Breaking NewsD5 specialNewsPress ReleasePunjabPunjab OfficialsTop News

ਮੁੱਖ ਮੰਤਰੀ ਨੇ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲਾ ਐਲਾਨਿਆ, ਇਤਿਹਾਸਕ ਸ਼ਹਿਰ ਦੇ ਵਿਕਾਸ ਲਈ ਕਈ ਪ੍ਰਾਜੈਕਟਾਂ ਦਾ ਵੀ ਕੀਤਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਮਲੇਰਕੋਟਲਾ ਨੂੰ ਸੂਬੇ ਦਾ 23ਵਾਂ ਜ਼ਿਲਾ ਐਲਾਨਣ ਦੇ ਨਾਲ ਇਸ ਇਤਿਹਾਸਕ ਸ਼ਹਿਰ ਦੇ ਵਿਕਾਸ ਲਈ ਕਈ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਐਲਾਨ ਈਦ-ਉਲ-ਫਿੱਤਰ ਦੇ ਰਾਜ ਪੱਧਰੀ ਸਮਾਗਮ ਦੌਰਾਨ ਕੀਤੇ ਜਿਹੜਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਰਚੁਅਲ ਤਰੀਕੇ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਭਾਰਤ ਦੇ ਧਰਮ ਨਿਰਪੱਖ ਕਿਰਦਾਰ ਨੂੰ ਦਰਸਾਉਦਿਆਂ ਕਿਹਾ ਕਿ ਇਸ ਦਾ ਪ੍ਰਮਾਣ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਪੱਛਮੀ ਬੰਗਾਲ ਤੇ ਤਾਮਿਲਨਾਢੂ ਵਿਖੇ ਫਿਰਕੂ ਤਾਕਤਾਂ ਨੂੰ ਮਿਲੀ ਹਾਰ ਤੋਂ ਮਿਲ ਗਿਆ।

ਮਲੇਰਕੋਟਲਾ ਦੇ ਅਮੀਰ ਤੇ ਗੌਰਵਮਈ ਇਤਿਹਾਸ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਜ਼ਿਲਾ ਬਣਾਉਣਾ ਸਥਾਨਕ ਲੋਕਾਂ ਦੀ ਚਿਰਕੋਣੀ ਮੰਗ ਸੀ। ਇਸ ਨਾਲ ਪ੍ਰਸ਼ਾਸਕੀ ਕੰਮ ਕਰਵਾਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਅਤੇ ਹੁਣ ਪ੍ਰਸ਼ਾਸਕੀ ਸਮੱਸਿਆਵਾਂ ਸਹਿਜ ਨਾਲ ਹੱਲ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਮਲੇਰਕੋਟਲਾ ਤੇ ਅਹਿਮਦਗੜ ਤਹਿਸੀਲਾਂ ਅਤੇ ਅਮਰਗੜ ਸਬ ਤਹਿਸੀਲ ਨਵੇਂ ਬਣੇ ਜ਼ਿਲੇ ਵਿੱਚ ਸ਼ਾਮਲ ਹੋਣਗੀਆਂ। ਉਨਾਂ ਕਿਹਾ ਕਿ ਜਨਗਣਨਾ ਦਾ ਕੰਮ ਨਿਬੜਨ ਤੋਂ ਬਾਅਦ ਪਿੰਡਾਂ ਨੂੰ ਮਲੇਰਕੋਟਲਾ ਜ਼ਿਲੇ ਦੇ ਅਧਿਕਾਰ ਖੇਤਰ ਵਿੱਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

