ਸੰਗਰੂਰ-ਚੋਣ : ਮਾਨ ਦਾ ਪਹਿਲਾ ਇਮਤਿਹਾਨ

ਅਮਰਜੀਤ ਸਿੰਘ ਵੜੈਚ (94178-01988)
ਸੰਗਰੂਰ ਦੇ ਵੋਟਰਾਂ ਦਾ ਇਤਿਹਾਸ ਹੈ ਕਿ ਇਨ੍ਹਾਂ ਨੇ ਲਗਾਤਾਰ ਤੀਜੀ ਵਾਰ ਕਿਸੇ ਵੀ ਇਕ ਪਾਰਟੀ ਦਾ ਸੰਸਦ ਮੈਂਬਰ ਨਹੀਂ ਚੁਣਿਆਂ। ਹੁਣ ਇਹ ਵੋਟਰ ਕੀ ਫੈਸਲਾ ਕਰਦੇ ਹਨ ਇਹ 26 ਜੂਨ ਨੂੰ ਪਤਾ ਲੱਗ ਜਾਵੇਗਾ ਜਿਸ ਲਈ ਸੰਗਰੂਰ ਵਾਲਿਆਂ ਨੇ 23 ਜੂਨ ਨੂੰ ਵੋਟਾਂ ਪਾ ਦੇਣੀਆਂ ਹਨ। ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ।
ਸੰਗਰੂਰ ਦੀ ਇਹ ਜ਼ਿਮਨੀ-ਚੋਣ ਪੰਜਾਬ ਵਿੱਚ ਇਕ ਦਿਲਚਸਪ ਬਹਿਸ ਛੇੜ ਚੁੱਕੀ ਹੈ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ‘ਬੰਦੀ-ਸਿੰਘਾਂ ਦੀ ਰਿਹਾਈ’ ਦਾ ਮੁੱਦਾ ਲੈ ਕੇ ਲੋਕਾਂ ਕੋਲ ਗਏ ਹਨ ; ‘ਆਪ’ ਹਾਲ ਹੀ ਵਿਧਾਨ-ਸਭਾ ਚੋਣਾਂ ਵਾਲੇ ਮੁੱਦਿਆਂ ਨਾਲ ਚੋਣ ਦੰਗਲ ਵਿੱਚ ਉਤਰੀ ਹੈ ਪਰ ‘ਬੰਦੀ-ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਦੋਸ਼ੀ ਦੱਸ ਰਹੀ ਹੈ; ਭਾਜਪਾ ਅਤੇ ਕਾਂਗਰਸ ‘ਆਪ’ ਦੀ ਪੰਜਾਬ ਵਿੱਚ ਸਰਕਾਰ ਦੇ ਪਿਛਲੇ ਤਿੰਨ ਮਹੀਨੇ ‘ਚ ਅਮਨ ਅਤੇ ਸ਼ਾਂਤੀ ਦੇ ਮੁੱਦੇ ‘ਤੇ ਜ਼ਿਆਦਾ ਆਵਾਜ਼ ਬੁਲੰਦ ਕਰ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਾਰੀਆਂ ਹੀ ਪਾਰਟੀਆਂ ਆਪਣੇ-ਆਪਣੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਵਿੱਚ ਹਨ।
ਭ੍ਰਿਸ਼ਟਾਚਾਰ ਸਾਰੀਆਂ ਹੀ ਪਾਰਟੀਆਂ ਦੇ ਨੇਤਾਵਾਂ ਲਈ ਭਾਸ਼ਣ ਦੇਣ ਦਾ ਸਭ ਤੋਂ ਸਵਾਦਲਾ ਮੁੱਦਾ ਹੈ ਪਰ ਸਾਰੇ ਨੇਤਾ ਇਹ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਹਨ ਕਿ ਉਨ੍ਹਾਂ ਦੀ ਪਾਰਟੀ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ ਲੜ ਸਕਦੀ ਹੈ। ਇਕ ਦੂਜੇ ‘ਤੇ ਦੋਸ਼ ਲਾਉਣ ਵਿੱਚ ਸਾਰੇ ਉਮੀਦਵਾਰ ਰੇਸ ਵਿੱਚ ਹਨ।
