ਖ਼ਬਰਦਾਰ! ਪਟਿਆਲਵੀਆਂ ਦੀ ਗੂੜ੍ਹੀ ਭਾਈਚਾਰਕ ਸਾਂਝ ਨੂੰ ਖ਼ੋਰਾ ਨਾ ਲਾਓ!
ਉਜਾਗਰ ਸਿੰਘ
ਭਾਰਤ ਧਰਮ ਨਿਰਪੱਖ ਦੇਸ਼ ਹੈ। ਇਥੇ ਸਾਰੇ ਧਰਮਾ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਹੈ। ਧਰਮ ਵੈਸੇ ਵੀ ਨਿੱਜੀ ਮਾਮਲਾ ਹੈ। ਹਰ ਇਕ ਨਾਗਰਿਕ ਨੂੰ ਆਪਣੀ ਮਰਜ਼ੀ ਅਨੁਸਾਰ ਆਪਣੇ ਧਰਮ ਦੀ ਚੋਣ ਕਰਨ ਦਾ ਅਧਿਕਾਰ ਹੈ ਪ੍ਰੰਤੂ ਕਿਸੇ ਨੂੰ ਦੂਜੇ ਦੇ ਧਰਮ ਵਿੱਚ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ। ਕੋਈ ਵੀ ਨਾਗਰਿਕ ਕਿਸੇ ਦੂਜੇ ਨਾਗਰਿਕ ਦੇ ਧਰਮ ਦਾ ਨਿਰਾਦਰ ਨਹੀਂ ਕਰ ਸਕਦਾ ਅਤੇ ਨਾ ਹੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਪਟਿਆਲਾ ਪੰਜਾਬ ਵਿੱਚ ਗੂੜ੍ਹੀ ਭਾਈਚਾਰਕ ਸਾਂਝ ਦਾ ਬਿਹਤਰੀਨ ਪ੍ਰਤੀਕ ਸ਼ਹਿਰ ਰਿਹਾ ਹੈ। ਇਸ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦਾ ਕੇਂਦਰੀ ਧੁਰਾ ਕਿਹਾ ਜਾਂਦਾ ਹੈ। ਇਥੋਂ ਦੇ ਬਸ਼ਿੰਦੇ ਪੜ੍ਹੇ ਲਿਖੇ ਅਤੇ ਸੂਝਵਾਨ ਹਨ।
ਛੇਤੀ ਕੀਤਿਆਂ ਇਨ੍ਹਾਂ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਕਈ ਵਾਰ ਧਾਰਮਿਕ ਭਾਵਨਾਵਾਂ ਦੇ ਵਹਿਣ ਵਿੱਚ ਵਹਿ ਜ਼ਰੂਰ ਜਾਂਦੇ ਹਨ। ਇਸ ਸ਼ਹਿਰ ਅਤੇ ਆਲੇ ਦੁਆਲੇ ਦੇ ਕੁਝ ਕੁ ਮੁੱਠੀ ਭਰ ਲੋਕਾਂ ਨੂੰ ਪਟਿਆਲਵੀਆਂ ਦੀ ਖ਼ੁਸ਼ਨਸੀਬੀ, ਦਰਿਆਦਿਲੀ ਅਤੇ ਖ਼ੁਸ਼ਹਾਲੀ ਬਰਦਾਸ਼ਤ ਨਹੀਂ ਹੁੰਦੀ। ਉਹ ਹਮੇਸ਼ਾ ਇਸ ਸਾਂਝ ਨੂੰ ਖ਼ੋਰਾ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਮਾਸੂਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਅਜਿਹਾ ਕਰਦੇ ਹਨ। ਇਸ ਮੰਤਵ ਲਈ ਉਹ ਸਿਰਫ ਤੇ ਸਿਰਫ ਅਫ਼ਵਾਹਾਂ ਦਾ ਸਹਾਰਾ ਲੈਂਦੇ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਸਾਰਥਿਕ ਦਲੀਲ ਤਾਂ ਹੁੰਦੀ ਨਹੀਂ। ਅਫ਼ਵਾਹ ਦੇ ਅਰਥ ਹੀ ਇਹ ਹੁੰਦੇ ਹਨ ਕਿ ਇਹ ਪੱਕੀ ਗੱਲ ਨਹੀਂ, ਪਤਾ ਨਹੀਂ ਫਿਰ ਵੀ ਲੋਗ ਕਿਉਂ ਅਫ਼ਵਾਹਾਂ ਦੇ ਮਗਰ ਲੱਗਦੇ ਹੋਏ ਇਨ੍ਹਾਂ ‘ਤੇ ਵਿਸ਼ਵਾਸ਼ ਕਰਦੇ ਹਨ।
ਅਫ਼ਵਾਹ ਦੀ ਤਹਿ ਵਿੱਚ ਤਹਿਕੀਕ ਕਰਨ ਦੀ ਥਾਂ ਧਾਰਮਿਕ ਭਾਵਨਾਵਾਂ ਵਿੱਚ ਵਹਿ ਕੇ ਕੁਝ ਲੋਕ ਅਮਨ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਸ਼ਰਾਰਤੀ ਲੋਕ ਆਪ ਤਾਂ ਅਜਿਹੇ ਮੌਕਿਆਂ ਤੇ ਪਿੱਛੇ ਰਹਿ ਕੇ ਹਵਾ ਦਿੰਦੇ ਹਨ, ਅਣਭੋਲ ਅਤੇ ਮਾਸੂਮ ਲੋਕਾਂ ਨੂੰ ਜੋਖ਼ਮ ਵਿੱਚ ਪਾ ਕੇ ਬਲੀ ਦੇ ਬਕਰੇ ਬਣਾ ਦਿੰਦੇ ਹਨ। ਕਹਿਣ ਤੋਂ ਭਾਵ ‘ਅੱਗ ਲਾਈ ਡੱਬੂ ਕੰਧ ‘ਤੇ’ ਦੀ ਕਹਾਵਤ ਅਨੁਸਾਰ ਆਪ ਮੌਕੇ ਤੋਂ ਖਿਸਕ ਜਾਂਦੇ ਹਨ। ਮੈਂ ਉਨ੍ਹਾਂ ਦੀਆਂ ਹਰਕਤਾਂ ਪਿਛਲੀ ਅੱਧੀ ਸਦੀ ਤੋਂ ਵੇਖਦਾ ਆ ਰਿਹਾ ਹਾਂ। ਅਜਿਹੀਆਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਵੀ ਰਿਹਾ ਹਾਂ। ਸਿਰ ਝੁਕਦਾ ਹੈ ਪਟਿਆਲਵੀਆਂ ਦੀ ਸਿਆਣਪ ਦੇ ਕਿ ਉਹ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਮੂੰਹ ਨਹੀਂ ਲਾਉਂਦੇ। ਵਰਤਮਾਨ ਘਟਨਾ ਬਾਰੇ ਵੀ ਅਫ਼ਵਾਹਾਂ ਦਾ ਜ਼ੋਰ ਗਰਮ ਹੈ।
