Opinion

14 ਮਾਰਚ ਨੂੰ ਸ਼ਹਾਦਤ ਦੇ 200 ਸਾਲ (1823-2023)

ਸਿੱਖ ਕੌਮ ਦਾ ਮਹਾਨ ਜਰਨੈਲ ਅਤੇ ਧਾਰਮਿਕ ਆਗੂ ਅਕਾਲੀ ਬਾਬਾ ਫੂਲਾ ਸਿੰਘ ਜੀ

ਡਾ. ਪਰਮਵੀਰ ਸਿੰਘ

ਅਕਾਲੀ ਬਾਬਾ ਫੂਲਾ ਸਿੰਘ ਨੂੰ ਸਿੱਖ ਕੌਮ ਦੇ ਅਜਿਹੇ ਜੁਝਾਰੂ ਜਰਨੈਲ ਅਤੇ ਧਾਰਮਿਕ ਆਗੂ ਵਜੋਂ ਯਾਦ ਕੀਤਾ ਜਾਂਦਾ ਹੈ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਥਾਪਿਤ ਕੀਤੇ ਆਦਰਸ਼ਾਂ ਨੂੰ ਜੀਵਨ ਵਿਚ ਧਾਰਨ ਕਰਦੇ ਹੋਏ ਪੰਜਾਬ ਦੇ ਲੋਕਾਂ ਨੂੰ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਰੱਖਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਸੀ। ਇਹਨਾਂ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਦੇ ਵਿਸਤਾਰ ਵਿਚ ਯੋਗਦਾਨ ਪਾਇਆ ਉੱਥੇ ਸਿੱਖਾਂ ਨੂੰ ਭਰਾ-ਮਾਰੂ ਜੰਗ ਤੋਂ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਸਿੱਖ ਕੌਮ ਦੇ ਇਸ ਮਹਾਨ ਜਰਨੈਲ ਦਾ ਜਨਮ 1761 ਵਿਚ ਬਾਂਗਰ ਦੇ ਇਲਾਕੇ ਵਿਚ ਪੈਂਦੇ ਸ਼ੀਹਾਂ ਪਿੰਡ ਵਿਖੇ ਸ. ਈਸ਼ਰ ਸਿੰਘ ਦੇ ਘਰ ਹੋਇਆ। ਧਾਰਮਿਕ ਬਿਰਤੀ ਦੇ ਮਾਲਕ ਇਹਨਾਂ ਦੇ ਪਿਤਾ ਜੀ ਨਿਸ਼ਾਨਾਂਵਾਲੀ ਮਿਸਲ ਵਿਚ ਸੇਵਾ ਕਰਿਆ ਕਰਦੇ ਸਨ। 1762 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਉਸ ਨੇ ਸਿੱਖਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕੁੱਪ ਨੇੜੇ ਡੇਰਾ ਲਾਈ ਬੈਠੀ ਅਕਾਲੀ ਫੌਜ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਹਜ਼ਾਰਾਂ ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਸਿੱਖ ਇਤਿਹਾਸ ਵਿਚ ਇਸ ਨੂੰ ‘ਵੱਡਾ ਘੱਲੂਘਾਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਹਮਲੇ ਵਿਚ ਜ਼ਖ਼ਮੀ ਹੋਏ ਸ. ਈਸ਼ਰ ਸਿੰਘ ਜੀ ਕੁੱਝ ਦਿਨਾਂ ਬਾਅਦ ਅਕਾਲ ਚਲਾਣਾ ਕਰ ਗਏ ਸਨ। ਸੁਆਸ ਛੱਡਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਦੋਵੇਂ ਨਾਬਾਲਗ ਪੁੱਤਰ ਸ਼ਹੀਦ ਮਿਸਲ ਦੇ ਜਥੇਦਾਰ ਨੈਣਾ ਸਿੰਘ ਦੇ ਸਪੁਰਦ ਕਰ ਦਿੱਤੇ ਸਨ।

