PunjabTop News

ਸੁੱਚਾ ਸਿੰਘ ਕਤਲ ਕੇਸ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ, ਪਾਲਤੂ ਕੁੱਤੇ ਦੇ ਇਸ਼ਾਰੇ ਨਾਲ ਸੁਲਝੀ ਮੌਤ ਦੀ ਗੁੱਥੀ

ਮੋਹਾਲੀ ਦੇ ਚਰਚਿਤ ਸੁੱਚਾ ਸਿੰਘ ਕਤਲ ਕਾਂਡ ਵਿੱਚ ਅਦਾਲਤ ਨੇ ਇਨਸਾਫ਼ ਦੀ ਮੋਹਰ ਲਗਾਉਂਦਿਆਂ ਦੋਸ਼ੀ ਠਹਿਰਾਏ ਗਏ ਜਾਗੀਰ ਸਿੰਘ ਨੂੰ ਆਖ਼ਰੀ ਸਾਹ ਤੱਕ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜੱਜ ਵੱਲੋਂ ਦੋਸ਼ੀ ‘ਤੇ ਇੱਕ ਲੱਖ ਰੁਪਏ ਦਾ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ, ਜਿਸ ਦੀ ਅਦਾਇਗੀ ਨਾ ਕਰਨ ‘ਤੇ ਉਸ ਨੂੰ 6 ਮਹੀਨੇ ਦੀ ਹੋਰ ਕੈਦ ਭੁਗਤਣੀ ਪਵੇਗੀ। ਅਦਾਲਤ ਨੇ ਪੀੜਤ ਪਰਿਵਾਰ ਦੀ ਮਦਦ ਲਈ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਨੂੰ ਮ੍ਰਿਤਕ ਦੀ ਵਿਧਵਾ ਸੁਨੀਤਾ ਦੇਵੀ ਲਈ ਢੁਕਵੇਂ ਮੁਆਵਜ਼ੇ ਦੀ ਸਿਫ਼ਾਰਸ਼ ਵੀ ਕੀਤੀ ਹੈ।
ਇਸ ਅੰਧੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਕਿਸੇ ਪੁਲਿਸ ਅਧਿਕਾਰੀ ਤੋਂ ਵੱਧ ਮ੍ਰਿਤਕ ਦੇ ਵਫ਼ਾਦਾਰ ਚੌਪਾਏ ਸਾਥੀ ‘ਰਾਕੀ’ (ਪਾਲਤੂ ਕੁੱਤਾ) ਨੇ ਕਮਾਲ ਦਿਖਾਇਆ ਸੀ। ਜੇਕਰ ਰਾਕੀ ਆਪਣੀ ਸਮਝਦਾਰੀ ਦਾ ਸਬੂਤ ਨਾ ਦਿੰਦਾ, ਤਾਂ ਸ਼ਾਇਦ ਇਹ ਸੱਚਾਈ ਕਦੇ ਸਾਹਮਣੇ ਨਾ ਆਉਂਦੀ।