ਸੰਗਰੂਰ ਜ਼ਿਲ੍ਹਾ ਮਾਲਵੇ ਦੇ ਪੱਛੜੇ ਜ਼ਿਲਿਆਂ ਵਿੱਚ ਆਉਂਦਾ ਹੈ। ਇਸ ਦਾ ਹਰਿਆਣੇ ਨਾਲ ਲੱਗਦਾ ਹਿੱਸਾ ਤਕਰੀਬਨ ਹਰ ਸਾਲ ਘੱਗਰ ਦੀ ਮਾਰ ‘ਚ ਆਉਂਦਾ ਹੈ। ਇਸ ਜ਼ਿਲ੍ਹੇ ਵਿੱਚ ਵੀ ਨਸ਼ਿਆਂ ਦੀ ਬਹੁਤ ਵੱਡੀ ਮਾਰ ਪਈ ਹੈ। ਉਦਯੋਗ ਨਾਂ ਮਾਤਰ ਹੀ ਹੈ। ਧਰਤੀ ਹੇਠਲੇ ਪਾਣੀ ਦੀ ਸਥਿਤੀ ਇਸ ਜ਼ਿਲ੍ਹੇ ਦੀ ਬਹੁਤ ਮਾੜੀ ਹੈ। ਪਿਛਲੇ ਵਰ੍ਹੇ ਭਵਾਨੀਗੜ੍ਹ ਦੇ ਇਕ ਪਿੰਡ ਅਲੋਰੱਖਾ ਵਿੱਚ ਇਕ ਬੋਰ ਵਿੱਚੋਂ ‘ਖੂਨ’ ਵਰਗਾ ਪਾਣੀ ਨਿਕਲਣ ਲੱਗ ਪਿਆ ਸੀ ਜਿਸ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਸੀ ਇਹਦੇ ਪਿਛੇ ਉਸ ਇਲਾਕੇ ਵਿੱਚ 10 ਸਾਲ ਪਹਿਲਾਂ ਬੰਦ ਹੋ ਚੁੱਕੀ ਫ਼ੈਕਟਰੀ ਸੀ।
2011 ਦੀ ਜਨਗਣਨਾ ਅਨੁਸਾਰ ਸੰਗਰੂਰ ਵਿੱਚ ਸਾਖਰਤਾ ਦਰ ਤਕਰੀਬਨ 67 ਫ਼ੀਸਦ ਹੈ ; ਇਸ ਵਿੱਚ ਮਰਦਾਂ ਦੀ 65 ਤੇ ਔਰਤਾਂ ਦੀ 56 ਫ਼ੀਸਦ ਸਾਖ਼ਰਤਾ ਦਰ ਹੈ ਜਦੋਂ ਕਿ ਪੰਜਾਬ ਦੀ ਸਮੁੱਚੀ ਸਾਖ਼ਰਤਾ ਦਰ ਤਕਰੀਬਨ 76 ਫ਼ੀਸਦ ਹੈ। ਸਿਹਤ ਸਹੂਲਤਾਂ ਪੱਖੋਂ ਵੀ ਇਸ ਇਲਾਕੇ ਦੀ ਸਥਿਤੀ ਕੋਈ ਚੰਗੀ ਨਹੀਂ। ਇਨ੍ਹਾਂ ਸਥਿਤੀਆਂ ਵਿੱਚ ਸੰਗਰੂਰ ਦੇ ਲੋਕਾਂ ਨੂੰ ‘ਹਵਾਈ ਅੱਡਾ’ ਦੇਣ ਦੀ ਗੱਲ ਕਰਨੀ ਕਿੰਨੀ ਕੁ ਤਰਕ ਸੰਗਤ ਹੋ ਸਕਦੀ ਹੈ ? ਪਾਰਟੀਆਂ ਵੋਟਰਾਂ ਨੂੰ ਸੁਪਨੇ ਵੰਡ ਰਹੀਆਂ ਹਨ।
