D5 specialOpinion

ਹਰ ਹੰਝੂ ਦੀ ਵੀ ਵੱਖ ਕਹਾਣੀ ਹੁੰਦੀ ਹੈ !

ਮਾਂ ਦੀ ਅੱਖ ‘ਚੋਂ ਕਿਰਿਆ ਹੰਝੂ ਤਕਦੀਰ ਬਦਲ ਦੇਣ ਦੀ ਤਾਕਤ ਰੱਖਦਾ ਹੈ। ਬੱਚੇ ਦੇ ਅੱਖ ’ਚੋਂ ਡਿੱਗਿਆ ਹੰਝੂ ਮਾਂ ਦਾ ਦਿਲ ਵਲੂੰਧਰ ਦਿੰਦਾ ਹੈ। ਬਹੁਤ ਖ਼ੁਸ਼ੀ ਮਿਲ ਜਾਣ ਉੱਤੇ ਵੀ ਅੱਖਾਂ ’ਚੋਂ ਨੀਰ ਵਹਿ ਤੁਰਦਾ ਹੈ ਅਤੇ ਬਹੁਤ ਜ਼ਿਆਦਾ ਦੁਖ ਕਦੇ ਕਦਾਈਂ ਅੱਖਾਂ ਵਿਚਲੇ ਸਾਰੇ ਹੰਝੂ ਸੁਕਾ ਦਿੰਦਾ ਹੈ। ਬਹੁਤ ਘੱਟ ਜਣਿਆਂ ਨੂੰ ਜਾਣਕਾਰੀ ਹੈ ਕਿ ਡਾਕਟਰੀ ਪੱਖ ਤੋਂ ਹੰਝੂ ਤਿੰਨ ਤਰਾਂ ਦੇ ਲੱਭੇ ਜਾ ਚੁੱਕੇ ਹਨ ਅਤੇ ਤਿੰਨੋ ਕਿਸਮਾਂ ਹੀ ਅੱਖਾਂ ਦੀ ਸਿਹਤ ਲਈ ਵਧੀਆ ਸਾਬਤ ਹੋ ਚੁੱਕੀਆਂ ਹਨ। ਪਹਿਲੀ ਕਿਸਮ ਦੇ ਹੰਝੂ ਅੱਖਾਂ ਗਿੱਲੀਆਂ ਕਰਨ ਲਈ ਅਤੇ ਅੱਖਾਂ ਨੂੰ ਨਮ ਰੱਖ ਕੇ ਮਿੱਟੀ ਘੱਟੇ ਤੋਂ ਬਚਾਉਣ ਲਈ ਲਗਾਤਾਰ ਬਹੁਤ ਘੱਟ ਮਾਤਰਾ ਵਿਚ ਪੁਤਲੀਆਂ ਦੇ ਅੰਦਰ ਅੰਦਰ ਫੈਲ ਕੇ ਜਜ਼ਬ ਹੁੰਦੇ ਰਹਿੰਦੇ ਹਨ। ਇਹ ਹੰਝੂ ਸਭ ਤੋਂ ਅਹਿਮ ਹੁੰਦੇ ਹਨ ਕਿਉਂਕਿ ਇਨਾਂ ਰਾਹੀਂ ਅੱਖ ਨੂੰ ਖ਼ੁਰਾਕ ਵੀ ਪਹੁੰਚਦੀ ਰਹਿੰਦੀ ਹੈ।