ਸਜ਼ਾ ਸੁਣਾਏ ਜਾਣ ਵੇਲੇ 67 ਸਾਲਾ ਜਾਗੀਰ ਸਿੰਘ ਨੇ ਆਪਣੀ ਉਮਰ ਅਤੇ ਬੀਮਾਰ ਪਤਨੀ ਦੀ ਹਵਾਲਾ ਦਿੰਦੇ ਹੋਏ ਰਹਿਮ ਦੀ ਗੁਹਾਰ ਲਗਾਈ ਸੀ। ਉਸ ਦਾ ਤਰਕ ਸੀ ਕਿ ਵਿਆਹ ਤੋਂ ਬਾਅਦ ਉਸ ਦੇ ਤਿੰਨੇ ਬੱਚੇ ਵੱਖਰੇ ਰਹਿੰਦੇ ਹਨ ਅਤੇ ਘਰ ਵਿੱਚ ਪਤਨੀ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ, ਪਰ ਅਦਾਲਤ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਦੀ ਇਹ ਅਪੀਲ ਖ਼ਾਰਜ ਕਰ ਦਿੱਤੀ।ਘਟਨਾ ਤੋਂ ਬਾਅਦ ਜਦੋਂ ਕਈ ਦਿਨਾਂ ਤੱਕ ਸੁੱਚਾ ਸਿੰਘ ਦਾ ਕੋਈ ਸੁਰਾਗ ਨਾ ਮਿਲਿਆ, ਤਾਂ ਪਰਿਵਾਰਕ ਮੈਂਬਰ ਆਪਣੇ ਵਫ਼ਾਦਾਰ ਕੁੱਤੇ ‘ਰਾਕੀ’ ਨੂੰ ਨਾਲ ਲੈ ਕੇ ਸ਼ੱਕੀ ਬਣਾਏ ਗਏ ਜਾਗੀਰ ਸਿੰਘ ਦੇ ਫ਼ਾਰਮ ਹਾਊਸ ‘ਤੇ ਪਹੁੰਚੇ। ਜ਼ਮੀਨ ‘ਤੇ ਪੈਰ ਧਰਦਿਆਂ ਹੀ ਰਾਕੀ ਨੇ ਮਾਹੌਲ ਨੂੰ ਸੁੰਘਣਾ ਸ਼ੁਰੂ ਕੀਤਾ ਅਤੇ ਸਿੱਧਾ ਇੱਕ ਕੰਧ ਲਾਗੇ ਪੁੱਟੀ ਹੋਈ ਥਾਂ ‘ਤੇ ਜਾ ਕੇ ਭੌਂਕਣ ਲੱਗ ਪਿਆ। ਉਸ ਨੇ ਜ਼ਮੀਨ ਵੱਲ ਇਸ਼ਾਰੇ ਕਰਕੇ ਪਰਿਵਾਰ ਨੂੰ ਖ਼ਤਰੇ ਦੀ ਘੰਟੀ ਵਜਾਈ। ਜਦੋਂ ਮੌਕੇ ‘ਤੇ ਮਿੱਟੀ ਫਰੋਲੀ ਗਈ ਤਾਂ ਹੇਠਾਂ ਤੋਂ ਸੁੱਚਾ ਸਿੰਘ ਦਾ ਪੈਰ ਅਤੇ ਕੱਪੜੇ ਨਜ਼ਰ ਆਏ।
ਮੁੱਲਾਂਪੁਰ ਗਰੀਬਦਾਸ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜੇ.ਸੀ.ਬੀ. ਮਸ਼ੀਨ ਰਾਹੀਂ ਖੱਡੇ ਦੀ ਖੁਦਾਈ ਕਰਵਾਈ। ਜਦੋਂ ਲਾਸ਼ ਬਾਹਰ ਆਈ ਤਾਂ ਸਭ ਦੇ ਰੌਂਗਟੇ ਖੜ੍ਹੇ ਹੋ ਗਏ। ਲਾਸ਼ ਦਾ ਧੜ ਤਾਂ ਮੌਜੂਦ ਸੀ, ਪਰ ਧੌਣ ਤੋਂ ਸਿਰ ਗਾਇਬ ਸੀ। ਪੁਲਿਸ ਨੇ 17 ਜੂਨ 2021 ਨੂੰ ਮਾਮਲਾ ਦਰਜ (FIR ਨੰ. 84) ਕਰਕੇ ਜਾਗੀਰ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕੀਤਾ। ਪੁਲਿਸ ਦੀਆਂ ਸਖ਼ਤ ਪੁੱਛਗਿੱਛ ਦੀਆਂ ਤਕਨੀਕਾਂ ਅੱਗੇ ਮੁਲਜ਼ਮ ਟੁੱਟ ਗਿਆ ਅਤੇ ਉਸ ਦੀ ਦੱਸੇ ਮੁਤਾਬਕ ਨੇੜਲੇ ਇਲਾਕੇ ਤੋਂ ਹੀ ਸੁੱਚਾ ਸਿੰਘ ਦਾ ਕੱਟਿਆ ਹੋਇਆ ਸਿਰ ਵੀ ਬਰਾਮਦ ਕਰ ਲਿਆ ਗਿਆ।