ਅਕਾਲੀ ਬਾਬਾ ਫੂਲਾ ਸਿੰਘ ਦੇ ਮਨ ਵਿਚ ਜਿੱਥੇ ਪਿਤਾ ਜੀ ਦੇ ਧਾਰਮਿਕ ਗੁਣ ਪ੍ਰਫੁਲਿਤ ਹੋਏ ਉੱਥੇ ਇਹਨਾਂ ਨੇ ਬਾਬਾ ਨੈਣਾ ਸਿੰਘ ਦੀ ਸਰਪ੍ਰਸਤੀ ਅਧੀਨ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ ਸੀ। ਸ਼ਸਤਰ ਵਿੱਦਿਆ, ਘੋੜ ਸਵਾਰੀ ਅਤੇ ਗੁਰਧਾਮਾਂ ਦੇ ਪ੍ਰਬੰਧ ਨੂੰ ਗੁਰੂ-ਆਸ਼ੇ ਅਨੁਸਾਰ ਚਲਾਉਣ ਦੀ ਸਿੱਖਿਆ ਇਹਨਾਂ ਨੂੰ ਆਪਣੇ ਜਥੇਦਾਰ ਬਾਬਾ ਨੈਣਾ ਸਿੰਘ ਦੀ ਅਗਵਾਈ ਵਿਚ ਅਨੰਦਪੁਰ ਸਾਹਿਬ ਵਿਖੇ ਪ੍ਰਾਪਤ ਹੋਈ ਸੀ। ਇੱਥੇ ਹੀ ਖੰਡੇ ਦੀ ਪਾਹੁਲ ਲੈ ਕੇ ਇਹਨਾਂ ਨੇ ਖ਼ਾਲਸਾ ਪੰਥ ਦੀ ਸੇਵਾ ਅਰੰਭ ਕੀਤੀ ਸੀ।

ਮਹਾਰਾਜਾ ਰਣਜੀਤ ਸਿੰਘ ਨੇ ਜੁਲਾਈ 1799 ਵਿਚ ਲਾਹੌਰ ’ਤੇ ਕਬਜ਼ਾ ਕਰਕੇ ‘ਸਰਕਾਰ ਖ਼ਾਲਸਾ’ ਦੀ ਸਥਾਪਨਾ ਕਰ ਦਿੱਤੀ ਸੀ। ਇਸ ਤੋਂ ਅਗਲੇ ਸਾਲ ਅਕਾਲੀ ਬਾਬਾ ਫੂਲਾ ਸਿੰਘ ਨੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾ ਕੇ ਉੱਥੋਂ ਦਾ ਪ੍ਰਬੰਧ ਸੰਭਾਲ ਲਿਆ ਸੀ। ਅਕਾਲੀ ਜੀ ਦਾ ਅੰਮ੍ਰਿਤਸਰ ਵਿਖੇ ਜਾਣਾ ਮਹਾਰਾਜਾ ਰਣਜੀਤ ਸਿੰਘ ਲਈ ਸ਼ੁਭ ਸ਼ਗਨ ਵਾਂਗ ਸੀ। ਇਕ ਪਾਸੇ ਅਕਾਲੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਵਿਚ ਵਾਧਾ ਕਰਨ ਲਈ ਯੋਗਦਾਨ ਪਾ ਰਹੇ ਸਨ ਅਤੇ ਦੂਜੇ ਪਾਸੇ ਅਕਾਲੀ ਜੀ ਦੀ ਮਹਾਰਾਜੇ ਨਾਲ ਸਾਂਝ ਕਾਰਨ ਆਮ ਲੋਕਾਂ ਵਿਚ ਰਾਜ ਪ੍ਰਤੀ ਵਿਸ਼ਵਾਸ ਅਤੇ ਨਿਸ਼ਠਾ ਕਾਇਮ ਹੋ ਗਈ ਸੀ। ਰਣਜੀਤ ਸਿੰਘ ਦਾ ਵਿਰੋਧ ਕਰ ਰਹੀਆਂ ਮਿਸਲਾਂ ਨਾਲ ਅਕਾਲੀ ਜੀ ਨੇ ਸੁਲਾਹ ਕਰਵਾ ਦਿੱਤੀ ਸੀ।

ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਵਿਚ ਦੋ ਗੱਲਾਂ ਪ੍ਰਮੁੱਖਤਾ ਨਾਲ ਦੇਖਣ ਨੂੰ ਮਿਲਦੀਆਂ ਹਨ। ਇਕ ਤਾਂ ਉਹ ਸਿੱਖ ਮਰਯਾਦਾ ਦਾ ਕਰੜਾਈ ਨਾਲ ਪਾਲਣ ਕਰਦੇ ਸਨ ਅਤੇ ਸਿੱਖਾਂ ਨੂੰ ਢਿੱਲੜਪੁਣੇ ਤੋਂ ਦੂਰ ਰੱਖਣ ਦਾ ਭਰਪੂਰ ਯਤਨ ਕਰਦੇ ਸਨ। ਦੂਜਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਰ ਹਾਲਤ ਵਿਚ ਸੁਰੱਖਿਅਤ ਰੱਖਣ ਅਤੇ ਇਸ ਦੇ ਵਿਸਤਾਰ ਲਈ ਯਤਨਸ਼ੀਲ ਰਹਿੰਦੇ ਸਨ। ਸਿੱਖ ਮਰਯਾਦਾ ਨੂੰ ਕਾਇਮ ਰੱਖਣ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਖੀਆਂ ਉਹਨਾਂ ਦੇ ਜੀਵਨ ਵਿਚ ਦੇਖਣ ਨੂੰ ਮਿਲਦੀਆਂ ਹਨ ਪਰ ਇੱਥੇ ਕੇਵਲ ਦੋ ਘਟਨਾਵਾਂ ਬਾਰੇ ਹੀ ਜਾਣਕਾਰੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।

ਮਰਯਾਦਾ ਸੰਬੰਧੀ ਪਹਿਲੀ ਘਟਨਾ 1809 ਵਿਚ ਵਾਪਰੀ ਜਦੋਂ ਅੰਗਰੇਜ਼ ਸਰਕਾਰ ਵੱਲੋਂ ਸੰਧੀ ਕਰਨ ਆਏ ਮੈਟਕਾਫ਼ ਦੇ ਸਿਪਾਹੀਆਂ ਦੀ ਇਕ ਮੁਸਲਮਾਨ ਫੌਜੀ ਟੁਕੜੀ ਨੇ ਤਾਜ਼ੀਆ ਕੱਢਿਆ। ਜਦੋਂ ਇਹ ਜਲੂਸ ਸ੍ਰੀ ਹਰਿਮੰਦਰ ਸਾਹਿਬ ਦੇ ਕੋਲੋਂ ਲੰਘ ਰਿਹਾ ਸੀ ਤਾਂ ਇਸ ਨੂੰ ਅੰਮ੍ਰਿਤਸਰ ਦੀ ਸਾਲਾਂ ਤੋਂ ਚੱਲੀ ਆ ਰਹੀ ਮਰਯਾਦਾ ਦੇ ਵਿਰੁੱਧ ਸਮਝਿਆ ਗਿਆ। ਜਲੂਸ ਦਾ ਸ਼ੋਰ ਇੰਨਾ ਜ਼ਿਆਦਾ ਸੀ ਕਿ ਦਰਬਾਰ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀ ਅਵਾਜ਼ ਵੀ ਸੁਣਾਈ ਨਹੀਂ ਦੇ ਰਹੀ ਸੀ। ਅਕਾਲੀ ਜੀ ਨੇ ਕੁੱਝ ਸਿੰਘਾਂ ਨੂੰ ਭੇਜਿਆ ਕਿ ਉਹ ਜਲੂਸ ਕੱਢ ਰਹੇ ਲੋਕਾਂ ਨੂੰ ਸਮਝਾ ਦੇਣ ਕਿ ਇੱਥੇ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ। ਜਦੋਂ ਸਿੰਘ ਇਸ ਕਾਰਜ ਲਈ ਬਾਹਰ ਗਏ ਤਾਂ ਤਾਜ਼ੀਏ ਵਿਚ ਸ਼ਾਮਲ ਅੰਗਰੇਜ਼ ਫੌਜ ਦੇ ਸਿਪਾਹੀਆਂ ਨੇ ਹਮਲਾ ਕਰ ਦਿੱਤਾ ਸੀ। ਜਦੋਂ ਇਸ ਘਟਨਾ ਦੀ ਜਾਣਕਾਰੀ ਅਕਾਲੀ ਜੀ ਨੂੰ ਮਿਲੀ ਤਾਂ ਉਹ ਤੁਰੰਤ ਹੀ ਆਪਣੇ ਸਾਥੀਆਂ ਨਾਲ ਬਾਹਰ ਆ ਗਏ। ਜਦੋਂ ਦੰਗੇ ਸ਼ੁਰੂ ਹੋਏ ਤਾਂ ਇਹਨਾਂ ਨੂੰ ਰੋਕਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਉੱਥੇ ਆਉਣਾ ਪਿਆ ਸੀ। ਇਸ ਤੋਂ ਬਾਅਦ ਕਦੇ ਵੀ ਅੰਮ੍ਰਿਤਸਰ ਵਿਖੇ ਅਜਿਹੀ ਘਟਨਾ ਦੇਖਣ ਨੂੰ ਨਹੀਂ ਮਿਲਦੀ।

