
ਹਲਵਾਰਾ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਲਈ ਸ਼ੁਰੂ ਹੋਣ ਵਾਲੀ ਹਵਾਈ ਸੇਵਾ ਨੇ ਅਜੇ ਉਡਾਣ ਭਰਨੀ ਵੀ ਨਹੀਂ ਸ਼ੁਰੂ ਕੀਤੀ ਕਿ ਇਸ ਰੂਟ ਦੀਆਂ ਟਿਕਟਾਂ ਦੇ ਭਾਅ ਅਸਮਾਨ ਛੂਹਣ ਲੱਗ ਪਏ ਹਨ। ਬੁਕਿੰਗ ਖੁਲ੍ਹਣ ਦੇ ਨਾਲ ਹੀ ਵਧੀ ਮੰਗ ਕਾਰਨ ਹਵਾਈ ਕੰਪਨੀਆਂ ਵੱਲੋਂ ਕਿਰਾਏ ਵਿਚ ਕੀਤੇ ਗਏ ਵਾਧੇ ਨੇ ਆਮ ਯਾਤਰੀਆਂ ਲਈ ਚਿੰਤਾ ਪੈਦਾ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ 1 ਅਪ੍ਰੈਲ ਨੂੰ ਜਦੋਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋਈ ਸੀ, ਉਸ ਵੇਲੇ ਇਕਾਨਮੀ ਕਲਾਸ ਦੀ ਇਕ ਪਾਸੇ ਦੀ ਟਿਕਟ ਲਗਭਗ 3500 ਰੁਪਏ ਦੇ ਕਰੀਬ ਸੀ। ਪਰ ਕੇਵਲ ਦੋ ਦਿਨਾਂ ਵਿੱਚ ਹੀ ਇਹ ਕਿਰਾਏ ਵੱਧ ਕੇ ਇਕਾਨਮੀ ਕਲਾਸਿਕ ਵਿਚ ਕਰੀਬ 4600 ਰੁਪਏ ਅਤੇ ਫਲੈਕਸੀ ਕੈਟਾਗਰੀ ਵਿੱਚ 5700 ਰੁਪਏ ਦੇ ਨੇੜੇ ਪਹੁੰਚ ਗਏ ਹਨ। ਇਸੇ ਤਰ੍ਹਾਂ ਬਿਜ਼ਨਸ ਕਲਾਸ ਦੇ ਕਿਰਾਏ ਵਿੱਚ ਵੀ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ, ਜੋ ਪਹਿਲਾਂ ਕਰੀਬ 18 ਹਜ਼ਾਰ ਰੁਪਏ ਸੀ, ਹੁਣ ਵੱਧ ਕੇ 19 ਹਜ਼ਾਰ ਤੋਂ ਪਾਰ ਹੁੰਦਾ ਹੋਇਆ 21 ਹਜ਼ਾਰ ਰੁਪਏ ਦੇ ਆਸ-ਪਾਸ ਦਰਸਾਇਆ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਟਿਕਟਾਂ ਦੀ ਅਚਾਨਕ ਵਧੀ ਮੰਗ ਇਸ ਵਾਧੇ ਦਾ ਮੁੱਖ ਕਾਰਨ ਬਣੀ ਹੈ। ਹਲਵਾਰਾ ਤੋਂ ਸਿੱਧੀ ਦਿੱਲੀ ਉਡਾਣ ਦੀ ਉਡੀਕ ਕਰ ਰਹੇ ਯਾਤਰੀਆਂ ਵੱਲੋਂ ਬੁਕਿੰਗ ਲਈ ਵੱਡੇ ਪੱਧਰ ‘ਤੇ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਖਾਸ ਕਰਕੇ ਵਪਾਰਕ ਅਤੇ ਦਫਤਰੀ ਕੰਮਾਂ ਲਈ ਯਾਤਰਾ ਕਰਨ ਵਾਲੇ ਲੋਕ ਇਸ ਸੇਵਾ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਰੂਟ ‘ਤੇ ਹਵਾਈ ਸੇਵਾ ਦੇ ਤਹਿਤ ਏਅਰ ਇੰਡੀਆ ਕੰਪਨੀ ਵੱਲੋਂ ਰੋਜ਼ਾਨਾ ਚਾਰ ਉਡਾਣਾਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਹਲਵਾਰਾ ਤੋਂ ਦਿੱਲੀ ਤੱਕ ਦਾ ਸਫਰ ਕਰੀਬ ਇੱਕ ਘੰਟਾ ਦਸ ਮਿੰਟ ਦਾ ਹੋਵੇਗਾ, ਜਿਸ ਲਈ A320 ਵਰਗੇ ਆਧੁਨਿਕ ਜਹਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ। ਇਹ ਸੇਵਾ ਸ਼ੁਰੂ ਹੋਣ ਨਾਲ ਖੇਤਰ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲਣ ਦੀ ਉਮੀਦ ਹੈ ਅਤੇ ਹਲਵਾਰਾ ਹਵਾਈ ਅੱਡਾ ਇੱਕ ਮਹੱਤਵਪੂਰਨ ਯਾਤਰਾ ਕੇਂਦਰ ਵਜੋਂ ਉਭਰ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