ਮੁੱਖ ਮੰਤਰੀ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜ਼ਿਲਾ ਪ੍ਰਸ਼ਾਸਕੀ ਦਫਤਰ ਦਾ ਕੰਮਕਾਜ ਜਲਦੀ ਸ਼ੁਰੂ ਕਰਨ ਲਈ ਢੁੱਕਵੀਂ ਇਮਾਰਤ ਲੱਭੀ ਜਾਵੇ। ਉਨਾਂ ਕਿਹਾ ਕਿ ਨਵੇਂ ਬਣੇ ਜ਼ਿਲੇ ਵਿੱਚ ਡਿਪਟੀ ਕਮਿਸ਼ਨਰ ਦੀ ਜਲਦ ਨਿਯੁਕਤੀ ਕੀਤੀ ਜਾਵੇਗੀ। ਮਲੇਰਕੋਟਲਾ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਮੁੰਡੇ ਤੇ ਕੁੜੀਆਂ ਨੂੰ ਡਾਕਟਰੀ ਸਿੱਖਿਆ ਦੇ ਯੋਗ ਬਣਾਉਣ ਲਈ ਨਵਾਬ ਸ਼ੇਰ ਮੁਹੰਮਦ ਖਾਨ ਦੇ ਨਾਂ ਉਤੇ 500 ਕਰੋੜ ਰੁਪਏ ਦੀ ਲਾਗਤ ਵਾਲਾ ਸਰਕਾਰੀ ਮੈਡੀਕਲ ਕਾਲਜ ਜਲਦ ਸਥਾਪਤ ਕੀਤਾ ਜਾਵੇਗਾ ਜਿਸ ਲਈ ਸੂਬਾ ਸਰਕਾਰ ਨੇ ਰਾਏਕੋਟ ਰੋਡ ਉਤੇ 25 ਏਕੜ ਜ਼ਮੀਨ ਪਹਿਲਾਂ ਹੀ ਅਲਾਟ ਕਰ ਦਿੱਤੀ ਹੈ। ਉਨਾਂ ਅੱਗੇ ਕਿਹਾ ਕਿ ਇਸ ਮੰਤਵ ਲਈ 50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਮਨਜ਼ੂਰ ਕਰ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਸਥਾਨਕ ਲੜਕੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਲੜਕੀਆਂ ਲਈ ਸਰਕਾਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਜਿਸ ਲਈ ਲੜਕੀਆਂ ਨੂੰ ਹੁਣ ਦੂਰ ਜਾਣਾ ਪੈਂਦਾ ਹੈ। ਉਨਾਂ ਕਿਹਾ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵਾਂ ਬੱਸ ਅੱਡਾ ਉਸਾਰਿਆ ਜਾਵੇਗਾ ਅਤੇ ਮਲੇਰਕੋਟਲਾ ਨੂੰ ਮਹਿਲਾ ਥਾਣਾ ਵੀ ਮਿਲੇਗਾ ਜਿੱਥੇ ਸਾਰਾ ਕੰਮਕਾਜ ਮਹਿਲਾ ਸਟਾਫ ਵੱਲੋਂ ਹੀ ਕੀਤਾ ਜਾਵੇਗਾ। ਮਲੇਰਕੋਟਲਾ ਦੇ ਸਰਵਪੱਖੀ ਸ਼ਹਿਰੀ ਵਿਕਾਸ ਲਈ ਮੁੱਖ ਮੰਤਰੀ ਨੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ (ਯੂ.ਈ.ਆਈ.ਪੀ.) ਤਹਿਤ 6 ਕਰੋੜ ਰੁਪਏ ਦੀ ਰਾਸ਼ੀ ਦਾ ਵੀ ਐਲਾਨ ਕੀਤਾ।

ਮਲੇਰਕੋਟਲਾ ਦੀ ਸੱਭਿਆਚਾਰਕ ਵਿਰਾਸਤ ਨੂੰ ਹੋਰ ਪ੍ਰਫੁੱਲਤ ਕਰਨ ਲਈ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਮੁਬਾਰਕ ਮੰਜਿਲ ਪੈਲੇਸ ਦੀ ਸੰਭਾਲ ਕਰਨ ਅਤੇ ਮੁੜ ਸਥਾਪਤੀ ਦਾ ਕਾਰਜ ਆਪਣੇ ਹੱਥਾਂ ਵਿਚ ਲੈਣ ਲਈ ਆਗਾ ਖਾਨ ਫਾਊਂਡੇਸ਼ਨ ਯੂ.ਕੇ. ਨੂੰ ਪੱਤਰ ਲਿਖਿਆ ਹੈ, ਇਹ ਕਿਲਾ ਮਲੇਰਕੋਟਲਾ ਦੇ ਆਖਰੀ ਸ਼ਾਸਕ ਨਵਾਬ ਇਫਤਿਖਾਰ ਅਲੀ ਖਾਨ ਦੀ ਪਤਨੀ ਬੇਗਮ ਸਾਹਿਬਾ ਮੁਨੱਵਰ ਉਲ ਨਿਸਾ ਕੋਲ ਸੀ। ਪੰਜਾਬ ਸਰਕਾਰ ਨੇ ਮੁਬਾਰਕ ਮੰਜਿਲ ਪੈਲੇਸ ਐਕਵਾਇਰ ਕਰ ਲਿਆ ਹੈ ਅਤੇ ਇਸ ਦੀ ਪੁਨਰ ਸਥਾਪਨਾ ਅਤੇ ਸਾਂਭ-ਸੰਭਾਲ ਕਰਨਾ ਸਹੀ ਮਾਅਨਿਆਂ ਵਿਚ ਮਲੇਰਕੋਟਲਾ ਦੇ ਨਵਾਬਾਂ ਨੂੰ ਸ਼ਰਧਾਂਜਲੀ ਹੋਵੇਗੀ ਤਾਂ ਕਿ ਇਸ ਇਤਿਹਾਸਕ ਸ਼ਹਿਰ ਦੇ ਅਮੀਰ ਵਿਰਸੇ ਦਾ ਹੋਰ ਪਾਸਾਰ ਹੋ ਸਕੇ।