ਮਰਯਾਦਾ ਸੰਬੰਧੀ ਦੂਜੀ ਘਟਨਾ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਰਾਹੀਂ ਦੇਖਣ ਨੂੰ ਮਿਲਦੀ ਹੈ ਜਦੋਂ ਉਹ ਦਰਬਾਰ ਦੀ ਇਕ ਨਾਚੀ ਮੋਰਾਂ ’ਤੇ ਮੋਹਿਤ ਹੋ ਗਿਆ ਸੀ। ਬਹੁਤ ਸਾਰੇ ਸਿੱਖ ਅਤੇ ਗੈਰ-ਸਿੱਖ ਲੇਖਕਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਸਿੱਖ ਧਰਮ ਵਿਚ ਮਹਾਰਾਜੇ ਦੇ ਇਸ ਕਾਰਜ ਨੂੰ ਧਾਰਮਿਕ ਮਰਯਾਦਾ ਦੀ ਉਲੰਘਣਾ ਸਮਝਿਆ ਗਿਆ। ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਨੇ ਉਸ ਨੂੰ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ। ਮਹਾਰਾਜਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਇਆ ਅਤੇ ਧਾਰਮਿਕ ਸਜ਼ਾ ਲਵਾਉਣ ਲਈ ਆਪਣੇ ਆਪ ਨੂੰ ਜਥੇਦਾਰ ਅੱਗੇ ਪੇਸ਼ ਕੀਤਾ। ਮਹਾਰਾਜੇ ਨੂੰ ਤਨਖ਼ਾਹ ਲਗਾਈ ਗਈ ਅਤੇ ਉਸਨੇ ਇਸ ਮੌਕੇ 1,25,000 ਰੁਪਏ ਵੀ ਭੇਟ ਕੀਤਾ ਸੀ। ਇਸ ਘਟਨਾ ਤੋਂ ਬਾਅਦ ਮੋਰਾਂ ਨੂੰ ਲਾਹੌਰ ਤੋਂ ਬਾਹਰ ਭੇਜ ਦਿੱਤਾ ਗਿਆ ਸੀ।

