EDITORIAL

ਹਿੰਦੂ ਫਿਰ ਘਰ ਛੱਡਣ ਲਈ ਹੋਏ ਮਜਬੂਰ

ਸਿਖਾਂ 'ਤੇ ਵੀ ਹੋਣ ਲੱਗੇ ਹਮਲੇ

ਅਮਰਜੀਤ ਸਿੰਘ ਵੜੈਚ

(94178-01988)

ਪੰਜਾਬ ਦੇ ਗੁਆਂਢੀ ਸੂਬੇ ਜੰਮੂ-ਕਸ਼ਮੀਰ ਵਿੱਚ 27 ਸਾਲਾਂ ਦੀ ਹਿਜਰਤ ਮਗਰੋਂ ਘਰ ਪਹੁੰਚੀ ਇੱਕ ਅਧਿਆਪਕਾ, ਰਜਨੀ ਬਾਲਾ, ਦੇ ਕਤਲ ਮਗਰੋਂ ਰਾਜ ਦੇ ਹਿੰਦੂ ਪਰਿਵਾਰ ਫਿਰ ਹਿਜਰਤ ਕਰਨ ਲਈ ਮਜਬੂਰ ਹੋ ਗਏ ਹਨ ; ਹਿੰਦੂ ਨਾਗਰਿਕਾਂ ਨੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਜਾਂ ਤਾਂ ਉਨ੍ਹਾਂ ਨੁੰ ਸੁਰੱਖਿਆ ਦਿੱਤੀ ਜਾਵੇ ਨਹੀਂ ਤਾਂ ਉਹ ਸਮੂਹਿਕ ਤੌਰ ‘ਤੇ ਘਰ ਛੱਡ ਜਾਣਗੇ । ਰਾਜ ਵਿੱਚ ਹਿੰਦੂਆਂ ਦੇ ਅੱਤਵਾਦੀਆਂ ਵੱਲੋਂ ਕੀਤੇ ਜਾ ਰਹੇ ਕਤਲਾਂ ਕਾਰਨ ਹਿੰਦੂ ਨਾਗਰਿਕ ਬੜੇ ਵੱਡੇ ਖ਼ੌਫ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। 1990 ‘ਚ ਇੱਕ ਲੱਖ ਤੋਂ ਵੱਧ ਹਿੰਦੂ ਪਰਿਵਾਰ, ਪਾਕਿਸਤਾਨ ਵੱਲੋਂ ਭੇਜੇ ਜਾਂਦੇ ਅੱਤਵਾਦੀਆਂ ਵੱਲੋਂ ਫੈਲਾਈ ਦਹਿਸ਼ਤ ਕਾਰਨ ਬਣੇ-ਬਣਾਏ ਘਰ ਅਤੇ ਕਾਰੋਬਾਰ ਛੱਡ ਕਿ ਜੰਮੂ ਅਤੇ ਦਿੱਲੀ ‘ਚ ਬਣਾਏ ਸਰਕਾਰੀ ਕੈਂਪਾਂ ‘ਚ ਰਹਿਣ ਲਈ ਮਜਬੂਰ ਹੋ ਗਏ ਸਨ।

ਤੀਹ ਸਾਲਾਂ ਮਗਰੋਂ ਫਿਰ ਸਿੱਖ ਹਿੰਦੂ, ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਪਿਛਲੇ ਵਰ੍ਹੇ ਸ੍ਰੀਨਗਰ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਇੱਕ ਅਧਿਆਪਕ ਦੀਪਕ ਚੰਦ ਦੀ ਖਾਸ ਪਹਿਚਾਣ ਕਰ ਕੇ ਉਨ੍ਹਾਂ ਦਾ ਸਕੂਲ ਵਿੱਚ ਹੀ ਕਤਲ ਕਰ ਦਿੱਤਾ ਗਿਆ ਸੀ । ਇਸ ਤਰ੍ਹਾਂ ਦੀਆਂ ਘਟਨਾਵਾਂ ਵੱਧਣ ਲੱਗੀਆਂ ਹਨ । ਉਧਰ ਇਨ੍ਹਾਂ ਦਿਨਾਂ ‘ਚ ਸਰਹੱਦ ‘ਤੇ ਵੀ ਕਈ ਜਵਾਨ ਸ਼ਹੀਦ ਹੋ ਚੁੱਕੇ ਹਨ । ਪੰਜ ਅਗਸਤ 2019 ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਵਿਸ਼ੇਸ਼ ਅਧਿਕਾਰਾਂ ਵਾਲੀ ਧਾਰਾ 370 ਖਤਮ ਕਰ ਦਿੱਤੀ ਸੀ ਅਤੇ ਇਸ ਦੇ ਦੋ, ਕੇਂਦਰ ਸਾਸ਼ਿਤ ਸੂਬੇ, ਜੰਮੂ-ਕਸ਼ਮੀਰ ਅਤੇ ਲਦਾਖ ਬਣਾਕੇ ਇਸ ਨੂੰ ਸਿੱਧਾ ਭਾਰਤੀ ਸੰਵਿਧਾਨ ਦੇ ਅਧੀਨ ਕਰ ਲਿਆ ਸੀ । ਉਸ ਵਕਤ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਤਰ੍ਹਾਂ ਲੰਮੇ ਸਮੇਂ ਤੋਂ ਰਾਜ ਵਿੱਚ ਚੱਲ ਰਹੀ ਹਿੰਸਾ ਸਮਾਪਤ ਹੋ ਜਾਵੇਗੀ ।

