PunjabTop News

08-02-2023 ਅੱਜ ਦੀਆਂ ਸਾਰੀਆਂ ਖਬਰਾਂ

ਕੌਮੀ ਇਨਸਾਫ਼ ਮੋਰਚੇ ’ਚ ਮਾਹੌਲ ਤਣਾਅਪੂਰਨ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ’ਚ ਹੋਈ ਝੜਪ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਚੰਡੀਗੜ੍ਹ-ਮੋਹਾਲੀ ਸਰਹੱਦ ‘ਤੇ ਧਰਨਾ ਲਾ ਕੇ ਬੈਠੀਆਂ ਸਿੱਖ ਜਥੇਬੰਦੀਆਂ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਕੂਚ ਕਰਨ ਦਾ ਸਿਲਸਿਲਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਪਰ ਇਸ ਦੌਰਾਨ ਮਾਹੌਲ ਉਸ ਵਖ਼ਤ ਤਣਾਅਪੂਰਨ ਹੋ ਗਿਆ ਜਦੋਂ ਚੰਡੀਗੜ੍ਹ ਵੱਲ ਜਾ ਰਹੇ ਸਿੱਖ ਕਾਰਕੁਨਾਂ ਨੂੰ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰ ਰੋਕ ਲਿਆ ਗਿਆ ਅਤੇ ਲਾਠੀਚਾਰਜ ਵੀ ਕੀਤਾ ਗਿਆ। ਇਸ ਦੌਰਾਨ ਰੋਸ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਭੰਨ੍ਹ ਦਿੱਤੀਆਂ ਅਤੇ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਰਵਾਨਾ ਹੋ ਗਏ। ਹਾਲਾਂਕਿ ਮੋਰਚੇ ਦੇ ਆਗੂਆਂ ਵਲੋਂ ਅਪੀਲ ਕਰਨ ‘ਤੇ ਪ੍ਰਦਰਸ਼ਨਕਾਰੀ ਵਾਪਸ ਮੋਰਚੇ ਵਾਲੀ ਥਾ ’ਤੇ ਪਰਤ ਆਏ।

https://www.youtube.com/live/5-Z8S25FUas?feature=share

ਪੰਜਾਬ ਸਰਕਾਰ ਦਾ ਵੱਡਾ ਕਦਮ, ਸਿੱਧੂ ਦੇ ਘਰ ਦੀ ਵਾਪਸ ਲਈ ਸਕਿਓਰਿਟੀ

ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਰਿਹਾਇਸ਼ ‘ਚ ਤਾਇਨਾਤ ਕੀਤੀ ਗਈ ਸਕਿਓਰਿਟੀ ਪੰਜਾਬ ਸਰਕਾਰ ਵਲੋਂ ਵਾਪਸੀ ਲੈ ਲਈ ਗਈ ਹੈ। ਇਸ ਦੀ ਪੁਸ਼ਟੀ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਖੁਦ ਕੀਤੀ ਹੈ। ਉਹਨਾਂ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਸਨ, ਜਿੰਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਪਰ ਹਾਲੇ ਤੱਕ ਇਸ ਬਾਰੇ ਕੋਈ ਆਫਿਸ਼ੀਅਲ ਪੁਸ਼ਟੀ ਨਹੀਂ ਹੋਈ ਹੈ।

ਜ਼ੀਰਾ ਸ਼ਰਾਬ ਫੈਕਟਰੀ ਮਾਲਕ ਦੀਪ ਮਲਹੋਤਰਾ ਦੇ ਪੁੱਤਰ ‘ਤੇ ਈਡੀ ਦੀ ਕਾਰਵਾਈ, ਕੀਤਾ ਗ੍ਰਿਫ਼ਤਾਰ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਕਾਰੋਬਾਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਦਿੱਲੀ ਸ਼ਰਾਬ ਨੀਤੀ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਈਡੀ ਦੇ ਇੱਕ ਅਧਿਕਾਰੀ ਨੇ ਕਿਹਾ, “ਪੁੱਛਗਿੱਛ ਤੋਂ ਬਾਅਦ ਕੱਲ੍ਹ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਸੀ।” ਦਸ ਦਈਏ ਕਿ, ਦੀਪ ਮਲਹੋਤਰਾ, ਜੋ ਕਿ ਜ਼ੀਰਾ ਸ਼ਰਾਬ ਫੈਕਟਰੀ , ਕੰਪਨੀ ਓਏਸਿਸ ਗਰੁੱਪ ਦੇ ਮਾਲਕ ਹਨ, ਦੀਆਂ ਜਾਇਦਾਦਾਂ ‘ਤੇ ਏਜੰਸੀ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਪੰਜਾਬ ਵਿੱਚ ਛਾਪੇਮਾਰੀ ਕੀਤੀ ਗਈ ਸੀ।

