PunjabTop News

ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ, ਪੁਲਿਸ ਰਿਮਾਂਡ ‘ਤੇ ਦੋਸ਼ੀ ਨੇ ਕੀਤੀ ਆਤਮ ਹੱਤਿਆ ਦੀ ਕੋਸ਼ਿਸ਼

ਪਿੰਡ ਗੋਲੇਵਾਲਾ ‘ਚ 23 ਅਪ੍ਰੈਲ ਨੂੰ ਹੋਏ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਦੇ ਦੋਸ਼ੀ ਵਿੱਕੀ ਮਸੀਹ ਨੇ ਅੱਜ ਸਵੇਰੇ ਆਪਣੇ ਗਲੇ ‘ਤੇ ਬਲੇਡ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਉਹ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।ਦੱਸਣਯੋਗ ਹੈ ਕਿ 23 ਅਪ੍ਰੈਲ ਨੂੰ ਸਵੇਰੇ ਗੋਲੇਵਾਲਾ ਦੀ ਇੱਕ ਗਲੀ ਵਿੱਚ ਸ੍ਰੀ ਗੁਟਕਾ ਸਾਹਿਬ ਦੇ ਕੁਝ ਅੰਗ ਸੁੱਟੇ ਹੋਏ ਮਿਲੇ ਸਨ। ਜਿਸ ਤੋਂ ਬਾਅਦ ਪਿੰਡ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਵਿੱਚ ਸਾਹਮਣੇ ਆਇਆ ਕਿ ਇਹ ਬੇਅਦਬੀ ਕਾਰ ਵਿੱਚ ਸਵਾਰ ਵਿਅਕਤੀਆਂ ਵੱਲੋਂ ਕੀਤੀ ਗਈ ਹੈ।ਪੁਲਿਸ ਵੱਲੋਂ ਅਗਲੇ ਦਿਨ ਕਾਰ ਟਰੇਸ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਵਿੱਕੀ ਮਸੀਹ ਅਤੇ ਰੂਪ ਲਾਲ ਵਜੋਂ ਹੋਈ ਹੈ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 28 ਅਪਰੈਲ ਤੱਕ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।ਦੱਸਣਯੋਗ ਹੈ ਕਿ ਮੁਲਜ਼ਮਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਸੀਆਈਏ ਸਟਾਫ ਵਿੱਚ ਰੱਖਿਆ ਗਿਆ ਸੀ। ਜਿੱਥੇ ਅੱਜ ਸਵੇਰੇ ਛੇ ਵਜੇ ਦੇ ਕਰੀਬ ਇੱਕ ਮੁਲਜ਼ਮ ਵਿੱਕੀ ਮਸੀਹ ਨੇ ਆਪਣੇ ਗਲੇ ‘ਤੇ ਬਲੇਡ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਮਸੀਹ ਨੂੰ ਜਿਸ ਤਾਲਾਬੰਦੀ ਵਿੱਚ ਰੱਖਿਆ ਗਿਆ ਸੀ, ਉਸ ਦੇ ਵਾਸ਼ਰੂਮ ਦੀ ਹਾਲਤ ਖ਼ਰਾਬ ਸੀ। ਜਿਸ ਕਾਰਨ ਸੰਤਰੀ ਉਸ ਨੂੰ ਦੂਜੇ ਵਾਸ਼ਰੂਮ ਵਿੱਚ ਲੈ ਗਿਆ।ਐਸਪੀ ਅਨੁਸਾਰ ਉਹ ਵਾਸ਼ਰੂਮ ਪੁਲਿਸ ਵਾਲੇ ਵਰਤਦੇ ਹਨ ਅਤੇ ਉਹ ਉੱਥੇ ਸ਼ੇਵ ਵੀ ਕਰਦੇ ਹਨ, ਇਸ ਲਈ ਉੱਥੇ ਪੁਰਾਣਾ ਬਲੇਡ ਪਿਆ ਸੀ। ਜਿਸ ਨੂੰ ਵਿੱਕੀ ਮਸੀਹ ਨੇ ਵਾਸ਼ਰੂਮ ਤੋਂ ਆਉਂਦੇ ਸਮੇਂ ਚੁੱਕ ਲਿਆ ਤੇ ਗਲਾ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਦੇਰ ਬਾਅਦ ਜਦੋਂ ਸੰਤਰੀ ਉਸ ਨੂੰ ਸਵੇਰ ਦੀ ਚਾਹ ਦੇਣ ਗਿਆ ਤਾਂ ਉਸ ਨੂੰ ਇਸ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਿਆਂਦਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button