Opinion

ਸੰਗੀਤ ਨੂੰ ਪ੍ਰਣਾਇਆ ਮਸਤ ਮੌਲਾ ਅਜਾਇਬ ਸਿੰਘ ਮਲਹੋਤਰਾ

ਉਜਾਗਰ ਸਿੰਘ: ਸੰਗੀਤ ਇਨਸਾਨ ਦੀ ਰੂਹ ਦੀ ਖੁਰਾਕ ਹੁੰਦਾ ਹੈ। ਸੰਗੀਤ ਪ੍ਰੇਮੀ ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਦਾ ਹੋਇਆ ਜੀਵਨ ਬਤੀਤ ਕਰਦਾ ਹੈ। ਉਹ ਆਪਣੇ ਆਪ ਨੂੰ ਕਦੀ ਵੀ ਬਜ਼ੁਰਗ ਮਹਿਸੂਸ ਨਹੀਂ ਕਰਦਾ। ਅਜਿਹਾ ਹੀ ਇੱਕ ਰੂਹ ਦਾ ਰੱਜਿਆ ਹੋਇਆ ਸਰਬਕਲਾ ਸੰਪੂਰਨ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦਾ ਸੇਵਾ ਮੁਕਤ ਮੈਨੇਜਰ ਅਜਾਇਬ ਸਿੰਘ ਮਲਹੋਤਰਾ ਹੈ, ਜਿਹੜਾ ਜ਼ਿੰਦਗੀ ਨੂੰ ਪਰਮਾਤਮਾ ਦਾ ਦਿੱਤਾ ਹੋਇਆ ਬਿਹਤਰੀਨ ਤੋਹਫ਼ਾ ਸਮਝਦਾ ਹੈ। ਆਮ ਤੌਰ ‘ਤੇ ਵੇਖਣ ਨੂੰ ਮਿਲਦਾ ਹੈ ਕਿ ਇਨਸਾਨ ਜ਼ਿੰਦਗੀ ਦੀਆਂ ਕਠਨਾਈਆਂ ਦਾ ਮੁਕਾਬਲਾ ਕਰਨ ਦੀ ਥਾਂ ਉਸ ਅੱਗੇ ਹਾਰ ਮੰਨ ਲੈਂਦਾ ਹੈ। ਉਹ ਉਮਰ ਦੇ ਵੱਧਣ ਨਾਲ ਆਪਣੇ ਆਪ ਨੂੰ ਜ਼ਿੰਦਗੀ ਦੀਆਂ ਰਹਿਮਤਾਂ ਮਾਨਣ ਦੇ ਸਮਰੱਥ ਵੀ ਨਹੀਂ ਸਮਝਦਾ ਤੇ ਬੁਢਾਪੇ ਨੂੰ ਸਰਾਪ ਸਮਝਦੇ ਹੋਏ ਮਾਨਸਿਕ ਤੌਰ ‘ਤੇ ਕਮਜ਼ੋਰ ਹੋ ਜਾਂਦਾ ਹੈ। ਅਜਾਇਬ ਸਿੰਘ ਮਲਹੋਤਰਾ ਲਈ ਬੁਢਾਪਾ ਜ਼ਿੰਦਗੀ ਦੀ ਸਭ ਤੋਂ ਉਤਮ ਅਵਸਥਾ ਹੁੰਦੀ ਹੈ, ਜਿਸ ਵਿੱਚ ਇਨਸਾਨ ਸਮਾਜਿਕ ਮਸ਼ਰੂਫ਼ੀਅਤ ਤੋਂ ਵਿਹਲਾ ਹੋ ਕੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਦਾ ਲੁਤਫ਼ ਲੈ ਸਕਦਾ ਹੈ।

