EDITORIAL

ਲੀਡਰਾਂ ਨੇ ਪੰਜਾਬ ਕੀਤਾ ਲਹੂ-ਲੁਹਾਣ 

ਨਿਰਦੋਸ਼ ਹਿੰਦੂ-ਸਿੱਖ ਬਲੀ ਚੜ੍ਹਾਏ ਗਏ

ਅਮਰਜੀਤ ਸਿੰਘ ਵੜੈਚ (94178-01988)

ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਇਹ ਖ਼ਿਆਲ ਆਉਂਦਾ ਹੈ ਕਿ ਜਿਨ੍ਹਾਂ ਦੇ ਗੁਰੂਆਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪ ਸ਼ਹੀਦੀਆਂ ਦਿੱਤੀਆਂ ਅਤੇ ਆਪਣੇ ਪਰਿਵਾਰ ਵੀ ਵਾਰ ਦਿੱਤੇ ਅੱਜ ਉਸੇ ਧਰਮ ਦੀ ਅਖੌਤੀ ਲੀਡਰਸ਼ਿਪ ‘ਸੱਤਾ-ਸੁੱਖ’ ਲਈ ਪੂਰੀ ਕੌਮ ਦੀ ਬਲੀ ਦੇਣ ਲੱਗਿਆ ਇਕ ਪਲ ਵੀ ਸ਼ਰਮ ਜਾਂ ਝਿਜਕ ਨਹੀਂ ਕਰਦੀ।

ਅੱਜ ਦੇ ਦਿਨ 1984 ਵਿੱਚ ‘ਔਪਰੇਸ਼ਨ ਬਲਿਊ ਸਟਾਰ’ ‘ਚ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਨਿਰਦੋਸ਼ ਸ਼ਰਧਾਲੂਆਂ ਦੀ ਕਤਲੋ-ਗਾਰਤ ਸ਼ੁਰੂ ਕਰ ਦਿੱਤੀ ਸੀ ਅਤੇ ਸੰਤ ਭਿੰਡਰਾਂਵਾਲੇ ਦੇ ਬੰਦਿਆਂ ਨੇ ਅੰਦਰੋਂ ਜ਼ਬਰਦਸਤ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸੀ। ਇਸ ਔਪਰੇਸਨ ਵਿੱਚ ਫੌਜ ਦੇ ਜਵਾਨਾਂ ਸਮੇਂ ਇਕ ਅੰਦਾਜ਼ੇ ਅਨੁਸਾਰ ਤਕਰੀਬਨ ਅੱਠ ਹਜ਼ਾਰ ਲੋਕ ਮਾਰੇ ਗਏ ਸਨ। ਪੰਜਾਬ ਨੇ 1978 ਤੋਂ 1995 ਤੱਕ ਬੜਾ ਨਰਕ ਭੋਗਿਆ। ਨਿਰਦੋਸ਼  ਹਿੰਦੂ ਅਤੇ ਸਿੱਖਾਂ ਦੇ ਰੋਜ਼ ਕਤਲ ਹੁੰਦੇ ਰਹੇ। ਸਾਡੀ ਅਖੌਤੀ ਲੀਡਰਸ਼ਿਪ ਦੀ ‘ਸੱਤਾ ਹਵਸ’ ਦੀ ਕਹਾਣੀ ਵੀ ਬੜੀ ਅਜੀਬ ਹੈ ਜੋ 1977 ਵਿੱਚ ਇਕ ਗਿਣੀ-ਮਿਥੀ ਸਾਜ਼ਿਸ਼ ਨਾਲ ਸ਼ੁਰੁ ਕੀਤੀ ਗਈ ਅਤੇ ਇਸ ਦੇ ‘ਪਾਤਰ’ ਵੀ ਬੜੀ ਸੋਚ ਸਮਝ ਮਗਰੋਂ ‘ਸਟੇਜ’ ‘ਤੇ ਸਜਾ-ਸੰਵਾਰ ਕੇ ਚਾੜ੍ਹੇ ਗਏ।

