Punjab OfficialsBreaking NewsD5 specialNewsPress ReleasePunjabTop News
ਸੋਨ ਤਮਗ਼ਾ ਲਿਆਉਣ ‘ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ: ਰਾਣਾ ਸੋਢੀ ਦਾ ਐਲਾਨ

ਪੰਜਾਬ ਯੂਥ ਵਿਕਾਸ ਬੋਰਡ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ
ਬੋਰਡ ਦੇ ਅਹੁਦੇਦਾਰਾਂ ਦਾ ਮਾਣ-ਸਤਿਕਾਰ ਕਾਇਮ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ ਪੱਤਰ
ਬੋਰਡ ਅਹੁਦੇਦਾਰਾਂ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀਆਂ ਵਿੱਚ ਸ਼ਾਮਲ ਕਰਨ ਲਈ ਕਾਰਵਾਈ ਅਰੰਭਣ ਦੇ ਨਿਰਦੇਸ਼
ਬੋਰਡ ਮੈਂਬਰਾਂ ਨੂੰ ਗ਼ੈਰ-ਕਾਰਜਸ਼ੀਲ ਯੂਥ ਕਲੱਬਾਂ ਨੂੰ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਸੌਂਪੀ
ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਨੌਜਵਾਨਾਂ ਨੂੰ ਸਨਮਾਨਤ ਕਰਨ ਲਈ ਨਵੰਬਰ ਵਿੱਚ ਨੌਜਵਾਨ ਮੇਲਾ ਕਰਾਉਣ ਦਾ ਐਲਾਨ
ਬੋਰਡ ਦੇ ਚੇਅਰਮੈਨ ਨੇ ਪ੍ਰਾਪਤੀਆਂ ਗਿਣਾਈਆਂ
ਚੰਡੀਗੜ੍ਹ:ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਐਲਾਨ ਕੀਤਾ ਕਿ ਟੋਕੀਉ ਉਲੰਪਿਕ ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵੱਲੋਂ ਸੋਨ ਤਮਗ਼ਾ ਜਿੱਤਣ ‘ਤੇ ਪੰਜਾਬ ਦੇ ਹਰ ਖਿਡਾਰੀ ਨੂੰ ਵਿਅਕਤੀਗਤ ਤੌਰ ‘ਤੇ 2.25 ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਨ ਤਮਗ਼ਾ ਜਿੱਤਣ ‘ਤੇ ਦਿੱਤੀ ਜਾਂਦੀ 2.25 ਕਰੋੜ ਰੁਪਏ ਦੀ ਰਾਸ਼ੀ ਪੂਰੀ ਟੀਮ ਵਾਸਤੇ ਹੁੰਦੀ ਸੀ।ਇੱਥੇ ਪੰਜਾਬ ਭਵਨ ਵਿਖੇ ਯੂਥ ਵਿਕਾਸ ਬੋਰਡ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਉਲੰਪਿਕ ਵਿੱਚ ਗਏ ਪੰਜਾਬ ਦੇ 20 ਖਿਡਾਰੀਆਂ ਵਿੱਚੋਂ ਭਾਰਤੀ ਹਾਕੀ ਟੀਮ ਵਿੱਚ 11 ਖਿਡਾਰੀ ਸ਼ਾਮਲ ਹਨ। ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 3 ਤੋਂ 4 ਤਮਗ਼ੇ ਜਿੱਤਣ ਦੀ ਉਮੀਦ ਹੈ।ਪੰਜਾਬ ਯੂਥ ਵਿਕਾਸ ਬੋਰਡ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਰਾਣਾ ਸੋਢੀ ਨੇ ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ ਸ੍ਰੀ ਡੀ.ਪੀ.