EDITORIAL

ਸੈਸ਼ਨ ਦੀ ਮਨਜ਼ੂਰੀ : ਰਾਜਪਾਲ ਦੀ ਮਜਬੂਰੀ, ‘ਪਤੀਲਾ’ ਕੇਂਦਰ ਦਾ  ‘ਖਿਚੜੀ’ ਕੇਜਰੀਵਾਲ਼ ਦੀ      

ਅਮਰਜੀਤ ਸਿੰਘ ਵੜੈਚ (94178-01988)

ਜਦੋਂ ਤੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ‘ਠੰਡੀ ਜੰਗ’ ਛਿੜੀ ਹੈ ਉਦੋਂ ਤੋਂ ਹੀ ਸਿਆਸੀ ਹਲਕਿਆਂ ‘ਚ ਇਹ ਚਰਚਾ ਚੱਲ ਰਹੀ ਹੈ ਕਿ ਕੀ ਇਹ ਜੰਗ ਸਹਿਜ ਹੀ ਹੈ ਜਾਂ ਮਾਨ ਖ਼ਿਲਾਫ਼ ਕੋਈ ਚਾਲ ਚੱਲੀ ਜਾ ਰਹੀ ਹੈ ? ਮਾਨ ਦਾ ਕਿਹੜਾ ਸਲਾਹਕਾਰ ਹੈ ਜੋ ਮੁੱਖ ਮੰਤਰੀ ਨੂੰ ਅਜਿਹੀਆਂ ਚਿੱਠੀਆਂ ਲਿਖਣ ਦੀ ਸਲਾਹ ਦਿੰਦਾ ਹੈ  ?

ਇਹ ਪਹਿਲੀ ਵੇਰ ਹੋਇਆ ਹੈ ਕਿ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ‘ਸ਼ਬਦੀ ਬਾਣਾਂ’ ਦੀ ‘ਠੰਡੀ ਜੰਗ’ ਚੱਲੀ ਹੋਵੇ । ਰਾਜਪਾਲ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਨਾ ਦੇਣਾਂ ਸਗੋਂ ਉਲਟਾ ਰਾਜਪਾਲ ‘ਤੇ ਸਵਾਲ ਚੁੱਕਣ ਮਗਰੋਂ ਮਾਨ ਸਰਕਾਰ ਕਟਿਹਰੇ ‘ਚ ਆਪ ਹੀ ਖੜੀ ਹੋ ਗਈ ਹੈ । ਹੁਣ ਪੰਜਾਬ ਦੀਆਂ ਨਜ਼ਰਾਂ ਇਸ ‘ਤੇ ਹਨ ਕਿ ਕੀ ਰਾਜਪਾਲ ਸਰਕਾਰ ਨੂੰ ਬਜਟ ਸੈਸ਼ਨ ਬਲਾਉਣ ਦੀ ਆਗਿਆ ਪਹਿਲਾਂ ਦਿੰਦੇ ਹਨ ਜਾਂ ਪਹਿਲਾਂ ਮਾਨ ਤੋਂ ਆਪਣੇ ਵੱਲੋਂ ਮੰਗੀ ਜਾਣਕਾਰੀ ਲੈਣ ਲਈ ਮਾਨ ਨੂੰ ਕਹਿੰਦੇ ਹਨ  ?

ਦਰਅਸਲ ਸੱਚਾਈ ਇਹ  ਹੈ ਕਿ ਰਾਜਪਾਲ ਬਜਟ ਸੈਸ਼ਨ ਦੀ ਮਨਜ਼ੂਰੀ  ਜ਼ਰੂਰ ਦੇਣਗੇ ਕਿਉਂਕਿ ਰਾਜਪਾਲ ਸੰਵਿਧਾਨਿਕ ਸੰਕਟ ਦੀ ਜ਼ਿੰਮੇਵਾਰੀ ਆਪਣੇ ‘ਤੇ ਕਦੇ ਨਹੀਂ ਆਉਣ ਦੇਣਗੇ ਤੇ ਨਾ ਹੀ ‘ਆਪ’ ਨੂੰ ਇਹ ਮੌਕਾ ਦੇਣਗੇ ਕਿ ਪਾਰਟੀ ਰਾਜਪਾਲ ਨੂੰ  ਦੋਸ਼ੀ ਟਹਿਰਾ ਸਕੇ । ਇਹ ਜੰਗ ਹਾਲੇ ‘ਖਤਾਂ’ ਤੱਕ ਹੀ ਸੀਮਤ ਰਹੇਗੀ ਪਰ ਬਜਟ ਪਾਸ ਹੋਣ ਮਗਰੋਂ ਰਾਜਪਾਲ ਆਪਣੇ  ‘ਪੱਤੇ’ ਵਾਰੀ-ਵਾਰੀ ਖੋਲ੍ਹਣਗੇ ।