ਪਟਿਆਲਾ ਸਥਿਤ ਮਾਤਾ ਕਾਲੀ ਦੇਵੀ ਮੰਦਰ ਦੀ ਸਥਾਪਨਾ ਹੀ ਇਕ ਸਿੱਖ ਮਹਾਰਾਜਾ ਨੇ ਕੀਤੀ ਸੀ। ਇਥੇ ਮੱਥਾ ਟੇਕਣ ਵਾਲਿਆਂ ਵਿੱਚ 40 ਫ਼ੀ ਸਦੀ ਸਿੱਖ ਭਾਈਚਾਰੇ ਨਾਲ ਸੰਬੰਧਤ ਲੋਕ ਹੁੰਦੇ ਹਨ। ਏਸੇ ਤਰ੍ਹਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਲਗਪਗ ਇਤਨੇ ਹੀ ਹਿੰਦੂ ਭਾਈਚਾਰੇ ਦੇ ਲੋਕ ਹੁੰਦੇ ਹਨ। ਪਟਿਆਲਵੀਆਂ ਦੇ ਭਾਈਚਾਰਕ ਸੰਬੰਧ ਬਹੁਤ ਗੂੜ੍ਹੇ ਹਨ। ਇਥੋਂ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਦੀਂ ਵੀ ਸਫਲ ਨਹੀਂ ਹੁੰਦੀਆਂ ਪ੍ਰੰਤੂ ਕੁਝ ਸਮੇਂ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਬਣਦੀਆਂ ਹਨ। ਕੁਝ ਉਦਾਹਰਨਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਅਜਿਹੇ ਲੋਕਾਂ ਤੋਂ ਬਚਕੇ ਰਹਿਣਾ ਚਾਹੀਦਾ ਹੈ। ਮੈਂ ਦਸਵੀਂ ਪਾਸ ਕਰਕੇ ਆਪਣੇ ਪਿੰਡ ਕੱਦੋਂ ਤੋਂ ਪਟਿਆਲਾ 1967 ਵਿੱਚ ਆ ਗਿਆ ਸੀ।
ਵਿਦਿਆਰਥੀ ਜੀਵਨ ਵਿੱਚ ਅਖਾਉਤੀ ਨੇਤਾਵਾਂ ਵੱਲੋਂ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਵੀ ਅੱਖੀਂ ਵੇਖਿਆ ਹੈ। ਕੁਝ ਏਜੰਸੀਆਂ ਦੀਆਂ ਸਰਗਰਮੀਆਂ ਨੂੰ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ ਹੈ। ਸਭ ਤੋਂ ਪਹਿਲਾਂ ਮੈਂ ਪਟਿਆਲਾ ਦੇ ਧਾਰਮਿਕ ਸਥਾਨਾ ਨੂੰ ਅਪਵਿਤਰ ਕਰਨ ਦੀਆਂ ਕਾਰਵਾਈਆਂ ਦੇ ਮੌਕੇ ਲੋਕ ਅਫ਼ਵਾਹਾਂ ਕਰਕੇ ਗੁਮਰਾਹ ਹੁੰਦੇ ਵੇਖੇ ਅਤੇ ਉਸਦੇ ਇਵਜ ਵੱਜੋਂ ਪਟਿਆਲਾਵੀਆਂ ਦੀ ਖੁਲ੍ਹਦਿਲੀ, ਸਹਿਜਤਾ, ਫਰਾਕ ਦਿਲੀ, ਸਾਂਝੀਵਾਲਤਾ ਅਤੇ ਸ਼ਹਿਨਸ਼ੀਲਤਾ ਦਾ ਵੀ ਮੌਕੇ ਦਾ ਗਵਾਹ ਰਿਹਾ ਹਾਂ। ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਮੂਹਰੇ ਅਜਿਹੇ ਮੌਕਿਆਂ ‘ਤੇ ਜਿਲ੍ਹਾ ਪ੍ਰਬੰਧ ਅਤੇ ਸਰਕਾਰਾਂ ਬੇਬਸ ਹੁੰਦੀਆਂ ਵੇਖੀਆਂ ਹਨ।