ਧਾਰਾ 370 ਖਤਮ ਕਰਨ ਮਗਰੋਂ ਰਾਜ ਵਿੱਚ ਇੱਕ ਸਾਲ ਤੱਕ ਬੜੀਆਂ ਸਖ਼ਤ ਪਾਬੰਦੀਆਂ ਰਹੀਆਂ । 2019 ਤੋਂ ਹੁਣ ਤੱਕ ਹਿੰਸਕ ਘਟਨਾਵਾਂ ਵਿੱਚ ਜ਼ਰੂਰ ਕਮੀ ਆਈ ਸੀ ਪਰ ਹੁਣ ਫਿਰ ਅੱਤਵਾਦੀਆਂ ਨੇ ਨਵੀਂ ਨੀਤੀ ਬਣਾਕੇ ਇਕੱਲੇ-ਇਕੱਲੇ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿਤਾ ਹੈ । ਜੰਮੂ-ਕਸ਼ਮੀਰ ‘ਚ ਜਦੋਂ 20 ਮਾਰਚ, 2000 ਨੂੰ ਅਨੰਤਨਾਗ ਜ਼ਿਲ੍ਹੇ, ਦੇ ਪਿੰਡ ਛੱਤੀ ਸਿੰਘਪੁਰਾ ਦੇ 35 ਸਿੱਖਾਂ ਨੂੰ ‘ਫੌਜੀ’ ਵਰਦੀ ਵਿੱਚ ਆਏ ਅੱਤਵਾਦੀਆਂ ਨੇ ਲਾਇਨ ਵਿੱਚ ਖੜੇ ਕਰਕੇ ਭੁੰਨ ਦਿੱਾ ਸੀ ਤਾਂ ਪੂਰਾ ਦੇਸ਼ ਸੁੰਨ ਹੋ ਗਿਆ ਸੀ। ਇਹ ਲੋਕ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਕੇ ਹੋਲਾ-ਮਹੱਲਾ ਮਨਾ ਰਹੇ ਸਨ; ਜੰਮੂ-ਕਸ਼ਮੀਰ ਵਿੱਚ ਇਸ ਤਰ੍ਹਾਂ ਦੀ ਭਿਆਨਕ, ਇਹ ਪਹਿਲੀ ਘਟਨਾ ਸੀ, ਭਾਵੇਂ ਅੱਤਵਾਦੀ ਅਕਸਰ ਹਿੰਦੂ ਪਰਿਵਾਰਾਂ ਅਤੇ ਪੁਲਿਸ ਦੇ ਮੁਖ਼ਬਰਾਂ (ਮੁਸਲਮਾਨਾਂ ਸਮੇਤ ਹਰ ਧਰਮ) ਨੂੰ ਨਿਸ਼ਾਨਾ ਬਣਾ ਰਹੇ ਸਨ।

