EDITORIAL

ਸੋਸ਼ਲ਼-ਮੀਡੀਆ ਦਾ ਹਮਲਾ

ਅਮਰਜੀਤ ਸਿੰਘ ਵੜੈਚ

ਸੋਸ਼ਲ-ਮੀਡੀਆ ਕੀ ਆਪਣੇ ਨਾਮ ਅਨੁਸਾਰ ਕੰਮ ਕਰ ਰਿਹਾ ਹੈ ? ਕੀ ਇਹ ਵਿਚਾਰਾਂ ਦੇ ਆਦਾਨ ਪ੍ਰਦਾਨ ਵਿੱਚ ਯੋਗਦਾਨ ਪਾ ਕਿ ਸਮਾਜ ਦਾ ਭਲਾ ਕਰ ਰਿਹਾ ਹੈ ਜਾਂ ਸਮਾਜ ਵਿਚ ਭਰਮ ਫੈਲਾ ਰਿਹਾ ਹੈ ? ਕੀ ਇਹ ਸਮਾਜ ਨੂੰ ਜੋੜ ਰਿਹਾ ਹੈ ਜਾਂ ਤੋੜ ਰਿਹਾ ਹੈ ?  ਕੀ ਇਹ ਨੌਜਵਾਨ ਤਬਕੇ ‘ਤੇ ਬੁਰੀ ਤਰ੍ਹਾਂ ਹਮਲਾ ਕਰ ਚੁੱਕਿਆ ਹੈ ?  ? ਕੀ ਬਹੁਤ ਸਾਰੇ ਲੋਕ ਇਸ ਨੂੰ ਗ਼ਲਤ ਢੰਗ ਨਾਲ ਇਸਤੇਮਾਲ ਕਰ ਰਹੇ ਨੇ ? ਕੀ ਇਸ ਦੀ ਦੁਰਵਰਤੋਂ ਵੱਧ ਅਤੇ ਵਰਤੋਂ ਘੱਟ ਹੋ ਰਹੀ ਹੈ ? ਇਸ ਤਰ੍ਹਾਂ ਦੇ ਅਕਸਰ ਸਵਾਲ ਲੋਕ ਉਠਾ ਰਹੇ ਹਨ । ਸਮਾਜਿਕ ਅਤੇ ਸਰਕਾਰੀ ਪੱਧਰ ‘ਤੇ ਵੀ ਇਨ੍ਹਾਂ ਪੱਖਾਂਸ ‘ਤੇ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸੋਸ਼ਲ਼-ਮੀਡੀਆ(ਵਟਸਐਪ,ਫ਼ੇਸਬੁੱਕ,ਟਵੀਟਰ,ਇੰਸਟਾਗਰਾਮ,ਟਿਕਟਾਕ , ਵੀ ਚੈਟ ਆਦਿ ) ਬਹੁਤ ਹੀ ਤਗੜਾ ਮੀਡੀਆ ਬਣ ਚੁਕਿਆ ਹੈ ਪਰ ਇਸ ਉਪਰ ਕਿਸੇ ਵੀ ਕਿਸਮ ਦਾ ਕੰਟਰੋਲ ਨਾ ਹੋਣ ਕਰਕੇ ਇਹ ਗ਼ਲਤ ਹੱਥਾਂ ਵਿੱਚ ਚਲਾ ਗਿਆ ਹੈ ਜਿਸ ਕਰਕੇ ਇਸ ਦੀ ਦੁਰ-ਵਰਤੋਂ ਜ਼ਿਆਦਾ ਹੋਣ ਲੱਗ ਪਈ ਹੈ । ਹਾਲ ਹੀ ਵਿੱਚ ਪੰਜਾਬ ਅਤੇ ਯੂਪੀ ਦੀਆਂ ਚੋਣਾਂ ਸਮੇਂ ਕਿਵੇਂ ਇਕ ਦੂਜੇ ਉਪਰ ਚਿਕੜ ਸੁਟਣ ਲਈ ਇਸ ਦੀ ਵਰਤੋਂ ਕੀਤ‌ੀ ਗਈ । ਜੰਮੂ-ਕਸ਼ਮੀਰ ਚੋਂ 370 ਹਟਾਉਣ ਸਮੇਂ ਅਤੇ ਖਾਸ ਕਰਕੇ ਕੋਰੋਨਾ ਦੀ ਮਹਾਂਮਾਰੀ ਸਮੇਂ ਇਸ ਦੀ ਹੱਦੋਂ ਵੱਧ ਦੁਰਵਰਤੋਂ ਕੀਤੀ ਗਈ ।

