
ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਖਿਲਾਫ ਦਿੱਤੇ ਬਿਆਨ ਨੂੰ ‘ਮਨਘੜਤ ਇਲਜ਼ਾਮ ਲਾ ਕੇ ਕਿਸਾਨ ਆਗੂਆਂ ਦੀ ਹੱਤਕ ਕਰਨ ਵਾਲਾ’ ਦਸਦਿਆਂ ਇਸ ਪੂਰੇ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਐਸਕੇਐਮ ਨੇ ਕਿਹਾ ਕਿ ਇਹ ਕਿਸਾਨ ਜਥੇਬੰਦੀਆਂ ਹੀ ਹਨ ਜਿਨਾਂ ਨੇ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਕੀਤਾ ਹੈ। ਇਹ ਜਥੇਬੰਦੀਆਂ ਹੀ ਡੈਮ ਸੇਫਟੀ ਐਕਟ ਕੌਮੀ ਖੇਤੀ ਮੰਡੀ ਕਰਨ ਨੀਤੀ ਦਾ ਖਰੜਾ ਅਤੇ ਜਲ ਸੋਧ ਐਕਟ ਦੇ ਖਿਲਾਫ ਵੀ ਆਪਣੀ ਆਵਾਜ਼ ਬੁਲੰਦ ਕਰਦੀਆਂ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਦਬਾਅ ਅਧੀਨ ਕੌਮੀ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਰੱਦ ਕਰ ਦਿੱਤਾ ਹੈ, ਪ੍ਰੰਤੂ ਡੈਮ ਸੇਫਟੀ ਐਕਟ ਨੂੰ ਅੱਜ ਤੱਕ ਵੀ ਵਿਧਾਨ ਸਭਾ ਵਿੱਚ ਮਤਾ ਪਾ ਕੇ ਰੱਦ ਨਹੀਂ ਕੀਤਾ। ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕਰਨ ਦੇ ਬਾਵਜੂਦ 28 ਮਾਰਚ 2025 ਨੂੰ ਪੰਜਾਬ ਅੰਦਰ ਜਲ ਸੋਧ ਐਕਟ ਲਾਗੂ ਕਰਕੇ ਸਨਅਤਕਾਰਾਂ ਨੂੰ ਪਾਣੀ ਗੰਦਾ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਇਨਾਂ ਨਾਕਾਮੀਆਂ ਨੂੰ ਢਕਣ ਲਈ ਲੋਕਾਂ ਤੇ ਜਬਰ ਕਰਨ ਲੱਗੀ ਹੋਈ ਹੈ। ਉਹਨਾਂ ਕਿਹਾ ਕਿ 5 ਮਾਰਚ ਨੂੰ ਚੰਡੀਗੜ੍ਹ ਜਾ ਰਹੇ ਕਿਸਾਨਾਂ ਤੇ ਜਬਰ, 19 ਮਾਰਚ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ਵਾਲੇ ਕਿਸਾਨਾਂ ਤੇ ਜਬਰ, ਚਾਉਕੇ ਸਕੂਲ ਦੇ ਅਧਿਆਪਕਾਂ ਤੇ ਜਬਰ, ਲੁਧਿਆਣਾ ਜ਼ਿਲ੍ਹੇ ਵਿੱਚ ਗੈਸ ਫੈਕਟਰੀਆਂ ਖਿਲਾਫ ਲੜ ਰਹੇ ਲੋਕਾਂ ਤੇ ਜਬਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਕਾਤਲਾਨਾ ਹਮਲਾ ਕਰਨਾ, ਪਿੰਡ ਜਿਉਂਦ, ਸੀਡ ਫਾਰਮ ਅਬੋਹਰ, ਬਠੋਈ ਕਲਾਂ ਅਤੇ ਕੁੱਲਰੀਆਂ ਵਿਖੇ ਲੋਕਾਂ ਤੋਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰਨੀ, ਭਾਰਤ ਮਾਲਾ ਪ੍ਰੋਜੈਕਟ ਅਧੀਨ ਲੋਕਾਂ ਤੋਂ ਜ਼ਮੀਨਾਂ ਜਬਰੀ ਖੋਹਣੀਆਂ, ਬੀੜ ਐਸ਼ਵਾਨ ਵਿਖੇ ਮਜ਼ਦੂਰਾਂ ਤੇ ਜਬਰ ਕਰਨਾ ਅਤੇ ਹੁਣ ਲੁਧਿਆਣਾ ਨੇੜਲੇ 44 ਪਿੰਡਾਂ ਦੀ 24,311 ਏਕੜ ਜਮੀਨ ਜ਼ਬਰੀ ਗ੍ਰਹਿਣ ਕਰਨ ਦੀਆਂ ਕਾਰਵਾਈਆਂ ਨੇ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਬਦਨਾਮ ਕਰ ਦਿੱਤਾ ਹੈ। ਇਸ ਬਦਨਾਮੀ ਨੂੰ ਢਕਣ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਧੱਕਿਆਂ ਦਾ ਵਿਰੋਧ ਕਰਨ ਨੂੰ ਰੋਕਣ ਲਈ ਮੁੱਖ ਮੰਤਰੀ ਇਸ ਤਰਾਂ ਦੀ ਗੈਰ ਜਿੰਮੇਵਾਰਾਨਾ ਬਿਆਨਬਾਜੀ ਕਰ ਰਹੇ ਹਨ ਜੋ ਕਿ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ ਨੂੰ ਬਿਲਕੁੱਲ ਵੀ ਸ਼ੋਭਾ ਨਹੀਂ ਦਿੰਦੀ।
ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਮੁੱਖ ਮੰਤਰੀ ਜਿੱਥੇ ਵੀ ਅਤੇ ਜਦੋਂ ਵੀ ਚਾਹੁਣ, ਸੰਯੁਕਤ ਕਿਸਾਨ ਮੋਰਚੇ ਨੂੰ ਸਮਾਂ ਅਤੇ ਸਥਾਨ ਦੱਸ ਦੇਣ। ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਮੁੱਦਿਆਂ ਤੇ ਮੁੱਖ ਮੰਤਰੀ ਸਾਹਿਬ ਨਾਲ ਬਹਿਸ ਕਰਨ ਲਈ ਹਰ ਸਮੇਂ ਤਿਆਰ ਹੈ। ਇਸ ਤੋਂ ਪਹਿਲਾਂ ਵੀ ਸੰਯੁਕਤ ਕਿਸਾਨ ਮੋਰਚਾ ਨੇ ਮੁੱਖ ਮੰਤਰੀ ਸਾਹਿਬ ਨੂੰ ਚੈਲੇੰਜ ਕੀਤਾ ਸੀ ਕਿ ਉਹ ਕਿਸਾਨ ਭਵਨ ਚੰਡੀਗੜ੍ਹ ਵਿੱਚ ਆ ਕੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਪਰ ਉਸ ਵੇਲੇ ਵੀ ਮੁੱਖ ਮੰਤਰੀ ਸਾਹਿਬ ਬਹਿਸ ਤੋਂ ਭੱਜ ਗਏ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.