ਸਰਕਾਰੀ ਅੰਕੜਿਆਂ ਅਨੁਸਾਰ ਜੰਮੂ-ਕਸ਼ਮੀਰ ਵਿੱਚ 1990 ਤੋਂ 2017 ਤੱਕ ਤਕਰੀਬਨ 70 ਹਜ਼ਾਰ ਅੱਤਵਾਦੀ ਘਟਨਾਵਾਂ ‘ਚ 41 ਹਜ਼ਾਰ ਆਮ ਨਾਗਰਿਕ, ਸੁਰੱਖਿਆ ਕਰਮੀ ਅਤੇ ਅੱਤਵਾਦੀ ਮਾਰੇ ਗਏ ਸਨ । ਭਾਰਤ ਨੇ 1947 ਤੋਂ ਹੀ ਜੰਮੂ-ਕਸ਼ਮੀਰ ਦੇ ਰਾਜੇ ਹਰੀ ਸਿੰਘ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਜੰਮੂ-ਕਸ਼ਮੀਰ ਭਾਰਤ ਵਿੱਚ ਰਲ ਜਾਵੇਗਾਂ ਤਾਂ ਉਸ ਰਾਜ ਨੂੰ ਵਧੇਰੇ ਅਧਿਕਾਰ ਦਿੱਤੇ ਜਾਣਗੇ । ਉਸ ਵਾਅਦੇ ਤਹਿਤ ਹੀ 1954 ‘ਚ ਧਾਰਾ 370 ਲਾਗੂ ਕੀਤੀ ਗਈ । ਜੰਮੂ-ਕਸ਼ਮੀਰ 1947 ਤੋਂ ਹੀ ਪਾਕਿਸਤਾਨ ਅਤੇ ਭਾਰਤ ਦਰਮਿਆਨ ਝਗੜੇ ਦੀ ਜੜ੍ਹ ਰਿਹਾ ਹੈ । ਆਜ਼ਾਦੀ ਮਗਰੋਂ 20 ਅਕਤੂਬਰ 1947 ਨੂੰ ਹੀ ਪਾਕਿਸਤਾਨ ਦੀ ਫੌਜ ਨੇ ਕਬਾਇਲੀ ਰੂਪ ਧਾਰ ਕੇ ਜੰਮੂ-ਕਸ਼ਮੀਰ ‘ਤੇ ਹਮਲਾ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਸੰਯੁਕਤ ਰਾਸ਼ਟਰ ਦੇ ਦਖ਼ਲ ਮਗਰੋਂ ‘ਸਟੇਟਸ-ਕੋ’ ਬਣਾ ਕੇ ਦੋਹਾਂ ਮੁਲਕਾਂ ਲਈ ਐੱਲ.ਓ.ਸੀ. (LOC- Line of Control) ਨਿਧਾਰਤ ਕਰ ਦਿੱਤੀ ਸੀ ਜਿਸ ਨੂੰ ਰੈੱਡ ਕਲਿਫ ਲਾਇਨ (Red CliFF Line) ਵੀ ਕਿਹਾ ਜਾਂਦਾ ਹੈ।

ਹੁਣ ਜਦੋਂ ਤੋਂ ਭਾਰਤ ਨੇ ਧਾਰਾ 370 ਰੱਦ ਕਰਕੇ ਇਸ ਨੂੰ ਆਪਣਾ ਰਾਜ ਹੀ ਐਲਾਨ ਦਿੱਤਾ ਹੈ ਤਾਂ ਪਾਕਿ ਦੇ ਇਹ ਸਥਿਤੀ ਹਜ਼ਮ ਨਹੀਂ ਹੋ ਰਹੀ ਅਤੇ ਉਸਦਾ ਆਪਣੇ ਦੇਸ਼ ਅਤੇ ਕੌਮਾਂਤਰੀ ਪੱਧਰ ‘ਤੇ ਵੀ ਬਿੰਬ ਖਰਾਬ ਹੋਇਆ ਹੈ । ਦੋਹਾਂ ਦੇਸ਼ਾਂ ਦਰਮਿਆਨ ਇਸ ਸਮੇਂ ਤੱਕ ਤਿੰਨ ਜੰਗਾਂ ਲੜੀਆਂ ਜਾ ਚੁੱਕੀਆਂ ਹਨ ਅਤੇ ਦੋਹੀਂ ਪਾਸੀਂ ਹਜ਼ਾਰਾਂ ਨਿਰਦੋਸ਼ ਨਾਗਰਿਕ ਮਾਰੇ ਗਏ ਹਨ ਅਤੇ ਬਰਬਾਦ ਹੋ ਚੁੱਕੇ ਹਨ । ਵੱਡੀ ਗਿਣਤੀ ‘ਚ ਸਾਡੇ ਫੌਜੀ ਅਤੇ ਨੀਮ-ਫੌਜੀ ਦਲਾਂ ਦੇ ਜਵਾਨ ਅਤੇ ਰਾਜ ਦੀ ਪੁਲਿਸ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ । ਇਹ ਖੂਨ-ਖਰਾਬਾ ਹੁਣ ਰੁੱਕਣਾ ਚਾਹੀਦਾ ਹੈ । ਦੋਹਾਂ ਮੁਲਕਾਂ ਨੂੰ ਇਹ ਰੇੜਕਾ ਹੁਣ ਪੱਕੀ ਤਰ੍ਹਾਂ ਨਿਪਟਾ ਲੈਣਾ ਚਾਹੀਦਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button