ਅਕਾਲੀ ਬਾਬਾ ਫੂਲਾ ਸਿੰਘ ਨੂੰ ‘ਸਿੱਖ ਰਾਜ ਦਾ ਰਾਖਾ’ ਵੀ ਕਿਹਾ ਜਾਂਦਾ ਹੈ। ਔਖੀ ਤੋਂ ਔਖੀ ਘਾਟੀ ’ਤੇ ਚੜ੍ਹਨਾ, ਦੁਸ਼ਮਣ ਨੂੰ ਵੰਗਾਰਨਾ, ਅੱਗੇ ਹੋ ਕੇ ਯੁੱਧ ਕਰਨਾ ਅਤੇ ਯੁੱਧ ਵਿਚ ਸੂਰਬੀਰਤਾ ਦੇ ਜੌਹਰ ਦਿਖਾਉਣੇ ਉਹਨਾਂ ਨੇ ਜੀਵਨ ਦਾ ਅੰਗ ਸਨ ਜਿਸ ਤੋਂ ਵੈਰੀ ਹਮੇਸ਼ਾਂ ਖੌਫ਼ ਖਾਂਦੇ ਸਨ। 1807 ਵਿਚ, ਕਸੂਰ ਦੇ ਯੁੱਧ ਦੌਰਾਨ ਅਕਾਲੀ ਜੀ ਵੱਲੋਂ ਦਿਖਾਈ ਸੂਰਬੀਰਤਾ ਨੇ ਸਭ ਦਾ ਧਿਆਨ ਖਿੱਚਿਆ ਸੀ। ਅਕਾਲੀ ਜੀ ਨੂੰ ਜਦੋਂ ਵੀ ਮਹਾਰਾਜੇ ਦੇ ਰਾਜ ਨੂੰ ਕੋਈ ਖ਼ਤਰਾ ਜਾਪਦਾ ਤਾਂ ਉਹ ਆਪ ਹੀ ਉਸ ਦੇ ਵਿਰੁੱਧ ਕਾਰਵਾਈ ਕਰ ਦਿੰਦੇ ਸਨ।

1809 ਵਿਚ, ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਅਕਾਲੀ ਜੀ ਦਮਦਮਾ ਸਾਹਿਬ ਚਲੇ ਗਏ ਸਨ। ਇਸ ਸਮੇਂ ਇਕ ਅੰਗਰੇਜ਼ ਅਫ਼ਸਰ ਆਪਣੀ ਫ਼ੌਜੀ ਟੁਕੜੀ ਨਾਲ ਫੂਲਕੀਆਂ ਰਿਆਸਤਾਂ ਵਿਚ ਸਰਵੇ ਕਰਨ ਲਈ ਆਇਆ ਹੋਇਆ ਸੀ। ਇਹ ਖ਼ਬਰ ਫੈਲ ਗਈ ਕਿ ਇਹ ਅੰਗਰੇਜ਼ ਅਫ਼ਸਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ’ਤੇ ਹਮਲਾ ਕਰਨ ਲਈ ਨਕਸ਼ੇ ਤਿਆਰ ਕਰ ਰਿਹਾ ਹੈ। ਜਦੋਂ ਇਹ ਖ਼ਬਰ ਅਕਾਲੀ ਜੀ ਕੋਲ ਪੁੱਜੀ ਤਾਂ ਉਹਨਾਂ ਨੇ ਆਪਣੇ ਸਿੰਘਾਂ ਸਮੇਤ ਉਸ ਦੇ ਕੈਂਪ ਵੱਲ ਕੂਚ ਕਰ ਦਿੱਤਾ। ਪੱਤੋਕੀ ਪਿੰਡ ਵਿਖੇ ਡੇਰਾ ਲਾਈ ਬੈਠੀ ਅੰਗਰੇਜ਼ ਫ਼ੌਜਾਂ ਦੀ ਟੁਕੜੀ ’ਤੇ ਅਕਾਲੀ ਜੀ ਨੇ ਹਮਲਾ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਸੀ। ਨਾਭੇ ਦੇ ਰਾਜਾ ਜਸਵੰਤ ਸਿੰਘ ਨੇ ਵਿਚ ਪੈ ਕੇ ਇਹ ਝਗੜਾ ਨਿਪਟਾਇਆ ਸੀ। ਇਸ ਤੋਂ ਬਾਅਦ ਅਕਾਲੀ ਜੀ ਅੰਮ੍ਰਿਤਸਰ ਚਲੇ ਗਏ ਸਨ।

