ਸੁਖਪਾਲ ਖਹਿਰਾ ਨੇ ਬਣਾਈ ਨਵੀਂ ਪਾਰਟੀ ?

ਸਾਵਧਾਨ! ਖਹਿਰਾ ਜੀ, ਕਿਤੇ ਤੁਹਾਡਾ ਹਾਲ ਵੀ ਕੇਜਰੀਵਾਲ ਵਾਲਾ ਨਾ ਹੋ ਜਾਵੇ
– ਕੁਲਵੰਤ ਸਿੰਘ
ਚੰਡੀਗੜ੍ਹ : ਦੋ ਹਫ਼ਤਿਆਂ ਦੇ ਲੰਮੇ ਸਿਆਸੀ ਰੇੜਕੇ ਤੋਂ ਬਾਅਦ 7 ਅਕਤੂਬਰ ਵਾਲੇ ਦਿਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਵਿਖੇ ਇਕੱਠ ਕੀਤਾ ਉੱਥੇ ਲੰਬੀ ਵਿਖੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਰੈਲੀ ਨੂੰ ਵੀ ਲੋਕਾਂ ਨੇ ਬੜੇ ਗਹੁ ਨਾਲ ਵਾਚਿਆ। ਪਰ ਜਿਸ ਜਗ੍ਹਾ ਦੁਨੀਆਂ ਭਰ ਦੇ ਪੰਜਾਬੀਆਂ ਦੀ ਸਭ ਤੋਂ ਵੱਧ ਨਿਗ੍ਹਾ ਸੀ ਉਹ ਸੀ ਕੋਟਕਪੁਰਾ ਅਤੇ ਬਰਗਾੜੀ ਵਿਖੇ ਹੋਣ ਵਾਲਾ ਸਿੱਖ ਸੰਗਤਾਂ ਦਾ ਭਾਰੀ ਇਕੱਠ ਜਿਸ ਨੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਨੂੰ ਫੇਲ੍ਹ ਕਰਕੇ ਰੱਖ ਦਿੱਤਾ ਹੈ। ਹੋਰ ਤਾਂ ਹੋਰ ਇਸ ਇਕੱਠ ਨੇ ਆਮ ਆਦਮੀ ਪਾਰਟੀ ਦੇ ਉਸ ਧੜ੍ਹੇ ਦੀਆਂ ਵੀ ਸਿਆਸੀ ਰਗਾਂ ਬਿਠਾ ਕੇ ਰੱਖ ਦਿੱਤੀਆਂ ਹਨ ਜਿਹੜਾ ਧੜ੍ਹਾ ਪਹਿਲਾਂ ਚੀਖ ਚੀਖ ਕੇ ਸੁਖਪਾਲ ਖਹਿਰਾ ਅਤੇ ਉਸਦੇ ਸਾਥੀਆਂ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਕਰਨ ਦੀਆਂ ਦੁਹਾਈਆਂ ਦੇ ਕੇ ਇਨ੍ਹਾਂ ਲੋਕਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਮੰਗ ਕਰ ਰਿਹਾ ਸੀ। ਨਵੇਂ ਪੈਦਾ ਹੋਏ ਇਨ੍ਹਾਂ ਸਿਆਸੀ ਸਮੀਕਰਣਾਂ ਨੇ ਸੁਖਪਾਲ ਖਹਿਰਾ ਅਤੇ ਉਸਦੇ ਸਾਥੀਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ ਤੇ ਉਹ ਹੁਣ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਾਲੀ ਪਨੀਰੀ ਨੂੰ ਪਾਣੀ ਦੇ ਕੇ ਵੱਡਾ ਕਰਨ ਵਿੱਚ ਜੁੱਟ ਗਏ ਹਨ।
