ਸੰਗਰੂਰ ਦੀ ਚੋਣ ਦੇ ਸੁਨੇਹੇਂ , ਮਾਨ ਸਰਕਾਰ ਨੂੰ ਲੱਗਣਗੇ ਹੋਰ ‘ਝਟਕੇ’
ਅਮਰਜੀਤ ਸਿੰਘ ਵੜੈਚ (9417801988)
ਸੰਗਰੂਰ ਲੋਕਸਭਾ ਜ਼ਿਮਨੀ ਚੋਣ ਚੋਂ ਸਿਮਰਨਜੀਤ ਸਿੰਘ ਮਾਨ ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਦੀ ਜਿਤ ਦੇ ਕਈ ਅਰਥ ਹਨ : ਲੋਕਸਭਾ ਚੋਂ ‘ਆਪ’ ਪਾਰਟੀ ਬਾਹਰ ਹੋ ਗਈ ਹੈ ਜਿਥੇ ਸਿਰਫ਼ ਸੰਗਰੂਰ ਦੀ ਲੋਕਸਭਾ ਸੀਟ ਹੀ ਇਸ ਪਾਰਟੀ ਕੋਲ਼ 2014 ਤੋਂ ਸੀ । ਪੰਜਾਬ ਦੇ ਲੋਕਾਂ ਨੇ ਸਿਰਫ਼ ਸੌ ਦਿਨਾਂ ਮਗਰੋਂ ਹੀ ਆਪਣਾ ਮਨ ਕਿਉਂ ਬਦਲ ਲਿਆ ? ; ਲੋਕਸਭਾ ਸੰਗਰੂਰ ‘ਚ ਪੈਂਦੀਆਂ ਸਾਰੀਆਂ ਨੌ ਵਿਧਾਨ-ਸਭਾ ਸੀਟਾਂ ਤੋਂ ਫਰਵਰੀ 2022 ਦੀਆਂ ਚੋਣਾਂ ‘ਚ ‘ਆਪ’ ਦੇ ਉਮੀਦਵਾਰ ਜਿਥੇ ਸਨ । ਇਸਦਾ ਮਤਲਬ ਸਿਧੇ ਰੂਪ ‘ਚ ਇਹ ਹੀ ਨਿਕਲ਼ਦਾ ਹੈ ਕਿ ਵੋਟਰਾਂ ਦਾ ‘ਆਪ’ ਤੋਂ ਮੋਹ ਭੰਗ ਹੋਇਆ ਹੈ ।
ਇਸ ਹਲਕੇ ਵਿੱਚ ਵੋਟਿੰਗ ਦਾ 45 ਫ਼ੀਸਦ ਤੱਕ ਸੁੰਗੜ ਜਾਣਾ ਹੀ ‘ਆਪ’ ਪਾਰਟੀ ਲਈ ਇਕ ਵੱਡਾ ਝਟਕਾ ਸੀ । ਇਸੇ ਹੀ ਸੀਟ ਤੋਂ ਭਗਵੰਤ ਸਿੰਘ ਮਾਨ 2014 ‘ਚ ਦੋ ਲੱਖ ਤੋਂ ਵੱਧ ਅਤੇ ਫਿਰ 2019 ‘ਚ ਇਕ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ਼ ਜਿਤੇ ਸਨ । ਹੁਣ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦਾ ਹਾਰ ‘ਆਪ’ ਅਤੇ ਵਿਸ਼ੇਸ਼ ਕਰ ਮਾਨ ਲਈ ਬਹੁਤ ਹੀ ਗੰਭੀਰ ਚੁਣੌਤੀਆਂ ਲੈਕੇ ਆਈ ਹੈ । ਭਾਵੇਂ ਹਾਰ ਦਾ ਫ਼ਰਕ ਸਿਰਫ਼ 5822 ਵੋਟਾਂ ਦਾ ਹੀ ਹੈ ਪਰ ਹਾਰ ਤਾਂ ਹਾਰ ਹੀ ਹੁੰਦੀ ਹੈ ।