ਅਜਾਇਬ ਸਿੰਘ ਮਲਹੋਤਰਾ ਸਦਾ ਦੀਵਾਲੀ ਸਾਧ ਦੀ ਚਤੋ ਪਹਿਰ ਸੰਤ ਦੀ ਵਿਚਾਰਧਾਰਾ ‘ਤੇ ਵਿਸ਼ਵਾਸ਼ ਕਰਦਾ ਹੈ। ਉਹ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹਿੰਦਾ ਹੋਇਆ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ। ਸੰਗੀਤ ਦੀ ਹਰ ਧੁਨ ‘ਤੇ ਉਸ ਦੇ ਪੈਰ ਥਿਰਕਣ ਲੱਗ ਜਾਂਦੇ ਹਨ। ਹਰ ਸਮੇਂ ਉਹ ਗੁਣਗੁਣਾਉਂਦਾ ਰਹਿੰਦਾ ਹੈ। ਉਹ ਪੰਜਾਬੀ ਸਭਿਅਚਾਰ ਦਾ ਮੁੱਦਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਆਮ ਤੌਰ ‘ਤੇ ਹਰ ਇਨਸਾਨ ਕਿਸੇ ਇੱਕ ਖੇਤਰ ਦਾ ਮਾਹਿਰ ਹੁੰਦਾ ਹੈ ਪ੍ਰੰਤੂ ਅਜਾਇਬ ਸਿੰਘ ਮਲਹੋਤਰਾ ਸਭਿਅਚਾਰ, ਸੰਗੀਤ, ਸਾਹਿਤ, ਸਮਾਜਿਕ, ਆਰਥਿਕ, ਧਾਰਮਿਕ ਅਤੇ ਅਧਿਆਮਿਕ ਤੌਰ ‘ਤੇ ਪਰਪੱਕ ਇਨਸਾਨ ਹੈ। ਭਾਵੇਂ ਉਹ ਕਿਸੇ ਵੀ ਸਥਾਨ, ਮੌਕੇ ਤੇ ਸਮਾਰੋਹ ਵਿੱਚ ਹੋਵੇ ਜਦੋਂ ਉਹ ਵਜਦ ਵਿੱਚ ਆ ਜਾਂਦਾ ਹੈ ਤਾਂ ਫਿਰ ਉਹ ਸਮੇਂ, ਸਥਾਨ ਅਤੇ ਸਥਿਤੀ ਮੁਤਾਬਕ ਅਦਾਕਰੀ ਨਾਲ ਸੰਗੀਤ ਦੀਆਂ ਛਹਿਬਰਾਂ ਲਾ ਦਿੰਦਾ ਹੈ। ਉਸ ਦੇ ਪੈਰ ਪਾਇਲਾਂ ਪਾਉਣ ਲੱਗਦੇ ਹਨ। ਕਿਸੇ ਵੀ ਸਮਾਗਮ ਵਿੱਚ ਉਹ ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਕਰਨ ਤੋਂ ਰਹਿ ਨਹੀਂ ਸਕਦਾ। ਹਮੇਸ਼ਾ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਮਾਈਕ ‘ਤੇ ਆ ਕੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਕੇ ਉਨ੍ਹਾਂ ਨੂੰ ਸਾਰਥਿਕ ਤੇ ਆਰਾਮਦਾਇਕ ਜ਼ਿੰਦਗੀ ਜਿਓਣ ਦੀ ਪ੍ਰੇਰਨਾ ਦੇ ਸਕੇ।

ਅਰਬਨ ਅਸਟੇਟ ਪਟਿਆਲਾ ਫੇਜ-2 ਦੇ ਪਾਰਕ ਨੰਬਰ 55 ਵਿੱਚ ਹਰ ਰੋਜ਼ ਸ਼ਾਮ ਨੂੰ ਉਹ ਬਜ਼ੁਰਗਾਂ ਦੀ ਮਹਿਫਲ ਦਾ ਸ਼ਿੰਗਾਰ ਹੁੰਦਾ ਹੈ। ਉਸ ਮਹਿਫ਼ਲ ਦਾ ਉਹ ਚੇਅਰਮੈਨ ਹੈ। ਉਹ ਗੁਰਬਾਣੀ, ਹਿੰਦੂ, ਮੁਸਲਿਮ ਅਤੇ ਇਸਾਈ ਧਰਮਾਂ ਦੀਆਂ ਪਵਿਤਰ ਬਾਣੀਆਂ ਨਾਲ ਵਾਤਾਵਰਨ ਨੂੰ ਸੰਗੀਤਮਈ ਬਣਾ ਦਿੰਦਾ ਹੈ। ਉਸ ਸਥਾਨ ਤੇ ਥੋੜ੍ਹੀ ਦੇਰ ਬਾਅਦ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸ਼ਿਅਰ ਸੁਣਾ ਕੇ ਵਾਤਵਰਨ ਨੂੰ ਰਸਮਈ ਬਣਾ ਦਿੰਦਾ ਹੈ। ਜਦੋਂ ਵੀ ਕਦੇ ਉਸ ਨੂੰ ਢੋਲ ਦੇ ਡੱਗੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਸੰਗੀਤ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਪੈਂਦੀ ਹੈ ਤਾਂ ਉਸਦਾ ਮਨ ਸੰਗੀਤਕ ਹੋ ਜਾਂਦਾ ਹੈ। ਫਿਰ ਉਹ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਸਕਦਾ।

