Breaking NewsD5 specialNewsPoliticsPress ReleasePunjabTop News

ਸੰਗਰੂਰ ਜ਼ਿਮਨੀ ਚੋਣ ‘ਚ ਬੀਬਾ ਰਾਜੋਆਣਾ ਨੂੰ ਸਮੂਹ ਬੰਦੀ ਸਿੰਘਾਂ ਦਾ ਸਮਰਥਨ 

ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈੱਸ ਕਾਨਫ਼ਰੰਸ

ਸੰਗਰੂਰ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਸਮੂਹ ਪੰਥਕ ਜੱਥੇਬੰਦੀਆਂ ਦੇ ਸਾਂਝੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ‘ਚ ਇੱਕ ਪਾਸੜ ਹੁੰਦੀ ਦਿਖਾਈ ਦੇ ਰਹੀ ਹੈ।

ਇਸ ਦਾ ਵੱਡਾ ਕਾਰਨ ਹੈ ਕਿ ਪਿਛਲੇ 25 ਸਾਲ ਤੋਂ ਬੁੜੈਲ ਜੇਲ੍ਹ ਚੰਡੀਗੜ੍ਹ ਵਿਖੇ ਕੈਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ 27 ਸਾਲਾਂ ਤੋਂ ਕੈਦ ਕੱਟ ਰਹੇ ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ ਦਾ ਕੌਮ ਦੇ ਨਾਮ ਸੁਨੇਹਾ ਲੈ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਬੀ ਰਾਜੋਆਣਾ ਦੇ ਸਮਰਥਨ ‘ਚ ਖੁੱਲ੍ਹ ਕੇ ਸਾਹਮਣੇ ਆਏ ਹਨ, ਅਤੇ ਇਸ ਬਾਰੇ ਉਹਨਾਂ ਨੇ ਬਕਾਇਦਾ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ।

ਪ੍ਰੈੱਸ ਕਾਨਫ਼ਰੰਸ ‘ਚ ਭਾਈ ਭਿਓਰਾ ਦੇ ਭਰਾ ਭਾਈ ਅਵਤਾਰ ਸਿੰਘ ਭਿਓਰਾ ਜਿਹੜੇ ਖ਼ੁਦ ਵੀ 16 ਸਾਲ ਜੇਲ੍ਹ ਕੱਟ ਚੁੱਕੇ ਹਨ, ਅਤੇ ਭਾਈ ਲੱਖਾ ਨਾਰੰਗਵਾਲ ਦੇ ਜੀਜਾ ਜੀ ਬਾਬਾ ਜੰਗ ਸਿੰਘ ਨੇ ਮੀਡੀਆ ਨੁਮਾਇੰਦਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਰੇ 9 ਬੰਦੀ ਸਿੰਘਾਂ ਨੇ ਇਹ ਪ੍ਰਗਟਾਵਾ ਕੀਤਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦਾ ਉੱਠਣਾ ਇੱਕ ਚੰਗਾ ਸੰਕੇਤ ਹੈ ਜਿਸ ਨਾਲ ਬੰਦੀ ਸਿੰਘਾਂ ਦੇ ਹਿਰਦੇ ਨੂੰ ਸੁਕੂਨ ਮਿਲਿਆ ਹੈ।

ਬੰਦੀ ਸਿੰਘਾਂ ਦਾ ਕਹਿਣਾ ਹੈ ਕਿ ਬੀਬਾ ਕਮਲਦੀਪ ਕੌਰ ਰਾਜੋਆਣਾ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਰਿਹਾਈ ਨੂੰ ਸਮਰਪਿਤ ਕੀਤੀ ਹੋਈ ਹੈ, ਉਹਨਾਂ ਦੀ ਇਸ ਨੇਕ ਮੁਹਿੰਮ ਦਾ ਸਮੁੱਚੇ ਸਿੱਖ ਜਗਤ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹਨਾਂ ਚੋਣਾਂ ਵਿੱਚ ਕੌਮ ਉਹਨਾਂ ਦਾ ਹਰ ਪੱਖੋਂ ਸਾਥ ਦੇਵੇ।

