
ਪੌਂਗ ਡੈਮ ਤੇ ਭਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਮੈਦਾਨੀ ਇਲਾਕਿਆਂ ਵਿਚ ਹਾਲਾਤ ਖ਼ਤਰਨਾਕ ਬਣੇ ਹੋਏ ਹਨ। ਸੋਮਵਾਰ ਸ਼ਾਮ ਚਾਰ ਵਜੇ ਦੀ ਰਿਪੋਰਟ ਅਨੁਸਾਰ ਹਰੀ ਕੇ ਹੈਡ ਤੋਂ ਲਗਭਗ 2 ਲੱਖ ਕਿਊਸਕ ਦੇ ਕਰੀਬ ਪਾਣੀ ਅੱਗੇ ਛੱਡਿਆ ਗਿਆ, ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਗੇ ਹੂਸੈਨੀਵਾਲਾ ਤੋਂ ਕਰੀਬ ਇਕ ਲੱਖ 85 ਹਜ਼ਾਰ ਕਿਊਸਿਕ ਪਾਣੀ ਅੱਗੇ ਪਾਕਿਸਤਾਨ ਨੂੰ ਛੱਡਿਆ ਗਿਆ ਹੈ ,ਪਰ ਲਗਾਤਾਰ ਪੈ ਰਿਹਾ ਮੀਂਹ ਕਿਤੇ ਨਾ ਕਿਤੇ ਪਹਿਲੋਂ ਹੀ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਦਹਿਸ਼ਤ ਦੀ ਵਜ਼੍ਹਾ ਬਣ ਰਿਹਾ ਹੈ।ਹਰੀਕੇ ਹੈੱਡ ਤੋਂ ਡਾਊਨ ਸਟਰੀਮ ਛੱਡੇ ਜਾ ਰਹੇ ਪਾਣੀ ਦੀ ਮਿਕਦਾਰ ਅਤੇ ਹੂਸੈਨੀਵਾਲਾ ਹੈਡ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਛੱਡੇ ਜਾ ਰਹੇ ਪਾਣੀ ਵਿਚ ਨਹਿਰੀ ਮਹਿਕਮੇ ਵੱਲੋਂ ਪਹਿਲੋਂ ਪਹਿਲ ਬੜੀ ਸੂਝ ਬੂਝ ਦੀ ਵਰਤੋਂ ਕੀਤੀ ਜਾ ਰਹੀ ਸੀ,ਪਰ ਬੀਤੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਇਲਾਵਾ ‘‘ਅਪ ਸਟ੍ਰੀਮ ਅਤੇ ਡਾਊਨ ਸਟ੍ਰੀਮ’’ ਪਾਣੀ ਦੀ ‘ਜਮਾ ਘਟਾੳ’ ਵਿਚ ਨਹਿਰੀ ਮਹਿਕਮੇ ਵੱਲੋਂ ਕੀਤੀ ਜਾ ਰਹੀ ਗੜਬੜ ਕਾਰਣ ਹਿੰਦ ਪਾਕਿ ਕੌਮਾਂਤਰੀ ਸਰਹੱਦ ’ਤੇ ਵੱਸੇ ਕੁੱਝ ਦਰਿਆਈ ਪਿੰਡਾਂ ਵਿਚ ਸੋਮਵਾਰ ਨੂੰ ਪਾਣੀ ਵੜਣਾ ਸ਼ੁਰੂ ਹੋ ਗਿਆ ਸੀ। ਸੋਮਵਾਰ ਨੂੰ ਸਰਹੱਦੀ ਪਿੰਡ ਟੇਂਡੀ ਵਾਲਾ ,ਰਾਜੋ ਕੀ ਗੱਟੀ ਆਦਿ ਦੇ ਕੋਲ ਦਰਿਆ ਸਤਲੁਜ ਪੂਰੀ ਤਰ੍ਹਾਂ ਭਰ ਕੇ ਵਗ ਰਿਹਾ ਸੀ। ਉਧਰ ਗੁਰੂਹਰਸਹਾਏ ਅਤੇ ਮਮਦੋਟ ਦੇ ਕਈ ਪਿੰਡਾਂ ਵਿਚ ਵੀ ਮੀਂਹ ਕਾਰਨ ਪਾਣੀ ਦੇ ਹਾਲਾਤ ਕਾਫੀ ਪ੍ਰਭਾਵਿਤ ਹੋਏ ਹਨ।