ਖਰੜ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵਿਸ਼ੇਸ਼ ਬੋਰਡ ਨੇ ਪੋਸਟਮਾਰਟਮ ਕੀਤਾ। ਰਿਪੋਰਟ ‘ਚ ਸਪੱਸ਼ਟ ਹੋਇਆ ਕਿ ਧੌਣ ‘ਤੇ ਲੋਹੇ ਦੇ ਦਾਤ ਨਾਲ ਕੀਤੇ ਗਏ ਡੂੰਘੇ ਵਾਰ ਅਤੇ ਜ਼ਿਆਦਾ ਖ਼ੂਨ ਵਹਿਣ ਕਾਰਨ ਸੁੱਚਾ ਸਿੰਘ ਦੀ ਜਾਨ ਗਈ ਸੀ। ਕਿਉਂਕਿ ਧੜ ਅਤੇ ਸਿਰ ਅੱਲਗ-ਅੱਲਗ ਥਾਵਾਂ ਤੋਂ ਮਿਲੇ ਸਨ, ਇਸ ਲਈ ਅਦਾਲਤ ‘ਚ ਕੇਸ ਨੂੰ ਮਜ਼ਬੂਤ ਕਰਨ ਲਈ ਮੋਹਾਲੀ ਫੋਰੈਂਸਿਕ ਸਾਇੰਸ ਲੈਬ (FSL) ਵੱਲੋਂ ਡੀ.ਐੱਨ.ਏ. ਟੈਸਟ ਕਰਵਾਇਆ ਗਿਆ। ਰਿਪੋਰਟ ਨੇ ਪੁਸ਼ਟੀ ਕੀਤੀ ਕਿ ਸਿਰ ਅਤੇ ਧੜ ਦੋਵੇਂ ਸੁੱਚਾ ਸਿੰਘ ਦੇ ਹੀ ਸਨ। ਇਸ ਵਿਗਿਆਨਕ ਸਬੂਤ ਨੇ ਬਚਾਅ ਪੱਖ ਦੀਆਂ ਸਾਰੀਆਂ ਦਲੀਲਾਂ ਢਹਿ-ਢੇਰੀ ਕਰ ਦਿੱਤੀਆਂ।
ਸਰਕਾਰੀ ਵਕੀਲ ਵੱਲੋਂ ਇਸ ਨੂੰ ਬੇਰਹਮੀ ਨਾਲ ਕੀਤਾ ਕਤਲ ਦੱਸਦਿਆਂ ਫ਼ਾਂਸੀ ਦੀ ਸਜ਼ਾ ਮੰਗੀ ਗਈ ਸੀ। ਹਾਲਾਂਕਿ, ਅਦਾਲਤ ਨੇ ਸੁਪਰੀਮ ਕੋਰਟ ਦੇ ਪੁਰਾਣੇ ਦਿਸ਼ਾ-ਨਿਰਦੇਸ਼ਾਂ (ਬੱਚਨ ਸਿੰਘ ਬਨਾਮ ਪੰਜਾਬ ਰਾਜ) ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਮਾਮਲਾ ‘ਦੁਰਲੱਭ ਤੋਂ ਦੁਰਲੱਭਤਮ’ ਸ਼੍ਰੇਣੀ ਵਿੱਚ ਨਹੀਂ ਆਉਂਦਾ, ਪਰ ਗੁਨਾਹ ਦੀ ਭਿਆਨਕਤਾ ਨੂੰ ਦੇਖਦਿਆਂ ਦੋਸ਼ੀ ਨੂੰ ਉਮਰ ਭਰ ਲਈ ਜੇਲ੍ਹ ਭੇਜਣਾ ਹੀ ਉਚਿਤ ਨਿਆਇਕ ਫ਼ੈਸਲਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button