ਭਾਈ ਅਵਤਾਰ ਸਿੰਘ ਭਿਓਰਾ ਅਤੇ ਬਾਬਾ ਜੰਗ ਸਿੰਘ ਨੇ ਕਿਹਾ ਕਿ ਬੰਦੀ ਸਿੰਘਾਂ ਬਾਰੇ ਵਕੀਲਾਂ ਵੱਲੋਂ ਫ਼ੈਲਾਏ ਜਾ ਰਹੇ ਝੂਠੇ ਭਰਮਾਂ ਨੂੰ ਕੌਮ ਤਵੱਜੋ ਨਾ ਦੇਵੇ ਕਿਉਂ ਕਿ ਵਕੀਲ ਇਹਨਾਂ ਮੁਕੱਦਮਿਆਂ ਤੋਂ ਆਪਣੀ ਦੁਕਾਨਦਾਰੀ ਚਲਾਉਣ ਤੱਕ ਸੀਮਤ ਹੋ ਚੁੱਕੇ ਹਨ। ਨਾਲ ਹੀ, ਸ. ਸਿਮਰਨਜੀਤ ਸਿੰਘ ਮਾਨ ਵੱਲ੍ਹ ਇਸ਼ਾਰਾ ਕਰਦੇ ਹੋਏ ਉਹਨਾਂ ਦੱਸਿਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ‘ਚ ਅੜਿੱਕਾ ਇਸ ਕਰਕੇ ਬਣ ਰਹੇ ਹਨ ਕਿਉਂ ਕਿ ਇਹਨਾਂ ਸਿੰਘਾਂ ਤੋਂ ਬਿਨਾਂ ਉਹ ਨਾ ਤਾਂ ਫ਼ੋਕੀ ਸਿਆਸੀ ਸ਼ੋਹਰਤ ਬਚਾ ਸਕਣਗੇ ਅਤੇ ਨਾ ਹੀ ਆਪਣੀ ਪਾਰਟੀ ਦੀ ਪ੍ਰਧਾਨਗੀ।

ਉਹਨਾਂ ਕਿਹਾ ਕਿ ਸਮੂਹ ਬੰਦੀ ਸਿੰਘ ਚਾਹੁੰਦੇ ਹਨ ਕਿ ਕਨੂੰਨੀ ਤੌਰ ‘ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਉਹਨਾਂ ਨੂੰ ਰਿਹਾਈ ਮਿਲੇ ਅਤੇ ਉਹ ਆਮ ਲੋਕ ਧਾਰਾ ਨਾਲ ਜੁੜ ਕੇ ਜੀਵਨ ਬਤੀਤ ਕਰਨ।  ਭਾਈ ਅਵਤਾਰ ਸਿੰਘ ਭਿਓਰਾ ਅਤੇ ਬਾਬਾ ਜੰਗ ਸਿੰਘ ਨੇ ਕਿਹਾ ਕਿ ਉਹ ਸਮੂਹ ਬੰਦੀ ਸਿੰਘਾਂ ਦੀ ਤਰਫ਼ੋਂ ਸਮੂਹ ਸੰਗਰੂਰ ਹਲਕਾ ਨਿਵਾਸੀਆਂ, ਸਮੂਹ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹਨ ਕਿ ਇਸ ਜ਼ਿਮਨੀ ਚੋਣ ਵਿੱਚ ਬੀਬਾ ਰਾਜੋਆਣਾ ਨੂੰ ਜਿਤਾਉਣ ਤਾਂ ਜੋ ਉਹ ਸੰਸਦ ਵਿੱਚ ਬੰਦੀ ਸਿੰਘਾਂ ਦੇ ਹੱਕ ਦੀ ਅਵਾਜ਼ ਬੁਲੰਦ ਕਰ ਸਕਣ।

ਉਹਨਾਂ ਕਿਹਾ ਕਿ ਸਾਰੀ ਜ਼ਿੰਦਗੀ ਬੰਦੀ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਕ ਹਾਲਾਤਾਂ ਨੂੰ ਜਾਣਦੇ ਬੀਬਾ ਰਾਜੋਆਣਾ ਹੀ ਇਸ ਇਸ ਕੌਮੀ ਮਸਲੇ ਦੀ ਬਿਹਤਰ ਪੈਰਵੀ ਕਰ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਵੇਲੇ ਲੋੜ ਹੈ ਕਿ ਅਸੀਂ ਸਾਰੇ ਬਾਕੀ ਮਸਲਿਆਂ ਨੂੰ ਇੱਕ ਪਾਸੇ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਚਿਰਾਂ ਤੋਂ ਲਟਕੇ ਮੁੱਦੇ ਲਈ ਇੱਕਜੁੱਟ ਯਤਨ ਕਰੀਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button