EDITORIAL

ਪੰਜਾਬ ਦੇ ਜੁਆਕ ਵੱਧ ਪੈੱਗਾਂ ਦੇ ਸ਼ੌਕੀਨ, ਨਕਲੀ ਸ਼ਰਾਬ  ਵੇਚਦੇ ਲੀਡਰ

ਪੁਲਿਸ ਨਹੀਂ ਪਾਉਂਦੀ ਹੱਥ !

ਅਮਰਜੀਤ ਸਿੰਘ ਵੜੈਚ (94178-01988) 

ਕੱਲ੍ਹ ਸੁਪਰੀਮ ਕੋਰਟ  ਨੇ  ਪੰਜਾਬ ਦੀ  ਸਰਕਾਰ  ਦੀ ਇਸ ਕਰਕੇ ਖਿਚਾਈ ਕੀਤੀ ਕਿ ਪੰਜਾਬ ਸਰਕਾਰ ਰਾਜ ਵਿੱਚ ਨਕਲੀ ਸ਼ਰਾਬ ਦੇ ਦੋਸ਼ੀਆਂ  ਵਿਰੁਧ ਕਾਰਵਾਈ ਕਰਨ ‘ਚ ਢਿੱਲ ਕਿਉਂ ਕਰ  ਰਹੀ ਹੈ ? ਸੁਪਰੀਮ ਕੋਰਟ ਨੇ ਕਿਹਾ ਕਿ ਨਕਲੀ ਸ਼ਰਾਬ ਕਾਰਨ ਵਿਸਕੀ ਪੀਣ ਵਾਲ਼ਿਆਂ ਦਾ ਨੁਕਸਾਨ ਨਹੀਂ ਹੁੰਦਾ ਬਲਕਿ ਆਮ ਤੇ ਗਰੀਬ /ਮਜ਼ਦੂਰ ਲੋਕ ਪੀੜਤ ਹੁੰਦੇ ਹਨ । ਇਥੇ ਦੱਸਣਾ ਬਣਦਾ ਹੈ ਕਿ ਕੋਰੋਨਾ  ਦੇ ਸਮੇਂ ਲੱਗੀਆਂ ਪਾਬੰਦੀਆਂ ਸਮੇਂ ਸਾਲ 2020 ਦੇ ਜੁਲਾਈ ਮਹੀਨੇ ‘ਚ ਨਕਲੀ ਸ਼ਰਾਬ ਪੀਣ ਕਰਕੇ 127 ਵਿਅਕਤੀ ਮੌਤ ਦਾ ਸ਼ਿਕਾਰ ਹੋ ਗਏ ਸਨ । ਇਸ ਨਕਲੀ ਸ਼ਰਾਬ ਦੀ ਮੁਢਲੀ ਜਾਂਚ ਦੌਰਾਨ ਇਸ ਧੰਦੇ ਦੇ ਤਾਰ ਕਈ ਰਾਜਸੀ ਲੀਡਰਾਂ ਤੱਕ ਪਹੁੰਚ ਗਏ ਸਨ ਜਿਨ੍ਹਾ ਉਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ । ਇਸਦੇ ਉਲਟ ਸਿਰਫ਼ ਕੁਝ ਮਜ਼ਦੂਰਾਂ ‘ਤੇ ਕੇਸ ਦਰਜ ਕਰਕੇ ਪੁਲਿਸ ‘ਵੱਡੀਆਂ ਮੱਛੀਆਂ’ ਨੂੰ ਬਚਾਉਣਾ ਚਾਹੁੰਦੀ ਹੈ ।