https://www.youtube.com/live/1gmYBhiPODE?feature=share

ਕੌਮੀ ਇਨਸਾਫ਼ ਮੋਰਚੇ ‘ਚ ਪਹੁੰਚੀ ਮੂਸੇਵਾਲਾ ਦੀ ਮਾਤਾ ਚਰਨ ਕੌਰ, ਸਮਰਥਨ ਕਰਨ ਦਾ ਕੀਤਾ ਐਲਾਨ

ਬੰਦੀ ਸਿੰਘਾਂ ਨੂੰ ਰਿਹਾਅ ਕਰਨ ਨੂੰ ਲੈਕੇ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਕਰੀਬ ਇਕ ਮਹੀਨੇ ਤੋਂ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਇਸ ਇਨਸਾਫ਼ ਮੋਰਚੇ ਦੇ ਵਿੱਚ ਜਿਥੇ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਮੋਰਚੇ ਲਈ ਲਈ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਗ੍ਰਾਮ ਪੰਚਾਇਤ ਮੂਸਾ ਤੇ ਪਿੰਡ ਵਾਸੀਆਂ ਦੇ ਨਾਲ ਚੰਡੀਗੜ੍ਹ ਗਏ।  ਇਸ ਦੌਰਾਨ ਉਨ੍ਹਾਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੁੱਤਰ ਦੀ ਕੋਠੀ ਖਾਲ੍ਹੀ ਕਰਵਾਉਣ ਗਈ ਇਨਫੋਰਸਮੈਂਟ ਵਿੰਗ ਟੀਮ ਪਰਤੀ ਬੇਰੰਗ

ਅਸਟੇਟ ਦਫ਼ਤਰ ਦੇ ਇਨਫੋਰਸਮੈਂਟ ਵਿੰਗ ਦੀ ਟੀਮ ਅੱਜ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਦੇ ਚੰਡੀਗੜ੍ਹ ਦੇ ਸੈਕਟਰ 5 ਵਿੱਚ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਪਹੁੰਚੀ ਪਰ ਅਧਿਕਾਰੀ ਇਸ ਵਿਚ ਨਾਕਾਮ ਰਹੇ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਮੰਗਲਵਾਰ ਨੂੰ ਕੋਠੀ ਖ਼ਾਲੀ ਕਰਵਾਉਣ ਲਈ ਇਨਫੋਰਸਮੈਂਟ ਟੀਮ ਪਹੁੰਚੀ ਪਰ ਕੋਠੀ ‘ਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਵਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਇਨਫੋਰਸਮੈਂਟ ਟੀਮ ਨੂੰ ਖ਼ਾਲੀ ਹੱਥ ਪਰਤਣਾ ਪਿਆ।

https://www.youtube.com/live/_yeks27M-24?feature=share

PSPCL ਦਾ ਫ਼ੈਸਲਾ, 1 ਮਾਰਚ ਤੋਂ ਸਰਕਾਰੀ ਦਫ਼ਤਰਾਂ ‘ਚ ਲੱਗਣੇ ਸ਼ੁਰੂ ਹੋਣਗੇ ਸਮਾਰਟ ਪ੍ਰੀ-ਪੇਡ ਮੀਟਰ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਇਹ ਐਲਾਨ ਕਰ ਦਿੱਤਾ ਹੈ ਕਿ 1 ਮਾਰਚ ਤੋਂ ਸਰਕਾਰੀ ਦਫ਼ਤਰਾਂ ‘ਚ ਸਮਾਰਟ ਪ੍ਰੀ-ਪੇਡ ਮੀਟਰ ਲੱਗਣੇ ਸ਼ੁਰੂ ਹੋ ਜਾਣਗੇ।  ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ‘ਚ ਸਮਾਰਟ ਪ੍ਰੀ-ਪੇਡ ਮੀਟਰ ਲਾਉਣ ਸਬੰਧੀ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿਚ ਬਿਜਲੀ ਵਿਭਾਗ ਕਿਹਾ ਕਿ ਇਹ ਫ਼ੈਸਲਾ 1 ਮਾਰਚ ਤੋਂ ਪ੍ਰਭਾਵੀ ਹੋਵੇਗਾ। ਪਹਿਲੀ ਮਾਰਚ ਤੋਂ ਸਰਕਾਰੀ ਦਫ਼ਤਰਾਂ ‘ਚ ਪ੍ਰੀ-ਪੇਡ ਮੀਟਰ ਲਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ 31 ਮਾਰਚ, 2024 ਤੱਕ ਪੰਜਾਬ ਭਰ ਦੇ ਸਾਰੇ ਸਰਕਾਰੀ ਕੁਨੈਕਸ਼ਨ ਕਵਰ ਕੀਤੇ ਜਾਣਗੇ।

ਲੋਕ ਸਭਾ ’ਚ ਪਹੁੰਚਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਸੇਕ, ਹਰਸਿਮਰਤ ਬਾਦਲ ਨੇ ਆਵਾਜ਼ ਕੀਤੀ ਬੁਲੰਦ

ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਮੁੱਦਾ ਹੁਣ ਲੋਕ ਸਭਾ ਵਿਚ ਵੀ ਗੂੰਜਣ ਲੱਗ ਪਿਆ ਹੈ। ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ। ਨਾਲ ਹੀ ਉਹਨਾਂ ਨੇ ਰਾਮ ਰਹੀਮ ਨੂੰ ਵਾਰ-ਵਾਰ ਦਿੱਤੀ ਜਾ ਰਹੀ ਪੈਰੋਲ ਵਿਰੁੱਧ ਸੰਸਦ ਵਿਚ ਰੋਸ ਜ਼ਾਹਿਰ ਕੀਤਾ ਹੈ।

“ਝੂਠ ‘ਤੇ ਨਿਰਭਰ ਕਰਦੀ ‘ਆਪ’ ਦੀ ਸਾਰੀ ਸਿਆਸਤ”, ਸੁਖਬੀਰ ਬਾਦਲ ਦਾ ‘ਆਪ’ ‘ਤੇ ਨਿਸ਼ਾਨਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲੰਧਰ ਪਹੁੰਚੇ। ਇਸ ਦੌਰਾਨ ਉਹਨਾਂ ਵਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਸੁਖਬੀਰ ਬਾਦਲ ਨੇ ਜਿਥੇ ਮੁਹੱਲਾ ਕਲੀਨਿਕਾਂ ਅਤੇ ਨੌਜਵਾਨਾਂ ਨੂੰ ਮੈਰਿਟ ‘ਤੇ ਨੌਕਰੀਆਂ ਦੇਣ ਵਾਲੇ ਵਾਅਦੇ ਨੂੰ ਲੈਕੇ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਉਥੇ ਹੀ ਉਹਨਾਂ ਕਿਹਾ ਕਿ ‘ਆਪ’ ਦੀ ਸਾਰੀ ਸਿਆਸਤ ਝੂਠ ‘ਤੇ ਨਿਰਭਰ ਕਰਦੀ ਹੈ। ਉਹਨਾਂ ਕਿਹਾ ਕਿ ਪੁਰਾਣੇ ਸੇਵਾ ਕੇਂਦਰਾਂ ਨੂੰ ਰੰਗ-ਪੇਂਟ ਕਰਕੇ ਆਪਣੀਆਂ ਫੋਟੋਆਂ ਲਗਾਉਣ ਨਾਲ ਮੁਹੱਲਾ ਕਲੀਨਿਕ ਨਹੀਂ ਬਣ ਜਾਂਦਾ।