ਇਸ ਚੋਣ ਵਿੱਚ ਸਿਧੂ ਮੂਸੇਵਾਲਾ ਦੇ ਕਤਲ ਦਾ ਜ਼ਿਕਰ ਵੱਡੇ ਪੱਧਰ ‘ਤੇ ਚਰਚਾ ਦਾ ਕਾਰਨ ਰਿਹਾ ਅਤੇ ਕਿਸਾਨ ਅੰਦੋਲਨ ਦੌਰਾਨ ਨੌਜਵਾਨਾਂ ਦੀ ਖਿਚ ਦਾ ਕੇਂਦਰ ਬਣੇ ਦੀਪ ਸਿਧੂ ਵੀ ਬਣੇ, ਜੋ ਇਕ ‘ਸੜਕ ਹਾਦਸੇ ‘ ਵਿੱਚ ਮਾਰੇ ਗਏ ਸਨ । ਮਾਨ ਸਰਕਾਰ ਨੇ ਸੱਤ੍ਹਾ ‘ਚ ਆਉਣ ਤੋਂ ਪਹਿਲਾਂ ਜੋ ਲੋਕਾਂ ਨਾਲ਼ ਵਾਅਦੇ ਕੀਤੇ ਸਨ ਉਨ੍ਹਾਂ ਵਿੱਚ ‘ਪਾਣੀ’ ਪਾਕੇ ਪੂਰੇ ਕਰਨ ਦੇ ਐਲਾਨਾਂ ਨੇ ਲੋਕਾਂ ਨੂੰ ਨਾਰਾਜ਼ ਕੀਤਾ ; ਹਰ ਇਕ ਘਰ ਨੂੰ 300 ਵਾਟ ਪ੍ਰਤੀ ਮਹੀਨਾ ਬਿਜਲੀ ਮੁਫ਼ਤ ਦੇਣ ਦੇ ਵਾਅਦੇ ਨੂੰ ਸਿਰਫ਼ ਇਕ ਕਿਲੋਵਾਟ ਦੇ ਲੋਡ ਤੱਕ ਸੀਮਤ ਕਰਨ ਨੇ ਆਮ ਆਦਮੀ ਨੂੰ ਨਿਰਾਸ਼ ਕੀਤਾ ; ਪੰਜਾਬ ਤਾਂ ਪਹਿਲਾਂ ਹੀ ਨਸ਼ਿਆਂ ਨੇ ਬਰਬਾਦ ਕੀਤਾ ਪਿਆ ਹੈ ਉਤੋਂ ਮਾਨ ਸਰਕਾਰ ਦਾ ਇਕ ਜੁਲਾਈ ਤੋਂ ਪੰਜਾਬ ਵਿੱਚ ਸ਼ਰਾਬ ਸਸਤੀ ਕਰਨ ਦਾ ਫੈਸਲਾ ਪੰਜਾਬਣਾਂ ਨੂੰ ਭੋਰਾ ਚੰਗਾ ਨਹੀਂ ਲੱਗਿਆ । ਇਹ ਫ਼ੈਸਲਾ ਗਰੀਬ ਅਤੇ ਮਜ਼ਦੂਰ ਪਰਿਵਾਰਾਂ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ ।
ਇਸ ਤੋਂ ਇਲਾਵਾ ਔਰਤਾਂ ਨੂੰ ਹਰੇਕ ਮਹੀਨੇ ਇਕ ਹਜ਼ਾਰ ਰੁਪਏ ਦਾ ਵਾਅਦਾ ਹਵਾ ਹੋ ਗਿਆ ਹੈ ਜਿਸ ਉਪਰ ਵੱਡੀ ਗਿਣਤੀ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੇ ‘ਝਾੜੂ’ ਨੂੰ ਵੋਟਾਂ ਪਾਈਆਂ ਸਨ । ਬੇਰੁਜ਼ਗਾਰ ਲੋਕਾਂ ਨਾਲ ਕੀਤੇ ਚੋਣਾਂ ਤੋਂ ਪਹਿਲੇ ਵਾਅਦੇ ਵਫ਼ਾ ਨਹੀਂ ਹੋ ਸਕੇ ਜਿਸ ਬਾਰੇ ਭਗਵੰਤ ਮਾਨ ਕਹਿੰਦੇ ਸੀ ਕਿ ਪਹਿਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ‘ਹਰੇ ਪੈੱਨ’ ਨਾਲ਼ ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦਿਤਾ ਜਾਵੇਗਾ । ਇਸੇ ਤਰ੍ਹਾਂ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਮੁੱਦਾ ਵੀ ਲਟਕਿਆ ਹੈ । ਲੋਕ ਇਹ ਸਮਝਦੇ ਹਨ ਕਿ ਪਹਿਲੀਆਂ ਸਰਕਾਰਾਂ ਵਾਂਗ ਇਹ ਸਰਕਾਰ ਵੀ ਆਪਣੇ ਵਾਅਦੇ ਅਖੀਰਲੇ ਵਰ੍ਹੇ ਤੱਕ ਖਿਚ ਕੇ ਲਿਜਾਣਗੇ ।
