ਦੇਸ਼ ਵਿਦੇਸ਼ ਤੋਂ ਪੁੱਜਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਜਾਣਕਾਰੀ ਦੇਵੇਗਾ ਸਹਾਇਤਾ ਕੇਂਦਰ- ਐਡਵੋਕੇਟ ਧਾਮੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸਹਾਇਤਾ ਕੇਂਦਰ ਦਾ ਉਦਘਾਟਨ ਅਰਦਾਸ ਉਪਰੰਤ ਕੀਤਾ। ਇਹ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਬਣਾਇਆ ਗਿਆ ਹੈ। ਇਥੇ ਤਾਇਨਾਤ ਕਰਮਚਾਰੀ ਦੇਸ਼ ਵਿਦੇਸ਼ ਤੋਂ ਪੁੱਜਦੀ ਸੰਗਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੇ ਨਾਲ-ਨਾਲ ਵੱਖ-ਵੱਖ ਅਸਥਾਨਾਂ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਰਿਹਾਇਸ਼ੀ ਨਿਵਾਸਾਂ ਆਦਿ ਬਾਰੇ ਜਾਣਕਾਰੀ ਦੇਣਗੇ। ਸਹਾਇਤਾ ਕੇਂਦਰ ਦੇ ਉਦਘਾਟਨ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਇਥੇ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਵੀ ਸੰਗਤ ਨਤਮਸਤਕ ਹੋਣ ਪੁੱਜਦੀ ਹੈ। ਪੰਜਾਬ ਦੇ ਬਾਹਰ ਦੀ ਸੰਗਤ ਨੂੰ ਕਈ ਵਾਰ ਜਾਣਕਾਰੀ ਨਾ ਹੋਣ ਕਾਰਨ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਦੇਖਦਿਆਂ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਸ੍ਰੀ ਦਰਬਾਰ ਸਾਹਿਬ ਦਾ ਸੂਚਨਾ ਕੇਂਦਰ ਪਹਿਲਾਂ ਤੋਂ ਹੀ ਯੋਜਨਾਬੱਧ ਤਰੀਕੇ ਨਾਲ ਸੇਵਾਵਾਂ ਦੇ ਰਿਹਾ ਹੈ, ਪਰ ਸਮੇਂ ਦੀ ਲੋੜ ਅਨੁਸਾਰ ਜਨਤਕ ਥਾਵਾਂ ’ਤੇ ਵੱਖ-ਵੱਖ ਸੂਚਨਾ ਕੇਂਦਰ ਸਥਾਪਿਤ ਕਰਨੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਨਵੇਂ ਸਥਾਪਿਤ ਕੀਤੇ ਗਏ ਸਹਾਇਤਾ ਕੇਂਦਰ ’ਚ ਸੇਵਾ ਨਿਭਾਉਣ ਵਾਲੇ ਕਰਮਚਾਰੀ ਸੰਗਤ ਨੂੰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਇਥੇ ਧਾਰਮਿਕ ਸਾਹਿਤ ਵੀ ਸੰਗਤ ਲਈ ਉਪਲੱਬਧ ਰਹੇਗਾ, ਜਿਸ ਵਿਚ ਸਿੱਖ ਧਰਮ ਬਾਰੇ ਜਾਣਕਾਰੀ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਅਤੇ ਮਰਯਾਦਾ ਨੂੰ ਦਰਸਾਉਂਦੇ ਕਿਤਾਬਚੇ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਥੋਂ ਦਿੱਤਾ ਜਾਣ ਵਾਲਾ ਧਾਰਮਿਕ ਸਾਹਿਤ ਵੀ ਵੱਖ-ਵੱਖ ਭਾਸ਼ਾਵਾਂ ਵਿਚ ਹੋਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਫਿਲਹਾਲ ਇਕ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ, ਜਦਕਿ ਭਵਿੱਖ ਵਿਚ ਲੰਗਰ ਘਰ ਵਾਲੀ ਬਾਹੀ ’ਤੇ ਵੀ ਇਕ ਹੋਰ ਕੇਂਦਰ ਖੋਲ੍ਹਿਆ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ, ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਰਾਮ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਤੇਜਿੰਦਰ ਸਿੰਘ ਪੱਡਾ, ਸ. ਗੁਰਚਰਨ ਸਿੰਘ ਕੁਹਾਲਾ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਕੁਲਦੀਪ ਸਿੰਘ ਰੋਡੇ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ ਆਦਿ ਮੌਜੂਦ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਪੁੱਜਣ ਸਮੇਂ ਪ੍ਰਸ਼ਾਸਨ ਵੱਲੋਂ ਸੰਗਤ ਨੂੰ ਰੋਕਣਾ ਮੰਦਭਾਗਾ- ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੌਰਾਨ ਪ੍ਰਸ਼ਾਸਨ ਵੱਲੋਂ ਸੰਗਤ ਨੂੰ ਪ੍ਰੇਸ਼ਾਨ ਕਰਨਾ ਬੇਹੱਦ ਮੰਦਭਾਗਾ ਹੈ ਅਤੇ ਰਾਜਸੀ ਆਗੂਆਂ ਨੂੰ ਗੁਰੂ ਘਰ ਨਿਮਾਣੇ ਸਿੱਖ ਵਜੋਂ ਮੱਥਾ ਟੇਕਣ ਲਈ ਆਉਣਾ ਚਾਹੀਦਾ ਹੈ, ਨਾ ਕਿ ਤਾਨਾਸ਼ਾਹੀ ਢੰਗ ਨਾਲ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਣ ਸਮੇਂ ਰਸਤਿਆਂ ਵਿਚ ਅਤੇ ਪਲਾਜ਼ਾ ਵਿਖੇ ਸੰਗਤ ਨੂੰ ਲੰਮਾਂ ਸਮਾਂ ਰੋਕਿਆ ਜਾਣਾ ਠੀਕ ਨਹੀਂ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਪੁਰਬ ਸੰਗਤ ਲਈ ਅਹਿਮ ਦਿਹਾੜਾ ਹੁੰਦਾ ਹੈ, ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਪੁੱਜ ਕੇ ਸੰਗਤ ਆਪਣੀ ਸ਼ਰਧਾ ਅਰਪਤ ਕਰਦੀ ਹੈ। ਮੁੱਖ ਮੰਤਰੀ ਦਾ ਇਸ ਦੌਰਾਨ ਸ਼ਰਧਾ ਪ੍ਰਗਟਾਉਣਾ ਚੰਗੀ ਗੱਲ ਹੈ, ਪਰ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨਾਲ ਕੀਤਾ ਗਿਆ ਵਿਹਾਰ ਉਨ੍ਹਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਵੀ ਅਜਿਹਾ ਹੀ ਹੋਇਆ ਸੀ, ਜਿਸ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਫੈਸਲਾ ਕਰਕੇ ਰਾਜਸੀ ਆਗੂਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਗੁਰੂ ਘਰਾਂ ਵਿਚ ਨਤਮਸਤਕ ਹੋਣ ਮੌਕੇ ਸੰਗਤ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣਨ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ।
ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਇਕੱਤਰਤਾ 2 ਸਤੰਬਰ ਨੂੰ ਹੋਵੇਗੀ-ਐਡਵੋਕੇਟ ਧਾਮੀ
ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਯਤਨਸ਼ੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਗਲੇ ਪ੍ਰੋਗਰਾਮ ਲਈ ਵਿਚਾਰ-ਵਟਾਂਦਰਾ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਸਮੂਹ ਮੈਂਬਰਾਂ ਦੀ ਇਕੱਤਰਤਾ 2 ਸਤੰਬਰ ਨੂੰ ਸੱਦੀ ਗਈ ਹੈ। ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਲੰਮੇ ਅਰਸੇ ਤੋਂ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਬੰਦ ਸਿੱਖਾਂ ਨਾਲ ਸਰਕਾਰਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਇਨ੍ਹਾਂ ਬੰਦੀ ਸਿੱਖਾਂ ਦੀ ਰਿਹਾਈ ਅਹਿਮ ਮਸਲਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਨਿਰੰਤਰ ਕਾਰਜਸ਼ੀਲ ਰਹੀ ਹੈ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਸਿੱਖਾਂ ਨੂੰ ਨਿਆਂ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਭਵਿੱਖੀ ਰੂਪ ਰੇਖਾ ਉਲੀਕਣ ਲਈ 2 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦਾ ਇਕੱਠ ਸੱਦਿਆ ਗਿਆ ਹੈ, ਜਿਸ ਵਿਚ ਬਣਨ ਵਾਲੀ ਸਾਂਝੀ ਰਾਇ ਨਾਲ ਅੱਗੇ ਵਧਿਆ ਜਾਵੇਗਾ।
ਇਸੇ ਦੌਰਾਨ ਐਡਵੋਕੇਟ ਧਾਮੀ ਨੇ ਇਸਾਈ ਧਰਮ ਦੇ ਨਾਂ ਹੇਠ ਕੰਮ ਕਰਨ ਵਾਲੇ ਕੁਝ ਲੋਕਾਂ ਵੱਲੋਂ ਪੰਜਾਬ ਅੰਦਰ ਧਰਮ ਪਰਵਰਤਨ ਲਈ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਵਰਤਾਰੇ ਨੂੰ ਫਿਰਕਿਆਂ ਵਿਚ ਵੰਡੀਆਂ ਵਾਲਾ ਪਾਉਣ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮਹਿਤਾ ਰੋਡ ’ਤੇ ਸਥਿਤ ਡੱਡੂਆਣਾ ਵਿਖੇ ਧਰਮ ਪਰਵਰਤਨ ਲਈ ਯਤਨ ਕਰਨ ਵਾਲੇ ਕੁਝ ਇਸਾਈ ਲੋਕਾਂ ਨੂੰ ਇਕ ਨਿਹੰਗ ਸਿੰਘ ਵੱਲੋਂ ਵਰਜਣ ’ਤੇ ਹੋਏ ਤਕਰਾਰ ਮਗਰੋਂ ਨਿਹੰਗ ਸਿੰਘ ’ਤੇ ਪਰਚਾ ਦਰਜ ਕਰਨਾ ਬੇਹੱਦ ਮੰਦਭਾਗਾ ਹੈ, ਜਿਸ ਤੋਂ ਸਰਕਾਰ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਪੈਦਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ ਅਤੇ ਇਥੇ ਧਾਰਮਿਕ ਅਜ਼ਾਦੀ ਦਾ ਵਿਚਾਰ ਪ੍ਰਫੁੱਲਤ ਹੋਇਆ ਸੀ। ਪਰੰਤੂ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਜਾਣਬੁਝ ਕੇ ਪੰਜਾਬ ਦੇ ਮਾਹੌਲ ਨੂੰ ਫਿਰਕੂ ਰੰਗਤ ਦੇ ਕੇ ਖਰਾਬ ਕਰ ਰਹੇ ਹਨ, ਜਿਸ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਸਬਾ ਡੱਡੂਆਣਾ ਵਿਖੇ ਧਰਮ ਪਰਵਰਤਨ ਰੋਕਣ ਲਈ ਅਵਾਜ਼ ਉਠਾਉਣ ਵਾਲੇ ਨਿਹੰਗ ਸਿੰਘ ’ਤੇ ਕੀਤਾ ਗਿਆ ਪਰਚਾ ਪੰਜਾਬ ਸਰਕਾਰ ਤੁਰੰਤ ਰੱਦ ਕਰੇ ਅਤੇ ਜਬਰੀ ਤੇ ਲਾਲਚ ਨਾਲ ਧਰਮ ਬਦਲਾਉਣ ਲਈ ਕੰਮ ਕਰਨ ਵਾਲੇ ਲੋਕਾਂ ’ਤੇ ਸਖ਼ਤ ਕਾਰਵਾਈ ਕਰੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.