ਚੰਡੀਗੜ੍ਹ ’ਚ ‘ਆਪ’ ਦੀ ਪ੍ਰੈੱਸ ਕਾਨਫਰੰਸ, ਕੇਂਦਰ ‘ਤੇ ਚੁੱਕੇ ਸਵਾਲ

ਸਿਆਸੀ ਆਗੂਆਂ ਵਲੋਂ ਇਕ-ਦੂਜੇ ਨਾਲ ਸਵਾਲ-ਜਵਾਬ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਆਗੂ ਮਾਲਵਿੰਦਰ ਕੰਗ ਵਲੋਂ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ‘ਤੇ ਨਿਸ਼ਾਨੇ ਸਾਧੇ ਗਏ। ਉਹਨਾਂ ਕਿਹਾ ਕਿ ਕੇਂਦਰ ਦੀਆਂ ਮਨਮਰਜ਼ੀਆਂ ਵੱਧ ਰਹੀਆਂ ਹਨ। ਉਹਨਾਂ ਇਲਜ਼ਾਮ ਲਗਾਏ ਹਨ ਕਿ ਮਾਨ ਸਰਕਾਰ ਵਲੋਂ ਲੋਕ ਹਿੱਤਾਂ ਲਈ ਲਿਆਈਆਂ ਜਾ ਰਹੀਆਂ ਸਕੀਮਾਂ ’ਚ ਕੇਂਦਰ ਸਰਕਾਰ ਰੁਕਾਵਟਾਂ ਪਾ ਰਹੀ ਹੈ।  ਨਾਲ ਹੀ ਉਹਨਾਂ ਨੇ ਪੰਜਾਬ ’ਚ ਆਉਣ ਵਾਲੇ ਕੋਲੇ ਨੂੰ ਲੈਕੇ ਭਾਜਪਾ ਸਰਕਾਰ ‘ਤੇ ਸਵਾਲ ਚੁੱਕੇ ਹਨ। ‘ਆਪ’ ਆਗੂ ਨੇ RSR ਰੂਟ ਦੇ ਜ਼ਰੀਏ ਕੋਲੇ ਦੀ ਢੁਆਈ ਨੂੰ ਲੈਕੇ ਕੇਂਦਰ ਦੀ ਯੋਜਨਾ ‘ਤੇ ਸਵਾਲ ਚੁੱਕੇ ਹਨ। ਨਾਲ ਹੀ ਉਹਨਾਂ ਕਿਹਾ ਕਿ ਅਡਾਨੀ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਨੇ ਨਿਯਮ ਬਦਲੇ ਹਨ।

https://www.youtube.com/live/_yeks27M-24?feature=share

ਕੈਮਰੇ ਸਾਹਮਣੇ ਆਈ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ, ਦੀਪ ਸਿੱਧੂ ਨਾਲ ਵਾਪਰੇ ਹਾਦਸੇ ਦਾ ਦੱਸਿਆ ਸਾਰਾ ਸੱਚ

ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮੌਤ ਦੇ ਇਕ ਸਾਲ ਹੋਣ ਤੋਂ ਕੁਝ ਦਿਨਾਂ ਪਹਿਲਾਂ ਹੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਕੈਮਰੇ ਸਾਹਮਣੇ ਆਈ ਅਤੇ ਉਹਨਾਂ ਨੇ ਹਾਦਸੇ ਵਾਲੇ ਦਿਨ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਉਹਨਾਂ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹਨਾਂ ਵਿਸਥਾਰਪੂਰਵਕ ਦੱਸਿਆ ਹੈ ਕਿ ਹਾਦਸੇ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਵਾਪਰਿਆ ਸੀ। ਉਹਨਾਂ ਦੱਸਿਆ ਕਿ ਇਹ ਇਕ ਬਹੁਤ ਭਿਆਨਕ ਐਕਸੀਡੈਂਟ ਸੀ।

ਕੈਬਨਿਟ ਮੰਤਰੀ ਧਾਲੀਵਾਲ ਦੀ ਮੁਲਾਜ਼ਮਾਂ ਨੂੰ ਚੇਤਾਵਨੀ, ‘ਆਪਣੀ ਡਿਊਟੀ ਸਹੀ ਢੰਗ ਨਾਲ ਕਰੋ, ਨਹੀਂ ਤਾਂ..’

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਵਿਖੇ ਪਹੁੰਚੇ।  ਜਿਥੇ ਉਹਨਾਂ ਵਲੋਂ ਵੈਟਰਨਰੀ ਹਸਪਤਾਲ, ਬੀ. ਡੀ. ਪੀ. ਓ. ਦਫਤਰ ਅਤੇ ਐਸ. ਡੀ. ਐਮ. ਦਫ਼ਤਰ ਅਜਨਾਲਾ ਦਾ ਅਚਨਚੇਤ ਦੌਰਾ ਕੀਤਾ।  ਇਸ ਦਰਮਿਆਨ ਕਈ ਸਰਕਾਰੀ ਕਰਮਚਾਰੀ ਜਾਂ ਤਾਂ ਗੈਰਹਾਜ਼ਰ ਸਨ ਜਾਂ ਸਮੇਂ ਤੋਂ ਪਹਿਲਾਂ ਹੀ ਚਲੇ ਗਏ ਸੀ। ਜਿੰਨਾ ਨੂੰ ਮੰਤਰੀ ਧਾਲੀਵਾਲੇ ਨੇ  ਚੇਤਾਵਨੀ ਦਿੱਤੀ ਹੈ ਕਿ ਆਪਣੀ ਡਿਊਟੀ ਸਹੀ ਢੰਗ ਨਾਲ ਕਰੋ, ਨਹੀਂ ਤਾਂ ਮੁਅੱਤਲ ਕਰ ਦਿੱਤਾ ਜਾਵੇਗਾ।