ਜਿਲ੍ਹਾ ਪ੍ਰਬੰਧ ਇਨਸਾਨੀਅਤ ਦੇ ਨਾਤੇ ਗ਼ੈਰ ਸਮਾਜੀ ਅਨਸਰਾਂ ਨਾਲ ਗ਼ੈਰ ਮਨੁੱਖੀ ਵਿਵਹਾਰ ਕਰਨ ਤੋਂ ਪਾਸਾ ਵਟਦੀਆਂ ਹਨ ਕਿਉਂਕਿ ਲੋਕ ਰਾਏ ਉਨ੍ਹਾਂ ਦੇ ਵਿਰੁੱਧ ਨਾ ਹੋ ਜਾਵੇ। ਜਿਲ੍ਹਾ ਪ੍ਰਬੰਧ ਦੀਆਂ ਮਜ਼ਬੂਰੀਆਂ ਬਾਰੇ ਵੀ ਭਲੀ ਭਾਂਤ ਜਾਣਦਾ ਹਾਂ। ਸਥਾਨਕ ਨੇਤਾਵਾਂ ਦੀ ਦਖ਼ਲ ਅੰਦਾਜ਼ੀ ਵੀ ਵੇਖੀ ਹੈ। ਇਸ ਲਈ ਪਟਿਆਲਵੀਆਂ ਅਤੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਸੰਜੀਦਗੀ ਤੋਂ ਕੰਮ ਲੈਂਦੇ ਹੋਏ ਅਫ਼ਵਾਹਾਂ ‘ਤੇ ਯਕੀਨ ਨਾ ਕਰਨ ਸਗੋਂ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਨੂੰ ਨਕੇਲ ਪਾਉਣ ਵਿੱਚ ਜਿਲ੍ਹਾ ਪ੍ਰਬੰਧ ਨੂੰ ਸਹਿਯੋਗ ਦੇਣ ਤਾਂ ਜੋ ਪਟਿਆਲਵੀ ਅਤੇ ਪੰਜਾਬੀ ਸ਼ਾਂਤਮਈ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ। ਬਹਿਕਾਵੇ ਵਿੱਚ ਆਉਣ ਤੋਂ ਪ੍ਰਹੇਜ ਕਰਨ।
ਜੇਕਰ ਤੁਸੀਂ ਗ਼ੈਰ ਸਮਾਜੀ ਅਨਸਰਾਂ ਦੇ ਮਗਰ ਲੱਗੋਗੇ ਤਾਂ ਆਪਣੇ ਪਰਿਵਾਰਾਂ ਅਤੇ ਪੰਜਾਬ ਦਾ ਨੁਕਸਾਨ ਕਰੋਗੇ। ਮੈਂ ਪਟਿਆਲਾ ਵਿਖੇ 25 ਸਾਲ ਜਿਲ੍ਹਾ ਲੋਕ ਸੰਪਰਕ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਿਆਂ ਜਿਲ੍ਹਾ ਪ੍ਰਬੰਧ ਦਾ ਅੰਗ ਬਣਕੇ ਫਰਜ਼ ਨਿਭਾਉਂਦਾ ਰਿਹਾ ਹਾਂ। ਇਸ ਲਈ ਮੈਨੂੰ ਇਨ੍ਹਾਂ ਗ਼ੈਰ ਸਮਾਜੀ ਅਨਸਰਾਂ ਦੀਆਂ ਸਰਗਰਮੀਆਂ ਦੀ ਪੂਰੀ ਜਾਣਕਾਰੀ ਹੈ। ਪਟਿਆਲਾ ਦੇ ਦੁਕਾਨਦਾਰਾਂ ਦੇ ਰਸਤੇ ਵਿੱਚ ਆਈਆਂ ਅਨੇਕਾਂ ਮੁਸ਼ਕਲਾਂ ਨੂੰ ਵੀ ਵੇਖਿਆ ਹੈ। ਉਨ੍ਹਾਂ ਦੇ ਕਾਰੋਬਾਰ ਬੰਦ ਅਤੇ ਤਬਾਹ ਹੁੰਦੇ ਵੇਖੇ ਹਨ। ਦੁਕਾਨਦਾਰ ਅਤੇ ਕਾਰੋਬਾਰੀ ਅਜਿਹੇ ਹਾਲਾਤਾਂ ਵਿੱਚ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਹਨ। ਗ਼ੈਰ ਸਮਾਜੀ ਅਨਸਰ ਇਨ੍ਹਾਂ ਤੋਂ ਹੀ ਚੰਦਾ ਲੈਂਦੇ ਹਨ ਅਤੇ ਇਨ੍ਹਾਂ ਦਾ ਹੀ ਨੁਕਸਾਨ ਕਰਦੇ ਹਨ।
ਕਰਫਿਊ ਦੌਰਾਨ ਮੈਂ ਨਿੱਕੇ-ਨਿੱਕੇ ਮਾਸੂਮ ਬੱਚੇ ਦੁੱਧ ਨੂੰ ਵਿਲਕਦੇ ਵੇਖੇ ਹਨ। ਜ਼ਰੂਰੀ ਵਸਤਾਂ ਦੇ ਭਾਅ ਅਸਮਾਨ ਨੂੰ ਚੜ੍ਹ ਜਾਂਦੇ ਹਨ। ਆਮ ਲੋਕ ਇਸਦਾ ਨੁਕਸਾਨ ਉਠਾਉਂਦੇ ਹਨ। ਇਕ ਤਾਂ ਕਾਰੋਬਾਰ ਬੰਦ ਹੋ ਜਾਂਦੇ ਹਨ। ਦੂਜੇ ਸਾਮਾਨ ਮਹਿੰਗਾ ਹੋ ਜਾਂਦਾ ਹੈ। ਇਸ ਲਈ ਪਟਿਆਲਵੀਆਂ ਅਤੇ ਪੰਜਾਬੀਆਂ ਨੂੰ ਸਲਾਹ ਹੈ ਕਿ ਉਹ ਮੁੱਠੀ ਭਰ ਲੋਕਾਂ ਦੇ ਬਹਿਕਾਵੇ ਵਿੱਚ ਨਾ ਆਉਣ ਸਗੋਂ ਅਮਨ ਤੇ ਸ਼ਾਂਤੀ ਬਹਾਲ ਕਰਨ ਵਿੱਚ ਸਹਿਯੋਗ ਦੇਣ। ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ ਤੇ ਕਹਿ ਰਿਹਾ ਹਾਂ। ਮੇਰਾ ਸਿਆਸਤ ਨਾਲ ਕੋਈ ਤੁਅਲਕ ਨਹੀਂ ਪ੍ਰੰਤੂ ਆਮ ਲੋਕਾਂ ਦੇ ਹਿਤਾਂ ਲਈ ਇਹ ਦੱਸਣਾ ਜ਼ਰੂਰੀ ਹੈ। ਕੁਝ ਉਦਾਹਰਨਾ ਨਾਲ ਤੁਹਾਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਾਂਗਾ।
ਜਦੋਂ 1970-72 ਵਿੱਚ ਕੁਝ ਸੰਸਥਾਵਾਂ ਦਾ ਟਕਰਾਓ ਚਲ ਰਿਹਾ ਸੀ। ਪਟਿਆਲਾ ਵਿੱਚ ਵੀ ਕਰਫਿਊ ਲੱਗਿਆ ਹੋਇਆ ਸੀ। ਅਸੀਂ ਕੁਝ ਨੌਜਵਾਨ ਦੋਸਤ ਮਿਲ ਕੇ ਤਵੱਕਲੀ ਮੋੜ ‘ਤੇ ਕਿਰਪਾਲ ਸਿੰਘ ਦੇ ਘਰ ਦਫਤਰ ਬਣਾ ਕੇ ਪੰਜਾਬੀ ਦਾ ਸਾਹਿਤਕ ਮਾਸਿਕ ਰਸਾਲਾ ‘ਵਹਿਣ’ ਪ੍ਰਕਾਸ਼ਤ ਕਰਦੇ ਸੀ। ਅਸੀਂ ਅਜੇ ਵਿਦਿਆਰਥੀ ਹੋਣ ਕਰਕੇ ਆਪਣੇ ਰਸਾਲੇ ਵਿੱਚ ਭਖਦੇ ਮਸਲਿਆਂ ਬਾਰੇ ਵੀ ਥੋੜ੍ਹੇ ਜ਼ਜ਼ਬਾਤੀ ਸੰਪਾਦਕੀ ਲਿਖ ਦਿੰਦੇ ਸੀ। ਉਦੋਂ ਸਾਡੇ ਕੋਲ ਸ਼ੱਕ ਹੈ ਕਿਸੇ ਏਜੰਸੀ ਦਾ ਇਕ ਵਿਅਕਤੀ ਆਇਆ ਅਤੇ ਕਹਿਣ ਲੱਗਾ ਕਿ ਉਹ ਰਸਾਲੇ ਦੀ ਛਪਾਈ ਦਾ ਸਾਰਾ ਖ਼ਰਚਾ ਦੇਵੇਗਾ ਪ੍ਰੰਤੂ ਉਨ੍ਹਾਂ ਅਨੁਸਾਰ ਰਸਾਲੇ ਵਿੱਚ ਲਿਖਿਆ ਜਾਵੇ।
ਅਸੀਂ ਨੌਜਵਾਨ ਸੀ , ਸਾਨੂੰ ਉਸਦੇ ਨਤੀਜਿਆਂ ਬਾਰੇ ਸੋਝੀ ਨਹੀਂ ਸੀ, ਅਸੀਂ ਖ਼ੁਸ਼ ਹੋ ਗਏ ਕਿ ਹੁਣ ਪੈਸੇ ਖ਼ਰਚਣੇ ਨਹੀਂ ਪੈਣਗੇ। ਜਦੋਂ ਅਸੀਂ ਸਾਡੀ ਰਹਿਨੁਮਾਈ ਕਰ ਰਹੇ ਹਰਸ਼ਰਨ ਸਿੰਘ ਕੀੜੂ ਦੇ ਰਿਸ਼ਤੇਦਾਰ ਡਾ ਅਜਮੇਰ ਸਿੰਘ ਨਾਲ ਸਲਾਹ ਕੀਤੀ ਜੋ ਪੰਜਾਬ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ। ਉਨ੍ਹਾਂ ਸਾਨੂੰ ਦੱਸਿਆ ਕਿ ਇਹ ਤੁਹਾਨੂੰ ਗੁਮਰਾਹ ਕਰਕੇ ਬਲੈਕ ਮੇਲ ਕਰਨਾ ਚਾਹੁੰਦੇ ਹਨ। ਐਵੇਂ ਲਾਲਚ ਵਸ ਉਨ੍ਹਾਂ ਦੇ ਵਿਛਾਏ ਜਾਲ ਵਿੱਚ ਫਸ ਨਾ ਜਾਇਓ । ਅਸੀਂ ਉਨ੍ਹਾਂ ਦੀ ਆਫਰ ਠੁਕਰਾ ਦਿੱਤੀ। ਉਸ ਤੋਂ ਬਾਅਦ ਨੌਕਰੀ ਦੌਰਾਨ ਬਲਿਊ ਸਟਾਰ ਅਪ੍ਰੇਸ਼ਨ ਦੇ ਮੌਕੇ ਸਮੁੱਚੇ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਸੀ ਤਾਂ ਇਕ ਸਥਾਨਕ ਵਿਅਕਤੀ ਨੇ ਟੈਲੀਫੋਨ ‘ਤੇ ਅਫ਼ਵਾਹ ਫੈਲਾ ਦਿੱਤੀ ਕਿ ਇਕ ਫਿਰਕੇ ਦੇ ਲੋਕਾਂ ਨੇ ਅਨਾਰਦਾਨਾ ਚੌਕ ਵਿੱਚ ਬਲਿਊ ਸਟਾਰ ਦੀ ਖ਼ੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਹਨ।