ਦੂਜੀ ਕਿਸਮ ਦੇ ਹੰਝੂ ਖ਼ੁਸ਼ੀ ਜਾਂ ਗ਼ਮੀ ਦਾ ਇਹਸਾਸ ਕਰਵਾਉਂਦੇ ਹਨ। ਵਿਗਿਆਨੀਆਂ ਨੇ ਇਸ ਕਿਸਮ ਦੇ ਹੰਝੂਆਂ ਵਿਚ ਕੁੱਝ ਹਾਰਮੋਨਾਂ ਦੇ ਅੰਸ਼ ਵੀ ਲੱਭੇ ਹਨ ਜੋ ਤਣਾਓ ਨਾਲ ਸੰਬੰਧਤ ਹੁੰਦੇ ਹਨ। ਇਨਾਂ ਦੇ ਬਾਹਰ ਨਿਕਲ ਜਾਣ ਨਾਲ ਸਰੀਰ ਅੰਦਰੋਂ ਤਣਾਓ ਘੱਟ ਜਾਣ ਦੇ ਆਸਾਰ ਵੱਧ ਜਾਂਦੇ ਹਨ। ਇਨਾਂ ਹੰਝੂਆਂ ਦੇ ਵਗਣ ਨਾਲ ਸਰੀਰ ਅੰਦਰ ਐਂਡਰੋਫਿਨ ਨਿਕਲ ਪੈਂਦੇ ਹਨ ਜੋ ਚੰਗਾ ਮਹਿਸੂਸ ਕਰਵਾਉਣ ਲੱਗ ਪੈਂਦੇ ਹਨ ਅਤੇ ਢਹਿੰਦੀ ਕਲਾ ਕਾਫ਼ੂਰ ਹੋ ਜਾਂਦੀ ਹੈ। ਕੁਦਰਤ ਦਾ ਕਮਾਲ ਵੇਖੋ ਕਿ ਇਹ ਦੂਜੀ ਕਿਸਮ ਦੇ ਹੰਝੂ ਸਿਰਫ਼ ਇਨਸਾਨ ਹੀ ਵਹਾ ਸਕਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਇਨਾਂ ਨੂੰ ਜਜ਼ਬਾਤੀ ਹੰਝੂਆਂ ਦਾ ਨਾਂ ਦੇ ਦਿੱਤਾ ਗਿਆ ਹੈ। ਹਾਲੇ ਤੱਕ ਦੀਆਂ ਸੰਭਵ ਹੋ ਚੁੱਕੀਆਂ ਖੋਜਾਂ ਅਨੁਸਾਰ ਜਜ਼ਬਾਤੀ ਹੰਝੂਆਂ ਦੇ ਨਾਲ ਰਲਦੇ ਮਿਲਦੇ ਹੰਝੂ ਸਿਰਫ਼ ਹਾਥੀਆਂ ਤੇ ਗੁਰਿੱਲਾ ਵਿਚ ਹੀ ਲੱਭੇ ਗਏ ਹਨ ਪਰ ਇਨਾਂ ਵਿਚ ਹਾਰਮੋਨਾਂ ਦੇ ਓਨੇ ਅੰਸ਼ ਨਹੀਂ ਲੱਭੇ ਜਾ ਸਕੇ ਜਿੰਨੇ ਇਨਸਾਨੀ ਹੰਝੂਆਂ ਵਿਚ ਮਿਲੇ ਹਨ।

ਅੱਖਾਂ ਵਿਚਲੇ ‘ਲੈਕਰਾਈਮਲ ਗਲੈਂਡ’ ਇੱਕ ਹੋਰ ਬਿਲਕੁਲ ਪਾਣੀ ਵਰਗੇ ਹੰਝੂ ਵੀ ਬਣਾਉਂਦੇ ਹਨ ਜਿਨਾਂ ਨੂੰ ‘‘ਰਿਫਲੈਕਸ ਹੰਝੂ’’ ਕਿਹਾ ਜਾਂਦਾ ਹੈ। ਜੇ ਮੱਖੀ ਜਾਂ ਕੁੱਝ ਹੋਰ ਅੱਖ ’ਚ ਵੱਜੇ ਤਾਂ ਝੱਟ ਇਹ ਪਾਣੀ ਵਰਗੇ ਹੰਝੂ ਛਲਕ ਪੈਂਦੇ ਹਨ ਤਾਂ ਜੋ ਅੱਖ ਝਟਪਟ ਸਾਫ਼ ਹੋ ਜਾਏ ਤੇ ਸੱਟ ਤੋਂ ਵੀ ਬਚ ਜਾਏ। ਕਈ ਵਾਰ ਅੱਖ ਇੰਜ ਲੱਗਦੀ ਹੈ ਜਿਵੇਂ ਉਸ ਵਿਚ ਹਲਕੀ ਲਾਲੀ, ਜਲਨ, ਰਗੜ ਮਹਿਸੂਸ ਹੋਣੀ ਜਾਂ ਪੂਰਾ ਸਾਫ਼ ਨਾ ਦਿਸਣਾ ਤੇ ਇੰਜ ਲੱਗਣਾ ਜਿਵੇਂ ਅੱਖ ਵਿਚ ਕੁੱਝ ਰੜਕ ਰਿਹਾ ਹੈ ਪਰ ਹੋਣਾ ਕੁੱਝ ਵੀ ਨਾ। ਇਸ ਤਰਾਂ ਦੀ ਅੱਖ ਵਿਚਲੀ ਹਾਲਤ ਨੂੰ ‘ਡਰਾਈ ਆਈ’ ਯਾਨੀ ਹੰਝੂਆਂ ਦੀ ਕਮੀ ਕਿਹਾ ਜਾਂਦਾ ਹੈ। ਬਹੁਤੇ ਹੰਝੂ ਤਾਂ ਲੈਕਰਾਈਮਲ ਗਲੈਂਡ ਵਿੱਚੋਂ ਹੀ ਨਿਕਲਦੇ ਹਨ। ਅੱਖ ਵਿਚਲੇ ‘ਮੇਬੋਮੀਅਨ ਗਲੈਂਡ ਹਲਕਾ ਤੇਲ ਕੱਢਦੇ ਹਨ। ਇੱਕ ਹੋਰ ਸੈੱਲ, ਗੋਬਲੈੱਟ ਸੈੱਲ, ਹੰਝੂ ਤੇ ਤੇਲ ਦਾ ਮਿਸ਼ਰਨ ਸਹੀ ਰੱਖਣ ਵਿਚ ਮਦਦ ਕਰਦੇ ਹਨ।
ਜੇ ਇਹ ਮਿਸ਼ਰਨ ਸਹੀ ਨਾ ਰਹੇ ਜਾਂ ਘੱਟ ਬਣਨ ਲੱਗ ਪਵੇ ਤਾਂ ਅੱਖ ਸੁੱਕੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ। ਲੈਕਰਾਈਮਲ ਗਲੈਂਡ ਵਿਚ ਸੋਜ਼ਿਸ਼ ਹੋ ਜਾਣੀ, ਮੇਬੋਮੀਅਨ ਗਲੈਂਡ ਦਾ ਘੱਟ ਕੰਮ ਕਰਨਾ, ਕੁੱਝ ਕਿਸਮਾਂ ਦੀਆਂ ਦਵਾਈਆਂ, ਹਾਰਮੋਨਾਂ ਵਿਚ ਤਬਦੀਲੀ ਆਦਿ, ਅਨੇਕ ਕਾਰਨ ਹਨ ਜਿਨਾਂ ਕਰਕੇ ਹੰਝੂਆਂ ਵਿਚ ਕਮੀ ਆ ਸਕਦੀ ਹੈ।