ਪਹਾੜਾਂ ਸਮੇਤ ਮੈਦਾਨੀ ਇਲਾਕਿਆਂ ਵਿਚ ਵੀ ਲਗਾਤਾਰ ਪੈ ਰਹੇ ਮੀਂਹ ਨੇ ਪਹਿਲਾਂ ਹੀ ਹੜ ਨਾਲ ਪ੍ਰਭਾਵਿਤ ਕਿਸਾਨਾਂ ਦੀਆਂ ਬਚੀਆਂ ਖੁੱਚੀਆਂ ਆਸਾਂ ’ਤੇ ਵੀ ਪਾਣੀ ਫਿਰ ਦਿੱਤਾ ਹੈ। ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਬਿਆਸ ਅਤੇ ਸਤਲੁਜ ਦਰਿਆਵਾਂ ਦਾ ਪਾਣੀ ਖ਼ਤਰਨਾਕ ਤੌਰ ’ਤੇ ਵੱਧ ਰਿਹਾ ਹੈ ਜਿਸ ਕਰਕੇ ਹਰੀਕੇ ਹੈੱਡ ਵਰਕਰਸ ਤੋਂ ਸਤਲੁਜ ਦਰਿਆ ਵਿਚ ਹੁਸੈਨੀ ਵਾਲਾ ਵੱਲ ਨੂੰ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਨਾਲ ਧੁੱਸੀ ਬੰਨ੍ਹ ਦੇ ਅੰਦਰ ਬੈਠੇ ਲੋਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।
ਕਿਸਾਨ ਘਰਾਂ ਵਿਚ ਕੈਦ ਹੋਏ ਪਏ ਹਨ ਕਈ ਪਰਿਵਾਰ ਪਾਣੀ ਦੇ ਵਧਦੇ ਪੱਧਰ ਕਾਰਨ ਆਪਣਾ ਸਾਮਾਨ ਕੱਢ ਕੇ ਉੱਚੀਆਂ ਥਾਵਾਂ ਵੱਲ ਲੈ ਕੇ ਜਾਣ ਨੂੰ ਮਜਬੂਰ ਹੋ ਰਹੇ ਹਨ। ਹਰੀਕੇ ਹੈੱਡ ਤੋਂ ਲੱਖਾਂ ਕਿਉਸਕ ਪਾਣੀ ਛੱਡਣ ਨਾਲ ਹਰੀਕੇ ਹੈੱਡ ਵਰਕਰਸ ਤੋਂ ਅੱਗੇ ਪੈਂਦੇ ਪਿੰਡ ਬਸਤੀ ਰਾਮ ਲਾਲ, ਰਾਜੀ ਸਭਰਾ ਗੱਟਾ ਬਾਦਸ਼ਾਹ ਫਤਿਹਗੜ੍ਹ ਸਭਰਾ, ਆਲੇ ਵਾਲਾ, ਫੱਤੇ ਵਾਲਾ, ਕੁਤਬਦੀਨ ਵਾਲਾ, ਬੰਡਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ, ਬਸਤੀ ਕਿਸਨੇ ਵਾਲੀ, ਜਾਮਾ ਮੇਘਾ ਸੁਲਤਾਨ ਵਾਲਾ, ਆਦਿ ਪਿੰਡਾਂ ਦਾ ਜਨ ਜੀਵਨ ਠੱਪ ਹੋ ਗਿਆ ਹੈ। ਝੋਨੇ ਦੀਆਂ ਫਸਲਾਂ ਪੂਰੀ ਤਰ੍ਹਾਂ ਡੁੱਬ ਗਈਆਂ ਹਨ, ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੀੜਤ ਲੋਕਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਰਾਹਤ ਕਾਰਜਾਂ ਵਿਚ ਤੇਜ਼ੀ ਲਿਆ ਕੇ ਲੋਕਾਂ ਨੂੰ ਇਸ ਵੱਡੀ ਮੁਸ਼ਕਲ ਤੋਂ ਰਾਹਤ ਦਿੱਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.