ਅੰਗਰੇਜ਼ਾਂ ਨੇ ਅਕਾਲੀ ਜੀ ਨੂੰ ਗ਼੍ਰਿਫ਼ਤਾਰੀ ਲਈ ਬਹੁਤ ਜ਼ੋਰ ਲਾਇਆ ਪਰ ਕੋਈ ਸਫ਼ਲਤਾ ਨਾ ਮਿਲੀ। ਫੂਲਕੀਆਂ ਅਤੇ ਪੰਜਾਬ ਦੀਆਂ ਰਿਆਸਤਾਂ ਦੇ ਰਾਜੇ ਅਕਾਲੀ ਜੀ ਦਾ ਸਤਿਕਾਰ ਕਰਦੇ ਸਨ ਜਿਸ ਕਰਕੇ ਕਿਸੇ ਨੇ ਵੀ ਅਕਾਲੀ ਜੀ ਦਾ ਰਾਹ ਰੋਕਣ ਜਾਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ।

ਅਕਾਲੀ ਬਾਬਾ ਫੂਲਾ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਜਾਣ ਦੀ ਜਾਣਕਾਰੀ ਬਹੁਤ ਘੱਟ ਮਿਲਦੀ ਹੈ। ਬਲਕਿ ਮਹਾਰਾਜਾ ਜਦੋਂ ਵੀ ਅੰਮ੍ਰਿਤਸਰ ਵਿਖੇ ਆਉਂਦਾ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਚਲਾ ਜਾਂਦਾ ਸੀ ਅਤੇ ਨਾਲ ਹੀ ਉੱਥੇ ਅਕਾਲੀ ਜੀ ਨਾਲ ਵਿਚਾਰ-ਚਰਚਾ ਵੀ ਕਰ ਲੈਂਦਾ ਸੀ। ਅਕਾਲੀ ਜੀ ਦੇ ਜੀਵਨ ਦੀ ਇਕ ਘਟਨਾ ਤੋਂ ਜਾਣਾਕਰੀ ਮਿਲਦੀ ਹੈ ਕਿ ਉਹ ਲਾਹੌਰ ਵਿਖੇ ਮਹਾਰਾਜੇ ਦੇ ਦਰਬਾਰ ਵਿਚ ਗਏ ਸਨ। ਦਰਬਾਰ ਵਿਚ ਜਾਣ ਦਾ ਕਾਰਨ ਵੀ ਰਾਜ ਪ੍ਰਤੀ ਨਿਸ਼ਠਾ ਸੀ। ਕਿਹਾ ਜਾਂਦਾ ਹੈ ਕਿ ਅਕਾਲੀ ਜੀ ਨੂੰ ਜਾਣਕਾਰੀ ਮਿਲੀ ਕਿ ਦਰਬਾਰ ਦੇ ਕੁੱਝ ਅਧਿਕਾਰੀ ਮਹਾਰਾਜੇ ਅਤੇ ਉਸ ਦੇ ਪੁੱਤਰ ਖੜਕ ਸਿੰਘ ਵਿਚਕਾਰ ਮੱਤਭੇਦ ਪੈਦਾ ਕਰਨਾ ਚਾਹੁੰਦੇ ਹਨ।