ਐਸ. ਖਰਬੰਦਾ ਨੂੰ ਨਿਰਦੇਸ਼ ਦਿੱਤੇ ਕਿ ਉਹ ਬੋਰਡ ਦੇ ਅਹੁਦੇਦਾਰਾਂ ਦਾ ਮਾਣ ਸਤਿਕਾਰ ਕਾਇਮ ਰੱਖਣ ਅਤੇ ਉਨ੍ਹਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਸੱਦਣ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਨ ਅਤੇ ਬੋਰਡ ਅਹੁਦੇਦਾਰਾਂ ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀਆਂ ਵਿੱਚ ਸ਼ਾਮਲ ਕਰਨ ਲਈ ਛੇਤੀ ਤੋਂ ਛੇਤੀ ਕਾਰਵਾਈ ਕਰਨ।
ਇਸ ਮੌਕੇ ਉਨ੍ਹਾਂ ਨਾਲ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਵੀ ਮੌਜੂਦ ਸਨ।ਰਾਣ ਸੋਢੀ ਨੇ ਬੋਰਡ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਗ਼ੈਰ-ਕਾਰਜਸ਼ੀਲ ਯੂਥ ਕਲੱਬਾਂ ਨੂੰ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ। ਉਨ੍ਹਾਂ ਕਿਹਾ ਕਿ ਬੋਰਡ ਦੇ ਅਹੁਦੇਦਾਰ ਪਿੰਡਾਂ ਦੇ ਦੌਰੇ ਕਰਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਤਾਂ ਜੋ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਮੰਤਰੀ ਨੇ ਕਿਹਾ ਕਿ ਅਗਲੇ ਮਹੀਨੇ ਹੋਣ ਵਾਲੀ ਸਮੀਖਿਆ ਮੀਟਿੰਗ ਵਿੱਚ ਸਮੂਹ ਅਹੁਦੇਦਾਰਾਂ ਦੀ ਇਸ ਸਬੰਧੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਜਾਵੇਗਾ।ਰਾਣਾ ਸੋਢੀ ਨੇ ਵੱਖ-ਵੱਖ ਵਿਭਾਗਾਂ ਦੇ ਹੈਡਕੁਆਰਟਰ ‘ਤੇ ਤੈਨਾਤ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਨੌਜਵਾਨ ਸ਼ਕਤੀ ਨੂੰ ਇੱਕਜੁਟ ਕਰਨ ਅਤੇ ਚੈਨੇਲਾਈਜ਼ ਕਰਨ ਲਈ ਬਣਾਏ ਗਏ ਯੂਥ ਵਿਕਾਸ ਬੋਰਡ ਦੇ ਅਹੁਦੇਦਾਰਾਂ ਨੂੰ ਸਬੰਧਤ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਬਣਦਾ ਸਤਿਕਾਰ ਦਿੱਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਨੇ ਬੋਰਡ ਨਾਲ ਸਬੰਧਤ ਕਈ ਹੋਰਨਾਂ ਮੁੱਦਿਆਂ ‘ਤੇ ਵੀ ਵਿਸਥਾਰਤ ਚਰਚਾ ਕੀਤੀ।
ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਯੂਥ ਵਿਕਾਸ ਬੋਰਡ ਵੱਲੋਂ ਕੀਤੇ ਕਾਰਜਾਂ ‘ਤੇ ਚਾਨਣਾ ਪਾਉਂਦਿਆਂ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਬੋਰਡ ਨੇ ਕੋਵਿਡ ਹੈਲਪਲਾਈਨ 95772-00003 ਸ਼ੁਰੂ ਕਰਨ ਤੋਂ ਇਲਾਵਾ ਸੀ.ਐਸ.ਆਰ. ਫੰਡਾਂ ਰਾਹੀਂ 2500 ਤੋਂ ਵੱਧ ਪ੍ਰਮਾਣਤ ਪੀ.ਪੀ.