ਪੰਜਾਬ ਦੀ ਦੇਸ਼ ‘ਚ ਕੀ ਸਥਿਤੀ ਹੈ ਪੜ੍ਹਕੇ ਤੁਸੀਂ ਹੈਰਾਨ ਹੋ ਜਾਵੋਗੇ । ਪੰਜਾਬ ਦੇ ਜੁਆਕ ਦੇਸ਼ ਵਿੱਚ ਬਾਕੀ ਰਾਜਾਂ ਨਾਲ਼ੋਂ ਵੱਧ ਸ਼ਰਾਬ ਪੀਂਦੇ ਹਨ । ਰਾਸ਼ਟਰੀ ਔਸਤ  ਅਨੁਸਾਰ 40 ਹਜ਼ਾਰ  ਪ੍ਰਤੀ ਰਾਜ ਬੱਚੇ ਸ਼ਰਾਬ ਪੀਂਦੇ ਹਨ  ਪਰ AIIMS ਵੱਲੋਂ ਜਾਰੀ ਕੀਤੀ ਫ਼ਰਵਰੀ 2019 ਦੀ ਰਿਪੋਰਟ ਮੁਤਾਬਿਕ ਪੰਜਾਬ ‘ਚ  10-17 ਸਾਲਾਂ  ਦੀ ਉਮਰ ਵਾਲ਼ੇ  ਇਕ ਲੱਖ ਵੀਹ ਹਜ਼ਾਰ ਬੱਚੇ ਅਜਿਹੇ ਹਨ ਜਿਨ੍ਹਾਂ ਨੇ ਕਦੇ ਨਾ ਕਦੇ ਸ਼ਰਾਬ  ਦਾ ਸੁਆਦ ਜ਼ਰੂਰ ਵੇਖਿਆ ਹੈ । ਇਹ ਅੰਕੜਾ ਚਿੰਤਾ ਵਾਲ਼ਾ ਹੈ ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ 2019-21 ਦੇ   ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਅਨੁਸਾਰ ਦੇਸ਼ ਵਿੱਚ ਸੱਭ ਤੋਂ ਵੱਧ ਸ਼ਰਾਬ ਪੀਣ ਵਾਲ਼ੇ ਰਾਜਾਂ ‘ਚ  ਪਹਿਲੇ ਨੰਬਰ ‘ਤੇ ਅਰੁਨਾਚਲ ਪ੍ਰਦੇਸ਼ ( ਔਸਤ 38 ਫ਼ੀਸਦ – ਮਰਦ 52.6% ਤੇ ਔਰਤਾਂ 24.0%) ਦੂਜੇ ਨੰਬਰ ‘ਤੇ ਤੇਲੰਗਾਨਾ ( 25%,- 43.7% ਤੇ 6.7%) ਤੀਜੇ ਨੰਬਰ ਤੇ ਸਿਕਮ ( 23%- 39.8% ਤੇ 6.2%) ਚੌਥੇ ਨੰਬਰ   ‘ਤੇ ਅੰਡੇਮਾਨ ਨਿਕੋਬਾਰ ( 22 %- 39% ਤੇ 5%) ਪੰਜਵੇਂ ਨੰਬਰ ‘ਤੇ ਮਨੀਪੁਰ (19%-37.5% ਤੇ 0.9%) ਛੇਵੇਂ ਨੰਬਰ ‘ਤੇ ਗੋਆ (21.2 %- 36.9% ਤੇ 5.5%) ਸੱਤਵੇਂ ਨੰਬਰ ‘ਤੇ ਝਾਰਖੰਡ (21.1%-36.1% ਤੇ 6.1%) ਤੇ ਅੱਠਵੇਂ ਨੰਬਰ  ‘ਤੇ ਛੱਤੀਸਗੜ੍ਹ (18%-35% ਤੇ 0.5%) ਆਉਂਦਾ ਹੈ । ਸ਼ਹਿਰਾਂ ਨਾਲ਼ੋ ਵੱਧ ਸ਼ਰਾਬ ਪਿੰਡਾਂ ‘ਚ ਪੀਤੀ ਜਾਂਦੀ ਹੈ ।

