ਚੱਢਾ ਬਣੇ ‘ਸਰਬਾਲ੍ਹਾ’
ਅਮਰਜੀਤ ਸਿੰਘ ਵੜੈਚ (94178-01988) : ਪੰਜਾਬ ਦੇ ਮੱਖ-ਮੰਤਰੀ ਭਗਵੰਤ ਮਾਨ ਜੀ ਅਤੇ ਮਾਨ ਪਰਿਵਾਰ ਨੂੰ ਮਾਨ ਸਾਹਿਬ ਦੇ ਵਿਆਹ ਦੀਆਂ ਬਹੁਤ-ਬਹੁਤ ਮਾਬਾਰਕਾਂ। ਮਾਨ ਜੀ ਨਾਲ ਪ੍ਰਨਾਏ ਗਏ ਡਾ: ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਲਈ ਵੀ ਬਹੁਤ-ਬਹੁਤ ਮੁਬਾਰਕਾਂ। ਇਹ ਪੰਜਾਬ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਵਿੱਚ ਪੰਜਾਬ ਪਹਿਲਾ ਪ੍ਰਦੇਸ਼ ਬਣ ਗਿਆ ਹੈ ਜਿਸ ਦੇ ਮੁੱਖ-ਮੰਤਰੀ ਦਾ ਵਿਆਹ ਮੁੱਖ-ਮੰਤਰੀ ਦੀ ਸਰਕਾਰੀ ਰਿਹਾਇਸ਼ ‘ਚ ਹੋ ਰਿਹਾ ਹੈ। ਸੋ ਪੰਜਾਬ ਵਾਸੀਆਂ ਨੂੰ ਵੀ ਬਹੁਤ-ਬਹੁਤ ਵਧਾਈਆਂ।
ਮਾਨ ਸਾਹਿਬ ਦੇ ਦੂਜੇ ਵਿਆਹ ਦੀ ਖ਼ਬਰ ਅਚਾਨਕ ਹੀ ਨਸ਼ਰ ਹੋਈ ਜਿਸ ਦਾ ਪਹਿਲਾਂ ਧੂੰ ਤੱਕ ਨਹੀਂ ਨਿਕਲਣ ਦਿੱਤਾ ਗਿਆ ਹਾਲਾਂਕਿ ਇਸ ਵਿਆਹ ਦੀਆਂ ਤਿਆਰੀਆਂ ਪਰਿਵਾਰ ਕਈ ਦਿਨਾਂ ਤੋਂ ਕਰ ਰਹੇ ਸਨ। ਜਿਉਂ ਹੀ ਵਿਆਹ ਦੀ ਖ਼ਬਰ ਸੋਸ਼ਲ-ਮੀਡੀਆ ‘ਤੇ ਚੜ੍ਹੀ ਨਾਲ ਦੀ ਨਾਲ ਹੀ ਵਧਾਈਆਂ ਦੀ ਝੜੀ ਲੱਗ ਗਈ ; ਲੋਕਾਂ ਨੇ ਆਪੋ-ਆਪਣੇ ਢੰਗ ਨਾਲ ਦੇਸ਼-ਵਿਦੇਸ਼ ‘ਚੋ ਵਧਾਈਆਂ ਦੇ ਰਹੇ ਹਨ। ਵਧਾਈਆਂ ਦੇਣੀਆਂ ਵੀ ਬਣਦੀਆਂ ਹਨ ਕਿਉਂਕਿ ਇਹ ਸ਼ਗਨਾਂ ਦਾ ਅਵਸਰ ਹੈ।
ਸਿਆਣੇ ਕਹਿੰਦੇ ਨੇ ਕਿ ਵਿਆਹ, ਭਾਵ ਜੋੜੀਆਂ ਤਾਂ ਸਵਰਗ ਵਿੱਚ ਹੀ ਤਹਿ ਹੋ ਜਾਂਦੀਆਂ ਹਨ ਸਿਰਫ਼ ਬਣਦੀਆਂ ਧਰਤੀ ਉੱਤੇ ਹਨ। ਇਕ ਹੋਰ ਵੀ ਬਹੁਤ ਪ੍ਰਚੱਲਿਤ ਕਹਾਵਤ ਹੈ ਕਿ ‘ਸੰਯੋਗ ਬੜੇ ਜ਼ੋਰਾਵਰ’ ਹੁੰਦੇ ਹਨ। ਜੇਕਰ ਇਨ੍ਹਾਂ ਦੋਹਾਂ ਹੀ ਮਾਨਤਾਵਾਂ ਨੂੰ ਵਿਚਾਰਿਆ ਜਾਵੇ ਤਾਂ ਇਹ ‘ਰੱਬ ਸਬੱਬ’ ਹੀ ਹੈ ਕਿ ਦੋਹਾਂ ਹੀ ‘ਸੰਯੋਗਾਂ ਵਿੱਚ ‘ …ਪ੍ਰੀਤ ਕੌਰ’ ਸਾਂਝਾ ਹੈ। ਮਾਨ ਜੀ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ ਜੋ 2015 ਵਿੱਚ ਤਲਾਕ ‘ਚ ਬਦਲ ਗਿਆ। ਇਸ ਵਿਆਹ ਤੋਂ ਦੋ ਬੱਚੇ ਹਨ ; ਦਿਲਸ਼ਾਨ ਸਿੰਘ ਮਾਨ ਅਤੇ ਸੀਰਤ ਕੌਰ ਮਾਨ। ਹੁਣ ਡਾ: ਗੁਰਪ੍ਰੀਤ ਕੌਰ ਨਾਲ ਹੋ ਰਿਹਾ ਹੈ ਜੋ ਪੇਸ਼ੇ ਵਜੋਂ ਡਾਕਟਰ ਹਨ।
ਇਹ ਦੁਨੀਆਂ ਦੋ ਧਾਰੀ ਛੁਰੀ ਹੈ ਜਿਹੜੀ ਚਾਹੇ ਅੱਗੇ ਜਾਂ ਪਿਛੇ ਨੂੰ ਚੱਲੇ ਇਹਨੇ ਜ਼ਖਮ ਹੀ ਦੇਣੇ ਹੁੰਦੇ ਹਨ। ਜਦੋਂ ਮਾਨ ਜੀ ਦਾ ਤਲਾਕ ਹੋਇਆ ਤਾਂ ਲੋਕਾਂ ਨੇ ਤੰਜ਼ ਕੱਸਣੋ ਘੱਟ ਨਹੀਂ ਕੀਤੇ ‘ਤੇ ਜੇ ਹੁਣ ਉਨ੍ਹਾ ਦੁਬਾਰਾ ਵਿਆਹ ਕਰਵਾ ਲਿਆ ਹੈ ਤਾਂ ਹੁਣ ਵੀ ਲੋਕ ਚੁੱਪ ਨਹੀਂ ਬੈਠੇ। ਸੋਸ਼ਲ-ਮੀਡੀਆ ‘ਤੇ ਬੜੀਆਂ ਹੀ ਬੇਹੂਦਾ ਟਿਪਣੀਆਂ ਪੋਸਟ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਵੇਲੇ ਵੀ ਸ਼ਰਮ ਆਉਂਦੀ ਹੈ। ਜਿਹੜੇ ਲੋਕ ਇਸ ਵਿਆਹ ‘ਤੇ ਕੁਝ ਤੰਗੀ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵੀ ਮਾਨ ਸਾਹਿਬ ਨੂੰ ਵਧਾਈਆਂ ਦੇਣ ਤਾਂ ਉਨ੍ਹਾਂ ਦੇ ਵੀ ਕਸ਼ਟ ਦੂਰ ਹੋ ਜਾਣਗੇ। ਵੈਸੇ ਕਿਸੇ ਦੇ ਵਿਆਹ ‘ਤੇ ਸਿਰਫ਼ ਸ਼ਰੀਕ ਕੀ ਦੁੱਖੀ ਹੁੰਦੇ ਹਨ।
