D5 specialOpinion

ਹੱਸਣਾ ਕਿੰਨਾ ਕੁ ਜ਼ਰੂਰੀ ਹੈ?

ਜੇਮਜ਼ ਲੈਂਜ ਥਿਊਰੀ ਅਨੁਸਾਰ ਹਾਸਾ, ਤਣਾਓ, ਘਬਰਾਹਟ ਆਦਿ ਹਮੇਸ਼ਾ ਸਰੀਰ ਉੱਤੇ ਕੋਈ ਨਾ ਕੋਈ ਅਸਰ ਵਿਖਾਉਂਦੇ ਹਨ। ਡਾ. ਐਵਰਿਲ ਨੇ ਇਸ ਤੱਥ ਨੂੰ ਘੋਖਣ ਲਈ ਖੋਜ ਸ਼ੁਰੂ ਕੀਤੀ। ਇਸ ਖੋਜ ਵਿਚ ਬੰਦਿਆਂ ਨੂੰ ਤਿੰਨ ਗਰੁੱਪਾਂ ਵਿਚ ਵੰਡ ਲਿਆ ਗਿਆ। ਇੱਕ ਗਰੁੱਪ ਨੂੰ ਬਹੁਤ ਜ਼ਿਆਦਾ ਹਾਸੇ ਵਾਲਾ ਪ੍ਰੋਗਰਾਮ ਵਿਖਾਇਆ ਗਿਆ, ਇੱਕ ਨੂੰ ਰੋਣ ਵਾਲਾ ਤੇ ਇੱਕ ਨੂੰ ਵਿਚਕਾਰਲੇ ਮੇਲ ਦਾ, ਜਿਸ ਵਿਚ ਨਾ ਬਹੁਤਾ ਹਾਸਾ ਸੀ ਅਤੇ ਨਾ ਰੋਣਾ।

ਇਨਾਂ ਸਭ ਦਾ ਬਲੱਡ ਪ੍ਰੈੱਸ਼ਰ, ਦਿਲ ਦੀ ਧੜਕਨ, ਸਾਹ, ਚਮੜੀ ਦਾ ਤਾਪਮਾਨ ਅਤੇ ਚਮੜੀ ਅੰਦਰ ਲੰਘਦੀਆਂ ਬਿਜਲਈ ਤਰੰਗਾਂ ਨੂੰ ਘੋਖਿਆ ਗਿਆ। ਨਤੀਜੇ ਕੁੱਝ ਇਸ ਤਰਾਂ ਦੇ ਸਨ:-
1. ਰੋਣ ਅਤੇ ਹੱਸਣ ਵਾਲੇ ਗਰੁੱਪ ਵਿਚਲੇ ਲੋਕਾਂ ਦੇ ਚਮੜੀ ਵਿਚਲੀਆਂ ਤਰੰਗਾਂ ਕਾਫ਼ੀ
ਸਰਗਰਮ ਹੋਈਆਂ ਲੱਭੀਆਂ।
2. ਰੋਣ ਅਤੇ ਬਹੁਤ ਉਦਾਸ ਹੋਣ ਵਾਲਿਆਂ ਵਿਚ ਬਲੱਡ ਪ੍ਰੈੱਸ਼ਰ ਕਾਫ਼ੀ ਵਧਿਆ ਹੋਇਆ
ਮਿਲਿਆ।
3. ਹੱਸਣ ਅਤੇ ਸਹਿਜ ਰਹਿਣ ਵਾਲੇ ਗਰੁੱਪਾਂ ਦਾ ਬਲੱਡ ਪ੍ਰੈੱਸ਼ਰ ਨਾਰਮਲ ਹੀ ਰਿਹਾ।

ਇਨਾਂ ਨਤੀਜਿਆਂ ਤੋਂ ਇਹੋ ਤੱਥ ਕੱਢੇ ਗਏ ਕਿ ਬਲੱਡ ਪ੍ਰੈੱਸ਼ਰ ਉੱਤੇ ਹੱਸਣ ਨਾਲ ਵਧੀਆ ਅਸਰ ਪੈਂਦਾ ਹੈ।

ਇੱਕ ਹੋਰ ਖੋਜ ਵਿਚ ਕਾਲਜ ਦੇ 53 ਵਿਦਿਆਰਥੀ ਸ਼ਾਮਲ ਕੀਤੇ ਗਏ ਜਿਹੜੇ ਬਹੁਤ ਜ਼ਿਆਦਾ ਘਬਰਾਹਟ ਦੇ ਸ਼ਿਕਾਰ ਸਨ। ਇਸ ਦੇ ਨਾਲ ਹੀ 53 ਨਾਰਮਲ ਵਿਦਿਆਰਥੀ ਦੂਜੇ ਗਰੁੱਪ ਵਿਚ ਸ਼ਾਮਲ ਕਰ ਲਏ ਗਏ। ਸਭ ਨੂੰ ਇਹ ਕਿਹਾ ਗਿਆ ਕਿ ਤੁਹਾਨੂੰ ਕਰੰਟ ਲਾ ਕੇ ਟੈਸਟ ਕੀਤਾ ਜਾਣਾ ਹੈ। ਇਸ ਤੋਂ ਬਾਅਦ ਇਨਾਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਅਲੱਗ-ਅਲੱਗ ਕਮਰਿਆਂ ਵਿਚ ਬਿਠਾ ਦਿੱਤਾ ਗਿਆ। ਇੱਕ ਕਮਰੇ ਵਿਚ ਹਾਸੇ ਦਾ ਪ੍ਰੋਗਰਾਮ ਲਾਇਆ ਗਿਆ ਸੀ ਤੇ ਇੱਕ ਵਿਚ ਆਮ ਜਿਹੀ ਚਰਚਾ ਸੁਣਾਈ ਗਈ। ਤੀਜੇ ਨਾਰਮਲ ਗਰੁੱਪ ਨੂੰ ਕੋਈ ਵੀ ਫ਼ਿਲਮ ਨਹੀਂ ਵਿਖਾਈ ਗਈ। ਡਾ. ਐਵਰਿਲ ਨੇ ਅਖ਼ੀਰ ਨਤੀਜੇ ਕੱਢ ਕੇ ਦੱਸਿਆ ਕਿ ਹਰ ਕਿਸੇ ਦੇ ਦਿਲ ਦੀ ਧੜਕਨ ਵਧੀ ਹੋਈ ਲੱਭੀ। ਇਸ ਦੇ ਦੋ ਅਰਥ ਕੱਢੇ ਗਏ। ਅੱਗੋਂ ਆਉਣ ਵਾਲਾ ਮਾੜਾ ਸਮਾਂ ਦਿਲ ਦੀ ਧੜਕਨ ਵਧਾ ਦਿੰਦਾ ਹੈ। ਦੂਜਾ ਨੁਕਤਾ ਇਹ ਸੁਝਾਇਆ ਗਿਆ ਕਿ ਭਾਵੇਂ ਹੱਸਣ ਵਾਲਿਆਂ ਦੇ ਚਿਹਰੇ ਉੱਤੇ ਘਬਰਾਹਟ ਘੱਟ ਦਿਸੀ, ਇਸੇ ਲਈ ਹੋ ਸਕਦਾ ਹੈ ਕਿ ਬੇਤਹਾਸ਼ਾ ਹੱਸਣ ਸਦਕਾ ਦਿਲ ਦੀ ਧੜਕਨ ਕੁੱਝ ਸਮੇਂ ਲਈ ਵੱਧ ਗਈ ਹੋਵੇ। ਇਹ ਇਸ ਲਈ ਸੋਚਿਆ ਗਿਆ ਕਿਉਂਕਿ ਕੁੱਝ ਸਮੇਂ ਬਾਅਦ ਚੈੱਕਅੱਪ ਕਰਨ ਉੱਤੇ ਹੱਸਣ ਵਾਲਿਆਂ ਦੀ ਧੜਕਨ ਛੇਤੀ ਨਾਰਮਲ ਹੋਈ ਲੱਭੀ।

ਇਸ ਤੋਂ ਬਾਅਦ ਕਿਸੇ ਹੋਰ ਡਾਕਟਰ ਵੱਲੋਂ ਖੋਜ ਅੱਗੇ ਤੋਰੀ ਗਈ। ਉਸ ਵਿਚ ਸਰੀਰ ਅੰਦਰਲੇ ਤਣਾਓ ਦੇ ਹਾਰਮੋਨ ਮਾਪੇ ਗਏ। ਉਸ ਵਾਸਤੇ 20 ਔਰਤਾਂ ਚੁਣੀਆਂ ਗਈਆਂ ਜਿਨਾਂ ਨੂੰ ਚਾਰ ਵੱਖੋ ਵੱਖਰੀਆਂ ਫ਼ਿਲਮਾਂ ਵਿਖਾਈਆਂ ਗਈਆਂ। ਪਹਿਲੀ ਫ਼ਿਲਮ ਵਿਚ ਸਿਰਫ਼ ਕੁਦਰਤੀ ਵਧੀਆ ਥਾਵਾਂ ਦਿਖਾਈਆਂ ਗਈਆਂ। ਦੂਜੀ ਬਹੁਤ ਹਾਸੇ ਵਾਲੀ ਸੀ। ਤੀਜੀ ਜੰਗ ਸੰਬੰਧੀ ਵਲੰੂਧਰ ਦੇਣ ਵਾਲੀ ਸੀ। ਚੌਥੀ ਫ਼ਿਲਮ ਡਰਾਉਣ ਵਾਲੀ ਸੀ। ਹਰ ਫ਼ਿਲਮ ਵਿਖਾਉਣ ਤੋਂ 90 ਮਿੰਟ ਪਹਿਲਾਂ ਪਿਸ਼ਾਬ ਵਿਚਲੇ ਹਾਰਮੋਨਾਂ ਦਾ ਟੈਸਟ ਕੀਤਾ ਗਿਆ। ਫਿਰ ਫ਼ਿਲਮ ਵਿਖਾਉਣ ਤੋਂ 90 ਮਿੰਟ ਬਾਅਦ ਦਾ ਵੀ ਟੈਸਟ ਕੀਤਾ ਗਿਆ। ਕੁਦਰਤੀ ਖ਼ੂਬਸੂਰਤੀ ਵਾਲੀ ਫ਼ਿਲਮ ਵੇਖਣ ਬਾਅਦ ਪਿਸ਼ਾਬ ਵਿਚਲੇ ਐਪੀਨੈਫਰੀਨ ਹਾਰਮੋਨ ਘਟੇ ਹੋਏ ਲੱਭੇ। ਜੰਗ ਵਾਲੀ ਫ਼ਿਲਮ ਬਾਅਦ ਵਧੇ ਹੋਏ ਲੱਭੇ। ਡਰਾਵਨੀ ਫ਼ਿਲਮ ਬਾਅਦ ਕੁੱਝ ਹੋਰ ਵਧੇ ਹੋਏ ਸਨ ਪਰ ਕਮਾਲ ਇਹ ਸੀ ਕਿ ਹਾਸੇ ਵਾਲੀ ਫ਼ਿਲਮ ਬਾਅਦ ਵੀ ਹਾਰਮੋਨ ਕਾਫ਼ੀ ਵਧੇ ਹੋਏ ਮਿਲੇ।

ਇਹ ਸਾਰੀਆਂ ਔਰਤਾਂ ਬਿਲਕੁਲ ਨਾਰਮਲ ਸਨ ਤੇ ਕਿਸੇ ਨੂੰ ਵੀ ਕੋਈ ਬੀਮਾਰੀ ਨਹੀਂ ਸੀ। ਇਸ ਖੋਜ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਕਿਸੇ ਵੀ ਤਰਾਂ ਦੇ ਜਜ਼ਬਾਤ ਹਾਰਮੋਨ ਵਧਾ ਦਿੰਦੇ ਹਨ। ਇਸ ਖੋਜ ਉੱਤੇ ਬਹੁਤ ਕਿੰਤੂ ਪਰੰਤੂ ਹੋਏ ਕਿਉਂਕਿ ਸਿਰਫ਼ ਔਰਤਾਂ ਸ਼ਾਮਲ ਕੀਤੀਆਂ ਗਈਆਂ ਸਨ ਤੇ ਗਿਣਤੀ ਵੀ ਬਹੁਤ ਘੱਟ ਸੀ। ਇਸੇ ਲਈ ਇੱਕ ਵੱਡੀ ਪੱਧਰ ਉੱਤੇ ਖੋਜ ਸ਼ੁਰੂ ਕੀਤੀ ਗਈ ਜਿਸ ਵਿਚ ਲਹੂ ਵਿਚਲੀ ਹਾਰਮੋਨਾਂ ਦੀ ਮਾਤਰਾ ਮਾਪੀ ਗਈ। ਇਨਾਂ ਹਜ਼ਾਰਾਂ ਲੋਕਾਂ ਦੇ ਇਸੇ ਹੀ ਤਰਾਂ ਚਾਰੋ ਕਿਸਮਾਂ ਦੀਆਂ ਫ਼ਿਲਮਾਂ ਵਿਖਾਉਣ ਤੋਂ ਪਹਿਲਾਂ, ਉਸ ਦੌਰਾਨ ਅਤੇ ਬਾਅਦ ਵਿਚ ਤਣਾਓ ਦੇ ਹਾਰਮੋਨ ਮਾਪਣ ਲਈ ਲਹੂ ਦੇ ਸੈਂਪਲ ਲਏ। ਇਸ ਵਿਚ ਕੌਰਟੀਸੋਲ, ਗਰੋਥ ਹਾਰਮੋਨ, ਡੋਪਾਮੀਨ, ਪ੍ਰੋਲੈਕਟਿਨ, ਐਪੀਨੈਫਰੀਨ, ਨੋਰ ਐਪੀਨੈਫਰੀਨ ਆਦਿ ਮਾਪੇ ਗਏ। ਇਸ ਵੱਡੀ ਖੋਜ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਸਨ, ਰਾਹੀਂ ਪਤਾ ਲੱਗਿਆ ਕਿ ਹਾਸੇ ਵਾਲੀ ਫ਼ਿਲਮ ਵੇਖਣ ਬਾਅਦ ਤਣਾਓ ਦੇ ਸਾਰੇ ਹਾਰਮੋਨ ਘੱਟ ਚੁੱਕੇ ਸਨ ਅਤੇ ਕਾਫ਼ੀ ਦੇਰ ਘਟੇ ਰਹੇ। ਸਿਰਫ਼ ਹਾਰਮੋਨ ਹੀ ਨਹੀਂ ਘਟੇ ਸਗੋਂ ਇਮਿਊਨ ਸਿਸਟਮ ਵਿਚ ਰਵਾਨੀ ਵੀ ਹੋਈ ਲੱਭੀ। ਇਸ ਖੋਜ ਵਿਚ ਔਰਤਾਂ ਅਤੇ ਪੁਰਸ਼ ਬਰਾਬਰ ਗਿਣਤੀ ਵਿਚ ਸ਼ਾਮਲ ਕੀਤੇ ਗਏ ਸਨ। ਬਾਕੀ ਫ਼ਿਲਮਾਂ ਵੇਖਣ ਬਾਅਦ ਹਾਰਮੋਨ ਘਟੇ ਹੋਏ ਨਹੀਂ ਲੱਭੇ।