ਭਾਰਤ ਦੁਨੀਆ ਦਾ ਵਟਸਐਪ ਵਰਤਣ ਵਾਲ਼ਾ ,ਤਕਰੀਬਨ 49 ਕਰੋੜ ਗਾਹਕਾਂ ਨਾਲ ਸੱਭ ਤੋਂ ਵੱਡਾ ਮੁਲਕ ਬਣ ਚੁਕਿਆ ਹੈ । ਬਰਾਜ਼ੀਲ ਤਕਰੀਬਨ 12 ਕਰੋੜ ਨਾਲ਼ ਦੂਜੇ ਨੰਬਰ ‘ਤੇ ਹੈ । ਇਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ । ਇਕ ਸਰਵੇਖਣ ਅਨੁਸਾਰ ਅੱਜ ਦੇ ਨੌਜਵਾਨ  ਚਾਰ ਤੋਂ ਪੰਜ ਘੰਟੇ  ਸੋਸ਼ਲ਼-ਮੀਡੀਆ ‘ਤੇ ਹੀ ਹਰਰੋਜ਼ ਗੁਜ਼ਾਰਦੇ ਹਨ । ਬਜ਼ੁਰਗਾਂ ਲਈ ਇਹ ਵਧੀਆ ਟਾਇਮ ਪਾਸ ਹੈ ਅਤੇ ਔਰਤਾਂ , ਖ਼ਾਸ ਕਰ ਜੋ ਘਰਾਂ ਵਿੱਚ ਹੀ ਰਹਿੰਦੀਆਂ ਹਨ ਉਨ੍ਹਾਂ ਲਈ ਮਨੋਰੰਜਨ ਦਾ ਸਾਧਨ ਹੈ ।

ਇਸ ਵਿੱਚ ਸੱਭ ਤੋਂ ਵੱਧ ਨੁਕਸਾਨ ਝੱਲਣ ਵਾਲ਼ੀ ਪੀੜ੍ਹੀ ਦਾ ਭਾਵ ਬੱਚਿਆਂ ਦਾ ਹੋ ਰਿਹਾ ਹੈ ਜੋ ਮੁਬਾਇਲ ਫ਼ੋਨਾਂ ਦੀ ਬੇਤਹਾਸ਼ਾ ਵਰਤੋਂ ਕਰਕੇ ਪਰਿਵਾਰ,ਸਮਾਜ, ਪੜ੍ਹਾਈ ਅਤੇ ਖ਼ਾਸ ਕਰਕੇ ਆਪਣੇ ਹਾਣਦਿਆਂ ਤੋਂ ਦੂਰ ਜਾ ਰਹੇ ਨੇ । ਇੰਜ ਉਨ੍ਹਾਂ ਦੇ ਸੁਭਾ ਵਿੱਚ ਇਕੱਲੇ ਰਹਿਣ ਦੀ ਪ੍ਰਵਿਰਤੀ ਘਰ ਕਰ ਰਹੀ ਹੈ ਜੋ ਉਨ੍ਹਾਂ ਦੇ ਭਵਿਖ ਲਈ ਭਿਆਨਕ ਸਿਧ ਹੋਵੇਗੀ । ਕੋਰੋਨਾ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਜੇ ਕਰ  ਸੋਸ਼ਲ਼-ਮੀਡੀਆ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਮੁਸੀਬਤ ਵਿੱਚ ਵਿਗਿਆਨ ਵਰਦਾਨ ਹੈ ਪਰ ਜੇ ਕਰ ਦੁਰਵਰਤੋਂ ਕੀਤੀ ਜਾਵੇ ਤਾ ਇਹ ਵਿਨਾਸ਼ ਹੈ।