ਅਕਾਲੀ ਜੀ ਲਾਹੌਰ ਗਏ ਪਰ ਦਰਬਾਰੀਆਂ ਨੇ ਜ਼ੋਰ ਲਾਇਆ ਕਿ ਉਹ ਮਹਾਰਾਜੇ ਨੂੰ ਮਿਲ ਨਾ ਸਕਣ। ਅਕਾਲੀ ਜੀ ਕਿਸੇ ਦੀ ਪ੍ਰਵਾਹ ਕੀਤੇ ਬਗ਼ੈਰ ਦਰਬਾਰ ਵਿਚ ਗਏ ਅਤੇ ਮਹਾਰਾਜੇ ਨੂੰ ਚੱਲ ਰਹੇ ਘਟਨਾਕ੍ਰਮ ਦੀ ਜਾਣਕਾਰੀ ਦੇ ਕੇ ਉੱਥੋਂ ਅਨੰਦਪੁਰ ਸਾਹਿਬ ਚਲੇ ਗਏ ਸਨ। ਬਾਬਾ ਸਾਹਿਬ ਸਿੰਘ ਬੇਦੀ ਨੇ ਵਿਚ ਪੈ ਕੇ ਉਹਨਾਂ ਦੀ ਸੁਲਾਹ ਕਰਵਾਈ ਸੀ ਅਤੇ ਅਕਾਲੀ ਜੀ ਨੂੰ ਸਤਿਕਾਰ ਸਹਿਤ ਵਾਪਸ ਅੰਮ੍ਰਿਤਸਰ ਲਿਆਂਦਾ ਗਿਆ।

ਅਕਾਲੀ ਫੂਲਾ ਸਿੰਘ ਦਾ ਸਮੁੱਚਾ ਜੀਵਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਹੱਦਾਂ ਸੁਰੱਖਿਅਤ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਕਾਰਜ ਲਈ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ। ਇਹਨਾਂ ਦੇ ਜੀਵਨ ਦਾ ਇਹ ਆਖਰੀ ਯੁੱਧ ਸੀ ਜਿਹੜਾ ਕਿ ਨੌਸ਼ਹਿਰੇ ਵਿਖੇ ਹੋਇਆ। ਇਸ ਯੁੱਧ ਵਿਚ ਕਾਬੁਲ ਦੇ ਮੁਹੰਮਦ ਅਜ਼ੀਮ ਖ਼ਾਨ ਅਤੇ ਦੋਸਤ ਮੁਹੰਮਦ ਖ਼ਾਨ ਦੀ ਅਗਵਾਈ ਵਿਚ 30,000 ਦੀ ਵੱਡੀ ਗਿਣਤੀ ਵਿਚ ਲਸ਼ਕਰ ਨੇ ਹਿੱਸਾ ਲਿਆ ਅਤੇ ਇਹਨਾਂ ਦੇ ਨਾਲ ਜਹਾਦ ਦਾ ਨਾਅਰਾ ਲਗਾ ਕੇ ਇਕੱਤਰ ਕੀਤਾ ਹੋਇਆ ਹਜ਼ਾਰਾਂ ਦੀ ਗਿਣਤੀ ਵਿਚ ਮੁਲਖ਼ਈਆ ਵੀ ਸ਼ਾਮਲ ਸੀ।