ਇੱਕ ਹੋਰ ਵੱਡੀ ਖੋਜ ਰਾਹੀਂ ਸਪਸ਼ਟ ਕੀਤਾ ਗਿਆ ਕਿ ਖੁੱਲ ਕੇ ਹੱਸਣ ਨਾਲ ਪੱਠਿਆਂ ਦੀ ਵਧੀਆ ਕਸਰਤ ਹੋ ਜਾਂਦੀ ਹੈ ਜਿਸ ਨਾਲ ਦਿਲ ਦੀ ਧੜਕਨ ਵਧ ਜਾਂਦੀ ਹੈ, ਸਾਹ ਤੇਜ਼ ਅਤੇ ਢੂੰਘਾ ਹੋ ਜਾਂਦਾ ਹੈ ਅਤੇ ਸਰੀਰ ਅੰਦਰ ਵੱਧ ਆਕਸੀਜਨ ਖਿੱਚੀ ਜਾਂਦੀ ਹੈ। ਕੁੱਝ ਚਿਰ ਬਾਅਦ ਸਰੀਰ ਦੇ ਪੱਠੇ ਢਿੱਲੇ ਪੈ ਜਾਂਦੇ ਹਨ ਅਤੇ ਤਣਾਓ ਦੇ ਹਾਰਮੋਨ ਬਾਹਰ ਨਿਕਲ ਜਾਣ ਨਾਲ ਦਿਲ ਦੀ ਧੜਕਨ ਝੱਟ ਨਾਰਮਲ ਹੋ ਜਾਂਦੀ ਹੈ, ਸਾਹ ਵੀ ਨਾਰਮਲ ਹੋ ਜਾਂਦਾ ਹੈ ਅਤੇ ਬਲੱਡ ਪ੍ਰੈੱਸ਼ਰ ਵੀ ਠੀਕ ਹੋ ਜਾਂਦਾ ਹੈ। ਸਭ ਤੋਂ ਕਮਾਲ ਦੀ ਗੱਲ ਇਹ ਦਿਸੀ ਕਿ ਬੀਮਾਰੀਆਂ ਨਾਲ ਲੜਨ ਵਾਲਾ ਇਮਿਊਨ ਸਿਸਟਮ ਕਾਫ਼ੀ ਦੇਰ ਤੱਕ ਰਵਾਂ ਰਹਿਣ ਅਤੇ ਇਮਿਊਨਿਟੀ ਵਧਾਉਣ ਵਿਚ ਰੁੱਝਿਆ ਰਿਹਾ ਲੱਭਿਆ। ਇਹ ਖੋਜ ਇੰਡਿਆਨਾ ਸਟੇਟ ਯੂਨੀਵਰਸਿਟੀ ਵਿਖੇ ਕੀਤੀ ਗਈ ਸੀ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਛਾਪੀ ਗਈ। ਇਸ ਖੋਜ ਦੇ ਅੰਤ ਵਿਚ ਇਹ ਨੁਕਤਾ ਲਿਖਿਆ ਸੀ ਕਿ ਖੁੱਲ ਕੇ ਹੱਸਣਾ ਹੁਣ ਆਮ ਲੋਕ ਭੁੱਲ ਹੀ ਚੁੱਕੇ ਹਨ ਅਤੇ ਵਾਧੂ ਤਣਾਓ ਹੇਠ ਬੀਮਾਰੀਆਂ ਸਹੇੜ ਰਹੇ ਹਨ। ਰੋਜ਼ ਹੱਸਣ ਨਾਲ ਜਿੱਥੇ ਤਣਾਓ ਘਟਾਇਆ ਜਾ ਸਕਦਾ ਹੈ, ਉੱਥੇ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਵੀ ਵਧਾਈ ਜਾ ਸਕਦੀ ਹੈ।

