Opinion

ਜ਼ਹਿਰਾਂ ਘੁਲੀ ਜ਼ਿੰਦਗੀ – ਵਾਤਾਵਰਣ ਨੂੰ ਪ੍ਰਦੂਸ਼ਨ ਦੇ ਭੈੜੇ ਅਸਰਾਂ ਅਤੇ ਜ਼ਹਿਰਾਂ ਤੋਂ ਬਚਾਓਣ ਦੀ ਲੋੜ

ਗੁਰਮੀਤ ਸਿੰਘ ਪਲਾਹੀ

ਯੂਨਾਈਟਿਡ ਸਟੇਟਸ ਅਮਰੀਕਾ ਦੇ ਬਾਗ ਬਗੀਚਿਆਂ ਸਬੰਧੀ ਉਥੋਂ ਦੇ ਰਾਸ਼ਟਰੀ ਪਾਰਕ ਸਰਵਿਸ (ਐਨ.ਪੀ.ਐਸ.) ਦੀ ਇਕ ਰਿਪੋਰਟ ਦੱਸਦੀ ਹੈ ਕਿ ਅਵਾਜ਼ ਪ੍ਰਦੂਸ਼ਨ ਸਿਹਤ ਦੇ ਨਾਲ-ਨਾਲ ਵਾਤਾਵਰਨ ਲਈ ਵੀ ਗੰਭੀਰ ਰੂਪ ਵਿਚ ਨੁਕਸਾਨਦੇਹ ਹੈ। ਇਹ ਇਨਸਾਨਾਂ ਦੇ ਨਾਲ-ਨਾਲ ਜੀਵ ਜੰਤੂਆਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਤਾਵਰਣ ਖੋਜੀਆਂ ਦਾ ਮੰਨਣਾ ਹੈ ਕਿ ਜੇਕਰ ਅਵਾਜ਼ ਪ੍ਰਦੂਸ਼ਨ ਲੰਮੇ ਸਮੇਂ ਤੱਕ ਬਣਿਆ ਰਹੇ ਤਾਂ ਕਈ ਦਰੱਖ਼ਤਾਂ, ਪੌਦਿਆਂ ਦੀਆਂ ਪ੍ਰਜਾਤੀਆਂ ਅਲੋਪ ਹੋ ਸਕਦੀਆਂ ਹਨ। ਅਵਾਜ਼ ਪ੍ਰਦੂਸ਼ਨ ਸਰੀਰਕ ਅਤੇ ਮਾਨਸਿਕ ਦੋਵੇਂ ਤਰਾਂ ਹੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜੇਕਰ ਬਨਾਉਟੀ ਢੰਗਾਂ ਨਾਲ ਵਾਤਾਵਰਨ ਵਿਚ ਰੌਸ਼ਨੀ (ਪ੍ਰਕਾਸ਼) ਦੀ ਮਾਤਰਾ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕੁਦਰਤੀ ਤੌਰ ’ਤੇ ਇਸ ਦਾ ਉਲਟ ਅਸਰ ਪੈਣ ਲੱਗ ਜਾਵੇ ਤਾਂ ਇਸਨੂੰ ਪ੍ਰਕਾਸ਼ ਪ੍ਰਦੂਸ਼ਨ ਕਹਿੰਦੇ ਹਨ। ਇਸ ਪ੍ਰਕਾਸ਼ ਪ੍ਰਦੂਸ਼ਨ ਦਾ ਸਿਰਫ਼ ਮਨੁੱਖ ਜਾਤੀ ਉੱਤੇ ਹੀ ਨਹੀਂ, ਪੌਦਿਆਂ ਅਤੇ ਜਾਨਵਰਾਂ ਉੱਤੇ ਵੀ ਭੈੜਾ ਪ੍ਰਭਾਵ ਪੈਂਦਾ ਹੈ।