ਮਹਾਰਾਜਾ ਰਣਜੀਤ ਸਿੰਘ ਇਸ ਯੁੱਧ ਦੀ ਅਗਵਾਈ ਕਰ ਰਿਹਾ ਸੀ ਪਰ ਪਠਾਣਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਅਕਾਲੀ ਜੀ ਨੇ ਗਿਣਤੀਆਂ-ਮਿਣਤੀਆਂ ਦੀ ਪ੍ਰਵਾਹ ਕੀਤੇ ਬਗ਼ੈਰ ਅਕਾਲ ਪੁਰਖ ਅੱਗੇ ਅਰਦਾਸਾ ਸੋਧ ਕੇ ਜੰਗ ਵਿਚ ਹਿੱਸਾ ਲਿਆ ਅਤੇ ਸ਼ਹੀਦੀ ਪ੍ਰਾਪਤ ਕੀਤੀ। ਅਕਾਲੀ ਜੀ ਭਾਵੇਂ ਇਸ ਯੁੱਧ ਵਿਚ ਸ਼ਹੀਦ ਹੋ ਗਏ ਸਨ ਪਰ ਉਹਨਾਂ ਦੁਆਰਾ ਅਰੰਭ ਕੀਤੇ ਗਏ ਯਤਨਾਂ ਸਦਕਾ ਮਹਾਰਾਜੇ ਨੂੰ ਇਹ ਜਿੱਤ ਪ੍ਰਾਪਤ ਹੋਈ ਸੀ ਜਿਸ ਨੇ ਅੱਗੇ ਜਾ ਕੇ ਜਮਰੌਦ ਦੇ ਕਿਲੇ ’ਤੇ ਕੇਸਰੀ ਨਿਸ਼ਾਨ ਲਹਿਰਾਉਣ ਦਾ ਮਾਰਗ ਦਿਖਾ ਦਿੱਤਾ ਸੀ। 14 ਮਾਰਚ 1823 ਨੂੰ ਹੋਈ ਅਕਾਲੀ ਜੀ ਦੀ ਸ਼ਹੀਦੀ ਨੇ ਉਹਨਾਂ ਨੂੰ ਇਤਿਹਾਸ ਵਿਚ ਅਮਰ ਕਰ ਦਿੱਤਾ ਸੀ। ਨੌਸ਼ਹਿਰੇ ਦੇ ਨੇੜੇ ਹੀ ਉਹਨਾਂ ਦਾ ਸਸਕਾਰ ਕੀਤਾ ਗਿਆ ਅਤੇ ਉੱਥੇ ਹੀ ਇਹਨਾਂ ਦੀ ਇਕ ਯਾਦਗਾਰ ਕਾਇਮ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਯਾਦ ਨੂੰ ਸਦੀਵੀ ਰੂਪ ਪ੍ਰਦਾਨ ਕਰਨ ਲਈ ਇਸ ਦੇ ਨਾਂ ਜਗੀਰ ਲਵਾ ਦਿੱਤੀ ਸੀ।

ਅੰਮ੍ਰਿਤਸਰ ਦੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ ਇਲਾਵਾ ਪੰਜਾਬ ਵਿਚ ਕਈ ਥਾਵਾਂ ’ਤੇ ਉਹਨਾਂ ਦੇ ਸਤਿਕਾਰ ਵਿਚ ਯਾਦਗਾਰਾਂ ਕਾਇਮ ਹਨ। ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਨ ਦੇਹਲਾ ਸ਼ੀਹਾਂ ਪਿੰਡ ਵਿਖੇ ਮੌਜੂਦ ਹੈ ਜਿੱਥੇ ‘ਗੁਰਦੁਆਰਾ ਜਨਮ ਅਸਥਾਨ ਸਾਹਿਬ ਸ਼ਹੀਦ ਬਾਬਾ ਫੂਲਾ ਸਿੰਘ ਜੀ’ ਸਸ਼ੋਭਿਤ ਹੈ। ਪੰਜਾਬ ਸਰਕਾਰ ਨੇ ਜਨਮ ਅਸਥਾਨ ਦੀ ਪੁਰਾਤਨ ਇਮਾਰਤ ਨੂੰ ਸੰਭਾਲ ਲਿਆ ਹੈ। ਇਸ ਪੁਰਾਤਨ ਇਮਾਰਤ ਦੇ ਚੁਗਿਰਦੇ ਵਿਚ ਬੋਹੜ ਦਾ ਇਕ ਪੁਰਾਤਨ ਰੁੱਖ ਅਤੇ ਅਕਾਲੀ ਜੀ ਨਾਲ ਸੰਬੰਧਿਤ ਇਕ ਖੂਹ ਵੀ ਮੌਜੂਦ ਹੈ। ਇਸ ਅਸਥਾਨ ਦੇ ਸਹਾਮਣੇ ਹੀ ਲਗ-ਪਗ 200 ਮੀਟਰ ਦੀ ਦੂਰੀ ’ਤੇ ਪਿੰਡ ਵਾਲਿਆਂ ਨੇ ਨਵੇਂ ਗੁਰਧਾਮ ਦੀ ਉਸਾਰੀ ਕਰ ਲਈ ਹੈ ਜਿੱਥੇ ਸੰਗਤ ਹਾਜ਼ਰੀ ਭਰਦੀ ਹੈ।

ਡਾ. ਪਰਮਵੀਰ ਸਿੰਘ
ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ,ਪਟਿਆਲਾ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button