ਪੰਜਾਬ ਦਾ ਭਾਵੇਂ ਪਹਿਲੇ ਅੱਠ ਰਾਜਾਂ ‘ਚ ਨਾਮ ਨਹੀਂ ਆਉਂਦਾ ਤਾਂ ਵੀ ਪੰਜਾਬ ਬਦਨਾਮ ਕਿਉਂ ? ਕਾਰਨ ਇਹ ਹੈ ਕਿ ਪੰਜਾਬ ‘ਚ ਹੋਰ ਨਸ਼ੇ ਬਹੁਤ ਵਰਤੇ ਤੇ ਵੇਚੇ ਜਾ ਰਹੇ ਹਨ । ਸ਼ਰਾਬ,ਤੰਬਾਕੂ,ਚਿੱਟਾ (ਸਿੰਥੈਟਿਕ ਨਸ਼ਾ),ਕੁਕੀਨ, ਭੁੱਕੀ,ਗੋਲ਼ੀਆਂ,ਟੀਕੇ  ਆਦਿ ਨਸ਼ੇ ਪੰਜਾਬ ਚ’ ਪ੍ਰਚੱਲਿਤ ਹਨ । ਇਨ੍ਹਾਂ  ਆਮ ਮਿਲਣ ਵਾਲ਼ੇ ਨਸ਼ਿਆਂ ਕਾਰਨ ਅਸੀਂ ਹਰ ਰੋਜ਼ ਹੋ ਰਹੀਆਂ ਮੌਤਾਂ ਬਾਰੇ ਖ਼ਬਰਾਂ ਵੇਖ/ਸੁਣ ਹੀ ਰਹੇ ਹਾਂ । ਸ਼ਰਾਬ  ਦੇ ਸਰਕਾਰੀ ਠੇਕੇ ਤਾਂ ਸਰਕਾਰਾਂ ਨੇ ਪਿੰਡਾਂ ਦੀਆਂ ਫਿਰਨੀਆਂ ਤੱਕ ਖੋਲ ਦਿਤੇ ਹਨ ਤਾਂ ਕਿ ਪਿੰਡਾਂ ਵਾਲ਼ਿਆਂ ਨੂੰ ਸ਼ਰਾਬ ਲੈਣ ਲਈ ਦੂਰ ਨਾ ਜਾਣਾ ਪਵੇ ਭਾਵੇਂ ਬੱਚਿਆਂ ਨੂੰ ਪੜ੍ਹਾਈ ਵਾਸਤੇ ਸੱਤਲੁਜ ਦਰਿਆ ਹੀ ਪਾਰ ਕਰਨਾ ਪਵੇ ( ਪਿੰਡ ਕਾਲ਼ੂਵਾਲ਼ਾ ,ਫਿਰੋਜ਼ਪੁਰ)।

ਇਕ ਅੰਦਾਜ਼ੇ ਅਨੁਸਾਰ ਪੰਜਾਬ ਹਰ ਸਾਲ ਸਰਕਾਰੀ ਠੇਕਿਆਂ ‘ਤੇ ਵਿਕਦੀ ਹਰ ਕਿਸਮ ਦੀ ਦਾਰੂ ਦੀਆਂ 35 ਕਰੋੜ ਤੋਂ ਵੱਧ ਬੋਤਲਾਂ ਚੜ੍ਹਾ ਜਾਂਦਾ ਹੈ । ਪੰਜਾਬ ਦੀ ਆਬਾਦੀ ਤਕਰੀਬਨ ਤਿੰਨ ਕਰੋੜ ਹੈ ਇਸ ਹਿਸਾਬ ਨਾਲ਼  ਹਰ ਇਕ ਪੰਜਾਬੀ ਦੇ ਹਿਸੇ ਸਾਲ ਦੀਆਂ ਤਕਰੀਬਨ 12 ਬੋਤਲਾਂ ਆਉਂਦੀਆਂ ਹਨ ; ਇਨ੍ਹਾਂ ਪੰਜਾਬੀਆਂ ‘ਚ ਹਾਲ ਹੀ ਵਿੱਚ ਜੰਮੇ ਬੱਚੇ,ਬਜ਼ੁਰਗ,ਔਰਤਾਂ ,ਬਿਮਾਰ  ਤੇ ਉਹ ਗਰੀਬ ਲੋਕ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਪੂਰੀ ਨਹੀਂ ਮਿਲ਼ਦੀ ।