ਬੀਬੀਸੀ ਰੇਡੀਓ ਦੇ ਪ੍ਰਸਿੱਧ ਪੱਤਰਕਾਰ ਮਾਰਕ ਟੁਲੀ ਅਤੇ ਸਤੀਸ਼ ਜੈਕਬ ਆਪਣੀ ਕਿਤਾਬ ‘ AMRITSAR- Mrs Gandhi’s Last Battle’ ਵਿੱਚ  ਲਿਖਦੇ ਹਨ ਕਿ “ਐਮਰਜੈਂਸੀ ਦੌਰਾਨ 1977 ‘ਚ ਸੰਜੇ ਗਾਂਧੀ ਨੇ ਗਿਆਨੀ ਜ਼ੇਲ ਸਿੰਘ ਦੀ ‘ਸਲਾਹ’ ਨਾਲ ਇਹ ਸਕੀਮ ਬਣਾਈ ਕਿ ਅਕਾਲੀ ਦਲ ਦਾ ਜ਼ੋਰ ਖ਼ਤਮ ਕਰਨ ਲਈ ਪੰਜਾਬ ਵਿੱਚ ਕੋਈ ਸਿੱਖ ‘ਸੰਤ’ ਖੜਾ ਕੀਤਾ ਜਾਵੇ। ਇਸ ਲਈ ਇਕ ਟੀਮ ਪੰਜਾਬ ਭੇਜੀ ਗਈ ਅਤੇ ਉਸ ਟੀਮ ਵੱਲੋਂ 20 ਸੰਤਾਂ ਦੀ ਲਿਸਟ ਤਿਆਰ ਕੀਤੀ ਗਈ। ਇਸ ਲਿਸਟ ਵਿੱਚੋਂ, ਦੋ ਜੂਨ 1947 ਨੂੰ ਪੈਦਾ ਹੋਏ 30 ਸਾਲਾ, ਸਰੂ ਵਰਗੇ ਛੇ ਫੁੱਟ ਲੰਮੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਾਮ ਚੁਣਿਆ ਗਿਆ ਜੋ 1977 ‘ਚ ਹੀ ‘ਦਮਦਮੀ ਟਕਸਾਲ’ ਦੇ ਮੁਖੀ ਬਣੇ ਸਨ।

ਉਨ੍ਹਾਂ ਦਿਨਾਂ ਵਿੱਚ ਹੀ ਨਿਰੰਕਾਰੀ ਸੰਪ੍ਰਦਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੰਕਾਰੀ ਗੁਰੂਆਂ ਦੀਆਂ ਲਿਖਤਾਂ ਸ਼ਾਮਿਲ ਕਰਕੇ ਨਵਾਂ ਗ੍ਰੰਥ ਪ੍ਰਕਾਸ਼ਿਤ ਕਰਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਕਾਰਨ ਪੰਜਾਬ ਵਿੱਚ ਮਾਹੌਲ ਬੜਾ ਗਰਮ ਹੋਇਆ ਪਿਆ ਸੀ। ਇਸੇ ਦੌਰਾਨ ਸ੍ਰੀ ਆਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਨਿਰੰਕਾਰੀਆਂ ਨੂੰ ਸਿੱਖ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਗਿਆ।

ਉਧਰ ਨਿਰੰਕਾਰੀਆਂ ਨੇ 13 ਅਪ੍ਰੈਲ,1978 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਇਕ ਕਨਵੈਂਸ਼ਨ ਕਰਨ ਦਾ ਐਲਾਨ ਕਰ ਦਿੱਤਾ ਜਿਸ ਦਾ ਕਈ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਹੋਣਾ ਸ਼ੁਰੁ ਹੋ ਗਿਆ। ਉਧਰ ਐਮਰਜੈਂਸੀ ਹਟਣ ਮਗਰੋਂ ਕੇਂਦਰ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ ਅਤੇ ਪੰਜਾਬ ਵਿਧਾਨ-ਸਭਾ ਦੀਆਂ ਚੋਣਾਂ ਵੀ ਜੂਨ1977 ‘ਚ ਹੋ ਗਈਆਂ ਸਨ। ਇਸ ਵਿੱਚ ਅਕਾਲੀ ਪਾਰਟੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ 58 ਸੀਟਾਂ ਜਿੱਤ ਕੇ, ਜਨਤਾ ਪਾਰਟੀ (25) ਦੇ ਸਾਥ ਨਾਲ ਸਰਕਾਰ ਬਣਾ ਲਈ ਸੀ। ਭਾਵੇਂ ਪੰਜਾਬ ਦੇ ਹਾਲਾਤ ‘ਸਿੱਖ-ਨਿਰੰਕਾਰੀ’ ਮੁੱਦੇ ਕਾਰਨ ਤਣਾਅ ਵਾਲੇ ਬਣੇ ਹੋਏ ਸਨ। ਇਸ ਕਿਤਾਬ ਅਨੁਸਾਰ (ਪੰਨਾ 58) ਬਾਦਲ ਸਰਕਾਰ ਨੇ ਗਿਆਨੀ ਜ਼ੈਲ ਸਿੰਘ ਅਤੇ ਸੰਜੇ ਗਾਂਧੀ ਦੇ ਹੱਥਾਂ ਵਿੱਚ ਖੇਡਦੇ ਹੋਏ ਇਸ ਕਨਵੈਂਸ਼ਨ ਦੀ ਮਨਜ਼ੂਰੀ ਦੇ ਦਿੱਤੀ।