ਯੂਰੋਪੀਅਨ ਸੋਸਾਇਟੀ ਔਫ਼ ਕਾਰਡੀਓਲੋਜੀ ਵੱਲੋਂ ਪੈਰਿਸ ਵਿਚ ਕਈ ਖੋਜਾਂ ਦੌਰਾਨ ਜੋ ਤੱਥ ਸਾਹਮਣੇ ਆਏ ਸਨ, ਜਗ ਜ਼ਾਹਿਰ ਕੀਤੇ ਗਏ। ਇਹ ਸਨ :-
1. ਹੱਸਣ ਨਾਲ ਸਕਾਰਾਤਮਕ ਊਰਜਾ ਉਪਜਦੀ ਹੈ ਜੋ ਸੋਚ ਵੀ ਸਾਰਥਕ ਕਰ ਦਿੰਦੀ ਹੈ।
2. ਹੱਸਣ ਨਾਲ ਗੁੱਸੇ ਦੇ ਦੌਰੇ ਲਗਭਗ ਨਾ-ਬਰਾਬਰ ਹੋ ਜਾਂਦੇ ਹਨ ਤੇ ਗੁੱਸੇ ਤੋਂ ਉਤਪੰਨ
ਹੁੰਦੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
3. ਕੰਮ ਦੌਰਾਨ ਹੁੰਦਾ ਤਣਾਓ ਵੀ ਹੱਸਣ ਨਾਲ ਘਟਿਆ ਹੋਇਆ ਲੱਭਿਆ।
4. ਹਾਰਟ ਅਟੈਕ ਦਾ ਖ਼ਤਰਾ ਵੀ ਕਾਫ਼ੀ ਘੱਟ ਹੋ ਜਾਂਦਾ ਹੈ।
ਜਿਸ ਪ੍ਰੈਸ ਕਾਨਫਰੰਸ ਦੌਰਾਨ ਇਨਾਂ ਖੋਜਾਂ ਦਾ ਡਾਕਟਰਾਂ ਨੇ ਖੁਲਾਸਾ ਕੀਤਾ, ਉਸ ਦਾ ਸਿਰਲੇਖ ‘‘ਡੌਂਟ ਵਰੀ, ਬੀ ਹੈਪੀ’’ (ਫ਼ਿਕਰ ਛੱਡੋ, ਖ਼ੁਸ਼ ਰਹੋ) ਰੱਖਿਆ ਸੀ।ਬਾਲਟੀਮੋਰ ਦੇ ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸਕੂਲ ਦੇ ਡਾ. ਮਾਈਕਲ ਮਿੱਲਰ ਨੇ ਹੱਸਣ ਦੀ ਕਿਰਿਆ ਨਾਲ ਲਹੂ ਦੀਆਂ ਨਾੜੀਆਂ ਦੀ ਅੰਦਰਲੀ ਪਰਤ (ਐਂਡੋਥੀਲੀਅਮ) ਦਾ ਨਿਰੀਖਣ ਕਰਨ ਬਾਅਦ ਦੱਸਿਆ ਕਿ ਹੱਸਣ ਨਾਲ ਇਸ ਪਰਤ ਦੀ ਟੁੱਟ ਫੁੱਟ ਘੱਟ ਹੁੰਦੀ ਹੈ ਜੋ ਦਿਲ ਸਿਹਤਮੰਦ ਰੱਖਣ ਵਿਚ ਸਹਾਈ ਹੁੰਦੀ ਹੈ। ਡਾ. ਮਾਈਕਲ ਨੇ ਦੱਸਿਆ ਕਿ ਮੌਜੂਦਾ ਖੋਜ ਤੋਂ ਪਹਿਲਾਂ ਕਸਰਤ ਅਤੇ ਸੰਤੁਲਿਤ ਖ਼ੁਰਾਕ ਹੀ ਦਿਲ ਵਾਸਤੇ ਵਧੀਆ ਮੰਨੇ ਗਏ ਸਨ ਪਰ ਹੁਣ ਹਾਸੇ ਦਾ ਦਿਲ ਉੱਤੇ ਅਸਰ ਵੇਖ ਕੇ ਹਰ ਕਿਸੇ ਨੂੰ ਖੁੱਲ ਕੇ ਹੱਸਣ ਲਈ ਵੀ ਪਰਚੀ ਉੱਤੇ ਦਵਾਈ ਵਾਂਗ ਲਿਖ ਕੇ ਦੇਣਾ ਪਵੇਗਾ। ਨਕਲੀ ਹਾਸਾ ਵਧੀਆ ਅਸਰ ਨਹੀਂ ਵਿਖਾਉਂਦਾ ਬਲਕਿ ਖਿੜਖਿੜਾ ਕੇ ਹੱਸਣ ਨਾਲ ਹੀ ਵਧੀਆ ਅਸਰ ਦਿਸਦੇ ਹਨ। ਅੱਜ ਕੱਲ ਦੇ ਮਾਹੌਲ ਵਿਚ ਮੁਸਕੁਰਾਹਟ ਤੱਕ ਹੀ ਲੋਕ ਸੀਮਤ ਹੋ ਕੇ ਰਹਿ ਗਏ ਹਨ ਜਦਕਿ ਖਿੜਖਿੜਾ ਕੇ ਹੱਸਣ ਵਾਲੇ ਨੂੰ ਉਜੱਡ ਕਿਹਾ ਜਾਣ ਲੱਗ ਪਿਆ ਹੈ।

