ਅਮਰਜੀਤ ਸਿੰਘ ਵੜੈਚ (94178-01988)
ਪਿਛਲੇ ਵਰ੍ਹੇ 13 ਫ਼ਰਵਰੀ ਨੂੰ ਯੂਪੀ , ਉਨਾਓ ਦੇ ਪਿੰਡ ਲਾਲਖੇੜਾ ‘ਚ ਇਕ ਦਲਿਤ ਪਰਿਵਾਰ ਦੀ 11 ਸਾਲਾਂ ਦੀ ਲੜਕੀ ਨਾਲ਼ ਤਿੰਨ ਦਰਿੰਦਿਆਂ ਨੇ ਬਲਾਤਕਾਰ ਕੀਤਾ ਸੀ: ਉਨ੍ਹਾਂ ਤਿੰਨਾਂ ‘ਚੋਂ ਦੋ ਦਰਿੰਦੇ ਕੁਝ ਦਿਨ ਪਹਿਲਾਂ ਜ਼ਮਾਨਤ ‘ਤੇ ਬਾਹਰ ਆਏ ਤੇ ਆਉਂਦਿਆਂ ਹੀ ਕੁਝ ਹੋਰ ਗੁੰਡਿਆਂ ਨੂੰ ਨਾਲ਼ ਲੈਕੇ ਫਿਰ ਉਸ ਲੜਕੀ ਦੇ ਘਰ ਗਏ ; ਉਸ ਪੀੜਤਾ ਵੱਲੋਂ ਕੇਸ ਵਾਪਸ ਲੈਣ ਤੋਂ ਨਾਹ ਕਰਨ ਕਰਕੇ ਉਨ੍ਹਾਂ ਲੜਕੀ ਦੇ ਘਰ ਨੂੰ ਅੱਗ ਲਾ ਦਿਤੀ ਜਿਸ ਵਿੱਚ ਉਹ ਲੜਕੀ , ਉਸ ਦਾ ਇਕ ਬੱਚਾ ਤੇ ਬਲਾਤਕਾਰ ਪੀੜਤਾ ਦੀ ਭੈਣ ਬੂਰੀ ਤਰ੍ਹਾਂ ਝੁਲਸ ਗਈਆਂ । ਪਿਛਲੇ ਵਰ੍ਹੇ ਦੇ ਬਲਾਤਕਾਰ ਮਗਰੋਂ ਉਸ ਲੜਕੀ ਨੇ ਇਕ ਬੱਚੇ ਨੂੰ ਵੀ ਜਨਮ ਦਿਤਾ ਸੀ ਜੋ ਝੁਲਸਣ ਵਾਲ਼ਿਆਂ ‘ਚ ਸ਼ਾਮਿਲ ਹੈ ।
ਸਾਡੇ ਮੁੱਲਕ ‘ਚ ਆਮ ਪਰਿਵਾਰ ਦੀਆਂ ਔਰਤਾਂ ਤੇ ਖਾਸ ਕਰ ਗਰੀਬ ਔਰਤਾਂ ਕਿੰਨੀਆਂ ਕੁ ਸੁਰੱਖਿਅਤ ਹਨ ਇਸ ਘਟਨਾ ਤੋਂ ਹੀ ਪਤਾ ਲੱਗ ਜਾਂਦਾ ਹੈ । ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ‘ਚ ਦਿਸੰਬਰ 2012 ਦਾ ਦਿੱਲੀ ਵਿੱਚਲਾ ਨਿਰਭੱਇਆ ਕਾਂਡ, ਯੂਪੀ ਦੇ ਤਤਕਾਲੀ ਵਿਧਾਇਕ ਕੁਲਦੀਪ ਸਿੰਗਰ ਵੱਲੋਂ ਇਕ ਦਲਿਤ ਲੜਕੀ ਦਾ ਬਲਾਤਕਾਰ ,ਕਠੂਆ ਬਲਾਤਕਾਰ, 2020 ‘ਚ ਯੂਪੀ ਦੇ ਹਾਥਰਸ ਦਾ ਬਲਾਤਕਾਰ ਕਾਂਡ ਤੇ 2002 ਗੁਜਰਾਤ ਦੰਗਿਆਂ ਸਮੇਂ ਬਿਲਕਿਸ ਬਾਨੋ ਦਾ 11 ਗੁੰਡਿਆਂ ਵੱਲੋਂ ਕੀਤਾ ਬਲਾਤਕਾਰ ਦਿਲਾਂ ਨੂੰ ਹਿਲਾ ਦੇਣ ਵਾਲ਼ੀਆਂ ਘਟਨਾਵਾਂ ‘ਚ ਸ਼ਾਮਿਲ ਹਨ ।