ਅੱਜ ਵਧਦੇ ਉਦਯੋਗੀਕਰਨ ਅਤੇ ਆਧੁਨਿਕ ਜੀਵਨ ਸ਼ੈਲੀ ਦੇ ਚਲਦਿਆਂ ਪੂਰੀ ਧਰਤੀ ਦਾ ਸੰਤੁਲਨ ਵਿਗੜ ਰਿਹਾ ਹੈ। ਪ੍ਰਦੂਸ਼ਨ ਪੂਰੀ ਧਰਤੀ ਲਈ ਇਕ ਵੱਡੀ ਸਮੱਸਿਆ ਬਣ ਗਿਆ ਹੈ। ਹਵਾ ਪ੍ਰਦੂਸ਼ਨ, ਪਾਣੀ ਪ੍ਰਦੂਸ਼ਨ, ਅਵਾਜ਼ ਪ੍ਰਦੂਸ਼ਨ ਆਦਿ ਨਾਲ ਦੁਨੀਆਂ ਦੇ ਸਾਰੇ ਦੇਸ਼ ਜੂਝ ਰਹੇ ਹਨ। ਮਨੁੱਖੀ ਗਤੀਵਿਧੀਆਂ ਅਤੇ ਤਕਨੀਕੀ ਉਪਕਰਨਾਂ, ਜਿਨਾਂ ’ਚ ਏ.ਸੀ., ਫਰਿੱਜ਼, ਮੋਬਾਇਲ, ਹਵਾਈ ਜਹਾਜ਼, ਬੱਸਾਂ, ਕਾਰਾਂ ਅਤੇ ਹੋਰ ਵਾਹਨ ਆਦਿ ਦੀ ਬੇਇੰਤਹਾ ਵਰਤੋਂ ਨਾਲ ਹਵਾ ਪ੍ਰਦੂਸ਼ਨ ਵਧ ਰਿਹਾ ਹੈ। ਵਾਯੂਮੰਡਲ ਵਿਚ ਸਾਰੀਆਂ ਗੈਸਾਂ ਸੰਤੁਲਿਤ ਅਤੇ ਨਿਸ਼ਚਿਤ ਹੁੰਦੀਆਂ ਹਨ ਪਰ ਜਦੋਂ ਕਿਸੇ ਕਾਰਨ ਇਹਨਾਂ ਗੈਸਾਂ ਦੀ ਮਾਤਰਾ ’ਚ ਤਬਦੀਲੀ ਹੁੰਦੀ ਹੈ ਤਾਂ ਹਵਾ ਪ੍ਰਦੂਸ਼ਨ ਵਧਦਾ ਹੈ। ਕਾਰਖਾਨਿਆਂ ’ਚੋਂ ਨਿਕਲਦਾ ਧੂੰਆਂ, ਵਾਹਨਾਂ ਕਾਰਨ ਪੈਦਾ ਹੁੰਦਾ ਧੂੰਆਂ, ਪਰਾਲੀ ਆਦਿ ਜਲਾਉਣ ਨਾਲ ਫੈਲਦਾ ਧੂੰਆਂ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਇਸ ਨਾਲ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਇਸੇ ਲਈ ਮਨੁੱਖ ਦਮਾ, ਸਾਹ ਦੀਆਂ ਹੋਰ ਬੀਮਾਰੀਆਂ ਦੀ ਲਪੇਟ ਵਿਚ ਆ ਜਾਂਦਾ ਹੈ। ਵੱਡੀ ਆਬਾਦੀ ਹਵਾ ਪ੍ਰਦੂਸ਼ਨ ਦੀ ਸਮੱਸਿਆ ਦਾ ਗੰਭੀਰਤਾ ਨਾਲ ਸਾਹਮਣਾ ਕਰ ਰਹੀ ਹੈ।

ਹਵਾ ਦੇ ਪ੍ਰਦੂਸ਼ਨ ਦੇ ਵਧਣ ਦੇ ਨਾਲ-ਨਾਲ ਆਧੁਨਿਕ ਵਿਕਾਸ ਕਾਰਨ ਪਾਣੀ ਪ੍ਰਦੂਸ਼ਣ ਵੀ ਵਧ ਰਿਹਾ ਹੈ। ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਚਲਦਿਆਂ ਸ਼ਹਿਰਾਂ ਵਿਚ ਵੱਖੋ-ਵੱਖਰੇ ਉਦਯੋਗ ਲੱਗ ਰਹੇ ਹਨ। ਘਰਾਂ ਅਤੇ ਕਾਰਖਨਿਆਂ ਵਿਚੋਂ ਨਿਕਲਦਾ ਦੂਸ਼ਿਤ ਪਾਣੀ, ਕਚਰਾ ਅਤੇ ਘਾਤਕ ਰਸਾਇਣ ਨਦੀਆਂ-ਨਾਲਿਆਂ ਨੂੰ ਗੰਦਾ ਤਾਂ ਕਰ ਹੀ ਰਹੇ ਹਨ, ਪ੍ਰਦੂਸ਼ਿਤ ਵੀ ਕਰ ਰਹੇ ਹਨ। ਸਾਫ਼ ਸੁਥਰੀਆਂ ਨਦੀਆਂ, ਬਰਸਾਤੀ ਨਾਲਿਆਂ ਦਾ ਪਾਣੀ ਸੀਵਰੇਜ਼ ਦੇ ਪਾਣੀ ਨੇ ਪੀਣ ਯੋਗ ਨਹੀਂ ਰਹਿਣ ਦਿੱਤਾ ਅਤੇ ਨਾ ਹੀ ਕਿਸੇ ਹੋਰ ਵਰਤੋਂ ਯੋਗ ਛੱਡਿਆ ਹੈ। ਇਸੇ ਗੰਦੇ ਪਾਣੀ ਨਾਲ ਸਾਫ਼-ਸੁਥਰਾ ਪਾਣੀ ਪ੍ਰਦੂਸ਼ਿਤ ਤਾਂ ਹੁੰਦਾ ਹੀ ਹੈ, ਨਾਲ-ਨਾਲ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਇਥੇ ਹੀ ਬੱਸ ਨਹੀਂ ਖਾਦਾਂ, ਕੀਟਨਾਸ਼ਕਾਂ ਦੀ ਖੇਤਾਂ ਵਿਚ ਵੱਧ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਉੱਤੇ ਬੁਰਾ ਪ੍ਰਭਾਵ ਪਾਇਆ ਹੈ ਅਤੇ ਧਰਤੀ ਦਾ ਪ੍ਰਦੂਸ਼ਨ ਵਧਿਆ ਹੈ। ਸ਼ੁੱਧ ਮਿੱਟੀ ਕੁਦਰਤੀ ਖਜ਼ਾਨਾ ਹੈ ਜੋ ਪਸ਼ੂ, ਮਨੁੱਖ ਅਤੇ ਬਨਸਪਤੀ ਦੇ ਜੀਵਨ ’ਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ, ਪਰੰਤੂ ਜਿਸ ਢੰਗ ਨਾਲ ਧਰਤੀ ਦੀ ਮਿੱਟੀ ਨਾਲ ਖਿਲਵਾੜ ਹੋਣ ਲੱਗਿਆ ਹੈ, ਉਸ ਨਾਲ ਕਈ ਵੱਖੋ-ਵੱਖਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਜੋ ਕਿ ਧਰਤੀ ਤੇ ਰਹਿਣ ਵਾਲੇ ਪਸ਼ੂ, ਪੰਛੀਆਂ, ਜੀਵਾਂ, ਮਨੁੱਖਾਂ ਆਦਿ ਲਈ ਪ੍ਰੇਸ਼ਾਨੀ ਦਾ ਸਾਧਨ ਬਣ ਰਹੀਆਂ ਹਨ।