ਈ. ਕਿੱਟਾਂ ਅਤੇ ਕੋਰੋਨਾ ਯੋਧਿਆਂ ਨੂੰ 25 ਲੱਖ ਰੁਪਏ ਦਾ ਬੀਮਾ ਮੁਹੱਈਆ ਕਰਵਾਇਆ ਗਿਆ, ਸਾਹਨੇਵਾਲ ਵਿੱਚ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਗੈਸ ਵਾਲੇ ਤਿੰਨ ਸ਼ਮਸ਼ਾਨਘਾਟ ਸਥਾਪਤ ਕੀਤੇ। ਉਨ੍ਹਾਂ ਦੱਸਿਆ ਕਿ ਬੋਰਡ ਦੇ ਅਹੁਦੇਦਾਰਾਂ ਵੱਲੋਂ ਵੱਡੇ ਸਨਅਤਕਾਰਾਂ ਨੂੰ ਸੱਭਿਆਚਾਰਕ-ਸਮਾਜਿਕ ਜ਼ਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀ.ਐਸ.ਆਰ. ਫ਼ੰਡਾਂ ਰਾਹੀਂ ਬੋਰਡ ਵੱਲੋਂ ਲਗਭਗ 1 ਕਰੋੜ ਰੁਪਏ ਦੀ ਲਾਗਤ ਵਾਲੀਆਂ 2500 ਤੋਂ ਵੱਧ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਜਦਕਿ ਸਾਹਨੇਵਾਲ ਦੇ ਪਿੰਡਾਂ ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ 5 ਖੇਡ ਮੈਦਾਨਾਂ ਦਾ ਨਵੀਨੀਕਰਨ ਸਬੰਧੀ ਕਾਰਜ ਪ੍ਰਗਤੀ ਅਧੀਨ ਹੈ। ਸ੍ਰੀ ਬਿੰਦਰਾ ਨੇ ਕਿਹਾ ਕਿ ਬੋਰਡ ਵੱਲੋਂ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਲਈ 300 ਮੁਫ਼ਤ ਟੀਕਾਕਰਨ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਮਹਾਂਮਾਰੀ ਦੌਰਾਨ 9000 ਤੋਂ ਵੱਧ ਵਿਦਿਆਰਥੀਆਂ ਦੀ ਫ਼ੀਸ ਮੁਆਫ਼ ਕਰਵਾਈ ਗਈ। ਬੋਰਡ ਵੱਲੋਂ ਲਾਕਾਡਊਨ ਦੌਰਾਨ ਦੂਜੇ ਸੂਬਿਆਂ ਵਿੱਚ ਫਸੇ ਵਿਦਿਆਰਥੀਆਂ ਦੀ ਘਰ ਵਾਪਸੀ ਲਈ ਵੀ ਸਹਾਇਤਾ ਕੀਤੀ ਗਈ।
ਉਨ੍ਹਾਂ ਕਿਹਾ ਕਿ 3 ਲੱਖ ਤੋਂ ਵੱਧ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਸਿੱਧੇ ਤੌਰ ‘ਤੇ ਬੋਰਡ ਨਾਲ ਜੁੜੇ ਹੋਏ ਹਨ। ਸ੍ਰੀ ਬਿੰਦਰਾ ਨੇ ਦੱਸਿਆ ਕਿ ਬੋਰਡ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰਾਜੈਕਟਾਂ ‘ਮਿਸ਼ਨ ਤੰਦਰੁਸਤ ਪੰਜਾਬ’, ‘ਮਿਸ਼ਨ ਫ਼ਤਿਹ’ ਅਤੇ ‘ਮਿਸ਼ਨ ਫ਼ਤਿਹ-2 ਅਧੀਨ ਕੋਵਿਡ ਟੀਕਾਕਰਨ ਕੈਂਪ ਲਈ ਸੂਬੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ।ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਪ੍ਰਿੰਸ ਪਾਲ ਖੁੱਲਰ, ਵਾਈਸ ਚੇਅਰਮੈਨ ਸ੍ਰੀ ਵਿਕਰਮ ਕੰਬੋਜ, ਸ੍ਰੀ ਨਿਰਮਲ ਦੁਲੱਟ, ਸ੍ਰੀਮਤੀ ਪੂਨਮ ਠਾਕੁਰ, ਸ੍ਰੀ ਜਸਪ੍ਰੀਤ ਸਿੰਘ, ਡਾ. ਆਂਚਲ ਅਰੋੜਾ, ਸ੍ਰੀ ਜਸਵਿੰਦਰ ਸਿੰਘ ਧੁੰਨਾ, ਸ੍ਰੀ ਲਖਵੀਰ ਸਿੰਘ, ਸ੍ਰੀ ਅਕਾਸ਼ਦੀਪ ਲਾਲੀ, ਸ੍ਰੀ ਅਵਜਿੰਦਰ ਸਿੰਘ, ਡਾ. ਅਮਿਤ ਸ਼ਰਮਾ (ਸਾਰੇ ਬੋਰਡ ਮੈਂਬਰ) ਅਤੇ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਡਾ. ਕਮਲਜੀਤ ਸਿੰਘ ਸਿੱਧੂ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.