National Crime Records Bureau (NCRB)ਦੀ 2012 ਦੀ ਰਿਪੋਰਟ ਮੁਤਾਬਿਕ ਦੇਸ਼ ‘ਚ ਹਰ ਰੋਜ਼ 86 ਬਲਾਤਕਾਰ ਹੁੰਦੇ ਹਨ । ਇਸ ਬਿਊਰੋ ਅਨੁਸਾਰ ਇਹ ਅੰਕੜੇ 2020 ਨਾਲ਼ੋਂ ਵੱਧ ਹਨ ਜਦੋਂ ਰੋਜ਼ਾਨਾਂ ਔਸਤ 76 ਕੇਸਾਂ ਦੀ ਸੀ । ਇਹ ਉਹ ਅੰਕੜੇ ਹਨ ਜੋ ਪੁਲਿਸ ਕੋਲ਼ ਰਜਿਸਟਰ ਹੋ ਜਾਂਦੇ ਹਨ : ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਔਰਤਾਂ ਤਾਂ ਸ਼ਰਮ/ਡਰ ਦੀਆਂ ਮਾਰੀਆਂ ਜਾਂ ਤਾਂ ਚੁੱਪ ਕਰ ਜਾਂਦੀਆਂ ਹਨ ਜਾਂ ਚੁੱਪ ਕਰਾ ਦਿਤੀਆਂ ਜਾਂਦੀਆਂ ਹਨ । ਇਥੇ ਇਹ ਵਰਨਣ ਯੋਗ ਹੈ ਕਿ ਔਰਤਾਂ ਨਾਲ਼ ਇਸ ਤਰ੍ਹਾਂ ਦੀਆਂ ਬਹੁਤੀਆਂ ਘਟਨਾਵਾਂ ਗਰੀਬ ਤੇ ਪਛੜੇ ਵਰਗਾਂ ਦੀਆਂ ਔਰਤਾਂ ਨਾਲ਼ ਹੀ ਵਾਪਰਦੀਆਂ ਹਨ ।
ਸਾਡੇ ਮੁੱਲਕ ‘ਚ ਸ਼੍ਰੀਮਤੀ ਪ੍ਰਤੀਭਾ ਦੇਵੀ ਸਿੰਘ ਪਾਟਿਲ ਰਾਸ਼ਟਰਪਤੀ ਰਹਿ ਚੁੱਕੇ ਹਨ ‘ਤੇ ਹੁਣ ਸ਼੍ਰੀਮਤੀ ਦਰੋਪਦੀ ਮੁਰਮੂ ਰਾਸ਼ਟਰਪਤੀ ਹਨ : ਸ਼੍ਰੀਮਤੀ ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹਿ ਚੁੱਕੇ ਹਨ । ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਦੇ ਤੌਰ ‘ਤੇ ਵੀ ਕਈ ਔਰਤਾਂ ਕੰਮ ਕਰ ਚੁੱਕੀਆਂ ਹਨ । ਅਦਾਲਤਾਂ ‘ਚ ਹਰ ਪੱਧਰ ‘ਤੇ ਜੱਜ , ਕੇਂਦਰ ਤੇ ਰਾਜ ਸਰਕਾਰਾਂ ‘ਚ ਮੰਤਰੀ , ਆਈਏਐੱਸ,ਆਈਪੀਐੱਸ,ਡਾਕਟਰ ਤੇ ਹੋਰ ਵੀ ਕਈ ਉੱਚ ਅਹੁਦਿਆਂ ‘ਤੇ ਭਾਰਤੀ ਨਾਰੀਆਂ ਕੰਮ ਕਰ ਚੁੱਕੀਆਂ ਹਨ ਤੇ ਹੁਣ ਵੀ ਮੌਜੂਦ ਹਨ । ਇਸ ਦੇ ਬਾਵਜੂਦ ਅੋਰਤਾਂ ਸੁਰੱਖਿਅਤ ਨਹੀਂ ਹਨ…ਦੇਸ਼ ਲਈ ਸ਼ਰਮ ਨਾਲ਼ ਡੁੱਬ ਮਰਨ ਵਾਲ਼ੀ ਸਥਿਤੀ ਹੈ !