ਪ੍ਰਦੂਸ਼ਨ ਕਾਰਨ ਇਕ ਅਧਿਐਨ ਅਨੁਸਾਰ ਹਰ ਸਾਲ ਵਿਸ਼ਵ ਭਰ ਵਿਚ ਲਗਭਗ 90 ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਸਾਲ 2000 ਤੋਂ ਬਾਅਦ ਹਵਾ ਦੇ ਪ੍ਰਦੂਸ਼ਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਭਗ 50 ਫੀਸਦੀ ਵਧ ਗਈ ਹੈ। ਭਾਰਤ ਵਿਚ ਹਰ ਸਾਲ ਲਗਭਗ 24 ਲੱਖ ਲੋਕ, ਚੀਨ ਵਿਚ 22 ਲੱਖ ਲੋਕਾਂ ਦੀ ਪ੍ਰਦੂਸ਼ਨ ਕਾਰਨ ਗ਼ੈਰ ਕੁਦਰਤੀ ਮੌਤ ਹੋਈ। ਇਕ ਸਰਵੇਖਣ ਇਹ ਵੀ ਆਇਆ ਹੈ ਕਿ ਇਕ ਸਾਲ ਵਿਚ ਜਿੰਨੀਆਂ ਮੌਤਾਂ ਸਿਗਰਟ ਪੀਣ ਅਤੇ ਸਿਗਰਟਾਂ, ਤੰਬਾਕੂ ਦਾ ਧੂੰਆਂ ਵਾਤਾਵਰਨ ’ਚ ਰਲਣ ਕਾਰਨ ਹੁੰਦੀਆਂ ਹਨ, ਲਗਭਗ ਉਤਨੀਆਂ ਹੀ ਮੌਤਾਂ ਹਵਾ ਪ੍ਰਦੂਸ਼ਨ ਨਾਲ ਹੁੰਦੀਆਂ ਹਨ। ਯਾਦ ਰਹੇ ਹਵਾ ਪ੍ਰਦੂਸ਼ਨ ਨਾਲ ਲੋਕ ਦਿਲ, ਲਕਵਾ, ਫੇਫੜਿਆਂ ਦੇ ਕੈਂਸਰ, ਫੇਫੜਿਆਂ ਦੀਆਂ ਦੂਜੀਆਂ ਬੀਮਾਰੀਆਂ, ਸ਼ੂਗਰ ਆਦਿ ਦੇ ਸ਼ਿਕਾਰ ਹੋ ਜਾਂਦੇ ਹਨ।

ਅਮਰੀਕਾ ਦੇ ਦਿਲ ਰੋਗਾਂ ਦੀ ਐਸੋਸੀਏਸ਼ਨ ਨੇ ਇਕ ਦਹਾਕਾ ਪਹਿਲਾਂ ਦੱਸਿਆ ਸੀ ਕਿ ਰਹਿੰਦ ਖੂੰਹਦ ਦੇ ਜਲਨ ਨਾਲ ਪੈਦਾ ਹੁੰਦੇ ਪ੍ਰਦੂਸ਼ਨ ਦੇ ਛੋਟੇ-ਛੋਟੇ ਕਣ ਦਿਲ ਦੇ ਰੋਗਾਂ ਅਤੇ ਮੌਤ ਲਈ ਜ਼ਿੰਮੇਵਾਰ ਹੁੰਦੇ ਹਨ। ਮਾਹਿਰ ਇਹ ਵੀ ਮੰਨਦੇ ਹਨ ਕਿ ਜਿਨਾਂ ਥਾਵਾਂ ਉੱਤੇ ਅਬਾਦੀ ਵਧ ਹੈ, ਪ੍ਰਦੂਸ਼ਨ ਦੇ ਨਿਪਟਾਰੇ ਦੇ ਵਿੱਤੀ ਅਤੇ ਸਰਕਾਰੀ ਸਾਧਨਾਂ ਦੀ ਕਮੀ ਹੈ, ਉਥੇ ਪ੍ਰਦੂਸ਼ਨ ਸਥਿਤੀ ਨਾਜੁਕ ਹੈ। ਸ਼ਹਿਰਾਂ ਦੇ ਵਿਕਾਸ ਨਾਲ ਵੱਧ ਪ੍ਰਦੂਸ਼ਨ ਤਾਂ ਹੁੰਦਾ ਹੀ ਹੈ, ਪਰ ਗਰੀਬ ਇਲਾਕਿਆਂ ਖਾਸ ਕਰਕੇ ਪੇਂਡੂ ਅਤੇ ਸਲੱਮ ਖੇਤਰ ਵਿਚ ਮੌਤਾਂ ਦੀ ਗਿਣਤੀ ਵਧਣ ਦਾ ਮੁੱਖ ਕਾਰਨ ਪ੍ਰਦੂਸ਼ਨ ਹੈ। ਹਵਾ ਪ੍ਰਦੂਸ਼ਨ ਤੋਂ ਪਾਣੀ ਪ੍ਰਦੂਸ਼ਨ ਹੀ ਇਕ ਇਹੋ ਜਿਹਾ ਪ੍ਰਦੂਸ਼ਨ ਹੈ, ਜਿਸ ਨਾਲ ਹਰ ਸਾਲ ਵਿਸ਼ਵ ਭਰ ’ਚ ਮੌਤਾਂ ਦੀ ਗਿਣਤੀ 14 ਲੱਖ ਤੱਕ ਪੁੱਜ ਚੁੱਕੀ ਹੈ।

ਉਦਯੋਗਾਂ ਤੋਂ ਨਿਕਲਦੇ ਘਾਤਕ ਰਸਾਇਣਾਂ ਨਾਲ ਨਾ ਕੇਵਲ ਨਦੀਆਂ ਦਾ ਪਾਣੀ ਦੂਸ਼ਿਤ ਹੁੰਦਾ ਹੈ, ਸਗੋਂ ਪਾਣੀ ’ਚ ਰਹਿਣ ਵਾਲੇ ਜੀਵਾਂ ਦੀ ਮੌਤ ਤੇ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ। ਜਲੇ-ਅਣਜਲੇ ਮਿ੍ਰਤਕ ਮਨੁੱਖੀ ਤੇ ਪਸ਼ੂਆਂ ਦੇ ਸਰੀਰ, ਕੂੜਾ ਕਚਰਾ ਅਤੇ ਕਾਰਬਨ ਪਦਾਰਥਾਂ ਦਾ ਨਦੀਆਂ ਵਿਚ ਸੁੱਟਣਾ ਬਹੁਤ ਹੀ ਹਾਨੀਕਾਰਕ ਬਣਦਾ ਜਾ ਰਿਹਾ ਹੈ।

ਜੀਵ ਜੰਤੂਆਂ ਦੀਆਂ ਕਈ ਪ੍ਰਜਾਤੀਆਂ ਸਿਰਫ਼ ਰਾਤਾਂ ਨੂੰ ਹੀ ਸਕਿਰਿਆ ਹੁੰਦੀਆਂ ਹਨ, ਕਿਉਂਕਿ ਉਹਨਾਂ ਲਈ ਪ੍ਰਕਾਸ਼ ਪ੍ਰਦੂਸ਼ਨ ਗੰਭੀਰ ਸਮੱਸਿਆ ਹੈ। ਇਸ ਨਾਲ ਇਹਨਾਂ ਪਸ਼ੂ-ਪੰਛੀਆਂ ਦੀ ਪ੍ਰਜਨਣ ਕਿਰਿਆ ਉੱਤੇ ਭੈੜਾ ਪ੍ਰਭਾਵ ਪੈ ਰਿਹਾ ਹੈ। ਦਰੱਖ਼ਤਾਂ ਪੌਦਿਆਂ ਉੱਤੇ ਵੀ ਇਸ ਦਾ ਅਸਰ ਪੈਂਦਾ ਹੈ। ਇਥੇ ਹੀ ਬਸ ਨਹੀਂ ਕਿ ਮਨੁੱਖ ਦੇ ਡੀ.ਐਨ.