ਇਕ ਅੰਦਾਜ਼ੇ ਅਨੁਸਾਰ ਪਿਛਲੇ 10 ਸਾਲਾਂ ‘ਚ ਪੰਜਾਬ 35 ਹਜ਼ਾਰ ਕਰੋੜ  ਰੁ: ਤੋਂ ਵੱਧ ਦੀ ਸ਼ਰਾਬ ਹੀ ਪੀ ਗਿਆ ਹੈ  । ਇਸ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਆ ਰਹੀ ਨਜਾਇਜ਼ ਸ਼ਰਾਬ, ਪੰਜਾਬ ‘ਚ ਹੀ ਵਿਕ ਰਹੀ ਦੋ ਨੰਬਰ ਦੀ ਸ਼ਰਾਬ ਤੇ ਘਰਾਂ ‘ਚ ਕੱਢੀ ਜਾਂਦੀ ਦੇਸੀ ਸ਼ਰਾਬ ਵੱਖਰੀ ਹੈ : ਜੇ ਕਰ ਦੋ ਨੰਬਰ ਤੇ ਘਰਾਂ ‘ਚ ਕੱਢੀ ਜਾਂਦੀ ਸ਼ਰਾਬ ਦਾ ਪੈਸਾ ਵੀ ਜੋੜ ਲਿਆ  ਜਾਵੇ ਤਾਂ  ਉਪਰੋਕਤ 35 ਹਜ਼ਾਰ ਕਰੋੜ ਦਾ ਰੋਕੜਾ 50 ਹਜ਼ਾਰ ਕਰੋੜ ਤਾਂ ਹੋ ਹੀ ਜਵੇਗਾ ! ਬੱਲੇ ਓਏ ਪੰਜਾਬੀਓ ! ਨਹੀਂ ਰੀਸਾਂ ਤੁਹਾਡੀਆਂ ।

ਸ਼ਰਾਬ ਪੀਣ ਨਾਲ਼ ਸਿਰਫ਼ ਪੈਸੇ ਤੇ ਸਿਹਤ ਦਾ ਹੀ ਨੁਕਸਾਨ ਨਹੀਂ ਹੁੰਦਾ ਬਲਕਿ ਸਮਾਜ ਤੇ ਮਨੁੱਖਾਂ ‘ਤੇ ਹੋਰ ਵੀ  ਪ੍ਰਭਾਵ  ਪੈਂਦੇ ਹਨ । ਵਿਸ਼ਵ ਸਿਹਤ ਸੰਸਥਾ ਅਨੁਸਾਰ ਸਿਰਫ਼ ਸ਼ਰਾਬ ਦੀ ਵਰਤੋਂ ਕਾਰਨ  ਦੋ ਸੌ ਤੋਂ ਵੱਧ ਬਿਮਾਰੀਆਂ  ਹੋ ਸਕਦੀਆਂ ਹਨ  । ਸ਼ਰਾਬ ਕਾਰਨ ਹਰ ਸਾਲ ਵਿਸ਼ਵ ‘ਚ 30 ਲੱਖ ਲੋਕ ਮਰ ਜਾਂਦੇ ਹਨ ਜੋ ਦੁਨੀਆਂ ‘ਚ ਹੋਣ ਵਾਲ਼ੀਆਂ ਕੁੱਲ ਮੌਤਾਂ ਦਾ 5.3 ਫ਼ੀਸਦ ਬਣਦਾ ਹੈ ।  ਸਾਡੇ ਦੇਸ਼ ਵਿੱਚ  ਵੀ ਦੋ ਲੱਖ 60 ਹਜ਼ਾਰ ਮੌਤਾਂ ਹਰ ਸਾਲ ਸ਼ਰਾਬ ਕਾਰਨ ਹੁੰਦੀਆਂ ਹਨ । ਉਧਰ ਨਕਲੀ ਜਾਂ ਘਟੀਆ ਸ਼ਰਾਬ ਪੀਕੇ ਮਰਨ ਵਾਲ਼ਿਆਂ ‘ਚ ਯੂਪੀ ਮਗਰੋਂ ਦੂਜਾ ਨੰਬਰ ਪੰਜਾਬ ਦਾ ਹੀ ਆਉਂਦਾ ਹੈ ।