ਭਾਵੇਂ ਕਿ ਇਸ ਸਬੰਧੀ ਹਲੇ ਹੋਰ ਵੇਰਵੇ ਆਉਣੇ ਅਜੇ ਬਾਕੀ ਹਨ ਪਰ ਜਿਹੜੇ ਲੋਕ ਇਸ ਸਿਆਸੀ ਜੋੜ ਤੋੜ ਵਿਚ ਧੁਰ ਅੰਦਰ ਤੱਕ ਜੁੜੇ ਹੋਏ ਹਨ ਉਨ੍ਹਾਂ ਅਨੁਸਾਰ ਸੁਖਪਾਲ ਖਹਿਰਾ ਆਪਣੇ ਬਾਕੀ ਦੇ ਸੱਤ ਸਾਥੀ ਵਿਧਾਇਕਾਂ ਨੂੰ ਨਾਲ ਲੈ ਕੇ ਲੋਕ ਇਨਸਾਫ਼ ਪਾਰਟੀ, ਅਕਾਲੀ ਦਲ ਅੰਮ੍ਰਿਤਸਰ, ਬਹੁਜਨ ਸਮਾਜ ਪਾਰਟੀ, ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਧੜੇ ਦੇ ਲੋਕਾਂ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ, ਦਲ ਖਾਲਸਾ, ਮੁਤਵਾਜ਼ੀ ਜੱਥੇਦਾਰ ਅਤੇ ਹੋਰ ਹਮਖਿਆਲੀ ਧੜਿਆਂ ਅਤੇ ਪਾਰਟੀਆਂ ਨਾਲ ਇਸ ਮਾਮਲੇ ਵਿੱਚ ਡੂੰਘੀਆਂ ਚਰਚਾਵਾਂ ਕਰਨ ਵਿੱਚ ਰੁੱਝੇ ਹੋਏ ਹਨ ਜਿਸਦੇ ਸਿੱਟੇ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਹੀ ਦੇਖਣ ਨੂੰ ਮਿਲ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਉਕਤ ਸਾਰੀਆਂ ਜੱਥੇਬੰਦੀਆਂ ਇਹ ਸਭ ਕੁਝ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕਰ ਰਹੀਆਂ ਹਨ ਤਾਂ ਕਿ ਇੱਕ ਅਜਿਹਾ ਸਾਂਝਾ ਮੁਹਾਜ ਤਿਆਰ ਕੀਤਾ ਜਾਵੇ ਜਿਸ ਰਾਹੀਂ ਨਾ ਸਿਰਫ਼ ਸੂਬਾ ਸਰਕਾਰ ਬਲਕਿ ਕੇਂਦਰ ਤੇ ਵੀ ਇਹ ਦਬਾਅ ਪਾਇਆ ਜਾ ਸਕੇ ਕਿ ਉਹ ਪੰਜਾਬ ਦੇ ਮਸਲਿਆਂ ਪ੍ਰਤੀ ਭੇਦਭਾਵ ਵਾਲਾ ਰਵੱਈਆ ਨਾ ਅਪਨਾਉਣ।
Read Also ਖਹਿਰਾ ਨੇ ਕੇਜਰੀਵਾਲ ਕਰਾਤਾ ਚੁੱਪ
ਸਿਆਸੀ ਮਾਹਿਰਾਂ ਅਨੁਸਾਰ ਖਹਿਰਾ ਅਤੇ ਉਸਦੇ ਸਾਥੀ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਇੱਕ ਵੱਖਰੀ ਪਾਰਟੀ ਜਾਂ ਸਾਂਝਾ ਮੁਹਾਜ ਤਿਆਰ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਇਹ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਧੜੇ ਲਈ ਵੀ ਇੱਕ ਵੱਡੀ ਚੋਟ ਹੋਵੇਗੀ ਕਿਉਂਕਿ ਅਜਿਹੇ ਹਾਲਾਤਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਖਹਿਰਾ ਅਤੇ ਉਸਦੇ ਸਾਥੀ ਬਾਕੀ ਸੱਤ ਵਿਧਾਇਕਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣਾ ਪਏਗਾ ਜਿਸਦਾ ਮਤਲਬ ਪੰਜਾਬ ਦੀ ਸਿਆਸਤ ਵਿਚ ਵੀ ਵੱਡਾ ਫੇਰ ਬਦਲ ਹੋਵੇਗਾ ਕਿਉਂਕਿ ਇਨ੍ਹਾਂ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਕੋਲ ਕੁੱਲ 12 ਵਿਧਾਇਕ ਬਾਕੀ ਬਚਣਗੇ ਤੇ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਬਚਾਉਣ ਲਈ ਕੁੱਲ 14 ਵਿਧਾਇਕਾਂ ਦੀ ਲੋੜ ਹੈ। ਇਨ੍ਹਾਂ ਹਾਲਾਤਾਂ ਵਿੱਚ ‘ਆਪ’ ਹੱਥੋਂ ਵਿਰੋਧੀ ਧਿਰ ਦੇ ਨੇਤਾ ਵਾਲੀ ਕੁਰਸੀ ਖੁਸ ਕੇ ਅਕਾਲੀ ਦਲ ਦੇ ਹੱਥਾਂ ਵਿੱਚ ਚਲੀ ਜਾਵੇਗੀ ਜਿਨ੍ਹਾਂ ਕੋਲ ਕੁੱਲ 17 ਵਿਧਾਇਕ ਹਨ।
ਭਾਵੇਂ ਕਿ ਇਸ ਨਾਲ ਅਕਾਲੀ ਦਲ ਕੋਲ ਥੋੜ੍ਹੀ ਖੁਸ਼ੀ ਮਨਾਉਣ ਦਾ ਮੌਕਾ ਜਰੂਰ ਹੋਵੇਗਾ ਤੇ ਕੇਜਰੀਵਾਲ ਧੜਾ ਪੰਜਾਬ ਦੀ ਸਿਆਸਤ ਵਿੱਚ ਦੂਜੇ ਤੋਂ ਤੀਜੇ ਨੰਬਰ ਤੇ ਖਿਸਕ ਕੇ ਆਪਣੇ ਵੱਲੋਂ ਲਏ ਗਏ ਗਲਤ ਫੈਸਲਿਆਂ ਦੀ ਪੜਚੋਲ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾਵੇਗਾ ਪਰ ਇੱਕ ਸੱਚਾਈ ਇਹ ਜਰੂਰ ਹੋਵੇਗੀ ਕਿ ਇਸ ਤੇਜ਼ੀ ਨਾਲ ਬਦਲਣ ਵਾਲੇ ਇਸ ਸਿਆਸੀ ਸਮੀਕਰਣਾਂ ਦਾ ਖਹਿਰਾ ਧੜੇ ਤੇ ਕੋਈ ਅਸਰ ਨਹੀਂ ਪੈਣ ਵਾਲਾ ਕਿਉਂਕਿ ਸੁਖਪਾਲ ਖਹਿਰਾ ਅਤੇ ਉਸਦੇ ਸਾਥੀ ਸ਼ੁਰੂ ਤੋਂ ਹੀ (ਜਦੋਂ ਤੋਂ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਇਆ ਗਿਆ ਹੈ) ਕੇਜਰੀਵਾਲ ਅਤੇ ਭਗਵੰਤ ਮਾਨ ਧੜੇ ਦੇ ਖਿਲਾਫ਼ ਉੱਚੀਆਂ ਸੁਰਾਂ ਵਿੱਚ ਗੱਲ ਕਰ ਰਹੇ ਹਨ। ਇਸ ਸਬੰਧ ਵਿੱਚ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਉਨ੍ਹਾਂ ਲੋਕਾਂ ਦਾ ਉਹ ਪੰਥਕ ਚਿਹਰਾ ਨੰਗਾ ਹੋ ਚੁੱਕਿਆ ਹੈ ਜਿਸ ਦੇ ਦਮ ’ਤੇ ਇਹ ਲੋਕ ਸਿੱਖ ਪੰਥ ਨੂੰ ਮੂਰਖ ਬਣਾਉਂਦੇ ਆਏ ਹਨ। ਲਿਹਾਜ਼ਾ ਹੁਣ ਲੋਕਾਂ ਨੇ ਇਨ੍ਹਾਂ ਦਾ ਬਦਲ ਲੱਭਣਾ ਸ਼ੁਰੂ ਕਰ ਦਿੱਤਾ ਹੈ ਤੇ ਇਹੋ ਕਾਰਨ ਹੈ ਕਿ ਸਿੱਖ ਸੰਗਤਾਂ ਨੇ ਬਾਦਲਾਂ ਦੀ ਰੈਲੀ ਵਿੱਚ ਨਾ ਜਾ ਕੇ ਬਰਗਾੜੀ ਵਿਖੇ ਹਾਜ਼ਰੀ ਲਗਾਉਣ ਦਾ ਮਨ ਬਣਾਇਆ। ਉਨ੍ਹਾਂ ਸਿੱਖ ਸੰਗਤ ਨੂੰ ਭਰੋਸਾ ਦਿਵਾਇਆ ਕਿ ਜਿਹੜੀਆਂ ਜੱਥੇਬੰਦੀਆਂ ਨੇ ਬੇਅਦਬੀ ਮਾਮਲੇ ਤੋਂ ਬਾਅਦ ਚੱਲੀ ਗੋਲੀ ਵਿੱਚ ਹੋਏ ਸ਼ਹੀਦ ਲੋਕਾਂ ਨੂੰ ਇਨਸਾਫ਼ ਦਿਵਾਉਦ ਲਈ ਬਾਦਲਾਂ ਅਤੇ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਵਾਏ ਜਾਣ ਲਈ ਬੀੜਾ ਚੁੱਕਿਆ ਹੈ ਉਹ ਹੁਣ ਪਿੱਛੇ ਨਹੀਂ ਹਟਣਗੀਆਂ ਤੇ ਪੰਜਾਬ ਦੀ ਜਨਤਾ ਦੀ ਆਵਾਜ਼ ਬਣ ਕੇ ਹਰ ਹਾਲ ਵਿੱਚ ਇਨਸਾਫ਼ ਲੈ ਕੇ ਰਹਿਣਗੀਆਂ। ਖਹਿਰਾ ਅਨੁਸਾਰ ਇਸਦਾ ਇੱਕ ਕਾਰਨ ਇਹ ਵੀ ਹੈ ਕਿ ਸਿੱਖ ਪੰਥ ਦਾ ਹੁਣ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਭਰੋਸਾ ਉੱਠ ਚੁੱਕਿਆ ਹੈ ਜਿਸਦਾ ਸਬੂਤ ਬਰਗਾੜੀ ਦੇ ਭਾਰੀ ਇਕੱਠ ਨੇ ਦੇ ਦਿੱਤਾ ਹੈ।
ਇੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਧੜਾ ਭਾਵੇਂ ਹੁਣ ਖਹਿਰਾ ਅਤੇ ਉਸਦੇ ਸਾਥੀਆਂ ਦੀ ਹਰ ਗੱਲ ਮੰਨਣ ਨੂੰ ਤਿਆਰ ਬੈਠਾ ਹੈ ਪਰ ਇਸਦੇ ਬਾਵਜੂਦ ਨਵੇਂ ਬਦਲੇ ਹਾਲਾਤਾਂ ਨੂੰ ਦੇਖਦਿਆਂ ਖਹਿਰਾ ਅਤੇ ਉਸਦੇ ਸਾਥੀ ਕੇਜਰੀਵਾਲ ਧੜੇ ਨਾਲ ਗੱਲਬਾਤ ਕਰਨ ਦੇ ਮੂਡ ਵਿੱਚ ਨਜ਼ਰ ਨਹੀਂ ਆਉਂਦੇ। ਅਜਿਹਾ ਇਸ ਲਈ ਵੀ ਕਿਹਾ ਜਾ ਰਿਹਾ ਹੈ ਕਿਉਂਕਿ 7 ਅਕਤੂਬਰ ਵਾਲੇ ਦਿਨ ਬਰਗਾੜੀ ਵਿਖੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਦਾ ਵਿਰੋਧ ਕਰਦੇ ਲੋਕਾਂ ਨੇ ਇੱਕ ਵੀਡੀਓ ਖਹਿਰਾ ਨੇ ਆਪਣੇ ਟਵਿੱਟਰ ਹੈਂਡਲ ਤੇ ਵੀ ਸ਼ੇਅਰ ਕਰ ਦਿੱਤੀ ਹੈ ਜੋ ਇਹ ਦਰਸਾਉਂਦਾ ਹੈ ਕਿ ਖਹਿਰਾ ਨੇ ਅੰਦਰਖਾਤੇ ਕੇਜਰੀਵਾਲ ਧੜੇ ਨਾਲ ਗੱਲਬਾਤ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਹਨ ਭਾਵੇਂ ਕਿ ਸੁਖਪਾਲ ਖਹਿਰਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦਾ ਇਹ ਕਹਿਣਾ ਸੀ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਵਾਲਾ ਧੜਾ ਇਕੱਠੇ ਹੋਣ ਦੀ ਸਿਰਫ਼ ਬਿਆਨਬਾਜ਼ੀ ਕਰ ਰਿਹਾ ਹੈ ਤੇ ਇਸ ਪ੍ਰਤੀ ਕਿਸੇ ਕਿਸਮ ਦੀ ਕੋਈ ਗੰਭੀਰਤਾ ਇਨ੍ਹਾਂ ਵਿਚੋਂ ਕਿਸੇ ਨੇ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਸੂਬੇ ਵਿਚ ਤੀਜੇ ਬਦਲ ਵਜੋਂ ਜੋ ਮਾਨਤਾ ਦਿੱਤੀ ਗਈ ਸੀ ਉਸਨੂੰ ਕੈਸ਼ ਕਰਨ ਵਿੱਚ ਇਸਦੇ ਆਗੂ ਬੁਰੀ ਤਰ੍ਹਾਂ ਫੇਲ ਰਹੇ ਹਨ।
ਖਹਿਰਾ ਅਨੁਸਾਰ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਾਂ ਨੇ ਉਨ੍ਹਾਂ (ਖਹਿਰਾ) ਦੇ ਬਰਗਾੜੀ ਰੋਸ ਮਾਰਚ ਵਿੱਚ ਹਿੱਸਾ ਲੈਣ ਦਾ ਵਿਰੋਧ ਕੀਤਾ ਸੀ ਉਹੀ ਲੋਕ ਬਾਅਦ ਵਿੱਚ ਖੁਦ ਮਾਰਚ ਵਿੱਚ ਸ਼ਾਮਿਲ ਹੋਣ ਲਈ ਜਾ ਪਹੁੰਚੇ। ਜੋ ਇਹ ਸਾਬਤ ਕਰਦਾ ਹੈ ਕਿ ਪਾਰਟੀ ਅੰਦਰ ਜਿਹੜੇ ਲੋਕ ਫੈਸਲੇ ਲੈ ਰਹੇ ਹਨ ਉਨ੍ਹਾਂ ਦੀ ਵਿਚਾਰਧਾਰਾ ਅਸਲ ਮੁੱਦਿਆਂ ਤੋਂ ਭਟਕ ਚੁੱਕੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਵੇਲੇ ਖਹਿਰਾ ਅਤੇ ਉਸਦੇ ਸਾਥੀਆਂ ਨੇ ਕੇਜਰੀਵਾਲ ਧੜੇ ਤੋਂ ਵੱਖ ਸੁਰ ਅਪਣਾਏ ਸਨ ਉਸ ਵੇਲੇ ਉਹ ਪਾਰਟੀ ਤੋਂ ਅੱਡ ਇਸ ਲਈ ਨਹੀਂ ਹੋਏ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਸਮੇਤ ਬਾਕੀ ਦੇ ਸੱਤ ਵਿਧਾਇਕਾਂ ਨੂੰ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨਾ ਪਵੇ ਇਸ ਲਈ ਇਹ ਲੋਕ ਅੰਦਰਖਾਤੇ ਆਉਂਦੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ ਤਾਂਕਿ ਉਸ ਵੇਲੇ ਨਵੀਂ ਪਾਰਟੀ ਬਣਾ ਕੇ ਜਨਤਾ ਦੀ ਕਚਹਿਰੀ ਵਿੱਚ ਜਾਇਆ ਜਾ ਸਕੇ। ਪਰ ਜਿਸ ਤਰ੍ਹਾਂ ਬਰਗਾੜੀ ਵਿੱਚ ਹਾਲਾਤ ਖਹਿਰਾ ਅਤੇ ਉਸਦੇ ਸਾਥੀਆਂ ਦੇ ਹੱਕ ਵਿੱਚ ਗਏ ਹਨ ਉਸਨੂੰ ਦੇਖਦਿਆਂ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ।
ਖਹਿਰਾ ਧੜੇ ਵਲੋਂ ਅੰਦਰਖਾਤੇ ਨਿਕਲੇ ਇੱਕ ਬਾਗੀ ਸੁਰ ਅਨੁਸਾਰ ਜਿਹੜੇ ਲੋਕ ਕੇਜਰੀਵਾਲ ਵਾਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਚਲਾ ਰਹੇ ਹਨ ਉਸਦੀ ਸੋਚ ਦਿੱਲੀ ਆਧਾਰਿਤ ਹੈ ਜੋ ਪੰਜਾਬੀਆਂ ਦਾ ਹਿੱਤ ਨਹੀਂ ਸੋਚ ਰਹੀ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਕਿਸੇ ਨਵੀਂ ਪਾਰਟੀ ਦੇ ਰੂਪ ਵਿੱਚ ਪੰਜਾਬੀਆਂ ਨੂੰ ਇੱਕ ਸਹੀ ਤੀਜਾ ਬਦਲ ਦਿੱਤਾ ਜਾ ਸਕੇ। ਇਸ ਲਈ ਸਾਰੇ ਹੀ ਹਮਖਿਆਲੀ ਲੋਕਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਜਿਸ ਵਿੱਚ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਵਿਸਾਰ ਦਿੱਤੇ ਗਏ ਲੋਕ ਵੀ ਸ਼ਾਮਿਲ ਹੋਣਗੇ।
ਜਿੱਥੇ ਇੱਕ ਪਾਸੇ ਉਕਤ ਸਾਰੀਆਂ ਪਾਰਟੀਆਂ ਆਪੋ ਆਪਣੇ ਜੋੜਾਂ ਤੋੜਾਂ ਵਿੱਚ ਲੱਗੀਆਂ ਹੋਈਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਖਹਿਰਾ ਧੜੇ ਦੀ ਨਵੀਂ ਪਾਰਟੀ ਵੀ ਹੋਂਦ ਵਿੱਚ ਆਉਂਦੀ ਦਿੱਖ ਰਹੀ ਹੈ ਉੱਥੇ ਦੂਜੇ ਪਾਸੇ ਸਿਆਸੀ ਮਾਹਿਰ ਇਨ੍ਹਾਂ ਚਿੰਤਾਵਾਂ ਵਿੱਚ ਡੁੱਬ ਗਏ ਹਨ ਕਿ ਖਹਿਰਾ ਧੜੇ ਦਾ ਵੀ ਆਉਣ ਵਾਲੇ ਸਮੇਂ ਵਿੱਚ ਉਹ ਹਾਲ ਨਾ ਹੋ ਜਾਏ ਜਿਹੜਾ ਅਰਵਿੰਦ ਕੇਜਰੀਵਾਲ ਵਲੋਂ ਸ਼ੁਰੂ ਕੀਤੀ ਗਈ ਆਮ ਆਦਮੀ ਪਾਰਟੀ ਦਾ ਅੱਜ ਹੈ ਕਿਉਂਕਿ ਇਤਿਹਾਸ ਗਵਾਹ ਹੈ ਜਦੋਂ ਕੇਜਰੀਵਾਲ ਨੇ ਸਾਲ 2012 