ਭਾਰਤ ਸਰਕਾਰ ਵੀ ਔਰਤਾਂ ਨੂੰ ਪੂਰਨ ਸਮਾਜਿਕ ਸੁਰੱਖਿਆਂ ਦੇਣ ਦੀ ਗਵਾਹੀ ਭਰਦੀ ਹੈ : ਪਿਛਲੇ ਵਰ੍ਹੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪੀਐੱਮ ਮੋਦੀ ਜੀ ਨੇ ਭਾਵੁਕ ਹੁੰਦਿਆਂ ਗਲ਼ਾ ਭਰ ਕੇ ਕਿਹਾ ਸੀ ਕਿ ਔਰਤ ਦੀ ਹੱਤਕ ਬੰਦ ਹੋਣੀ ਚਾਹੀਦੀ ਹੈ : ਮੋਦੀ ਜੀ ਨੇ ਕਿਹਾ ਸੀ ਕਿ ਭਾਰਤੀ ਨਾਰੀ ਦੇਸ਼ ਦੇ ਵਿਕਾਸ ਦਾ ਥੰਮ ਹੈ, ਇਸ ਨੂੰ ਪੂਰਾ ਸਨਮਾਨ ਦੇਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ।
ਇਥੇ ਮੀਡੀਆ ਦਾ ਵੀ ਸਿਰਮੌਰ ਫ਼ਰਜ਼ ਬਣਦਾ ਹੈ ਕਿ ਉਹ ਰਾਜਨੀਤਿਕ, ਹਿੰਦੂ-ਮੁਸਲਿਮ, ਖਾਲਿਸਤਾਨ ਤੇ ਪਾਕਿਸਤਾਨ ਦੇ ਏਜੰਡੇ ਦੇ ਨਾਲ਼ ਨਾਲ਼ ਇਸ ਪਾਸੇ ਵੀ ਧਿਆਨ ਦੇਵੇ । ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸਿਰਫ਼ ਇਕ ਕਾਲਮੀ ਖ਼ਬਰ ਜਾਂ ਫਟਾਫਟ ਖ਼ਬਰਾਂ ਦਾ ਹਿੱਸਾ ਬਣਾਕੇ ਮੀਡੀਆ ਵੀ ਬਰਾਬਰ ਦਾ ਗੁਨਾਹਗਾਰ ਬਣ ਜਾਂਦਾ ਹੈ ।
ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਰਾਜ ‘ਤੋਂ ਗੈਂਗਸਟਰ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ ਪਰ ਉਨ੍ਹਾ ਦੀ ਨੱਕ ਹੇਠ ਗਰੀਬ ਪਰਿਵਾਰਾਂ ਦਾ ਕੀ ਹਾਲ ਹੈ ਉਨਾਓ ਦੀ ਇਹ ਘਟਨਾ ਕਈ ਕੁਝ ਕਹਿ ਜਾਂਦੀ ਹੈ । ਯੂਪੀ ਦੀ ਉਨਾਓ ਵਾਲ਼ੀ ਘਟਨਾ ਤੋਂ ਤਾਂ ਸਪੱਸ਼ਟ ਹੈ ਕਿ ਲੋਕਾਂ ਉਪਰ ਪੀਐੱਮ ਦੀ ਅਪੀਲ ਦਾ ਕੋਈ ਅਸਰ ਹੀ ਨਹੀਂ ਹੈ । ਕੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਮੋਦੀ ਜੀ ਨੂੰ ਪਤਾ ਵੀ ਹੁੰਦਾ ਹੈ ਜਾਂ ਨਹੀਂ ? ਇਸ ਬਾਰੇ ਸਾਬਕਾ ਰਾਜਪਾਲ ਸਤਿਆਪਾਲ ਮਲਕ ਇਕ ਚੈਨਲ ਨੂੰ ਇਸ਼ਾਰਾ ਵੀ ਕਰ ਚੁੱਕੇ ਹਨ ।
ਉਨਾਓ ਦੀ ਘਟਨਾ ਵੀ ਦੇਸ਼ ਨੂੰ ਸ਼ਰਮਸ਼ਾਰ ਕਰਨ ਵਾਲ਼ੀ ਹੈ । ਕੀ ਦੇਸ਼ ਦੀ ਸਰਕਾਰ ਇਸ ਗੱਲ ਦਾ ਜਵਾਬ ਦੇਵੇਗੀ ਕਿ ਕਦੋਂ ਤੱਕ ਗਰੀਬ ਘਰਾਂ ਦੀਆਂ ਔਰਤਾਂ ਇਸ ਤਰ੍ਹਾਂ ਦੇ ਜ਼ੁਲਮਾਂ ਦੀਆਂ ਸ਼ਿਕਾਰ ਹੁੰਦੀਆਂ ਰਹਿਣਗੀਆਂ । ਸਾਡੀ ਮਾਣਯੋਗ ਸੁਪਰੀਮ ਕੋਰਟ ਨੂੰ ਇਸ ਸ਼ਰਮਨਾਕ ਘਟਨਾ ‘ਤੇ ਕੇਂਦਰ ਤੇ ਯੂਪੀ ਦੀਆਂ ਸਰਕਾਰਾਂ ਨੂੰ ਤੁਰੰਤ ਕਟਿਹਰੇ ‘ਚ ਖੜਾ ਕਰਨਾ ਚਾਹੀਦਾ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.