ਜਿਥੇ ਰਾਜਪਾਲ ਤੇ ਮਾਨ  ਦਰਮਿਆਨ ‘ਠੰਡੀ ਜੰਗ’ ਚੱਲ ਰਹੀ ਹੈ ਉਥੇ ਅਜਾਨਲ਼ੇ ਦੀ ਮੰਦਭਾਗੀ ਘਟਨਾ ਨੇ ਸਰਕਾਰ ਨੂੰ ਕੁੜਿਕੀ ‘ਚ ਫਸਾ ਲਿਆ ਹੈ । ਪੰਜਾਬ ਦੇ ਮੰਚ ‘ਤੇ ਜੱਲੂ ਖੇੜਾ ,ਅੰਮ੍ਰਿਤਸਰ ਦੇ ਜੰਮਪਲ਼  ਨਵੇਂ ‘ਪਾਤਰ’ ਅੰਮ੍ਰਿਤਪਾਲ ਸਿੰਘ ਸੰਧੂ ਨੇ ਆਪਣੀ ਐਂਟਰੀ ਨਾਲ਼ ਹੀ ਪੰਜਾਬ ਦੇ  ਨਾਇਕਾਂ ਨੂੰ ਚੁਣੌਤੀ ਦੇ ਦਿਤੀ ਹੈ । ਇਸ ਨਵੇਂ ਪਾਤਰ ਨੇ ਭਾਜਪਾ ਦੇ ਹਿੰਦੂਰਾਸ਼ਟਰ ਦੇ ਸਮਾਨੰਤਰ ਖਾਲਿਸਤਾਨ ਦੀ ਕਹਾਣੀ ਪਾਉਣੀ ਸ਼ੁਰੂ ਹੀ ਨਹੀਂ ਕੀਤੀ ਬਲਕਿ ਪੰਜਾਬ ਦੇ ਸਿਖਾਂ ਨੂੰ ਅਹਿਸਾਸ ਕਰਾਉਣ ਦੀ ‘ਕੋਸ਼ਿਸ਼’ ਵੀ ਕਰ ਦਿਤੀ ਹੈ ਕਿ ਸਿਖਾਂ ਨਾਲ਼ ਧੱਕਾ ਹੋ ਰਿਹਾ ਹੈ । ਅੰਮ੍ਰਿਤਪਾਲ ਨੇ ਪੰਜਾਬ ਦੀ ਪੁਲਿਸ ਨੂੰ ਵੀ ਸਿਧਾ ਵੰਗਾਰਨਾ ਸ਼ੁਰੂ ਕਰ ਦਿੱਤਾ ਹੈ ।

ਪਹਿਲਾਂ ਅਜਨਾਲ਼ਾ ਤੇ ਹੁਣ ਇਸੇ ਲੜੀ ‘ਚ ਕੁਝ ਹਿੰਦੂ ਸੰਗਠਨਾਂ ਨੇ ਅੱਜ ਜਲੰਧਰ ‘ਚ  ਇਕ ਵਿਸ਼ਾਲ ਮਾਰਚ ਆਯੋਜਿਤ ਕਰਕੇ  ਬਲਿਊ ਸਟਾਰ ਤੋਂ ਪਹਿਲਾਂ ਵਾਲ਼ੀਆਂ ਕੌੜੀਆਂ ਯਾਦਾਂ  ਦੇ ਜ਼ਖ਼ਮਾਂ ਨੂੰ ਫਿਰ ਉਚੇੜ ਦਿਤਾ ਹੈ । ਇਸ ਤਰਤੀਬ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਇਸ ‘ ਨਾਟਕ ‘ ਦਾ ਪਲਾਟ ਬੜੀ ਸੋਚੀ ਸਮਝੀ ਚਾਲ ਤਹਿਤ ਲਿਖਿਆ ਤੇ ਖੇਡਿਆ ਜਾ ਰਿਹਾ ਹੈ । ਕੁਝ ਵਿਸ਼ਲੇਸ਼ਕ ਇਹ ਕਿਆਸ ਰਹੇ ਹਨ ਕਿ ਕੇਂਦਰੀ ਏਜੰਸੀਆਂ ਪੰਜਾਬ  ਦੇ ਲੋਕਂ ਦਾ ਕਿਸਾਨ- ਅੰਦੋਲਨ ਤੋਂ ਧਿਆਨ ਭਟਕਾਉਣਾ ਚਾਹੁੰਦੀਆਂ ਹਨ : ਸੰਯੁਕਤ ਕਿਸਾਨ ਮੋਰਚੇ ਨੇ ਵੀ  ਆਂਉਂਦੀ 20 ਮਾਰਚ  ਨੂੰ ਦਿੱਲੀ ‘ਚ ਕੇਂਦਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਕੀਤੇ ਵਾਅਦਿਆਂ ਦੀ ਵਾਅਦਾ ਖ਼ਿਲਾਫ਼ ਵਿਰੁਧ ਸੰਸਦ ਮੂਹਰੇ ਪ੍ਰਦਰਸ਼ਨ ਕਰਨ ਦਾ ਸੱਦਾ ਦਿਤਾ ਹੋਇਆ ਹੈ ।

