IndiaTop News

13 ਸਾਲ ਦੀ ਬੱਚੀ ਨੂੰ ਗੁਰਦਵਾਰੇ ਦੇ ਮੁਹਰਿਉਂ ਕਾਰ ਸਵਾਰ ਚਾਰ ਬਦਮਾਸ਼ਾਂ ਵਲੋਂ ਅਗ਼ਵਾ ਕਰਨ ਉਪਰੰਤ ਜਬਰ ਜਿਨਾਹ

ਗੁਰੂ ਘਰ ਦੇ ਵਜ਼ੀਰ ਦੀ ਮਹਿਜ 13 ਸਾਲ ਦੀ ਬੱਚੀ ਨੂੰ ਗੁਰਦਵਾਰੇ ਦੇ ਮੁਹਰਿਉਂ ਕਾਰ ਸਵਾਰ ਚਾਰ ਬਦਮਾਸ਼ਾਂ ਵਲੋਂ ਅਗ਼ਵਾ ਕਰਨ ਉਪਰੰਤ ਜਬਰਜਿਨਾਹ ਦੀ ਘਟਨਾ ਵਾਪਰਨ ਦੇ ਬਾਵਜੂਦ ਪੁਲਿਸ ਵਲੋਂ ਇਕ ਮਹੀਨਾ ਕਾਰਵਾਈ ਨਾ ਕਰਨ ਤੋਂ ਬਾਅਦ ਇਲਾਕੇ ਦੀ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਯੂ.ਪੀ. ਦੇ ਜ਼ਿਲ੍ਹਾ ਪੀਲੀਭੀਤ ਦੀ ਤਹਿਸੀਲ ਪੂਰਨਪੁਰ ਦੇ ਪਿੰਡ ਪਿਪਰੀਆ ਮਜਰਾ ਦੇ ਗੁਰਦਵਾਰਾ ਸਾਹਿਬ ਵਿਚ ਇਕੱਤਰ ਹੋਈ ਸੰਗਤ ਨੂੰ ਸੰਬੋਧਨ ਕਰਦਿਆਂ ਭਾਰਤੀ ਸਿੱਖ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਜਸਬੀਰ ਸਿੰਘ ਵਿਰਕ ਨੇ ਦਸਿਆ ਕਿ ਇਸ ਗੁਰਦਵਾਰੇ ਦੇ ਮੁਹਰਿਉਂ 28 ਅਪੈ੍ਰਲ ਨੂੰ ਬਦਮਾਸ਼ਾਂ ਵਲੋਂ ਗ੍ਰੰਥੀ ਦੀ ਲੜਕੀ ਨੂੰ ਕਾਰ ਵਿਚ ਅਗ਼ਵਾ ਕੀਤਾ ਗਿਆ। ਲੜਕੀ ਦੇ ਪਿਤਾ ਦੇ ਪੁਲਿਸ ਥਾਣਿਆਂ ਅਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਵਾਰ-ਵਾਰ ਇਨਸਾਫ਼ ਲਈ ਗੇੜੇ ਮਾਰਨ ਤੋਂ ਬਾਅਦ ਮਾਮਲਾ ਦਰਜ ਹੋਇਆ। ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਅਦਾਲਤ ਵਿਚ ਧਾਰਾ 164 ਤਹਿਤ ਹੋਏ ਬਿਆਨਾਂ ਵਿਚ ਲੜਕੀ ਨੇ ਚਾਰ ਬਦਮਾਸ਼ ਲੜਕਿਆਂ ਦਾ ਬਕਾਇਦਾ ਨਾਮ ਲੈ ਦਿਤਾ ਪਰ ਹੁਣ ਉਥੋਂ ਦੀ ਪੁਲਿਸ ਉਲਟਾ ਲੜਕੀ ਦੇ ਪਿਤਾ ਨੂੰ ਡਰਾ-ਧਮਕਾ ਕੇ ਮਾਮਲਾ ਦਬਾਉਣਾ ਚਾਹੁੰਦੀ ਹੈ।

ਜਸਬੀਰ ਸਿੰਘ ਵਿਰਕ ਨੇ ਸਾਰਾ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਮਨਜੀਤ ਸਿੰਘ ਜੀ.ਕੇ. ਦੇ ਧਿਆਨ ਵਿਚ ਲਿਆਂਦਾ ਤਾਂ ਸੱਚਖੰਡ ਸੇਵਾ ਸੁਸਾਇਟੀ ਦਿੱਲੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਨੇ ਖ਼ੁਦ ਲੜਕੀ ਦੇ ਪਿਤਾ ਅਤੇ ਜਸਬੀਰ ਸਿੰਘ ਵਿਰਕ ਨਾਲ ਗੱਲਬਾਤ ਕਰਨ ਉਪਰੰਤ ਆਖਿਆ ਕਿ ਜ਼ਮੀਨ/ਜਾਇਦਾਦ ਦਾ ਵਿਵਾਦ ਵਖਰੀ ਗੱਲ ਮੰਨੀ ਜਾ ਸਕਦੀ ਹੈ ਪਰ ਗੁਰੂ ਘਰ ਦੇ ਵਜ਼ੀਰ ਦੀ ਨਾਬਾਲਗ਼ ਬੇਟੀ ਨਾਲ ਪੱਤ ਲੁੱਟਣ ਵਾਲੀ ਬਦਮਾਸ਼ੀ ਬਰਦਾਸ਼ਤ ਤੋਂ ਬਾਹਰ ਹੈ।

ਜਸਬੀਰ ਸਿੰਘ ਵਿਰਕ ਅਤੇ ਹਰਮੀਤ ਸਿੰਘ ਪਿੰਕਾ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਕਤ ਬਦਮਾਸ਼ ਲੜਕਿਆਂ ਵਿਰੁਧ ਕਾਰਵਾਈ ਕਰ ਕੇ ਪੀੜਤ ਨੂੰ ਇਨਸਾਫ਼ ਨਾ ਦਿਵਾਇਆ ਗਿਆ ਤਾਂ ਦੇਸ਼ ਭਰ ਦੇ ਸਿੱਖ ਚਿੰਤਕ, ਪੰਥਕ ਵਿਦਵਾਨ, ਪੰਥਦਰਦੀ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਪੀਲੀਭੀਤ ਦੇ ਐਸ.ਐਸ.ਪੀ. ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਉਥੋਂ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button