ਸਾਹਿਤਕ ਸ਼ੌਕ ਉਸ ਨੂੰ ਸਕੂਲ ਸਮੇਂ ‘ਤੇ ਹੀ ਲੱਗ ਗਿਆ ਸੀ। ਸਕੂਲ ਵਿੱਚ ਪੜ੍ਹਦਿਆਂ ਹੀ ਉਹ ਗੁਰੂ ਘਰ ਦੀਆਂ ਸਟੇਜਾਂ ‘ਤੇ ਆਪ ਧਾਰਮਿਕ ਕਵਿਤਾਵਾਂ ਲਿਖਕੇ ਸਟੇਜ ‘ਤੇ ਪੜ੍ਹਦਾ ਹੁੰਦਾ ਸੀ। ਜਵਾਨੀ ਵਿੱਚ ਉਹ ‘ਰਣਜੀਤ ਸੇਵਕ ਦਲ ਕਾਲਕਾ’ ਦਾ ਮੈਂਬਰ ਬਣਕੇ ਗੁਰਦੁਆਰਾ ਸਾਹਿਬ ਵਿੱਚ ਜੋੜੇ ਸਾਫ਼ ਕਰਨ ਤੇ ਝਾੜੂ ਦੇਣ ਦੀ ਸੇਵਾ ਕਰਦਾ ਰਿਹਾ। ਇਸ ਮੰਤਵ ਲਈ ਆਨੰਦਪੁਰ ਸਾਹਿਬ ਅਤੇ ਪਟਨਾ ਸਾਹਿਬ ਵਿਸ਼ੇਸ਼ ਤੌਰ ‘ਤੇ ਜਾਂਦਾ ਰਿਹਾ। ਪਾਕਿਸਤਾਨ ਦੇ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਵਿਖੇ ਵੀ ਜੋੜੇ ਸਾਫ ਕਰਨ ਦੀ ਸੇਵਾ ਕਰਨ ਜਾਂਦਾ ਸੀ। ਸਕੂਲ ਦੀ ਹਰ ਸਭਿਆਚਾਰਕ ਸਰਗਰਮੀ ਵਿੱਚ ਉਹ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ, ਜਿਸ ਕਰਕੇ ਉਹ ਮੰਚ ਦਾ ਮਾਹਿਰ ਹੋ ਗਿਆ। ਇਸ ਤੋਂ ਇਲਾਵਾ ਸਕੂਲ ਵਿੱਚ ਹੋਣ ਵਾਲੇ ਨਾਟਕਾਂ ਵਿੱਚ ਅਦਾਕਾਰੀ ਵੀ ਕਰਦਾ ਰਿਹਾ ਹੈ। 1956-57 ਵਿੱਚ ਜਦੋਂ ਉਹ ਅੰਬਾਲਾ ਵਿਖੇ ਡੀ.ਏ.ਵੀ.ਕਾਲਜ ਵਿੱਚ ਪੜ੍ਹ ਰਿਹਾ ਸੀ ਤਾਂ ਭਾਰਤ ਦੇ ਰੱਖਿਆ ਮੰਤਰੀ ਕਿ੍ਰਸ਼ਨਾ ਮੈਨਨ ਦੇ ਸਮਾਗਮ ਵਿੱਚ ਉਸ ਦੀ ਚੋਣ ਦੇਸ਼ ਭਗਤੀ ਨਾਲ ਸੰਬੰਧਤ ਉਸ ਦੀ ਆਪਣੀ ਲਿਖੀ ਕਵਿਤਾ ‘ਕਟੀ ਪਤੰਗ’ ਪੜ੍ਹਨ ਦਾ ਮਾਣ ਪ੍ਰਾਪਤ ਹੋਇਆ।

ਉਸ ਨੇ ਕਵਿਤਾਵਾਂ ਲਿਖਣ ਦੇ ਸ਼ੌਕ ਕਰਕੇ ਆਪਣੇ ਤਖੱਲਸ ਕਈ ਵਾਰ ਬਦਲੇ ਜਿਵੇਂ ਜ਼ਖ਼ਮੀ, ਹਮਦਰਦ, ਬੇਦਰਦ ਅਤੇ ਦੁਖੀਆ ਆਦਿ ਪ੍ਰੰਤੂ ਇਸ ਸਮੇਂ ਉਹ ਸਿਰਫ ਆਪਣੇ ਨਾਮ ਨਾਲ ਮਲਹੋਤਰਾ ਲਿਖਦਾ ਹੈ। ਗੁਰੂ ਘਰ ਨੇ ਹੀ ਉਸ ਦੀ ਜ਼ਿੰਦਗੀ ਵਿੱਚ ਨਿਖ਼ਾਰ ਲਿਆਂਦਾ, ਜ਼ਿੰਦਗੀ ਨੂੰ ਭਾਰ ਨਾ ਸਮਝਿਦਿਆਂ ਕੌੜੇ ਤੇ ਮਿੱਠੇ ਤਜ਼ਰਬਿਆਂ ਨੂੰ ਹਸਦਿਆਂ ਨਿਪਟਣ ਦੀ ਪ੍ਰੇਰਨਾ ਪ੍ਰਾਪਤ ਕੀਤੀ ਹੈ, ਜਿਸ ਕਰਕੇ ਜ਼ਿੰਦਗੀ ਸੌਖੀ ਗੁਜਾਰਨ ਲਈ ਬਲ ਮਿਲਿਆ ਹੈ। ਉਹ ਆਪਣੀ ਸੁਖਮਈ ਤੇ ਸ਼ਾਂਤਮਈ ਜ਼ਿੰਦਗੀ ਦੀ ਸਫਲਤਾ ਦਾ ਸਿਹਰਾ ਗੁਰੂ ਘਰ ਕਾਲਕਾ ਨੂੰ ਹੀ ਦਿੰਦਾ ਹੈ। ਉਸ ਦੀ ਜ਼ਿੰਦਗੀ ਦਾ ਮਕਸਦ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਸਮੁੱਚੇ ਸਮਾਜ ਨੂੰ ਖ਼ੁਸ਼ੀ ਦੇਣਾ ਹੈ। ਇਸ ਲਈ ਕਈ ਵਾਰੀ ਉਹ ਲੋਕਾਂ ਨੂੰ ਹਸਾਉਣ ਲਈ ਸ਼ਿਅਰ, ਚੁਟਕਲੇ, ਕਵਿਤਾਵਾਂ ਅਤੇ ਸੰਗੀਤਕ ਪ੍ਰੋਗਰਾਮ ਸੁਣਾਉਂਦਾ ਰਹਿੰਦਾ ਹੈ। ਆਪਣੇ ਆਪ ਨੂੰ ਹਾਸੇ ਦਾ ਪਾਤਰ ਬਣਾਕੇ ਦੂਜਿਆਂ ਨੂੰ ਖ਼ੁਸ਼ ਕਰਦਾ ਹੈ। ਆਪਣੀ ਖ਼ੁਸ਼ੀ ਨਾਲੋਂ ਉਹ ਦੂਜਿਆਂ ਨੂੰ ਖ਼ੁਸ਼ ਕਰਨ ਵਿੱਚ ਤਰਜੀਹ ਦਿੰਦਾ ਹੈ। ਜਦੋਂ ਉਹ ਕਿਸੇ ਵੀ ਮਹਿਫਲ , ਇਕੱਠ ਜਾਂ ਸਮਾਗਮ ਵਿੱਚ ਪਹੁੰਚਦਾ ਹੈ ਤਾਂ ਸਾਰਾ ਵਾਤਾਵਰਨ ਹੀ ਸੰਗੀਤਕ ਤੇ ਖ਼ੁਸ਼ਗਵਾਰ ਹੋ ਜਾਂਦਾ ਹੈ। ਉਸ ਹਮੇਸ਼ਾ ਚੜ੍ਹਦੀ ਕਲਾ ਦਾ ਧਾਰਨੀ ਹੈ। ਜੇਕਰ ਕਿਸੇ ਨੇ ਜ਼ਿੰਦਗੀ ਜਿਓਣੀ ਸਿੱਖਣੀ ਹੈ ਤਾਂ ਉਹ ਅਜਾਇਬ ਸਿੰਘ ਮਲਹੋਤਰਾ ਤੋਂ ਸਿੱਖੇ। ਹਰ ਦੁੱਖ ਨੂੰ ਸੁੱਖ ਵਿੱਚ ਬਦਲਣ ਦੀ ਸਮਰੱਥਾ ਰੱਖਦਾ ਹੈ। ਦੁੱਖ-ਸੁੱਖ ਨੂੰ ਜ਼ਿੰਦਗੀ ਦਾ ਹਿੱਸਾ ਸਮਝਦਾ ਹੈ। ਬੁਲੰਦ ਹੌਸਲੇ ਵਾਲਾ ਇਨਸਾਨ ਹੈ।