ਹੁਣ ਬਜ਼ਾਰ ਵਿਚ ਕੰਪਨੀਆਂ ਵੱਲੋਂ ਬਣਾਏ ਨਕਲੀ ਹੰਝੂ ਮਿਲ ਜਾਂਦੇ ਹਨ ਜਿਨਾਂ ਨੂੰ ਡਾਕਟਰੀ ਸਲਾਹ ਨਾਲ ਦਿਨ ਵਿਚ ਚਾਰ ਵਾਰ ਤੱਕ ਵਰਤਿਆ ਜਾ ਸਕਦਾ ਹੈ। ਕੁੱਝ ਲੋਕਾਂ ਦੀਆਂ ਅੱਖਾਂ ਦੀਆਂ ਪੁਤਲੀਆਂ ਦੇ ਅੰਦਰਲੇ ਕੋਨੇ ਵਿਚਲੇ ਸੁਰਾਖ਼, ਜਿਨਾਂ ਵਿੱਚੋਂ ਹੰਝੂ ਨੱਕ ਵੱਲ ਨਿਕਲਣ ਦਾ ਕੁਦਰਤੀ ਰਾਹ ਹੁੰਦਾ ਹੈ, ਉਸ ਰਾਹ ਨੂੰ ਬੰਦ ਕਰ ਕੇ ਵੀ ਸੁੱਕੀਆਂ ਅੱਖਾਂ ਠੀਕ ਕੀਤੀਆਂ ਜਾ ਸਕਦੀਆਂ ਹਨ ਤੇ ਕੁਦਰਤੀ ਹੰਝੂ ਦੇਰ ਤੱਕ ਅੱਖਾਂ ਨੂੰ ਨਮ ਰੱਖ ਸਕਦੇ ਹਨ। ਜਦੋਂ ਰੋਣਾ ਆਏ ਤਾਂ ਨੱਕ ਰਾਹੀਂ ਵੀ ਪਾਣੀ ਵਗਣ ਲੱਗ ਪੈਂਦਾ ਹੈ। ਇਹ ਪਾਣੀ ਅੱਖਾਂ ਵੱਲੋਂ ਹੀ ਨੱਕ ਵੱਲ ਗਏ ਹੰਝੂ ਹੁੰਦੇ ਹਨ। ਇਸ ਰਾਹ ਨੂੰ ‘ਟੀਅਰ ਡੱਕਟ’ ਯਾਨੀ ਹੰਝੂਆਂ ਦੀ ਨਾਲੀ ਕਿਹਾ ਜਾਂਦਾ ਹੈ। ਕੁੱਝ ਡਾਕਟਰ ਇਸ ਨੂੰ ‘ਨੇਜ਼ੋਲੈਕਰਾਈਮਲ ਡੱਕਟ’ ਵੀ ਕਹਿੰਦੇ ਹਨ।

ਹੰਝੂ ਘੱਟ ਆਉਣ ਦੇ ਕਾਰਨ :-
1. ਵੱਧਦੀ ਉਮਰ
2. ਸ਼ੋਗਰਨ ਸਿੰਡਰੋਮ-ਸਰੀਰ ਅੰਦਰ ਤਰਲ ਦਾ ਘੱਟ ਬਣਨਾ
3. ਅੱਖਾਂ ਦੀ ਐਲਰਜੀ
4. ਰਿਊਮੈਟਾਇਰਡ ਆਰਥਰਾਈਟਸ
5. ਲੂਪਸ ਬੀਮਾਰੀ
6. ਸਕਲਿਰੋਡਰਮਾ ਬੀਮਾਰੀ
7. ਅੰਗ ਟਰਾਂਸਪਲਾਂਟ ਤੋਂ ਬਾਅਦ
8. ਸਾਰਕਾਇਡ ਬੀਮਾਰੀ
9. ਥਾਇਰਾਇਡ ਦੇ ਰੋਗ
10. ਵਿਟਾਮਿਨ ਏ ਦੀ ਕਮੀ ਆਦਿ।