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ , ਬੀਰਦਵਿੰਦਰ ਸਿੰਘ ਇਸ ‘ਠੰਡੀ ਜੰਗ’ ਦਰਮਿਆਨ ਹੀ ਰਾਜਪਾਲ ਨੂੰ ਮਿਲਣ ਗਏ ਸਨ । ਰਾਜਪਾਲ ਨਾਲ਼ ਮਿਲਣੀ ਮਗਰੋਂ ਸਾਡੇ ਨਾਲ਼ ਚੈਨਲ ‘ਤੇ ਇਕ ਲੰਮੀ ਮੁਲਾਕਾਤ ਦਰਮਿਆਨ ਉਨ੍ਹਾਂ ਨੇ ਇਕ ਗੱਲ ਕੀਤੀ ਜਿਸ ਦੇ ਬੋਲ ਸੱਚ-ਮੁੱਚ ਕਈ ਪਰਤਾਂ ਤੇ ਅਰਥਾਂ ਵਾਲ਼ੇ ਹਨ  ।

ਬੀਰਦਵਿੰਦਰ ਕਹਿੰਦੇ ਹਨ  “ਮੇਰੀ ਇਹ ਗੱਲ ਭਗਵੰਤ ਮਾਨ ਚੰਗੀ ਤਰ੍ਹਾਂ ਕੰਨ ਖੋਲ੍ਹ ਕੇ ਸੁਣ ਲੈਣ , ਜੋ ਖਿਚੜੀ ਪੱਕ ਰਹੀ ਹੈ , ਇਹਦੇ ‘ਚ ਹੋ ਸਕਦਾ ਹੈ ਕਿ ਕੇਜਰੀਵਾਲ਼  ਇਸ ਸਾਜ਼ਿਸ਼ ‘ਚ ਸ਼ਾਮਿਲ ਹੋਵੇ, ਸਮਝ ਗਏ  । ਜਦੋਂ ਆਰਟੀਕਲ 356 ‘ਚ ਇਥੇ ਪ੍ਰੈਜ਼ੀਡੈਂਟ ਰੂਲ ਲੱਗੇਗਾ , ਅਸੈਂਬਲੀ ਨਹੀਂ ਡਿਜ਼ੌਲਵ ਹੋਵੇਗੀ , ਅਸੈਂਬਲੀ ਵੁੱਡ ਬੀ ਕੈਪਟ ਅੰਡਰ ਸਸਪੈਂਡਿਡ ਐਨੀਮੇਸ਼ਨ, ਚਾਰ-ਪੰਜ ਮਹੀਨੇ ਰੱਖਕੇ ਉਹ ਫਿਰ ਸੁਨੇਹੇਂ ਦੇਣੇ ਸ਼ੁਰੂ  ਕਰ ਦੇਣਗੇ ਕਿ ਜੇ ਕਰ ਤੁਸੀ ਕੋਈ ਨਵਾਂ ਚੀਫ ਮਨਿਸਟਰ ਬਣਾਉਣਾ ਹੈ ਤਾਂ ਅਸੀਂ ਅਸੈਂਬਲੀ ਰਿਸਟੋਰ ਕਰ ਸਕਦੇ ਹਾਂ , ਤੇ ਜਦੋ ਉਹ ਗੱਲ ਮੁੱਕ ਜੇ  ਬਈ ਅਸੀਂ ਭਗਵੰਤ ਮਾਨ ਤੋਂ ਬਿਨਾ ਕੋਈ ਹੋਰ ਚੀਫ ਮਨਿਸਟਰ  ਬਣਾਉਣ ਦਾ ਮਨ ਬਣਾ ਲਿਆ  ਤੇ ਅਸੈਂਬਲ਼ੀ ਰਿਸਟੋਰ ਹੋਜੇਗੀ ਤੇ  , ਨਵਾਂ ਚੀਫ ਮਨਿਸਟਰ ਇਲੈਕਟ ਹੋ ਜੇਗਾ .. ਭਵਿਖ ਦੀ ਕੁੱਖ ‘ਚ ਬਹੁਤ ਕੁਝ ਹੈ । ” ਇਹ ਖਿਚੜੀ ਪਕਾਉਣ ‘ਚ ਕੇਂਦਰ ਸਰਕਾਰ ਕੇਜਰੀਵਾਲ਼ ਨੂੰ ਚੁੱਲ੍ਹਾ,ਪਤੀਲਾ ਤੇ ਅੱਗ ਵੀ ਬਾਲ਼ਕੇ ਦੇ ਸਕਦੀ ਹੈ ..ਬੱਸ  ਚੌਲ਼ ਕੇਜ਼ਰੀਵਾਲ਼ ਨੇ ਆਪ ਪਾਉਣੇ ਹਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button