Press ReleaseBreaking NewsD5 specialNewsPunjab
ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਕਰੇਗਾ ਸ਼ੁਰੂ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ ਦੇਵੇਗਾ। ਇਹ ਕੇਂਦਰ ਭੁਲੱਥ ਵਿਖੇ ਰੋਇਲ ਪੈਲੇਸ ਵਿਚ ਤਿਆਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਅੰਦਰ ਇਹ ਤੀਸਰਾ ਮੈਡੀਕਲ ਵਾਰਡ ਹੈ, ਜੋ ਕੋਰੋਨਾ ਮਰੀਜ਼ਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੇ ਦਵਾਈਆਂ ਦੇਣ ਦੇ ਨਾਲ-ਨਾਲ ਲੋੜ ਪੈਣ ’ਤੇ ਆਕਸੀਜਨ ਮੁਹੱਈਆ ਕਰਵਾਏਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੋਵਿਡ ਕੇਅਰ ਕੇਂਦਰ ਕੋਰੋਨਾ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਭੁਲੱਥ ਵਿਖੇ ਕੋਵਿਡ ਕੇਅਰ ਕੇਂਦਰ ਦੇ ਕਾਰਜਸ਼ੀਲ ਹੋਣ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਮੌਜੂਦਾ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਪੰਜਾਬ ਦੇ ਹਰ ਖਿੱਤੇ ਨਾਲ ਸਬੰਧਤ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਾਪਤ ਹੋਣਗੀਆਂ। ਮਾਝਾ ਵਿਖੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਜੋ ਕੋਰੋਨਾ ਦੇ ਇਲਾਜ ਲਈ ਮੋਹਰੀ ਹਸਪਤਾਲ ਵਜੋਂ ਕਾਰਜਸ਼ੀਲ ਹੈ, ਤੋਂ ਬਾਅਦ ਮਾਲਵਾ ਅਤੇ ਦੁਆਬਾ ਖੇਤਰ ਵਿਚ ਵੱਖ-ਵੱਖ ਥਾਵਾਂ ’ਤੇ ਇਹ ਕੋਰੋਨਾ ਕੇਅਰ ਸੈਂਟਰ ਖੋਲ੍ਹਣ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਆਪਣੀ ਨਜ਼ਦੀਕ ਹੀ ਮਿਲਣੀਆਂ ਸ਼ੁਰੂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਭੁਲੱਥ ਵਿਖੇ ਖੋਲ੍ਹਿਆਂ ਜਾ ਰਿਹਾ ਕੇਂਦਰ 25 ਬਿਸਤਰਿਆਂ ਨਾਲ ਆਪਣੀਆਂ ਸੇਵਾਵਾਂ ਦੇਵੇਗਾ।
ਪਹਿਲਾਂ ਖੋਲ੍ਹੇ ਮੈਡੀਕਲ ਕੇਂਦਰਾਂ ਦੀ ਤਰ੍ਹਾਂ ਇਸ ਵਿਚ ਵੀ ਆਕਸੀਜਨ ਕੰਨਸਟਰੇਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਮਾਹਿਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਬਦਲਵੇਂ ਪ੍ਰਬੰਧਾਂ ਤਹਿਤ ਆਪਣੀਆਂ ਸੇਵਾਵਾਂ ਨਿਭਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਸਥਾ ਦਾ ਮੰਤਵ ਇਸ ਸੰਕਟਮਈ ਸਮੇਂ ਅੰਦਰ ਲੋਕਾਂ ਨੂੰ ਨੇੜੇ ਤੋਂ ਨੇੜੇ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਖੱਜਲ ਖੁਆਰੀ ਤੋਂ ਬਚ ਸਕਣ। ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਚਲਾਏ ਗਏ ਕੋਵਿਡ ਕੇਅਰ ਕੇਂਦਰਾਂ ਵਿਚ ਵੱਡੀ ਗਿਣਤੀ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਅਨੇਕਾਂ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਹਤ ਕੇਂਦਰ ਵਿਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.