ਪੁਲਿਸ ਤੁਰੰਤ ਪਹੁੰਚ ਗਈ, ਉਸ ਥਾਂ ‘ਤੇ ਕੁਝ ਵੀ ਨਹੀਂ ਸੀ। ਹਾਲਾਂ ਕਿ ਉਨ੍ਹਾਂ ਦਿਨਾ ਵਿੱਚ ਪੰਜਾਬ ਵਿੱਚ ਲਗਾਤਾਰ ਕਰਫਿਊ ਲੱਗਾ ਰਹਿਣ ਕਰਕੇ ਕੋਈ ਮਠਿਆਈ ਬਣਾਈ ਹੀ ਨਹੀਂ ਜਾ ਸਕਦੀ ਸੀ। ਪੰਦਰਾਂ ਦਿਨ ਤਾਂ ਪੰਜਾਬ ਬੰਦ ਰਿਹਾ ਸੀ। ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਉਹ ਵਿਅਕਤੀ ਕਹਿਣ ਲੱਗਿਆ ਕਿ ਲੱਡੂ ਨਹੀਂ ਚੌਲ ਵੰਡੇ ਸਨ। ਜਦੋਂ ਪੁਲਿਸ ਨੇ ਸਿਕੰਜਾ ਕਸਿਆ ਤਾਂ ਫਿਰ ਉਸਨੇ ਆਪਣੀ ਗ਼ਲਤੀ ਮੰਨ ਕੇ ਖਹਿੜਾ ਛੁਡਾਇਆ। ਇਸ ਤਰ੍ਹਾਂ ਦੀਆਂ ਅਨੇਕਾਂ ਉਦਾਹਰਨਾ ਦਿੱਤੀਆਂ ਜਾ ਸਕਦੀਆਂ ਹਨ, ਜਿਹੜੀਆਂ ਨਿਰੀਆਂ ਅਫ਼ਵਾਹਾਂ ਹੁੰਦੀਆਂ ਸਨ। ਕੁਝ ਵਿਅਕਤੀਆਂ ਦਾ ਕੰਮ ਹੀ ਇਹੋ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹਿੰਦੇ ਹਨ।
ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਧਰਮ ਸਾਰੇ ਬਰਾਬਰ ਅਤੇ ਇਕੋ ਜਿਹਾ ਸੰਦੇਸ਼ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਦਿੰਦੇ ਹਨ। ਪੰਜਾਬ ਦੇ ਹਿੰਦੂ ਅਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ। ਪਟਿਆਲਵੀਆਂ ਨੇ ਹਮੇਸ਼ਾ ਸ਼ਾਂਤੀ ਬਣਾਈ ਰੱਖੀ ਹੈ। ਇਸ ਲਈ ਜਿਲ੍ਹਾ ਪ੍ਰਬੰਧ ਅਤੇ ਸਰਕਾਰ ਨੂੰ ਵੀ ਸਹੀ ਮੌਕੇ ‘ਤੇ ਸਹੀ ਕਦਮ ਚੁਕਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਗੁਮਰਾਹ ਹੋਣ ਦਾ ਮੌਕਾ ਹੀ ਨਾ ਦਿੱਤਾ ਜਾ ਸਕੇ। ਸਿਆਸਤਦਾਨਾਂ ਨੂੰ ਬੇਨਤੀ ਹੈ ਕਿ ੳਨ੍ਹਾਂ ਨੂੰ ਸਿਆਸਤ ਕਰਨ ਦੇ ਹੋਰ ਬਥੇਰੇ ਮੌਕੇ ਮਿਲਣਗੇ ਪ੍ਰੰਤੂ ਪੰਜਾਬ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਕੇ ਦੂਸ਼ਣਬਾਜ਼ੀ ਤੋਂ ਪ੍ਰਹੇਜ ਕਰਨ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.