ਏ. ਵਿਚ ਵਿਸ਼ੇਸ਼ ਪ੍ਰਕਾਰ ਦੀ ਸਕੈਂਡਿਅਨ ਪਰਤ ਹੁੰਦੀ ਹੈ, ਜਿਸ ਨਾਲ ਇਹ ਤਹਿ ਹੁੰਦਾ ਹੈ ਕਿ ਇਸ ਸਮੇਂ ਮਨੁੱਖ ਨੂੰ ਪ੍ਰਕਾਸ਼ ਦੀ ਜ਼ਰੂਰਤ ਹੈ, ਪ੍ਰਕਾਸ਼ ਪ੍ਰਦੂਸ਼ਨ ਨਾਲ ਕੁਦਰਤੀ ਸਕੈਂਡਿਅਨ ਪਰਤ ’ਚ ਰੁਕਾਵਟ ਆਉਂਦੀ ਹੈ, ਜਿਸ ਨਾਲ ਕੈਂਸਰ, ਦਿਲ ਦੇ ਰੋਗ, ਉਨੀਂਦਰਾ ਆਦਿ ਰੋਗ ਪੈਦਾ ਹੁੰਦੇ ਹਨ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪ੍ਰਿਥਵੀ ਤੰਤਰ ਸੂਰਜ ਦੇ ਚੱਕਰਾਂ ’ਤੇ ਨਿਰਭਰ ਹੈ ਅਤੇ ਮਨੁੱਖ ਵੱਲੋਂ ਪੈਦਾ ਕੀਤਾ ਪ੍ਰਕਾਸ਼ ਤੰਤਰ, ਪਿ੍ਰਥਵੀ ਤੰਤਰ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ।

ਮੁੱਖ ਰੂਪ ਵਿਚ ਕਿਸੇ ਵੀ ਖੇਤਰ ਵਿਸ਼ੇਸ਼ ਦੀ ਹਵਾ ਗੁਣਵਤਾ ਅਤੇ ਉਥੇ ਦੇ ਹਵਾ ਪ੍ਰਦੂਸ਼ਨ ਨੂੰ ਮਾਪਣ ਲਈ ‘‘ਏਅਰ ਕਵਾਲਿਟੀ ਇੰਡੈਕਸ’’ ਦੀ ਵਰਤੋਂ ਹੁੰਦੀ ਹੈ। ਇਸ ਦੇ ਅੱਠ ਸੰਕੇਤਕ ਹੁੰਦੇ ਹਨ। ਜਿਸ ਵਿਚ ਮੁੱਖ ਤੌਰ ’ਤੇ ਪੀ.ਐਮ. 2.5 ਅਤੇ ਪੀ.ਐਮ. 10 ਜਿਹੇ ਸੰਕੇਤਕ ਸ਼ਾਮਲ ਹਨ। ਉਦਾਹਰਨ ਦੇ ਤੌਰ ਤੇ ਜੇਕਰ ਏਅਰ ਕਵਾਲਿਟੀ ਇੰਡੈਕਸ 0 ਤੋਂ 50 ਹੈ ਤਾਂ ਮੰਨਿਆ ਜਾਵੇਗਾ ਕਿ ਹਵਾ ਗੁਣਵਤਾ ਚੰਗੀ ਹੈ ਪਰ ਜੇਕਰ 401-500 ਤੋਂ ਜ਼ਿਆਦਾ ਹੈ ਤਾਂ ਹਵਾ ਦੀ ਪ੍ਰਦੂਸ਼ਨ ਦੀ ਹਾਲਤ ਬਹੁਤ ਗੰਭੀਰ ਹੈ। ਹਰ ਵਰੇ ਦੇਸ਼ ਦੀ ਰਾਜਧਾਨੀ ਦਿਲੀ ਦੀ ਹਵਾ ਗੁਣਵੱਤਾ ਬਾਰੇ ਫਿਕਰਮੰਦੀ ਜ਼ਾਹਰ ਕੀਤੀ ਜਾਂਦੀ ਹੈ, ਪਰ ਬਾਵਜੂਦ ਸਖ਼ਤ ਕਾਨੂੰਨ ਦੇ ਹਵਾ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਯਤਨ ਕਰਨ ਦੀ ਬਜਾਏ ਸਿਰਫ਼ ਸਿਆਸੀ ਲਾਹਾ ਲੈਣ ਦਾ ਯਤਨ ਹੁੰਦਾ ਹੈ।

