EDUCATION ENCLAVE

ਹਾਈ ਕੋਰਟ : ਸਰਕਾਰੀ ਮੁਲਾਜ਼ਮਾਂ ਦੇ ਬੱਚੇ ਸਰਕਾਰੀ ਸਕੂਲਾਂ ‘ਚ ਹੀ ਪੜ੍ਹਨਗੇ                              

ਅਮਰਜੀਤ ਸਿੰਘ ਵੜੈਚ (9417801988)

ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਸਮਾਜ ਨੂੰ ਬਦਲਣ ਲਈ ਵਿੱਦਿਆ ਸਭ ਤੋਂ ਤਾਕਤਵਰ ਹਥਿਆਰ ਹੈ। ਉੱਤਰ ਪ੍ਰਦੇਸ ਦੇ ਹਾਈਕੋਰਟ , ਇਲਾਹਾਬਾਦ ਬੈਂਚ ਦੇ ਜੱਜ ਜਸਟਿਸ ਸੁਧੀਰ ਅਗਰਵਾਲ ਨੇ ਅਗਸਤ 2015 ਵਿੱਚ ਇਕ ਫ਼ੈਸਲਾ ਸੁਣਾਇਆ ਸੀ ਕਿ ਅਗਲੇ ਸੈਸ਼ਨ ਭਾਵ 2016 ਤੋਂ ਰਾਜ ਦੇ ਸਾਰੇ ਸਰਕਾਰੀ ਕਰਮਚਾਰੀਆਂ, ਸਥਾਨਕ ਸਰਕਾਰਾਂ ਦੇ ਕਰਮਚਾਰੀਆਂ, ਲੋਕ ਪ੍ਰਤੀਨਿਧ, ਜੱਜ ਆਦਿ ਜੋ ਉਤਰ ਪ੍ਰਦੇਸ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖਾਹ, ਭੱਤੇ ਅਤੇ ਹੋਰ ਸਹੂਲਤਾਂ ਲੈਂਦੇ ਹਨ ਉਨ੍ਹਾਂ ਸਾਰਿਆਂ ਦੇ ਬੱਚੇ ਸਿਰਫ ਸਰਕਾਰੀ ਸਕੂਲਾਂ ਵਿੱਚ ਹੀ ਦਾਖਲਾ ਲੈ ਸਕਣਗੇ। ਇਹ ਫ਼ੈਸਲਾ ਇੱਕ ਕੇਸ ਦੇ ਸਬੰਧ ਵਿੱਚ ਆਇਆ ਸੀ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਸਰਕਾਰੀ ਸਕੂਲਾਂ ਦੀ ਹਾਲਤ ਮਾੜੀ ਹੋਣ ਕਰਕੇ ਆਮ ਲੋਕਾਂ ਅਤੇ ਗਰੀਬ ਲੋਕਾਂ ਦੇ ਬੱਚੇ ਚੰਗੀ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ।

ਇਸ ਫ਼ੈਸਲੇ ‘ਤੇ ਅਮਲ ਕਰਵਾਉਣ ਲਈ ਅਦਾਲਤ ਨੇ ਉਤਰ ਪ੍ਰਦੇਸ ਦੇ ਚੀਫ਼ ਸੈਕਰੇਟਰੀ ਨੂੰ ਹਦਾਇਤਾਂ ਦਿੱਤੀਆਂ ਸਨ। ਉਸ ਫ਼ੈਸਲੇ ‘ਤੇ ਰਾਜ ਵਿੱਚ ਕਾਫ਼ੀ ਹਲਚਲ ਹੋਈ ਪਰ ਅਮਲ ਨਹੀਂ ਹੋ ਸਕਿਆ। ਇਸ ਫ਼ੈਸਲੇ ‘ਤੇ ਸਰਕਾਰ ਨੇ ਅਮਲ ਨਹੀਂ ਅਤੇ ਫਿਰ ਇਸ ‘ਤੇ ਅਮਲ ਕਰਾਉਣ ਲਈ ਸੁਪਰੀਮ ਕੋਰਟ ਵਿੱਚ ਅਪੀਲ ਕੀਤ‌ੀ ਹੋਈ ਹੈ। ਜਸਟਿਸ ਸੁਧੀਰ ਅਗਰਵਾਲ ਦਾ ਕਹਿਣਾ ਸੀ ਕਿ ਜੇ ਕਰ ਸਰਕਾਰੀ ਕਰਮਚਾਰੀਆਂ ਅਤੇ ਲੋਕ ਪ੍ਰਤੀਨਿਧਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨਗੇ ਤਾਂ ਇਨ੍ਹਾਂ ਦੀ ਸਥਿਤੀ ਆਪਣੇ ਆਪ ਹੀ ਠੀਕ ਹੋ ਜਾਵੇਗੀ ਅਤੇ ਫਿਰ ਹਰ ਵਰਗ ਦੇ ਲੋਕਾਂ ਨੂੰ ਵਧੀਆ ਅਤੇ ਬਰਾਬਰ ਦੀ  ਸਿੱਖਿਆ ਮਿਲ ਸਕੇਗੀ।

ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਚ.ਐਸ.ਸੂਦਨ ਨੇ ਆਪਣੇ ਬੱਚੇ ਦਾ ਦਾਖ਼ਲਾ ਇਸ ਵਰ੍ਹੇ ਫ਼ਰਵਰੀ ‘ਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾ ਕਿ ਜਸਟਿਸ ਸੁਧੀਰ ਅਗਰਵਾਲ ਦਾ ਸੁਪਨਾ ਸੱਚ ਕਰਕੇ ਪੰਜਾਬ ਦੇ ਅਫ਼ਸਰਾਂ ਅਤੇ ਲੋਕ ਪ੍ਰਤੀਨਿਧਾਂ ਲਈ ਇਕ ਉਦਾਹਰਣ ਵੀ ਸੈੱਟ ਕਰ ਦਿੱਤੀ ਅਤੇ ਇਕ ਵੰਗਾਰ ਵੀ ਪਾ ਦਿੱਤੀ ਕਿ ਹੁਣ ਹੋਰ ਕੌਣ ਹਿੰਮਤ ਕਰਦਾ ਹੈ। ਖ਼ੈਰ ! ਸੂਦਨ  ਦੀ ਇਸ ਵੰਗਾਰ ਦੀ ਕਿਸੇ ਨੇ ਵੀ ਜਵਾਬ ਦੇਣ ਦੀ ਹਿੰਮਤ ਨਹੀਂ ਕੀਤੀ : ਅਫ਼ਸੋਸ  ਹੈ !

ਸਾਡੇ ਲੀਡਰ, ਅਫ਼ਸਰ, ਧਾਰਮਿਕ ਆਗੂ ਆਦਿ ਲੋਕਾਂ ਨੂੰ ਤਾਂ ਉਦੇਸ਼ ਦਿੰਦੇ ਸੁਣੇ ਜਾਂਦੇ ਹਨ ਪਰ ਆਪ ਕਦੇ ਮਿਸਾਲ ਕਾਇਮ ਕਰਨ ਲਈ ਅੱਗੇ ਨਹੀਂ ਆਂਉਂਦੇ ; ਭਾਵ ਸ਼ਹੀਦ ਭਗਤ ਸਿੰਘ ਤਾਂ ਹੋਰ ਵੀ ਪੈਦਾ ਹੋਣ ਪਰ ਉਹ ਸਾਡੇ ਘਰ ਨਾ ਪੈਦਾ ਹੋਵੇ। ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਬਹੁਤਿਆਂ ਦੀਆਂ ਇਮਾਰਤਾਂ ਬਹੁਤ ਵਧੀਆ ਬਣ ਗਈਆਂ ਹਨ, ਕੰਪਿਊਟਰ, ਪ੍ਰੋਜੈਕਟਰ ਆਦਿ ਲੱਗ ਚੁੱਕੇ ਹਨ ਪਰ ਫਿਰ ਵੀ ਸਰਕਾਰੀ ਕਰਮਚਾਰੀ ਆਪਣੇ ਬੱਚੇ ਕਿਉਂ ਦਾਖਲ ਨਹੀਂ ਕਰਵਾਉਂਦੇ ? ਪੰਜਾਬ ਵਿੱਚ 90 ਫੀਸਦੀ ਤੋਂ ਵੱਧ ਅਧਿਆਪਕਾਂ ਦੇ ਬੱਚੇ ਨਿੱਜੀ ਸਕੂਲਾਂ ‘ਚ ਪੜ੍ਹਦੇ ਹਨ। ਸਰਕਾਰੀ ਸਕੂਲਾਂ ਵਿੱਚ ਤਾਂ ਗਰੀਬ ਲੋਕਾਂ ਦੇ ਬੱਚੇ ਹੀ ਜਾਂਦੇ ਹਨ। ਯੂਪੀ ਅਤੇ ਬਿਹਾਰ ਤੋਂ ਪਰਵਾਸ ਕਰਕੇ ਆਏ ਮਜ਼ਦੂਰ ਵੀ ਔਖੇ-ਸੌਖੇ ਹੋਕੇ ਆਪਣੇ ਬੱਚੇ ਨਿੱਜੀ ਸਕੂਲਾਂ ‘ਚ ਪੜ੍ਹਾਉਣ ਲੱਗ ਪਏ ਹਨ।

ਇਹ ਸਵਾਲ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਨਿੱਜੀ ਸਕੂਲਾਂ ਤੋਂ ਵੱਧ ਹਨ ਤਾਂ ਵੀ ਲੋਕਾਂ ਦਾ ਸਰਕਾਰੀ ਸਕੂਲਾਂ ਨਾਲ ਮੋਹ ਕਿਉਂ ਨਹੀਂ ਪੈਂਦਾ ? ਇਸ ਦਾ ਕਾਰਨ ਵੱਡਾ ਇਹ ਹੈ ਕਿ ਪੜ੍ਹਾਈ  ਦਾ ਮਿਆਰ ਅਤੇ ਇੰਗਲਿਸ਼ ਮਾਧਿਅਮ। ਦੂਜਾ ਸਰਕਾਰੀ ਅਧਿਆਪਕਾਂ ਤੋਂ ਉਪਰਲੇ ਕੰਮ ਕਰਵਾਉਣੇ ਅਤੇ ਅਧਿਆਪਕਾਂ ਵਿੱਚ ਰਾਜਨੀਤੀ। ਸਾਰਿਆਂ ਨੂੰ ਇਕੋ ਜਿਹਾ ਤਾਂ ਨਹੀਂ ਕਿਹਾ ਜਾ ਸਕਦਾ ਪਰ ਬਹੁ-ਗਿਣਤੀ  ਤਾਂ ਦੋਸ਼ੀ ਹੈ। ਇਕ ਕਾਰਨ ਹੋਰ ਵੱਡਾ ਹੈ ਕਿ ਸਰਕਾਰ ਕੱਚੇ ਅਤੇ ਥੋੜੀ ਤਨਖਾਹ ਨਾਲ ਵਧੀਆ ਪੜ੍ਹਾਈ ਕਰਵਾਉਣੀ ਚਾਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button