ਡਾਕਟਰੀ ਖੋਜਾਂ ਅਨੁਸਾਰ ਸਰਾਬ ਦੀ ਵਰਤੋਂ ਜਿਥੇ ਵਿਅਕਤੀ ਦੀ ਸਿਹਤ ਖ਼ਰਾਬ ਕਰਦੀ ਹੈ ਉਥੇ ਨਾਲ਼ ਦੀ ਨਾਲ਼ ਓਹਦੇ ਸੁਭਾਅ ਤੇ ਵਰਤਾਓ ‘ਚ ਮਨਫ਼ੀ ਝੁਕਾਅ ਲਿਆਉਂਦੀ ਹੈ ਨਾਲ਼ ਦੀ ਨਾਲ਼ ਸ਼ਰਾਬ ਬੰਦੇ ਦੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦੀ ਹੈ ਤੇ ਉਸ ਨੂੰ ਮੌਤ ਦੇ ਨੇੜੇ ਜਲਦੀ ਲੈਕੇ ਜਾਂਦੀ ਹੈ । ਇਕ ਰਿਪੋਰਟ ਅਨੁਸਾਰ 20 ਤੋਂ 39 ਸਾਲ ਦੇ ਲੋਕਾਂ ‘ਚ ਹੋਣ ਵਾਲ਼ੀਆਂ ਮੌਤਾਂ ‘ਚ 13.5 ਫ਼ੀਸਦ ਸਿਰਫ਼ ਸ਼ਰਾਬ ਕਾਰਨ ਹੀ ਹੁੰਦੀਆਂ ਹਨ । ਸ਼ਰਾਬ ਮਨੁੱਖ ਦਾ ਨਾੜੀ ਤੰਤਰ ਵੀਮਕਮਜ਼ੋਰ  ਕਰਦੀ ਹੈ ।

ਸਰਕਾਰਾਂ  ਭਰਿਸ਼ਟਾਚਾਰੀਆਂ ,ਗੈਂਗਸਟਰਾਂ , ਨਸ਼ੇ ਦੇ ਵਪਾਰੀਆਂ, ਪਰਾਲ਼ੀ ਸਾੜਨ ਵਾਲ਼ੇ ਕਿਸਾਨਾਂ  ਦੇ ਮਗਰ ਤੇ ਪਈਆਂ ਹਨ ਪਰ ਕਦੇ ਕਿਸੇ ਨੂੰ ਇਹ ਖ਼ਿਆਲ ਕਿਉਂ ਨਹੀਂ ਆਇਆ ਕਿ ਪੰਜਾਬ ‘ਚੋਂ ਸ਼ਰਾਬ ਵੀ ਖ਼ਤਮ ਕੀਤੀ ਜਾਣੀ ਚਾਹੀਦੀ ਹੈ ? ਸਰਕਾਰਾਂ ਸ਼ਰਾਬ ਨੂੰ ਨਸ਼ੇ ਹੀ ਨਹੀਂ ਮੰਨਦੀਆਂ ਏਸੇ ਕਰਕੇ  ਤੇ ਹਰ ਸਾਲ ਸਕੂਲਾਂ ਤੇ ,ਹੱਸਪਤਾਲ਼ਾਂ  ਨਾਲੋਂ ਵੱਧ ਸਰਕਾਰ ਠੇਕੇ ਖੋਲ੍ਹ ਦਿੰਦੀ ਹੈ ।

ਇਸ ਪਾਸੇ ਸਾਰੀਆਂ ਧਿਰਾਂ ਵੱਲੋਂ ਹੰਬਲਾ ਮਾਰਨ ਦੀ ਲੋੜ ਹੈ ਕਿਉਂਕਿ ਸ਼ਰਾਬ ਵੀ ਹਰ ਰੋਜ਼ ਘਰਾਂ ਦੇ ਘਰ ਉਜਾੜ ਰਹੀ ਹੈ, ਬੱਚੇ ਯਤੀਮ ਹੋ ਰਹੇ ਹਨ ਔਰਤਾਂ ਵਿਧਵਾਵਾਂ ਹੋ ਰਹੀਆਂ ਹਨ ਤੇ ਸ਼ਰਾਬ ਕਾਰਨ ਬਹੁਤ ਲੋਕ ਸਰੀਰਕ ਤੌਰ ‘ਤੇ ਨਕਾਰਾ ਹੋ ਰਹੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button