ਅਜਾਇਬ ਸਿੰਘ ਮਲਹੋਤਰਾ ਦਾ ਜਨਮ ਰਾਵਲਪਿੰਡੀ ਵਿੱਚ ਮਾਤਾ ਸਤਿੰਦਰ ਕੌਰ ਦੀ ਕੁੱਖੋਂ ਸ੍ਰ.ਬੇਅੰਤ ਸਿੰਘ ਦੇ ਘਰ 10 ਜਨਵਰੀ 1940 ਨੂੰ ਹੋਇਆ। ਉਸਦਾ ਬਚਪਨ ਰਾਵਲਪਿੰਡੀ ਵਿੱਚ ਹੀ ਗੁਜਰਿਆ। ਮਹਿਜ 7 ਸਾਲ ਦੀ ਉਮਰ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਕਾਲਕਾ ਆ ਕੇ ਵਸ ਗਿਆ। ਉਸ ਨੇ ਸਰਕਾਰੀ ਹਾਈ ਸਕੂਲ ਕਾਲਕਾ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਫਿਰ ਉਹ ਡੀ.ਏ.ਵੀ.ਕਾਲਜ ਅੰਬਾਲਾ ਵਿੱਚ ਉਚ ਪੜ੍ਹਾਈ ਲਈ ਦਾਖ਼ਲ ਹੋ ਗਿਆ। ਪਰਿਵਾਰਿਕ ਹਾਲਾਤਾਂ ਨੇ ਉਸ ਦਾ ਸਾਥ ਨਾ ਦਿੱਤਾ, ਜਿਸ ਕਰਕੇ ਕਾਲਜ ਦੀ ਪੜ੍ਹਾਈ ਉਸ ਨੂੰ ਛੱਡਣੀ ਪਈ। ਪ੍ਰੰਤੂ ਉਸ ਨੇ ਹੌਸਲਾ ਨਹੀਂ ਹਾਰਿਆ ਸਗੋਂ ਬੀ.ਏ.ਤੱਕ ਦੀ ਪੜ੍ਹਾਈ ਪ੍ਰਾਈਵੇਟ ਤੌਰ ‘ਤੇ ਕੀਤੀ। 20 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਉਹ 1960 ਵਿੱਚ ਪੰਜਾਬ ਨੈਸ਼ਨਲ ਬੈਂਕ ਵਿੱਚ ਕਲਰਕ ਭਰਤੀ ਹੋ ਗਿਆ। ਉਸ ਨੇ ਕਾਲਕਾ ਤੋਂ ਆਪਣੀ ਨੌਕਰੀ ਸ਼ੁਰੂ ਕਰਕੇ ਚੰਡੀਗੜ੍ਹ, ਹਿਸਾਰ, ਰੋਹਤਕ, ਭਿਵਾਨੀ, ਜੰਮੂ, ਸ੍ਰੀਨਗਰ ਤੋਂ ਬਾਅਦ 2000 ਵਿੱਚ ਕਠੂਆ ਤੋਂ ਬਤੌਰ ਮੈਨੇਜਰ ਸੇਵਾ ਮੁਕਤ ਹੋਇਆ ਹੈ। ਉਸ ਨੇ ਜ਼ਿੰਦਗੀ ਵਿੱਚ ਕਈ ਵਾਰ ਮੌਤ ਨੂੰ ਬਹੁਤ ਨੇੜਿਉਂ ਵੇਖਿਆ ਪ੍ਰੰਤੂ ਉਹ ਘਬਰਾਇਆ ਨਹੀਂ। ਇਕ ਵਾਰ 1984 ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਸਮੁਚੇ ਦੇਸ਼ ਵਿੱਚ ਸਿੱਖਾਂ ‘ਤੇ ਹਮਲੇ ਹੋ ਰਹੇ ਸਨ ਤਾਂ ਉਹ ਉਸ ਸਮੇਂ ਭਿਵਾਨੀ ਵਿਖੇ ਹਰਿਆਣਾ ਖੇਤਰੀ ਗ੍ਰਾਮੀਣ ਬੈਂਕ ਵਿੱਚ ਡੈਪੂਟੇਸ਼ਨ ‘ਤੇ ਜਨਰਲ ਮੈਨੇਜਰ ਸੀ।