ਸ਼ਹਿਰ ਦੇ ਇਤਿਹਾਸ ਨੂੰ ਫਰੋਲਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਸ਼ੇਖ ਸਦਰੂਦੀਨ-ਏ-ਜਹਾਂ ਵੱਲੋਂ 1454 ਵਿਚ ਇਸ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਬਾਯਜੀਦ ਖਾਨ ਵੱਲੋਂ 1657 ਵਿਚ ਮਲੇਰਕੋਟਲਾ ਸਟੇਟ ਦੀ ਸਥਾਪਨਾ ਕੀਤੀ ਗਈ। ਬਾਅਦ ਵਿਚ ਪਟਿਆਲਾ ਐਂਡ ਈਸਟ ਪੰਜਾਬ ਸਟੇਟਜ ਯੂਨੀਅਨ (ਪੈਪਸੂ) ਦੀ ਸਿਰਜਣਾ ਕਰਨ ਲਈ ਮਲੇਰਕੋਟਲਾ ਦਾ ਰਲੇਵਾਂ ਨੇੜਲੇ ਰਾਜਸੀ ਸੂਬਿਆਂ ਨਾਲ ਕਰ ਦਿੱਤਾ ਗਿਆ। 1956 ਵਿਚ ਸੂਬਿਆਂ ਦੇ ਪੁਨਰ ਗਠਨ ਮੌਕੇ ਪੁਰਾਣੇ ਮਲੇਰਕੋਟਲਾ ਸਟੇਟ ਦਾ ਖੇਤਰ ਪੰਜਾਬ ਦਾ ਹਿੱਸਾ ਬਣ ਗਿਆ।

ਮੁੱਖ ਮੰਤਰੀ ਨੇ ਪੁਰਾਣੀਆਂ ਯਾਦਾਂ ਦਾ ਜ਼ਿਕਰ ਕਰਦਿਆਂ ਮਲੇਰਕੋਟਲਾ ਦੇ ਨਵਾਬ ਨਾਲ ਆਪਣੇ ਨਿੱਘੇ ਰਿਸ਼ਤੇ ਨੂੰ ਚੇਤੇ ਕੀਤਾ ਅਤੇ ਜਿਨਾਂ ਨੂੰ ਸਨੇਹ ਨਾਲ ‘ਚਾਚਾ ਜੀ’ ਕਹਿ ਕੇ ਪੁਕਾਰਦੇ ਸਨ ਅਤੇ ਬਚਪਨ ਵਿਚ ਇਸ ਸ਼ਹਿਰ ਦੇ ਦੌਰਿਆਂ ਮੌਕੇ ਨਵਾਬ ਵੀ ਉਨਾਂ ਨੂੰ ‘ਭਤੀਜ’ ਕਹਿ ਕੇ ਸੰਬੋਧਿਤ ਕਰਦੇ ਸਨ। ਸਿੱਖ ਇਤਿਹਾਸ ਵਿਚ ਸ਼ਹਿਰ ਦੀ ਮਹੱਤਤਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਖਾਸ ਕਰਕੇ ਸਿੱਖ ਮਲੇਰਕੋਟਲਾ ਦੇ ਸਾਬਕਾ ਨਵਾਬ ਸ਼ੇਰ ਮੁਹੰਮਦ ਖਾਨ ਪ੍ਰਤੀ ਸਤਿਕਾਰ ਭੇਟ ਕਰਦੇ ਹਨ ਜਿਨਾਂ ਨੇ ਸਰਹਿੰਦ ਦੇ ਸ਼ਾਸਕ ਵਜੀਰ ਖਾਨ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਨੂੰ 9 ਸਾਲ ਦੀ ਉਮਰ ਵਿਚ ਅਤੇ ਬਾਬਾ ਫਤਹਿ ਸਿੰਘ ਜੀ ਨੂੰ 7 ਸਾਲ ਦੀ ਉਮਰ ਵਿਚ ਤਸ਼ੱਦਦ ਢਾਹ ਕੇ ਜਿਉਂਦੇ ਨੀਹਾਂ ਵਿਚ ਚਿਣਾਉਣ ਦੀ ਅਣਮਨੁੱਖੀ ਘਟਨਾ ਦੇ ਖਿਲਾਫ ਆਵਾਜ਼ ਉਠਾਈ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਮੁਹੰਮਦ ਖਾਨ ਅਤੇ ਮਾਲੇਰਕੋਟਲਾ ਦੇ ਲੋਕਾਂ ਨੂੰ ਸੁਭਾਗ ਬਖਸ਼ਿਸ਼ ਕੀਤਾ ਸੀ ਕਿ ਇਹ ਸ਼ਹਿਰ ਸ਼ਾਂਤੀ ਅਤੇ ਖੁਸ਼ੀਆਂ ਨਾਲ ਵਸਦਾ ਰਹੇਗਾ। ਉਨਾਂ ਅੱਗੇ ਕਿਹਾ ਕਿ ਇਸ ਸ਼ਹਿਰ ਉਪਰ ਸੂਫੀ ਸੰਤ ਬਾਬਾ ਹੈਦਰ ਸ਼ੇਖ ਦਾ ਵੀ ਮਿਹਰ ਹੈ ਜਿਨਾਂ ਦੀ ਇੱਥੇ ਦਰਗਾਹ ਵੀ ਬਣੀ ਹੋਈ ਹੈ। ਇਸ ਮੌਕੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਅਤੇ ਮਲੇਰਕੋਟਲਾ ਦੇ ਵਿਧਾਇਕ ਰਜੀਆ ਸੁਲਤਾਨਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁਫਤੀ ਇਰਤਿਕਾ-ਉਲ-ਹਸਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button