Breaking NewsD5 specialIndiaNewsPoliticsPunjab

ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ‘ਚ ਰਹਿਣ ਪੰਜਾਬ ਦੇ ਲੋਕ – ਹਰਪਾਲ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਪਰਿਵਾਰ ਅਤੇ ਸਮਾਜ ਦੇ ਬਚਾਅ ਲਈ ਆਪੋ-ਆਪਣੇ ਘਰਾਂ ‘ਚ ਰਹਿਣ ਨੂੰ ਤਰਜੀਹ ਦੇਣ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਸਾਨੂੰ ਜਨ-ਸੰਪਰਕ ਜ਼ੀਰੋ ਕਰਨਾ ਪਵੇਗਾ।

ਇਸ ਲਈ ਆਪਣੇ-ਆਪਣੇ ਘਰਾਂ ‘ਚ ਰਹਿਣ ਤੋਂ ਬਿਹਤਰ ਹੋਰ ਕੋਈ ਬਚਾਅ ਨਹੀਂ ਹੈ। ਚੀਮਾ ਨੇ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਅਤੇ ਪਰਿਵਾਰਕ ਮੈਂਬਰਾਂ ਵਜੋਂ ਸਾਨੂੰ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਗਈ ਸਲਾਹਾਂ ਅਤੇ ਹਦਾਇਤਾਂ ਦੀ ਪੂਰੀ ਜ਼ਿੰਮੇਵਾਰੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਪ੍ਰਤੀ ਦਿਨ ਵਧ ਰਹੇ ਮਾਮਲਿਆਂ ‘ਤੇ ਕਾਬੂ ਪਾਇਆ ਜ ਸਕੇ।

ਚੀਮਾ ਨੇ ਕਿਹਾ ਕਿ ਅੱਜ ਸੰਸਾਰ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਬਹੁਤ ਸਾਰੇ ਦੇਸ਼ ਇਸ ਬਿਮਾਰੀ ਦੀ ਚਪੇਟ ‘ਚ ਆ ਚੁੱਕੇ ਹਨ। ਇਸ ਤੋਂ ਬਚਣ ਲਈ ਜਿੱਥੇ ਸਾਨੂੰ ਹਿਦਾਇਤਾਂ ਮੁਤਾਬਿਕ ਵੱਧ ਤੋਂ ਵੱਧ ਪਰਹੇਜ਼ ਵਰਤਣ ਦੀ ਲੋੜ ਹੈ, ਉੱਥੇ ਪ੍ਰਮਾਤਮਾ ਅੱਗੇ ਇਸ ਔਖੀ ਘੜੀ ‘ਚੋਂ ਕੱਢਣ ਲਈ ਦੁਆਵਾਂ ਤੇ ਅਰਦਾਸਾਂ ਵੀ ਘਰੋਂ-ਘਰੀਂ ਬੈਠ ਕੇ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਚਾਰੇ ਪਾਸੇ ਵਧ ਰਹੇ ਡਰ ਅਤੇ ਭੈਅ ਨੂੰ ਰੋਕਣ ਲਈ ਮਨੋਬਲ ਉੱਚਾ ਰਹੇ।

ਹਰਪਾਲ ਸਿੰਘ ਚੀਮਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ ਗ਼ਰੀਬਾਂ ਅਤੇ ਦਿਹਾੜੀਦਾਰਾਂ ਲਈ ਘਰ-ਘਰ ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ ਸਪਲਾਈ ਕਰਨ ਲਈ ਵਿਸ਼ੇਸ਼ ਫ਼ੰਡ ਜਾਰੀ ਕਰਨ ਅਤੇ ਵਿਸ਼ੇਸ਼ ਟੀਮਾਂ ਗਠਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਰੋਜ਼ ਦੀ ਦਿਹਾੜੀ ਕਰ ਕੇ ਰੋਟੀ-ਪਾਣੀ ਦਾ ਪ੍ਰਬੰਧ ਕਰਦੇ ਹਨ, ਉਨ੍ਹਾਂ ਨੂੰ ਘਰ ਬੈਠੇ-ਬੈਠੇ ਰਾਸ਼ਨ-ਪਾਣੀ ਦਾ ਲੋੜੀਂਦਾ ਪ੍ਰਬੰਧ ਕਰਨਾ ਸਰਕਾਰਾਂ ਦੀ ਬੁਨਿਆਦੀ ਡਿਊਟੀ ਹੈ।

ਚੀਮਾ ਨੇ ਟਰਾਈਡੈਂਟ ਗਰੁੱਪ ਦੀ ਸ਼ਲਾਘਾ ਕਰਦਿਆਂ ਪੰਜਾਬ ਭਰ ਦੇ ਸਾਰੇ ਉਦਯੋਗਪਤੀਆਂ, ਕਾਰੋਬਾਰੀਆਂ, ਕੰਪਨੀਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਸਹਿਤ ਛੁੱਟੀਆਂ ਕਰਨ। ਚੀਮਾ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਉਠਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਕੁੱਝ ਸ਼ਰਾਰਤੀ ਅਤੇ ਲਾਲਚੀ ਅਨਸਰ ਕਾਲਾਬਾਜ਼ਾਰੀ ਕਰ ਕੇ ਨਾ ਕੇਵਲ ਲੋਕਾਂ ਨੂੰ ਲੁੱਟਦੇ ਹਨ ਸਗੋਂ ਜਾਣਬੁੱਝ ਕੇ ਡਰ ਦਾ ਮਾਹੌਲ ਵੀ ਪੈਦਾ ਕਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button