ਉਸ ਨੂੰ ਜਾਨਣ ਵਾਲੇ ਇਕ ਡਿਪਟੀ ਸੁਪਇਨਟੈਂਡੈਂਟ ਨੇ ਆਪਣੇ ਘਰ ਸੁਰੱਖਿਆ ਲਈ ਉਸ ਦੇ ਪਰਿਵਾਰ ਨੂੰ ਲਿਜਾਣ ਦੀ ਆਫਰ ਦਿੱਤੀ ਪ੍ਰੰਤੂ ਉਹ ਗਿਆ ਨਹੀਂ। ਉਥੋਂ ਦੇ ਐਸ.ਐਸ.ਪੀ.ਨੇ ਕਿਸੇ ਸਿੱਖ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ। ਉਦੋਂ ਮੌਤ ਮੰਡਰਾ ਰਹੀ ਸੀ। ਦੂਜੇ ਜਦੋਂ ਉਹ ਸ੍ਰੀਨਗਰ ਵਿਖੇ ਤਾਇਨਾਤ ਸੀ ਤਾਂ ਲਗਪਗ 10 ਵਾਰੀ ਉਹ ਸੁਰੱਖਿਆ ਬਲਾਂ ਅਤੇ ਦਹਿਸ਼ਤਗਰਦਾਂ ਦੇ ਮੁਕਾਬਲਿਆਂ ਦੀ ਕਰਾਸ ਫਾਇਰਿੰਗ ਵਿੱਚੋਂ ਬਚਦਾ ਰਿਹਾ ਹੈ। ਉਸ ਨੂੰ ਵਾਹਿਗੁਰੂ ‘ਤੇ ਪੂਰਾ ਵਿਸ਼ਵਾਸ਼ ਹੈ, ਜਿਸ ਨੇ ਵਰ੍ਹਦੀਆਂ ਗੋਲੀਆਂ ਵਿੱਚ ਵੀ ਉਸ ਨੂੰ ਸਰੱਖਿਅਤ ਰੱਖਿਆ। ਇਸ ਕਰਕੇ ਉਹ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣ ਦਾ ਹਮਾਇਤੀ ਹੈ। ਉਸ ਦਾ ਵਿਆਹ ਇੰਦਰਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਲੜਕਾ ਜਸਦੀਪ ਸਿੰਘ ਅਤੇ ਲੜਕੀ ਜਸਪ੍ਰੀਤ ਕੌਰ ਹਨ। ਲੜਕਾ ਕੈਨੇਡਾ ਅਤੇ ਲੜਕੀ ਬੰਗਲੌਰ ਵਸ ਰਹੇ ਹਨ। ਉਹ ਆਪਣੀ ਪਤਨੀ ਸ਼੍ਰੀਮਤੀ ਇੰਦਰਜੀਤ ਕੌਰ ਨਾਲ ਪਟਿਆਲਾ ਵਿਖੇ ਆਨੰਦ ਮਾਣ ਰਿਹਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

 ਮੋਬਾਈਲ-94178 13072

ujagarsingh48@yahoo.com

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button