ਟੁਲੀ ਅਤੇ ਜੈਕਬ ਲਿਖਦੇ ਹਨ ਕਿ ਜਿਸ ਦਿਨ ਇਹ ਕਨਵੈਂਸ਼ਨ ਹੋਣੀ ਸੀ ਉਸ ਦਿਨ ਬਾਦਲ ਸਰਕਾਰ ਦੇ ਮਾਲ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਸ੍ਰੀ ਦਰਬਾਰ ਸਾਹਿਬ ਵਿੱਚ ਸਿੱਖਾਂ ਦੇ ਇਕੱਠ ਨੂੰ ਸ਼ਾਂਤ ਕਰਨ ਲਈ ਕਹਿ ਰਹੇ ਸਨ ਕਿ ਸਰਕਾਰ ਇਹ ਕਨਵੈਂਸ਼ਨ ਨਹੀਂ ਰੋਕ ਸਕਦੀ। ਇਸ ‘ਤੇ ਇਕੱਠ ਵਿੱਚੋਂ ਇਕ ਜ਼ੋਰ ਦੀ ਆਵਾਜ਼ ਉਠੀ” ਅਸੀਂ ਇਹ ਨਹੀਂ ਹੋਣ ਦਿਆਂਗੇ “; ਇਹ ਆਵਾਜ਼ ਸੰਤ ਭਿੰਡਰਾਂਵਾਲਿਆਂ ਦੀ ਸੀ। ਇਸ ਮਗਰੋਂ ਇਕ ਵੱਡਾ ਮਾਰਚ ਨਿਰੰਕਾਰੀ ਕਨਵੈਂਸ਼ਨ ਵੱਲ ਵਧਿਆ ਜਿਸ ਵਿੱਚ ਹਿੰਸਾ ਹੋਈ ਇਕ ਦੁਕਾਨਦਾਰ ਦੀ ਬਾਂਹ ਵੱਢ ਦਿੱਤੀ ਗਈ ਤਾਂ ਵੀ ਪੁਲਿਸ ਨੇ ਇਹ ਮਾਰਚ ਨਹੀਂ ਰੋਕਿਆ ‘ਤੇ ਫਿਰ ‘ਸਿੱਖ-ਨਿਰੰਕਾਰੀ ਟਕਰਾ’ ਹੋਇਆ ਜਿਸ ਵਿੱਚ 12 ਸਿੱਖ ਅਤੇ ਤਿੰਨ ਨਿਰੰਕਾਰੀ ਮਾਰੇ ਗਏ। ਅਕਾਲੀ ਦਲ ਨੂੰ ਤੋੜਨ ਲਈ ਗਿਆਨੀ -ਸੰਜੇ ਦੀ ਜੋੜੀ ਨੂੰ ਇਹੋ ਚਾਹੀਦਾ ਸੀ।

ਇਹ ਕਿਤਾਬ ਕਹਿੰਦੀ ਹੈ ਕਿ ਕਾਂਗਰਸ ਨੂੰ ਇਹ ਪਤਾ ਸੀ ਕਿ ਬਾਦਲ, ਸੰਤ ਲੌਂਗੋਵਾਲ ਅਤੇ ਟੌਹੜਾ ਦੀ ਤਿੱਕੜੀ ਨੂੰ ਤੋੜਿਆ ਨਹੀਂ ਜਾ ਸਕਦਾ ਇਸੇ ਮਕਸਦ ਨਾਲ ਗਿਆਨੀ ਜ਼ੈਲ ਸਿੰਘ ਨੇ ਪਹਿਲਾਂ ਸੰਤ ਜਰਨੈਲ ਸਿੰਘ ਨੂੰ ਪਿਛਲੇ ਦਰਵਾਜਿਓਂ  ਹੱਲਾਸ਼ੇਰੀ ਦਿੱਤੀ ਅਤੇ ਫਿਰ 1978 ਦੀ ਵਿਸਾਖੀ ਤੋਂ ਇਕ ਹਫ਼ਤਾ ਪਹਿਲਾਂ ਚੰਡੀਗੜ੍ਹ ਦੇ ਅਰੋਮਾ ਹੋਟਲ ਵਿੱਚ ਬੈਠ ਕੇ ‘ਦਲ ਖਾਲਸਾ’ ਨਵੀਂ ਪਾਰਟੀ ਬਣਾਈ ਜਿਸ ਦਾ ਬਿੱਲ ਗਿਆਨੀ ਜੀ ਨੇ ਦਿੱਤਾ। ਚੰਡੀਗੜ੍ਹ ਦੇ ਪੱਤਰਕਾਰ ਯਾਦ ਕਰਦੇ ਹਨ ਕਿ ਗਿਆਨੀ ਜ਼ੈਲ ਸਿੰਘ ਖੁਦ  ‘ਦਲ ਖਾਲਸਾ’ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਮੁੱਖ ਪੰਨੇ ‘ਤੇ ਲਾਉਣ ਲਈ ਫੋਨ ਕਰਦੇ ਸਨ। (ਚੱਲਦਾ)

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button