ਡਾ. ਮਿੱਲਰ ਨੇ ਮੀਡੀਆ ਸਾਹਮਣੇ ਆਪਣੀ ਖੋਜ ਦੀਆਂ ਬਰੀਕੀਆਂ ਰੱਖੀਆਂ ਅਤੇ ਸਮਝਾਇਆ ਕਿ ਕਿਵੇਂ ਹਾਸੇ ਵਾਲੀਆਂ ਫ਼ਿਲਮਾਂ ਜਾਂ ਛੋਟੇ ਪ੍ਰੋਗਰਾਮ ਦੌਰਾਨ ਸਰੀਰ ਅੰਦਰ ਖਿੜਖਿੜਾ ਕੇ ਹੱਸਣ ਨਾਲ ਲਹੂ ਦੀਆਂ ਨਾੜੀਆਂ ਵੀ ਸਿਹਤਮੰਦ ਹੋ ਜਾਂਦੀਆਂ ਹਨ। ਦਿਲ ਨੂੰ ਵਲੰੂਧਰ ਦੇਣ ਵਾਲੇ ਹਾਦਸੇ ਜਾਂ ਫ਼ਿਲਮਾਂ ਵੇਖਣ ਨਾਲ ਲਹੂ ਦੀਆਂ ਨਾੜੀਆਂ 30 ਤੋਂ 50 ਫੀਸਦੀ ਤੱਕ ਸੁੰਗੜੀਆਂ ਹੋਈਆਂ ਲੱਭੀਆਂ। ਇਸ ਦੇ ਉਲਟ, ਖਿੜਖਿੜਾ ਕੇ ਹੱਸਣ ਬਾਅਦ ਨਸਾਂ ਪੂਰੀ ਤਰਾਂ ਖੁੱਲ ਗਈਆਂ।

ਕਮਾਲ ਤਾਂ ਇਹ ਵੇਖਿਆ ਗਿਆ ਕਿ ਰੋਣ ਤੋਂ ਬਾਅਦ ਜਦੋਂ ਉਨਾਂ ਸਾਰਿਆਂ ਨੂੰ ਖੁੱਲ ਕੇ ਹਸਾਇਆ ਗਿਆ ਤਾਂ ਸੁੰਗੜੀਆਂ ਹੋਈਆਂ ਨਾੜੀਆਂ ਝੱਟ ਫੈਲ ਗਈਆਂ। ਡਾ. ਮਿੱਲਰ ਨੇ ਇਹ ਵੀ ਸਪਸ਼ਟ ਕੀਤਾ ਕਿ ਸੁੰਗੜੀਆਂ ਹੋਈਆਂ ਨਾੜੀਆਂ ਅੰਦਰ ਲਗਭਗ ਇੱਕ ਘੰਟੇ ਤੱਕ ਲਹੂ ਦਾ ਵਹਾਓ ਘਟਿਆ ਰਹਿੰਦਾ ਹੈ। ਯਾਨੀ ਰੋਣ ਨਾਲ ਜਾਂ ਤਣਾਓ ਨਾਲ ਹਾਰਟ ਅਟੈਕ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਦੂਜੇ ਪਾਸੇ ਖਿੜਖਿੜਾ ਕੇ ਹੱਸਣ ਨਾਲ ਖੁੱਲੀਆਂ ਨਾੜੀਆਂ 24 ਘੰਟਿਆਂ ਤੱਕ ਵੀ ਬਥੇਰਿਆਂ ਵਿਚ ਖੁੱਲੀਆਂ ਹੋਈਆਂ ਹੀ ਲੱਭੀਆਂ। ਇਹ ਅਸਰ ਸਟੈਟਿਨ ਦਵਾਈਆਂ ਜਾਂ ਤਗੜੀ ਕਸਰਤ ਜਿੰਨਾ ਹੀ ਵਧੀਆ ਲੱਭਿਆ। ਫ਼ਰਕ ਸਿਰਫ਼ ਏਨਾ ਸੀ ਕਿ ਕਸਰਤ ਪੂਰੀ ਇੱਕ ਘੰਟੇ ਦੀ ਕੀਤੀ ਗਈ ਸੀ ਤੇ ਹੱਸਿਆ ਸਿਰਫ਼ 10 ਤੋਂ 15 ਮਿੰਟ ਹੀ ਗਿਆ ਸੀ। ਅਸਰ ਇੱਕੋ ਜਿੰਨਾ ਵਧੀਆ ਸੀ।

