ। ਮਹਾਰਾਜਾ ਹੀਰਾ ਸਿੰਘ ਜੀ ਉਸ ਨੂੰ ਹੋਰ ਇਨਾਮਾਂ ਤੋਂ ਇਲਾਵਾ ਪਿੰਡ ਸਹੌਲੀ ਵਿਖੇ ਇਕ ਟੱਕ ਦਿੰਦਾ ਹੈ। ਜੋ ਕਿ ਪਿੰਡ ਅਗੌਲ ਦੀ ਜੂਹ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੀਆਂ ਜੜ੍ਹਾਂ ਵਿਚ ਹੈ। ਜਿਸ ਨੂੰ ਅੱਜ ਤੱਕ ਜੋਤਸ਼ੀਆਂ ਆਲੇ ਖੂਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਦਫੇਦਾਰ ਹਰਜਿੰਦਰ ਸਿੰਘ ਖਹਿਰਾ,
ਪਿੰਡ #ਅਗੌਲ ਤਹਿਸੀਲ ਨਾਭਾ
94630 38047
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.