EDITORIAL

ਮਾਲਵੇ ‘ਚ ਜੰਮਦੀਆਂ ਘੱਟ ਕੁੜੀਆਂ, ਧੀਆਂ ਨੂੰ ਕਰਦੇ ਪਿਆਰ ਦੁਆਬੀਏ

ਹੁਸ਼ਿਆਰਪੁਰ ਦੀ ਬੱਲੇ-ਬੱਲੇ

ਪੰਜਾਬ ਦੇ ਮਾਲਵੇ ਵਿੱਚ ਘੱਟ ਕੁੜੀਆਂ ਜਨਮ ਲੈਂਦੀਆਂ ਹਨ , ਦੁਆਬੇ ਵਿੱਚ ਵੱਧ ਧੀਆਂ ਪੈਦਾ ਹੁੰਦੀਆਂ ਹਨ ਤੇ ਮਾਝੇ ਦਾ ਮਤਲਬ ਵੀ ਮਝਧਾਰ ਭਾਵ ਅੱਧ ਜਾਂ ਮੱਧ ਹੁੰਦਾ ਹੈ ਤੇ ਕੁੜੀਆਂ ਦੇ ਜਨਮ ‘ਚ ਵੀ ਮਾਝੇ ਵਾਲੇ ਮਾਲਵੇ ਤੇ ਦੁਆਬੇ ਦੇ ਵਿੱਚ-ਵਿਚਾਲ਼ੇ ਹੀ ਹਨ । ਪੰਜਾਬ ਸਰਕਾਰ ਦੀ ਵੈੱਬਸਾਈਟ ‘ਤੇ ਪਏ ਅੰਕੜਿਆਂ ਦਾ ਅਧਿਅਨ ਕਰਨ ਮਗਰੋਂ ਇਹ ਤੱਥ ਸਾਹਮਣੇ ਆਏ ਹਨ ।

ਇਨ੍ਹਾਂ ਤੱਥਾਂ ਦਾ ਜੇ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਇਹ ਕਹਿਣਾ ਠੀਕ ਹੋਵੇਗਾ ਕਿ ਮਾਲਵੇ ਦੇ ਖੇਤਰ ‘ਚ ਜਾਂ ਤਾਂ ਕੁੜੀਆਂ ਹੀ ਘੱਟ ਪੈਦਾ ਹੁੰਦੀਆਂ ਹਨ ਜਾਂ ਫਿਰ ਪੈਦਾ ਹੀ ਹੋਣ ਨਹੀਂ ਦਿੱਤੀਆਂ ਜਾਂਦੀਆਂ ਭਾਵ ਧੀਆਂ ਨੂੰ ਕੁੱਖਾਂ ਵਿੱਚੋਂ ਹੀ ‘ਤੋਰ’ ਦਿੱਤਾ ਜਾਂਦਾ ਹੈ । ਉਧਰ ਦੂਸਰੇ ਪਾਸੇ ਦੁਆਬੇ ਦੇ ਅੰਕੜੇ ਬੜੇ ਦਿਲਚਸਪ ਹਨ । ਦੁਆਬੇ ‘ਚ ਪੰਜਾਬ ਦੇ ਮਾਲਵੇ ਤੇ ਮਾਝੇ ਨਾਲੋਂ ਵੱਧ ਧੀਆਂ ਨੂੰ ‘ਜੀ ਆਇਆਂ ਨੂੰ’ ਕਿਹਾ ਜਾਂਦਾ ਹੈ । ਮਾਝੇ ਵਾਲੇ ਵਿੱਚ ਵਿਚਾਲੇ ਹਨ ।

ਸਾਲ 2001 ਦੀ ਜੰਨ-ਗਣਨਾ ‘ਚ ਫ਼ਤਿਹਗੜ੍ਹ ਸਾਹਿਬ ‘ਚ ਦੇਸ਼ ਦੀ ਸੱਭ ਤੋਂ ਘੱਟ ਕੁੜੀਆਂ ਦੀ ਦਰ ਸੀ ਭਾਵ ਇਕ ਹਜ਼ਾਰ ਮਰਦਾਂ ਪਿਛੇ 766 ਕੁੜੀਆਂ ਸਨ ਪਰ 2011 ‘ਚ ਇਹ ਸਥਿਤੀ 871 ਹੋ ਗਈ ਜੋ ਹੁਣ ਹੋਰ ਵੀ ਸੁਧਰ ਚੁੱਕੀ ਹੋਵੇਗੀ । ਪਿਛਲੀ ਜੰਨ-ਗਣਨਾ ਦੌਰਾਨ ਪੰਜਾਬ ਦਾ ਲਿੰਗ ਅਨੁਪਾਤ 895/1000 ਸੀ ਜੋ ਹੁਣ ਕੇਂਦਰ ਸਰਕਾਰ ਦੇ 2020-21 ਦੇ ਪੰਜਵੇ ‘ਨੈਸ਼ਨਲ ਫੈਮਿਲੀ ਹੈਲਥ ਸਰਵੇ’ ਅਨੁਸਾਰ 938/1000 ਹੋ ਗਿਆ ਹੈ ।