ਵਿੱਚ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਸੀ ਤਾਂ ਉਸ ਵੇਲੇ ਇਸ ਪਾਰਟੀ ਦੇ ਹੱਕ ਵਿੱਚ ਦੇਸ਼ ਭਰ ਵਿੱਚ ਉੱਠੀ ਲਹਿਰ ਕੇਜਰੀਵਾਲ ਨੂੰ ਭਾਰਤ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਵਜੋਂ ਪ੍ਰਚਾਰ ਰਹੀ ਸੀ, ਇਹੋ ਹਾਲ ਪੰਜਾਬ ਵਿੱਚ ਸੀ ਜਿੱਥੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਨੇ ‘ਆਪ’ ਦੇ ਹੱਕ ਵਿੱਚ ਇੰਨੀਆਂ ਵੋਟਾਂ ਪਾਈਆਂ ਕਿ ਅਕਾਲੀ ਅਤੇ ਕਾਂਗਰਸ ਰੂਪੀ ਦੋਵਾਂ ਰਵਾਇਤੀ ਪਾਰਟੀਆਂ ਨੂੰ ਆਪਣਾ ਹੋਂਦ ਖਤਰੇ ਵਿੱਚ ਨਜ਼ਰ ਆਉਣ ਲੱਗ ਪਿਆ ਸੀ। ਸਮਾਂ ਬੀਤਿਆ ਤੇ ਸਿਆਸਤ ਇਸ ਪਾਰਟੀ ਉੱਤੇ ਅਜਿਹੀ ਹਾਵੀ ਹੋਈ ਕਿ ਇਸ ਖਿਲਾਫ਼ ਘੜੀਆਂ ਗਈਆਂ ਚਾਣਕਯ ਨੀਤੀਆਂ ਨੇ ਨਾ ਸਿਰਫ਼ ਕੇਜਰੀਵਾਲ ਦੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਹੈ ਬਲਕਿ ਅੱਜ ਪੰਜਾਬ ਵਿਚੋਂ ਵੀ ਆਮ ਆਦਮੀ ਪਾਰਟੀ ਦਾ 100 ਸੀਟਾਂ ਵਾਲਾ ਸੁਫ਼ਨਾ ਤਹਿਸ ਨਹਿਸ ਹੋ ਕੇ 12 ਸੀਟਾਂ ਦੀ ਸੱਚਾਈ ਵੱਲ ਝਾਤੀਆਂ ਮਾਰ ਰਿਹਾ ਹੈ।
ਉਕਤ ਸਾਰੇ ਤੱਥ ਇਹ ਬਿਆਨ ਕਰਦੇ ਹਨ ਕਿ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੋ ਕੁਝ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਹੋਇਆ ਹੈ ਉਸ ਤੋਂ ਸਬਕ ਲੈਣ ਦੀ ਲੋੜ ਹੈ ਤਾਂਕਿ ਉਨ੍ਹਾਂ ਨਾਲ ਵੀ ਆਉਣ ਵਾਲੇ ਸਮੇਂ ਵਿੱਚ ਉਹ ਕੁਝ ਨਾ ਹੋ ਜਾਵੇ ਜਿਸ ਕਾਰਨ ਅੱਜ ਆਮ ਆਦਮੀ ਪਾਰਟੀ ਹਾਸ਼ੀਏ ਤੇ ਆਉਣ ਪਹੁੰਚੀ ਹੈ ਕਿਉਂਕਿ ਜਿਸ ਬੰਦੇ ਨੇ ਇਹ ਲਿਖਿਆ ਸੀ ਕਿ “ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੈ” ਸ਼ਾਇਦ ਉਹ ਸਿਆਸਤ ਪ੍ਰਤੀ ਇਹੋ ਗੱਲ ਲਿਖਣੀ ਭੁੱਲ ਗਿਆ ਹੋਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.