ਔਨ-ਲਾਈਨ ਕਲਾਸਾਂ,ਸੈਮੀਨਾਰ,ਇੰਟਰਵਿਊਜ਼,ਖਰੀਦੋਫ਼ਰੋਖਤ,ਵਪਾਰ,ਖੇਡਾਂ ਦਾ ਪ੍ਰਸਾਰਣ ਆਦਿ ਨੇ ਸਮਾਜ ਨੂੰ ਇਕ ਨਵਾਂ ਸੰਕੱਲਪ ਦਿਤਾ ਹੈ ਪਰ ਵਿਰੋਧੀ ਲੋਕਾਂ ਦੇ ਚਰਿਤਰ ਉਪਰ ਲਾਂਛਣ ਲਾਉਣੇ, ਗ਼ਲਤ ਤਸਵੀਰਾਂ ਪਾਉਣੀਆਂ,ਗ਼ਲਤ ਸੁਨੇਹੇ ਭੇਜਣੇ,ਧਮਕੀਆਂ ਦੇਣੀਆਂ,ਧੋਖਾਧੜੀ ਕਰਨੀ ਆਦਿ  ਸੋਸ਼ਲ਼-ਮੀਡੀਆ ਦੇ ਰੁਝਾਨ ਚਿੰਤਾ ਵਾਲ਼ੇ ਹਨ । ਭਾਰਤ ਸਰਕਾਰ ਨੇ ਪਿਛਲੇ ਵਰ੍ਹੇ ਫ਼ਰਵਰੀ ਵਿੱਚ ਸੋਸ਼ਲ਼-ਮੀਡੀਆ ਲਈ ਕਈ ਸੇਧਾਂ ਜਾਰੀ ਕੀਤੀਆਂ ਸਨ ਪਰ ਉਸ ਦਾ ਹਾਲੇ ਬਹੁਤਾ ਅਸਰ ਨਜ਼ਰ ਨਹੀਂ ਆਉਣ ਲੱਗਿਆ ।

ਬਹੁਤ ਸਾਰੇ ਸੁਨੇਹੇ/ਤਸਵੀਰਾਂ/ਫ਼ਿਲਮਾਂ ਹਾਲੇ ਵੀ ਸਾਡੇ ਕੋਲ਼ ਪਹੁੰਚ ਰਹੇ ਨੇ ਜਿੰਨ੍ਹਾਂ ਦਾ ਕੋਈ ਪਤਾ ਨਹੀਂ ਲਗਦਾ ਕਿ ਕਿਸਨੇ ਕਿਥੋਂ ਭੇਜੇ ਹਨ । ਭਾਵੇਂ ਕਨੂੰਨ ਆਪਣਾ ਕੰਮ ਕਰਦਾ ਰਹੇਗਾ ਪਰ ਉਸ ਤੋਂ ਪਹਿਲਾਂ ਸਾਨੂੰ ਪਰਿਵਾਰਿਕ , ਵਿਦਿਆਕ ਅਤੇ ਸਮਾਜਿਕ ਤੌਰ ‘ਤੇ ਸੁਚੇਤ ਹੋਣਾ ਪਵੇਗਾ ਤਾਂ ਕੇ ਅਸੀਂ ਆਪਣੇ  ਨੌਜਵਾਨਾਂ ਅਤੇ ਬੱਚਿਆਂ ਦੇ ਭਵਿਖ ਨੂੰ ਖ਼ਰਾਬ ਹੋਣ ਤੋਂ ਬਚਾ ਸਕੀਏ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button