ਸਾਲ 2011 ‘ਚ ਪੰਜਾਬ ਦੇ 20 ਜ਼ਿਲ੍ਹੇ ਹੀ ਸਨ । ਫ਼ਾਜ਼ਿਲਕਾ,ਪਠਾਨਕੋਟ ਤੇ ਮਲੇਰਕੋਟਲਾ ਬਾਅਦ ‘ਚ ਬਣਾਏ ਗਏ ਹਨ । ਉਸ ਅਨੁਸਾਰ ਮਾਲਵੇ ਦੇ ਗਿਆਰਾਂ ਜ਼ਿਲ੍ਹਿਆਂ ‘ਚ ਔਸਤਨ ਲਿੰਗ ਅਨੁਪਾਤ 880/1000 , ਮਾਝੇ ਦੇ ਚਾਰ ਜ਼ਿਲ੍ਹਿਆਂ ‘ਚ 892/1000 ਤੇ ਦੁਆਬੇ ਦੇ ਪੰਜ ਜ਼ਿਲਿਆਂ ‘ਚ 931/1000 ਸੀ । ਦੁਆਬੇ ਦਾ ਹੁਸ਼ਿਆਰਪੁਰ 84.59 ਫ਼ੀਸਦ ਨਾਲ਼ ਪੰਜਾਬ ‘ਚੋਂ ਸੱਭ ਤੋਂ ਵੱਧ ਪੜ੍ਹਿਆ ਲਿਖਿਆ ਜ਼ਿਲ੍ਹਾ ਹੈ ਜਦੋਂ ਕਿ ਪੰਜਾਬ ਦੀ ਔਸਤਨ ਸਾਖਰਤਾ ਦਰ 76.7ਫ਼ੀਸਦ ਹੈ ।

ਇਥੇ ਪ੍ਰਤੀ ਇਕ ਹਜ਼ਾਰ ਪਿਛੇ ਔਰਤਾਂ ਦੀ ਦਰ ਵੀ 962 ਹੈ ਜੋ ਪੂਰੇ ਪੰਜਾਬ ਵਿੱਚ ਤੇ ਮੌਜੂਦਾ ਰਾਸ਼ਟਰੀ 929 ਦੀ ਦਰ ਨਾਲੋਂ ਵੀ ਵੱਧ ਹੈ । ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਗੁਰੁ ਕੀ ਨਗਰੀ ਦੇ ਨਾਮ ਨਾਲ ਜਾਣੇ ਜਾਂਦੇ ਅੰਮ੍ਰਿਤਸਰ ਜ਼ਿਲ੍ਹੇ ‘ਚ ਇਹ ਅਨੁਪਾਤ 884/1000 ਹੈ । ਇਹ ਧਰਤੀ ਰਾਮ ਚੰਦਰ ਦੇ ਪੁੱਤਰਾਂ ਲਵ-ਲੁਸ਼ ਦੀ ਧਰਤੀ ਕਰਕੇ ਵੀ ਜਾਣੀ ਜਾਂਦੀ ਹੈ । ਦੇਸ਼ ਵਿੱਚ ਉਪਰੋਕਤ ਪੰਜਵੇਂ ਸਰਵੇ ਅਨੁਸਾਰ ਲੱਦਾਖ,ਕੇਂਦਰੀ ਸਾਸ਼ਿਤ ਪ੍ਰਦੇਸ਼, ‘ਚ ਲਿੰਗ ਅਨੁਪਾਤ ਸੱਭ ਤੋਂ ਵੱਧ ਭਾਵ 1125/1000 ਹੈ । ਇਨ੍ਹਾਂ ਤੋਂ ਇਲਾਵਾਂ ਇਹ ਅੰਕੜੇ ਲਕਸ਼ਦੀਪ 1051, ਤਰਿਪੁਰਾ ‘ਚ 1028 ਤੇ ਮੀਜ਼ੋਰਮ 1007 ਹੈ ।