ਵੋਟਾਂ ਤੋਂ ਬਿਲਕੁਲ ਤਿੰਨ ਦਿਨ ਪਹਿਲਾਂ ਕੱਲ੍ਹ ਸੰਗਰੂਰ ਦੇ ਇਕ ਮੰਦਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖਕੇ ਚੋਣਾਂ ਨੂੰ ਭਟਕਾਉਣ ਦਾ ਯਤਨ ਕੀਤਾ ਗਿਆ ਹੈ। ਅਜਿਹੇ ਲੋਕਾਂ ਨੂੰ ਕਦੇ ਵੀ ਚੋਣਾਂ ਵਿੱਚ ਹੁੰਗਾਰਾ ਨਹੀਂ ਮਿਲਿਆ। ਕੁਝ ਲੋਕਾਂ ਦੀ ਕੋਸ਼ਿਸ਼ ਹੋ ਸਕਦੀ ਹੈ ਕਿ ਚੋਣਾਂ ਦਾ ਮਾਹੌਲ ਖਰਾਬ ਕੀਤਾ ਜਾਵੇ। ਪੰਜਾਬ ਵਿੱਚ ਕਦੇ ਵੀ ਚੋਣਾਂ ਦੌਰਾਨ,’ਛੁੱਟ-ਪੁਟ’ ਘਟਨਾਵਾਂ ਨੂੰ ਛੱਡ ਕੇ, ਹਿੰਸਾ ਨਹੀਂ ਹੋਈ। ਬਲਕਿ ਪੰਜਾਬ ਦਾ ਵੋਟਰ ਦੇਸ਼ ਦੇ ਵੋਟ ਪ੍ਰਤੀਸ਼ਤ ਨਾਲੋਂ ਵੱਧ ਵੋਟ ਪਾ ਕੇ ਲੋਕਤੰਤਰ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਹੈ।
ਸੰਗਰੂਰ ਦੀ ਇਹ ਚੋਣ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਵਕਾਰ ਦਾ ਸਵਾਲ ਸਮਝ ਰਹੀਆਂ ਹਨ ਪਰ ‘ਆਪ’ ਲਈ ਇਹ ਪੰਜਾਬ ਦੀਆਂ ਹਾਲ ਹੀ ਵਿੱਚ ਹੋਈਆਂ ਵਿਧਾਨ-ਸਭਾ ਚੋਣਾਂ ਮਗਰੋਂ ਇਕ ਜ਼ਬਰਦਸਤ ਇਮਤਿਹਾਨ ਹੈ। ਮੁੱਖ-ਮੰਤਰੀ ਭਗਵੰਤ ਮਾਨ 2014 ਦੀਆਂ ਲੋਕ ਸਭਾ ਚੋਣਾਂ ‘ਚ ਸੰਗਰੂਰ ਤੋਂ 48 ਫ਼ੀਸਦ ਤੋਂ ਵੀ ਵੱਧ ਵੋਟਾਂ ਲੈਕੇ ਜਿੱਤੇ ਸਨ ਅਤੇ ਉਸ ਵਕਤ ‘ਆਪ’ ਨੇ ਸੰਗਰੂਰ ਸਮੇਤ ਪਟਿਆਲ਼ਾ, ਫ਼ਤਿਹਗੜ੍ਹ ਸਾਹਿਬ ਅਤੇ ਫ਼ਰੀਦਕੋਟ ਲੋਕਸਭਾ ਸੀਟਾਂ ਵੀ ਜਿੱਤੀਆਂ ਸਨ ਪਰ 2019 ਵਿੱਚ ‘ਆਪ’ ਸਿਰਫ਼ ਸੰਗਰੂਰ ਦੀ ਸੀਟ ਹੀ ਜਿੱਤ ਸਕੀ ਸੀ। ਇਸ ਸੀਟ ਤੋਂ ਵੀ ਭਗਵੰਤ ਮਾਨ ਨੂੰ 2014 ਦੇ ਮੁਕਾਬਲੇ 11 ਫ਼ੀਸਦ ਘੱਟ ਵੋਟਾਂ ਪਈਆਂ ਸਨ। ਹੁਣ ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਹੀ ਸੀਟਾਂ ‘ਆਪ’ ਨੇ ਜਿੱਤੀਆਂ ਸਨ। ਸੋ ਸੰਗਰੂਰ ਦੇ ਨਤੀਜੇ ਦੀ ਸਾਰਿਆਂ ਨੂੰ ਹੀ ਬੇ-ਸਬਰੀ ਨਾਲ ਉਡੀਕ ਰਹੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.