ਭਾਵੇਂ ਸਰਕਾਰ ਨੇ ਭ੍ਰਿਸ਼ਟਾਚਾਰ, ਇਕ ਵਿਧਾਇਕ ਇਕ ਪੈਨਸ਼ਨ, ਏਟੀਐੱਸ , ਮੁਹੱਲਾ ਕਲੀਨਿਕਾਂ,ਅਧਿਆਪਕਾਂ ਲਈ ਵਿਦੇਸ਼ੀ ਸਿਖਲਾਈ ਆਦਿ ਵਿੱਚ ਕਈ ਚੰਗੇ ਫ਼ੈਸਲੇ ਲਏ ਹਨ ਪਰ ਇਸਦੇ ਉਲਟ ਮਾਨ ‘ਤੇ ਕੇਜਰੀਵਾਲ਼ ਦੇ ਕੰਟਰੋਲ ਬਾਰੇ ਲੋਕਾਂ ਵਿੱਚ ਕਾਫ਼ੀ ਗੁੱਸਾ ਹੈ । ਲੋਕ ਕਹਿੰਦੇ ਨੇ ਕਿ ਅਸੀਂ ਤਾਂ ਮਾਨ ਨੂੰ ਪੰਜਾਬ ਦਾ ਰਾਜਾ ਬਣਾਇਆ ਸੀ ਪਰ ਮਾਨ ਨੇ ਕੇਜਰੀਵਾਲ ਅੱਗੇ ਆਤਮ-ਸਮਰਪਣ ਕਰ ਗਏ ਹਨ।
ਸਿਮਰਨਜੀਤ ਸਿੰਘ ਮਾਨ ਦੇ ਜਿਤਣ ਨਾਲ਼ ਰਾਜ ਦੀ ਸਿਆਸਤ ਵਿੱਚ ਵੀ ਹਲਚਲ ਹੋਏਗੀ । ਇਸ ਚੋਣ ਵਿੱਚ ਜਿਵੇਂ ‘ਆਪ’ ਨੂੰ ਝਟਕਾ ਲੱਗਾ ਹੈ ਬਿਲਕੁਲ ਉਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ(ਬਾਦਲ) ਨੂੰ ਵੀ ਲੋਕਾਂ ਨੇ ਨਕਾਰ ਕੇ ਪੰਜਵੇ ਨੰਬਰ ‘ਤੇ ਲੈ ਆਂਦਾ ਹੈ । ਪਾਰਟੀ ਪੰਥਕ ਏਜੰਡੇ ਨੂੰ ਉਭਾਰਨ ਵਿੱਚ ਫ਼ੇਲ ਹੋਈ ਹੈ । ਉਧਰ ਬੀਜੇਪੀ ਖੁਸ਼ ਹੈ ਕਿਉਂਕਿ ਪਾਰਟੀ ਬਾਦਲ ਦਲ ਨੂੰ ਪਛਾੜ ਕੇ ਚੌਥੇ ਨੰਬਰ ‘ਤੇ ਰਹੀ ਹੈ । ਕਾਂਗਰਸ ਤੀਜੇ ਨੰਬਰ ‘ਤੇ ਰਹਿ ਕੇ ਹੀ ਸੰਤੁਸ਼ਟ ਹੈ ਭਾਵੇ ਪਾਰਟੀ ਨੇ ਵੱਡੀ ਜਿਤ ਦੇ ਦਾਅਵੇ ਕੀਤੇ ਸਨ।
ਸਤੱਤਰ ਸਾਲਾ ਮਾਨ ਸਹਿਬ ਸਾਬਕਾ ਆਈਪੀਐੱਸ ਅਫ਼ਸਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ 1984 ਵਿੱਚ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ‘ਬਲਿਊ ਸਟਾਰ’ ਮਗਰੋਂ ਵਿਰੋਧ ਵਿੱਚ ਅਸਤੀਫ਼ਾ ਦੇ ਦਿਤਾ ਸੀ। ਇਸ ਮਗਰੋਂ ਉਨ੍ਹਾਂ ਨੂੰ ਗਰਿਫ਼ਤਾਰ ਕਰ ਲਿਆ ਗਿਆ ਅਤੇ ਬੜੇ ਤਸੀਹੇ ਦਿਤੇ ਗਏ । ਮਾਨ ਪਹਿਲਾਂ 1989 ਵਿੱਚ ਤਰਨ ਤਾਰਨ ਅਤੇ ਫਿਰ 1999 ਵਿੱਚ ਸੰਗਰੂਰ ਤੋਂ ਲੋਕਸਭਾ ਚੋਣਾਂ ਜਿਤ ਚੁੱਕੇ ਹਨ । ਉਹ ਹਮੇਸ਼ਾ ਪੰਥਕ ਮੁਦਿਆਂ ‘ਤੇ ਲੜਦੇ ਆਏ ਹਨ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.