ਇਸੇ ਪੰਜਵੇਂ ਸਰਵੇਖਣ ਅਨੁਸਾਰ ਇਕ ਹੋਰ ਬਹੁਤ ਹੀ ਹੈਰਾਨ ਕਰਨ ਵਾਲ਼ੀ ਗੱਲ ਸਾਹਮਣੇ ਆਈ ਹੈ ਕਿ ਪੰਜਵੀਂ ਤੱਕ ਤਾਂ ਤਕਰੀਬਨ ਲੜਕੇ ਤੇ ਲੜਕੀਆਂ ਬਰਾਬਰ-ਬਰਾਬਰ ਦੀ ਦਰ ‘ਚ ਹੀ ਸਕੂਲ ‘ਚ ਦਾਖ਼ਲ ਹੁੰਦੇ ਹਨ ਪਰ ਵੱਡੀਆਂ ਕਲਾਸਾਂ ਤੱਕ ਪਹੁੰਚਦੇ-ਪਹੁੰਚਦੇ ਲੜਕੀਆਂ ਦੇ ਮੁਕਾਬਲੇ ਮੁੰਡੇ ਵੱਧ ਪੜਾਈ ਛੱਡ ਜਾਂਦੇ ਹਨ । ਇਕ ਦੁੱਖ ਵਾਲ਼ੀ ਖ਼ਬਰ ਇਹ ਹੈ ਕਿ ਪੜ੍ਹਾਈ ਦੇ ਮਾਮਲੇ ‘ਚ ਭਾਵੇਂ ਪੰਜਾਬ ਸਰਕਾਰਾਂ ਬੜੇ ਦਮਗਜ਼ੇ ਮਾਰਦੀਆਂ ਰਹੀਆਂ ਹਨ ਪਰ ਜਦੋਂ ਪਿਛਲੀ ਕੈਪਟਨ ਦੀ ਸਰਕਾਰ ਸਮੇਂ ਪੰਜਾਬ ‘ਸਿਖਿਆ’ ਦੇ ਮਾਮਲੇ ‘ਚ ਪੂਰੇ ਦੇਸ਼ ‘ਚੋਂ ਇਕ ਨੰਬਰ ‘ਤੇ ਆਇਆ ਸੀ।

ਉਸੇ ਸਮੇਂ ਹੀ ਆਏ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਦੇ ਪੰਜਵੇਂ ਸਰਵੇਖਣ ‘ਚ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਸਕੂਲਾਂ ‘ਚ ਜਾਣ ਵਾਲੇ ਛੋਟੇ ਬੱਚਿਆਂ ਦੀ ਪ੍ਰਤੀਸ਼ਤ 88 ਫ਼ੀਸਦ ਹੀ ਹੈ ਭਾਵ 12 ਫ਼ੀਸਦ ਬੱਚੇ ਹਾਲੇ ਵੀ ਸਕੂਲ ਜਾਣ ਤੋਂ ਰਹਿ ਜਾਂਦੇ ਹਨ । ਹੁਸ਼ਿਆਰਪੁਰ ਦੇ ਅੰਕੜਿਆਂ ਅਨੁਸਾਰ ਇਹ ਗੱਲ ਦਾਅਵੇ ਨਾਲ਼ ਕਹੀ ਜਾ ਸਕਦੀ ਹੈ ਕਿ ਜਿਨਾ ਜ਼ੋਰ ਸਰਕਾਰਾਂ ਸਾਖਰਤਾ ‘ਤੇ ਲਾਉਣਗੀਆਂ ਓਨੀ ਹੀ ਪੰਜਾਬ ਦੀ ਤਰੱਕੀ ਵਧੇਰੇ ਹੋਵੇਗੀ । ਕੀ ਰਾਜਸੀ ਲੀਡਰ ਚਾਹੁੰਣਗੇ ਕਿ ਸਾਡੇ ਬੱਚੇ ਸੱਚਮੁੱਚ ਪੜ੍ਹਕੇ ਸਿਆਣੇ ਹੋਣ ਨਾਕੇ ਸਿਰਫ਼ ਨਾਮ ਦੀ ਡਿਗਰੀਆਂ ਨਾਲ਼ ਹੀ ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button