ਪ੍ਰਦੂਸ਼ਨ ਨੂੰ ਮਨੁੱਖ ਜਾਤੀ ਅਤੇ ਸਮੁੱਚੀ ਪ੍ਰਕਿਰਤੀ ਅਤੇ ਜੀਵ ਜੰਤੂਆਂ ਦੀ ਸੁਰੱਖਿਆ ਲਈ ਸਰਕਾਰੀ ਹੰਭਲਿਆਂ ਦੇ ਨਾਲ-ਨਾਲ ਜਨਤਕ ਯਤਨ ਹੋਣੇ ਜ਼ਰੂਰੀ ਹਨ। ਇਲੈਕਟ੍ਰੋਨਿਕ ਵਾਹਣ ਅਤੇ ਸੂਰਜੀ ਯੰਤਰਾਂ ਦੀ ਵਰਤੋਂ ’ਚ ਪਹਿਲ ਹੋਵੇ। ਬਿਜਲੀ ਬਨਾਉਣ ਲਈ ਸੂਰਜੀ ਸ਼ਕਤੀ ਦੀ ਵਰਤੋਂ ਹੋਵੇ। ਏ.ਸੀ. ਯੰਤਰਾਂ ਦੀ ਵਰਤੋਂ ਘੱਟ ਹੋਵੇ। ਉਦਯੋਗਾਂ ਤੋਂ ਨਿਕਲਦੇ ਰਸਾਇਣਾਂ ਨੂੰ ਸੋਧ ਕੇ ਹੀ ਨਦੀਆਂ ਨਾਲਿਆਂ ’ਚ ਪਾਇਆ ਜਾਵੇ। ਖਾਦਾਂ, ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰਕੇ ਕੁਦਰਤੀ ਖੇਤੀ ਵੱਲ ਧਿਆਨ ਕੇਂਦਰਤ ਹੋਵੇ। ਪ੍ਰਕਾਸ਼ ਸਰੋਤ ਇਸ ਢੰਗ ਨਾਲ ਲਗਾਏ ਜਾਣ ਕਿ ਆਸਪਾਸ ਦੇ ਖੇਤਰਾਂ ’ਚ ਰੌਸ਼ਨੀ ਨਾ ਫੈਲੇ। ਕਚਰੇ, ਪਲਾਸਟਿਕ ਦੇ ਉੱਤੇ ਪਾਬੰਦੀ ਲੱਗੇ। ਇਸੇ ਤਰਾਂ ਹੀ ਕੁਝ ਵਿਸ਼ੇਸ਼ ਯਤਨਾਂ ਦੇ ਜ਼ਰੀਏ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਨ ਦੇ ਭੈੜੇ ਅਸਰਾਂ ਅਤੇ ਜ਼ਹਿਰਾਂ ਤੋਂ ਬਚਾ ਸਕਦੇ ਹਾਂ। ਇਸ ਸਬੰਧੀ ਆਲਮੀ ਪੱਧਰ ਉੱਤੇ ਉਹਨਾਂ ਦੇਸ਼ਾਂ, ਜਿਹੜੇ ਵੱਧ ਪ੍ਰਦੂਸ਼ਨ ਅਤੇ ਕਚਰਾ ਪੈਦਾ ਕਰਦੇ ਹਨ, ਉਹਨਾਂ ਨੂੰ ਮਜ਼ਬੂਰ ਕਰਨ ਦੀ ਲੋੜ ਹੈ ਕਿ ਉਹ ਪ੍ਰਭਾਵਿਤ ਗਰੀਬ ਮੁਲਕਾਂ ਨੂੰ ਪ੍ਰਦੂਸ਼ਨ ਮੁਕਤ ਹੋਣ ਲਈ ਮਾਇਕ ਸਹਾਇਤਾ ਅਤੇ ਸਹਿਯੋਗ ਦੇਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button