ਲਗਾਤਾਰ ਅੱਖਾਂ ਦੀ ਵਰਤੋਂ ਜਿਵੇਂ ਘੰਟਿਆਂ ਬੱਧੀ ਕੰਪਿਊਟਰ ਜਾਂ ਮੋਬਾਈਲ ਨਾਲ ਚਿਪਕਣਾ, ਹਵਾਈ ਜਹਾਜ਼ ਦਾ ਲੰਮਾ ਸਫ਼ਰ, ਏਅਰ ਕੰਡੀਸ਼ਨ ਕਮਰਾ, ਮੋਟਰਸਾਈਕਲ ਬਿਨਾਂ ਐਣਕ ਦੇ ਚਲਾਉਣਾ ਆਦਿ, ਅੱਖਾਂ ਵਿਚਲੀ ਨਮੀ ਘਟਾ ਕੇ ਅੱਖਾਂ ਵਿਚ ਰੜਕ, ਰਗੜ ਜਾਂ ਸੁੱਕਾਪਨ ਮਹਿਸੂਸ ਕਰਵਾ ਸਕਦੇ ਹਨ। ਇੰਜ ਕਈ ਵਾਰ ਅੱਖਾਂ ਨੂੰ ਰੌਸ਼ਨੀ ਵੀ ਚੁੱਭਦੀ ਮਹਿਸੂਸ ਹੋਣ ਲੱਗ ਪੈਂਦੀ ਹੈ, ਧੁੰਧਲਾ ਜਾਂ ਦੋ ਦੋ ਦਿਸਣ ਲੱਗ ਸਕਦੇ ਹਨ ਤੇ ਅੱਖਾਂ ਵੀ ਥੱਕੀਆਂ ਮਹਿਸੂਸ ਹੁੰਦੀਆਂ ਹਨ।

ਜੇ ਅੱਖਾਂ ਵਿਚਲੀ ਨਮੀ ਘੱਟ ਹੋਵੇ ਤਾਂ ਅੱਗੇ ਦੱਸੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-
1. ਅੱਖਾਂ ਵਿਚ ਸਿੱਧੀ ਹਵਾ ਜਿਵੇਂ ਫਰਾਟਾ ਪੱਖਾ ਆਦਿ ਸਾਹਮਣੇ ਨਹੀਂ ਹੋਣੇ ਚਾਹੀਦੇ।
2. ਧੁੱਪੇ ਨਿਕਲਣ ਲੱਗਿਆਂ ਕਾਲੀਆਂ ਐਣਕਾਂ ਵਰਤਣੀਆਂ ਚਾਹੀਦੀਆਂ ਹਨ।
3. ਲਗਾਤਾਰ ਏ.ਸੀ. ਵਿਚ ਬੈਠਣ ਤੋਂ ਬਚਣਾ ਚਾਹੀਦਾ ਹੈ।
4. ਕੰਪਿਊਟਰ ਜਾਂ ਮੋਬਾਈਲ ਵੇਖਦਿਆਂ ਹਰ 20 ਸਕਿੰਟ ਬਾਅਦ ਅੱਖਾਂ ਨੂੰ ਦੋ ਸਕਿੰਟ ਲਈ
ਬੰਦ ਕਰ ਲੈਣਾ ਚਾਹੀਦਾ ਹੈ।
5. ਕੰਪਿਊਟਰ ਦਾ ਪੱਧਰ ਅੱਖਾਂ ਦੀ ਪੱਧਰ ਤੋਂ ਰਤਾ ਕੁ ਹੇਠਾਂ ਹੋਣਾ ਚਾਹੀਦਾ ਹੈ ਤਾਂ ਜੋ ਸਿੱਧਾ
ਅੱਖਾਂ ’ਚ ਰੌਸ਼ਨੀ ਨਾ ਪੈਂਦੀ ਰਹੇ।