ਵਿਆਹ ਦਾ ਫ਼ੈਸਲਾ ਇਕ ਨਿੱਜੀ ਫ਼ੈਸਲਾ ਹੁੰਦਾ ਹੈ ; ਕਿਉਂਕਿ ਮਾਨ ਇਕ ਮੁੱਖ-ਮੰਤਰੀ ਦੇ ਅਹੁਦੇ ‘ਤੇ ਹਨ ਇਸ ਲਈ ਇਸ ਦਾ ਚਰਚਾ ਤਾਂ ਹੋਣਾ ਹੀ ਸੀ, ‘ਤੇ ਬਣਦਾ ਵੀ ਹੈ ਪਰ ਜਿਸ ਹਿਸਾਬ ਨਾਲ ਸਾਡਾ ਮੀਡੀਆ, ਖ਼ਾਸ ਕਰ ਪੰਜਾਬੀ ਮੀਡੀਏ ਦਾ ਇਕ ਹਿੱਸਾ ਵਿਆਹ ਦੀਆਂ ਤਿਆਰੀਆਂ ਲਈ ਵਰਤੇ ਜਾਣ ਵਾਲੇ ਟੈਂਟ, ਡੀਜੇ, ਕਰੌਕਰੀ ਆਦਿ ਨੂੰ ਦਰਸ਼ਕਾਂ ਨੂੰ ਪਰੋਸ ਰਿਹਾ ਹੈ ਉਸ ਤੋਂ ਸੱਚਮੁੱਚ ਸ਼ਰਮ ਵੀ ਆ ਰਹੀ ਹੈ ਕਿ ਇਨੀ ਸ਼ਿਦਤ ਅਤੇ ‘ਮਿਹਨਤ’ ਨਾਲ ਇਸ ਮੀਡੀਆ ਨੇ ਕਦੇ ਬਾਕੀ ਸੰਵੇਦਨਸ਼ੀਲ ਮੁੱਦੇ ਨਹੀਂ ਚੁੱਕੇ। ਇਸ ਵਕਤ ਉਨ੍ਹਾਂ ਮੁੱਦਿਆਂ ਦੇ ਵਿਸਤਾਰ ‘ਚ ਜਾਣਾ ਠੀਕ ਨਹੀਂ।
ਹਰ ਇਕ ਵਿਅਕਤੀ ਵਿਆਹ ਕਰਵਾਉਣਾ ਚਾਹੁੰਦਾ ਹੈ। ਇਕ ਕਹਾਵਤ ਹੈ ਕਿ ਵਿਆਹ ਇਕ ਐਸਾ ਲੱਡੂ ਹੈ ਜਿਸ ਨੂੰ ਖਾਣ ਵਾਲਾ ਵੀ ਪਛਤਉਂਦਾ ਹੈ ਤੇ ਨਾ ਖਾਣ ਵਾਲਾ ਵੀ ; ਜੇ ਦੋਵਾਂ ਸਥਿਤੀਆਂ ‘ਚ ਪਛਤਾਉਣਾ ਹੀ ਹੈ ਸੋ ਕਿਉਂ ਨਾ ਖਾ ਕੇ ਹੀ ਪਛਤਾਇਆ ਜਾਵੇ। ਉਂਜ ਮਾਨ ਸਾਹਿਬ ਦੂਜੀ ਵਾਰ ਇਹ ‘ਲੱਡੂ’ ਖਾਣ ਲੱਗੇ ਹਨ। ਸਮਾਜ ਵਿੱਚ ਬਹੁਤ ਤਬਦੀਲੀਆਂ ਆ ਰਹੀਆਂ ਹਨ ਜਿਨ੍ਹਾਂ ਨੂੰ ਕੁਝ ਕੁ ਲੋਕਾਂ ਦੇ ਵਿਰੋਧ ਨਾਲ ਰੋਕਿਆ ਨਹੀਂ ਜਾ ਸਕਦਾ।
ਸੋ ਇਹ ਸ਼ਗਨਾਂ ਦਾ ਦਿਨ ਹੈ; ਇਸ ਵਿਆਹ ‘ਚ ਦਿੱਲੀ ਦੇ ਮੁੱਖ-ਮੰਤਰੀ ਕੇਜਰੀਵਾਲ (ਜੋ ਮਾਨ ਸਾਹਿਬ ਦੇ ਪਿਤਾ ਦੀਆਂ ਰਸਮਾਂ ਨਿਭਾਉਣਗੇ) ਅਤੇ ਰਾਘਵ ਚੱਢਾ, ਪੰਜਾਬ ਦੇ ਰਾਜ ਸਭਾ ਮੈਂਬਰ (ਸਰਬਾਲ੍ਹਾ) ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਹਨ। ਚੈਨਲ ਪੰਜਾਬੀ ‘ਡੀ5’ ਵੱਲੋਂ ਵੀ ਭਗਵੰਤ ਮਾਨ ਅਤੇ ਉਨ੍ਹਾ ਦੀ ‘ਬੇਬੇ’ ਜੀ ਸਮੇਤ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.