ਫਿਨਲੈਂਡ ਦੀ ਯੂਨੀਵਰਸਿਟੀ ਦੇ ਡਾ. ਟੀਅ ਲਾਲੂਕਾ ਨੇ ਇੱਕ ਵੱਖ ਖੋਜ ਰਾਹੀਂ ਸਪਸ਼ਟ ਕੀਤਾ ਸੀ ਕਿ ਹਰ ਰੋਜ਼ ਤਿੰਨ ਘੰਟੇ ਓਵਰਟਾਈਮ ਕੰਮ ਕਰਨ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖ਼ਤਰਾ ਚਾਰ ਗੁਣਾ ਵੱਧ ਹੋ ਜਾਂਦਾ ਹੈ। ਇਟਲੀ ਦੇ ਪੀਸਾ ਦੇ ਇੰਸਟੀਚਿਊਟ ਔਫ਼ ਕਲਿਨੀਕਲ ਫ਼ਿਜ਼ਿਓਲੋਜੀ ਦੇ ਡਾ. ਫਰੈਂਕੋ ਬੋਨਾਗਾਈਡੀ ਨੇ 228 ਉਨਾਂ ਲੋਕਾਂ ਉੱਤੇ ਖੋਜ ਕੀਤੀ ਜਿਨਾਂ ਨੂੰ ਓਵਰਟਾਈਮ ਸਦਕਾ ਹਾਰਟ ਅਟੈਕ ਹੋ ਚੁੱਕਿਆ ਸੀ। ਇਨਾਂ ਮਰੀਜ਼ਾਂ ਦਾ 10 ਸਾਲ ਲਗਾਤਾਰ ਖੋਜ ਅਧੀਨ ਚੈਕਅੱਪ ਕੀਤਾ ਜਾਂਦਾ ਰਿਹਾ। ਇਨਾਂ ਵਿੱਚੋਂ ਜਿਹੜੇ ਹਰ ਰੋਜ਼ ਕੁੱਝ ਚਿਰ ਰੱਜ ਕੇ ਹੱਸਦੇ ਰਹਿੰਦੇ ਸਨ, ਉਨਾਂ ਵਿੱਚੋਂ 78.5 ਫੀਸਦੀ ਲੋਕਾਂ ਨੂੰ ਦੁਬਾਰਾ ਦਿਲ ਦੇ ਰੋਗ ਨਹੀਂ ਹੋਏ, ਜਦਕਿ ਘਬਰਾਹਟ ਵਿਚ ਰਹਿੰਦੇ ਲੋਕਾਂ ਵਿੱਚੋਂ 57.4 ਫੀਸਦੀ ਨੂੰ ਜਾਂ ਤਾਂ ਦੁਬਾਰਾ ਹਾਰਟ ਅਟੈਕ ਹੋ ਗਿਆ ਜਾਂ ਲਗਾਤਾਰ ਛਾਤੀ ਵਿਚ ਪੀੜ ਹੁੰਦੀ ਰਹੀ ਜਾਂ ਅਪਰੇਸ਼ਨ ਕਰਵਾਉਣ ਦੀ ਨੌਬਤ ਵੀ ਆਈ।

ਡਾ. ਫਰੈਂਕੋ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਲੋੜੋਂ ਵੱਧ ਖਾਣ ਤੇ ਕਸਰਤ ਨਾ ਕਰਨ ਦੇ ਜਿੰਨੇ ਮਾੜੇ ਅਸਰ ਕੁੱਝ ਸਾਲਾਂ ਬਾਅਦ ਦਿਸਣੇ ਹੁੰਦੇ ਹਨ, ਓਨੇ ਮਾੜੇ ਅਸਰ ਤਣਾਓ ਨਾਲ ਕੁੱਝ ਘੰਟਿਆਂ ਜਾਂ ਦਿਨਾਂ ਵਿਚ ਦਿਸ ਪੈਂਦੇ ਹਨ। ਇਨਾਂ ਮਾੜੇ ਅਸਰਾਂ ਤੋਂ ਬਚਣ ਲਈ ਖਿੜਖਿੜਾ ਕੇ ਕੁੱਝ ਮਿੰਟ ਰੋਜ਼ ਹੱਸਣ ਦੀ ਲੋੜ ਹੁੰਦੀ ਹੈ। ਆਸਟ੍ਰੇਲੀਆ ਦੇ ਰੋਇਲ ਮੈਲਬੋਰਨ ਹਸਪਤਾਲ ਦੇ ਡਾ. ਬਾਰਬਰਾ ਮਰਫ਼ੀ ਨੇ ਅਸਟ੍ਰੇਲੀਆ ਵਿਚ ‘‘ਬੀਟਿੰਗ ਹਾਰਟ ਪ੍ਰਾਬਲਮ’’ ਪ੍ਰੋਗਰਾਮ ਅਧੀਨ ਲੋਕਾਂ ਦੇ ਅੱਠ ਸੈਸ਼ਨ ਤਿਆਰ ਕੀਤੇ ਜਿਸ ਤਹਿਤ ਦਿਲ ਦੇ ਰੋਗਾਂ (ਹਾਰਟ ਅਟੈਕ ਅਤੇ ਦਿਲ ਦੀ ਹੋ ਚੁੱਕੀ ਸਰਜਰੀ ਵਾਲੇ) ਦੇ ਮਰੀਜ਼ਾਂ ਨੂੰ ਢਹਿੰਦੀ ਕਲਾ ਅਤੇ ਤਣਾਓ ਤੋਂ ਬਾਹਰ ਕੱਢਣ ਲਈ ਰੋਜ਼ ਕੁੱਝ ਮਿੰਟ ਖਿੜਖਿੜਾ ਕੇ ਹੱਸਣਾ ਸਿਖਾਇਆ। ਕੁੱਲ ਚਾਰ ਮਹੀਨਿਆਂ ਬਾਅਦ ਹੀ ਉਨਾਂ ਮਰੀਜ਼ਾਂ ਦੀ ਢਹਿੰਦੀ ਕਲਾ ਬਿਲਕੁਲ ਠੀਕ ਹੋ ਗਈ; ਬੌਧਿਕ ਵਿਕਾਸ ਹੋਇਆ ਲੱਭਿਆ; ਯਾਦਾਸ਼ਤ ਦਰੁਸਤ ਹੋਈ; ਢਿੱਡ ਦੁਆਲਿਓਂ ਮੋਟਾਪਾ ਘਟਿਆ ਹੋਇਆ ਲੱਭਿਆ; ਰੋਜ਼ ਦੀ ਸੈਰ ਦਾ ਰੂਟੀਨ ਬੱਝ ਗਿਆ ਅਤੇ ਕੋਲੈਸਟਰੋਲ ਵੀ ਕਾਬੂ ਵਿਚ ਹੋ ਗਿਆ।