ਰਜਿੰਦਰਾ ਹਸਪਤਾਲ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ, ਸਟਾਫ ਤੇ ਦਵਾਈਆਂ ਦੀ ਘਾਟ ਪੂਰੀ ਕਰਨ ਦਾ ਦਿੱਤਾ ਭਰੋਸਾ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਦੌਰੇ ‘ਤੇ ਹਨ। ਇਸ ਦੌਰਾਨ ਉਹਨਾਂ ਵਲੋਂ ਜ਼ਿਲ੍ਹੇ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਉੱਚ ਪੱਧਰੀ ਮੀਟਿੰਗ ਕੀਤੀ ਗਈ। ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਐਮਰਜੈਂਸੀ ਸੇਵਾਵਾਂ ਨੂੰ ਕਿਸ ਤਰੀਕੇ ਨਾਲ ਮੁੜ ਸੁਰਜੀਤ ਕਰਨਾ ਹੈ। ਨਾਲ ਹੀ ਉਹਨਾਂ ਕਿਹਾ ਕਿ ਸਟਾਫ਼ ਤੇ ਦਵਾਈਆਂ ਦੀ ਘਾਟ ਵੀ ਪੂਰੀ ਕੀਤੀ ਜਾਵੇਗੀ।

ਗਰੀਬ ਪਰਿਵਾਰਾਂ ਨੂੰ ਨਹੀਂ ਮਿਲੀ ਕਣਕ, ਰਾਸ਼ਨ ਕਾਰਡਾਂ ’ਚੋਂ ਕੱਟੇ ਗਏ ਨਾਮ

ਖ਼ਬਰ ਪਟਿਆਲਾ ਦੇ ਨਾਲ ਲੱਗਦੇ ਪਿੰਡ ਰੋਗਲਾ ਦੀ ਹੈ ਜਿਥੇ ਤਕਰੀਬਨ 50¬-60 ਦੇ ਗਰੀਬ ਪਰਿਵਾਰਾਂ ਨੂੰ ਮਿਲਣ ਵਾਲੀ ਕਣਕ ਨਾ ਮਿਲ ਸਕੀ ਅਤੇ ਰਾਸ਼ਨ ਕਾਰਡ ਵਿਚੋਂ ਨਾਮ ਕੱਟ ਦਿੱਤਾ ਗਿਆ। ਇਸ ਮੌਕੇ ਤੇ ਪਿੰਡ ਵਾਸੀਆਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੌਜੂਦਾ ਸਰਪੰਚ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਉਹ ਇਸ ਸਰਕਾਰ ਨੂੰ ਕਦੇ ਵੀ ਵੋਟ ਨਹੀਂ ਪਾਉਣਗੇ ਅਤੇ ਨਾ ਹੀ ਕਿਸੇ ਨੂੰ ਪਾਉਣ ਦੇਣਗੇ।

ਅਧੂਰਾ ਰਹੇਗਾ ‘ਨਸ਼ਾ ਮੁਕਤ ਪੰਜਾਬ’ ਬਣਾਉਣ ਦਾ ਸੁਪਨਾ ! ਨਸ਼ਾ ਵੇਚਦਾ ਪੁਲਿਸ ਮੁਲਾਜ਼ਮ ਲੋਕਾਂ ਨੇ ਕੀਤਾ ਕਾਬੂ

ਪੰਜਾਬ ਪੁਲਿਸ ਵਲੋਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਦਾਅਵੇ ਖੋਖਲੇ ਹੁੰਦੇ ਉਦੋਂ ਦਿਖਾਈ ਦਿੱਤੇ ਜਦੋਂ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਪੁਲਿਸ ਮੁਲਾਜ਼ਮ ਨੂੰ ਲੋਕਾਂ ਵਲੋਂ ਨਸ਼ਾ ਵੇਚਣ ਦੇ ਇਲਜ਼ਾਮਾਂ ਹੇਠ ਕਾਬੂ ਕਰ ਲਿਆ ਗਿਆ। ਇਸ ਦੌਰਾਨ ਐਸਐਸਪੀ ਜੇ ਇਲਨਚੇਲੀਅਨ ਮੌਕੇ ‘ਤੇ ਪੁੱਜੇ ਅਤੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਮੁਲਾਜ਼ਮ ਵਿਰੁੱਧ ਬਣਦੀ ਕਾਰਵਾਈ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button