PunjabTop News

ਸੁਰੱਖਿਆ ਲੈਣ ਲਈ ਦੋ ਸਕੇ ਭਰਾਵਾਂ ਨੇ ਖੁਦ ਕਰਵਾਇਆ ਘਰ ’ਤੇ ਹਮਲਾ, 

ਪਿੰਡ ਭੁੱਚੋ ਖੁਰਦ ਵਿੱਚ 26 ਅਗਸਤ ਨੂੰ ਇੱਕ ਘਰ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਘਰ ਦੇ ਮਾਲਕ ਵੱਲੋਂ ਆਪਣੇ ਭਰਾ ਨਾਲ ਮਿਲ ਕੇ ਖੁਦ ਹੀ ਹਮਲਾ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਸਾਜ਼ਿਸ਼ ਪੁਲਿਸ ਸੁਰੱਖਿਆ ਲੈਣ ਦੇ ਮਕਸਦ ਨਾਲ ਰਚੀ ਗਈ।ਬਠਿੰਡਾ ਦੀ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਭੁੱਚੋ ਖੁਰਦ ਸਥਿਤ ਉਸਦੇ ਘਰ ’ਤੇ ਜਲਣਸ਼ੀਲ ਪਦਾਰਥ ਨਾਲ ਹਮਲਾ ਕੀਤਾ ਗਿਆ ਹੈ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਪੁਲਿਸ ਨੂੰ ਹਮਲੇ ਪਿੱਛੇ ਕਿਸੇ ਹੋਰ ਦੀ ਬਜਾਏ ਘਰ ਦੇ ਮਾਲਕ ਦੀ ਹੀ ਭੂਮਿਕਾ ਹੋਣ ਦੇ ਸਬੂਤ ਮਿਲੇ।
ਪੁਲਿਸ ਜਾਂਚ ਮੁਤਾਬਕ ਹਰਜੀਤ ਸਿੰਘ ਅਤੇ ਉਸਦੇ ਭਰਾ ਨੇ ਕਥਿਤ ਤੌਰ ’ਤੇ ਤਰਨ ਤਾਰਨ ਵਾਸੀ ਅਨਮੋਲ ਪ੍ਰੀਤ ਨਾਲ ਸੰਪਰਕ ਕੀਤਾ। ਅਨਮੋਲ ਪ੍ਰੀਤ ਦਹੀਂ ਭੱਲੇ ਦੀ ਸਟਾਲ ਲਗਾਉਂਦਾ ਹੈ। ਪੁਲਿਸ ਦਾ ਦਾਅਵਾ ਹੈ ਕਿ ਉਸਨੂੰ ਗੂਗਲ ਪੇਅ ਰਾਹੀਂ ਪੈਸੇ ਦੇ ਕੇ ਘਰ ’ਤੇ ਹਮਲਾ ਕਰਵਾਇਆ ਗਿਆ। ਇਸ ਘਟਨਾ ਵਿੱਚ ਅਨਮੋਲ ਪ੍ਰੀਤ ਦਾ ਇੱਕ ਸਾਥੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਹੋਰ ਸੂਤਰਾਂ ਤੋਂ ਜਾਣਕਾਰੀ ਇਕੱਠੀ ਕੀਤੀ। ਜਾਂਚ ਦੌਰਾਨ ਪੁਲਿਸ ਇਸ ਨਤੀਜੇ ’ਤੇ ਪਹੁੰਚੀ ਕਿ ਹਮਲਾ ਸੁਰੱਖਿਆ ਹਾਸਲ ਕਰਨ ਲਈ ਖੁਦ ਹੀ ਕਰਵਾਇਆ ਗਿਆ ਸੀ।
ਪੁਲਿਸ ਨੇ ਮਾਮਲੇ ਵਿੱਚ ਹਰਜੀਤ ਸਿੰਘ ਅਤੇ ਅਨਮੋਲ ਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਹਰਜੀਤ ਸਿੰਘ ਦੇ ਭਰਾ ਅਤੇ ਇੱਕ ਹੋਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਐਸਐਸਪੀ ਬਠਿੰਡਾ ਮੁਤਾਬਕ ਹਰਜੀਤ ਸਿੰਘ ਵੱਲੋਂ ਪਹਿਲਾਂ ਦਰਜ ਕਰਵਾਏ ਗਏ ਕੁਝ ਮਾਮਲੇ ਵੀ ਪੁਲਿਸ ਨੂੰ ਸ਼ੱਕੀ ਲੱਗ ਰਹੇ ਹਨ। ਇਨ੍ਹਾਂ ਮਾਮਲਿਆਂ ਦੀ ਵੀ ਹੁਣ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਇਸ ਪੂਰੇ ਮਾਮਲੇ ਵਿੱਚ ਸਾਜ਼ਿਸ਼ ਨਾਲ ਜੁੜੇ ਹੋਰ ਲੋਕਾਂ ਅਤੇ ਹਮਲੇ ਦੇ ਅਸਲ ਮਕਸਦ ਸਬੰਧੀ ਜਾਂਚ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button