ਇੱਕ ਸਾਲ ਬਾਅਦ ਜਦੋਂ ਇਹ ਮਰੀਜ਼ ਦੁਬਾਰਾ ਚੈੱਕਅੱਪ ਕਰਨ ਲਈ ਸੱਦੇ ਗਏ ਤਾਂ ਲਗਭਗ ਸਾਰਿਆਂ ਦੀ ਹੀ ਸਿਹਤ ਪਹਿਲਾਂ ਨਾਲੋਂ ਬਹੁਤ ਬਿਹਤਰ ਹੋਈ ਲੱਭੀ। ਇਨਾਂ ਸਾਰੀਆਂ ਖੋਜਾਂ ਤੋਂ ਬਾਅਦ ਹੁਣ ਇੱਕ ਗੱਲ ਸਪਸ਼ਟ ਰੂਪ ਵਿਚ ਸਾਹਮਣੇ ਆ ਚੁੱਕੀ ਹੈ ਕਿ ਤਣਾਓ ਸਾਡੀ ਜ਼ਿੰਦਗੀ ਛੋਟੀ ਕਰ ਰਿਹਾ ਹੈ। ਕੰਮ ਕਾਰ ਦੇ ਰੁਝੇਵਿਆਂ ਵਿਚ ਸਾਡਾ ਹਾਸਾ ਗੁਆਚ ਚੁੱਕਿਆ ਹੈ। ਇਸੇ ਲਈ ਦੁਨੀਆ ਦੇ ਚੋਟੀ ਦੇ ਡਾਕਟਰਾਂ ਨੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼ ਦੁਨੀਆ ਦੇ ਸਾਹਮਣੇ ਰੱਖ ਦਿੱਤਾ ਹੈ ਅਤੇ ਉਹ ਹੈ-ਰੋਜ਼ 10 ਤੋਂ 15 ਮਿੰਟ ਖਿੜਖਿੜਾ ਕੇ ਹੱਸਣਾ!
ਫਿਰ ਦੇਰ ਕਾਹਦੀ? ਝਟਪਟ ਸ਼ੀਸ਼ੇ ਸਾਹਮਣੇ ਖੜੇ ਹੋਵੋ ਤੇ ਆਪਣੇ ਖ਼ੂਬਸੂਰਤ ਚਿਹਰੇ ਨੂੰ ਨਿਹਾਰ ਕੇ ਪਿਆਰੀ ਜਿਹੀ ਮੁਸਕਾਨ ਬਿਖੇਰੋ ਅਤੇ ਹੋ ਜਾਓ ਖਿੜਖਿੜਾ ਕੇ ਹੱਸਣਾ ਸ਼ੁਰੂ! ਵੇਖੋ ਕਿੰਨੀ ਪਿਆਰੀ ਜ਼ਿੰਦਗੀ ਤੁਹਾਡੀ ਉਡੀਕ ਕਰਦੀ ਲੱਭੇਗੀ!

ਸਾਰ :-
ਖੋਜ ਇੱਕ ਨਿਰੰਤਰ ਵੱਗਦਾ ਦਰਿਆ ਹੁੰਦਾ ਹੈ। ਹੁਣ ਤੱਕ ਦੀਆਂ ਖੋਜਾਂ ਨੇ ਖਿੜਖਿੜਾ ਕੇ ਹੱਸਣ ਨੂੰ ਬਿਹਤਰੀਨ ਦਵਾਈ ਵਜੋਂ ਸਾਬਤ ਕਰ ਦਿੱਤਾ ਹੈ। ਅਜੇ ਹੋਰ ਖੋਜਾਂ ਜਾਰੀ ਹਨ। ਵੇਖੀਏ ਹੋਰ ਕਿਹੜੇ ਨਵੇਂ ਤੱਥ ਸਾਹਮਣੇ ਆਉਂਦੇ ਹਨ।

ਡਾ. ਹਰਸ਼ਿੰਦਰ ਕੌਰ, ਐੱਮ.ਡੀ,
28, ਪ੍ਰੀਤ ਨਗਰ,ਲੋਅਰ ਮਾਲ,
ਪਟਿਆਲਾ 0175-2216783

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button