6. ਅੱਖਾਂ ਨੇੜੇ ਕਿਸੇ ਕਿਸਮ ਦਾ ਧੂੰਆਂ ਨਹੀਂ ਹੋਣਾ ਚਾਹੀਦਾ।
7. ਡਾਕਟਰ ਦੀ ਸਲਾਹ ਨਾਲ ਵਿਟਾਮਿਨ ਏ ਲੈਂਦੇ ਰਹਿਣਾ ਚਾਹੀਦਾ ਹੈ।

ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ :-
1. ਮੱਛੀ :- ਸਾਲਮਨ ਮੱਛੀ ਵਿਚਲੇ ਓਮੇਗਾ ਤਿੰਨ ਫੈਟੀ ਏਸਿਡ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ।
2. ਹਰੀਆਂ ਪੱਤੇਦਾਰ ਸਬਜ਼ੀਆਂ :- ਵਿਟਾਮਿਨ ਸੀ ਹੋਣ ਕਾਰਨ ਹਰੀਆਂ ਸਬਜ਼ੀਆਂ ਅੱਖਾਂ ਦੀ ਨਮੀ ਦੇ ਨਾਲ-ਨਾਲ ਸੈੱਲਾਂ ਦੀ ਟੁੱਟ ਫੁੱਟ ਵੀ ਘਟਾਉਂਦੀਆਂ ਹਨ। ਫੋਲੇਟ ਵੀ ਇਨਾਂ ਵਿਚ ਲੋੜ ਅਨੁਸਾਰ ਪੂਰਾ ਹੁੰਦਾ ਹੈ। ਕੇਲ ਪੱਤਾ, ਪਾਲਕ, ਹਰੀਆਂ ਫਲੀਆਂ ਆਦਿ ਖਾਂਦੇ ਰਹਿਣਾ ਚਾਹੀਦਾ ਹੈ।
3. ਬੀਜ :- ਸ਼ਾਕਾਹਾਰੀਆਂ ਲਈ ਕੀਆ ਬੀਜ, ਫਲੈਕਸ ਬੀਜ ਵੀ ਓਮੇਗਾ ਤਿੰਨ ਫੈੱਟੀ ਏਸਿਡ ਮੁਹੱਈਆ ਕਰਵਾ ਦਿੰਦੇ ਹਨ ਜੋ ਅੱਖਾਂ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦੇ ਹਨ।
4. ਸੁੱਕੇ ਮੇਵੇ :- ਓਮੇਗਾ ਤਿੰਨ ਫੈੱਟੀ ਏਸਿਡ ਤੇ ਵਿਟਾਮਿਨ ਈ ਭਰੇ ਹੋਣ ਸਦਕਾ ਸੁੱਕੇ ਮੇਵੇ ਵੀ ਅੱਖਾਂ ਲਈ ਵਧੀਆ ਹਨ, ਖ਼ਾਸ ਤੌਰ ਉੱਤੇ ਅਖਰੋਟ ਅਤੇ ਕਾਜੂ। ਗ਼ਰੀਬਾਂ ਲਈ ਮੂੰਗਫਲੀ ਵੀ ਕਾਜੂਆਂ ਵਾਂਗ ਹੀ ਫ਼ਾਇਦੇਮੰਦ ਹੈ!
5. ਫਲੀਆਂ :- ਫਾਈਬਰ, ਪ੍ਰੋਟੀਨ, ਫੋਲੇਟ, ਜ਼ਿੰਕ ਭਰੇ ਹੋਣ ਸਦਕਾ ਫਲੀਆਂ ਨਾ ਸਿਰਫ਼ ਅੱਖਾਂ ਲਈ ਬਲਕਿ ਪੂਰੇ ਸਰੀਰ ਲਈ ਹੀ ਬਹੁਤ ਵਧੀਆ ਹਨ। ਇਹ ਮੈਲਾਨਿਨ ਬਣਾਉਣ ਵਿਚ ਵੀ ਮਦਦ ਕਰ ਦਿੰਦੀਆਂ ਹਨ।
6. ਪਾਣੀ :- ਪਾਣੀ ਦੀ ਕਮੀ ਪੂਰੀ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਿਰਫ਼ ਹੰਝੂ ਹੀ ਨਹੀਂ
ਬਲਕਿ ਸਰੀਰ ਦੇ ਹਰ ਅੰਗ ਦੇ ਸਹੀ ਕੰਮ ਕਾਰ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ।
7. ਕੇਲਾ :-ਪੋਟਾਸ਼ੀਅਮ ਭਰਪੂਰ ਹੋਣ ਸਦਕਾ ਕੇਲਾ ਵੀ ਅੱਖਾਂ ਵਿਚਲੇ ਹੰਝੂਆਂ ਲਈ ਅਹਿਮ
ਰੋਲ ਅਦਾ ਕਰਦਾ ਹੈ ਤੇ ਹੰਝੂ ਦੀ ਮੋਟੀ ਪਰਤ ਬਣਾਉਣ ਵਿਚ ਸਹਾਈ ਹੁੰਦਾ ਹੈ ਜੋ ਅੱਖਾਂ
ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਕੇਲੇ ਵਿਚ ਵਿਟਾਮਿਨ ਏ ਵੀ ਹੁੰਦਾ ਹੈ ਜੋ ਅੱਖਾਂ ਲਈ ਜ਼ਰੂਰੀ ਹੈ।
8. ਕੌਫ਼ੀ :- ਆਮ ਧਾਰਨਾ ਹੈ ਕਿ ਕੌਫ਼ੀ ਪੀਣ ਨਾਲ ਅੱਖਾਂ ਦੀ ਨਮੀ ਉੱਤੇ ਫ਼ਰਕ ਪੈਂਦਾ ਹੈ ਪਰ ਅਜਿਹੀ ਕੋਈ ਗੱਲ ਹਾਲੇ ਤੱਕ ਸਾਬਤ ਨਹੀਂ ਕੀਤੀ ਜਾ ਸਕੀ।
ਘਰੇਲੂ ਨੁਸਖ਼ੇ :-
* ਬੰਦ ਅੱਖਾਂ ਉੱਤੇ ਕੋਸੇ ਪਾਣੀ ਦੇ ਭਰੇ ਰੂੰ ਰੱਖਣ ਨਾਲ ਵੀ ਥੱਕੀਆਂ ਅੱਖਾਂ ਨੂੰ ਰਾਹਤ ਮਿਲ
ਜਾਂਦੀ ਹੈ।
* ਕੱਦੂਕਸ ਕਰ ਕੇ ਖੀਰਾ ਵੀ ਬੰਦ ਅੱਖਾਂ ਉੱਤੇ ਰੱਖਣ ਨਾਲ ਥੱਕੀਆਂ ਤੇ ਨਮੀ ਰਹਿਤ ਅੱਖਾਂ
ਨੂੰ ਆਰਾਮ ਮਿਲ ਜਾਂਦਾ ਹੈ।
ਏਨਾ ਸਾਰਾ ਕੁੱਝ ਜਾਣ ਲੈਣ ਬਾਅਦ ਇੱਕ ਆਖ਼ਰੀ ਗੱਲ ਜ਼ਰੂਰ ਕਰਨਾ ਚਾਹੁੰਦੀ ਹਾਂ। ਹੰਝੂ ਅੱਖਾਂ ਅੰਦਰ ਵੱਗਦੇ ਰਹਿਣ ਤਾਂ ਅੱਖਾਂ ਦੀ ਨਮੀ ਲਈ ਜ਼ਰੂਰੀ ਹਨ ਪਰ ਕਿਸੇ ਮਾਂ ਜਾਂ ਪਿਓ ਦੀਆਂ ਅੱਖਾਂ ਵਿੱਚੋਂ ਪੁੱਤਰ ਵੱਲੋਂ ਕੀਤੀ ਬੇਕਦਰੀ ਸਦਕਾ ਵਗੇ ਹੰਝੂ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਅਜਿਹੇ ਹਰ ਹੰਝੂ ਦੀ ਵੱਖ ਕਹਾਣੀ ਹੁੰਦੀ ਹੈ ਜੋ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦਾ ਗ੍ਰੰਥ ਤਿਆਰ ਕਰਵਾ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button