NewsPoliticsPolitics VPunjabPunjab V

ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਵਲੋਂ ਚਾਰ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ

ਚੰਡੀਗੜ, 18 ਅਕਤੂਬਰ:
ਸੂਬੇ ਭਰ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਐਮਰਜੈਂਸੀ ਸਿਹਤ ਦੇਖਭਾਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਨੇ ਚਾਰ ਜ਼ਿਲਿਆਂ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਜ਼ਰੂਰੀ ਨਿਰਦੇਸ਼ ਦਿੱਤੇ।ਇੱਕ ਪ੍ਰੈਸ ਬਿਆਨ ਰਾਹੀਂ ਨਵ-ਨਿਯੁਕਤ ਡਾਇਰੈਕਟਰ ਡਾ: ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ  ਮੁਤਾਬਕ ਰੋਪੜ, ਐਸ.ਬੀ.ਐਸ ਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ ਜ਼ਿਲਾ ਹਸਪਤਾਲਾਂ (ਡੀ.ਐਚ.) ਅਤੇ ਗੜਸ਼ੰਕਰ, ਮੁਕੇਰੀਆਂ, ਦਸੂਹਾ, ਬਲਾਚੌਰ ਵਿੱਚ ਸਬ-ਡਵੀਜ਼ਨਲ ਹਸਪਤਾਲਾਂ (ਐਸ.ਡੀ.ਐਚ) ਵਿਖੇ  ਕੱਲ ਇੱਕ ਇੱਕ-ਰੋਜ਼ਾ ਮੁਹਿੰਮ ਤਹਿਤ ਅਚਨਚੇਤ ਨਿਰੀਖਣ ਕੀਤਾ ਗਿਆ ।
ਡਾ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਡਾਕਟਰੀ ਸਹੂਲਤਾਂ ਦੀ ਜਾਂਚ ਕੀਤੀ ਗਈ ਅਤੇ ਵਿਸ਼ੇਸ਼ ਤੌਰ  ’ਤੇ ਐਮਰਜੈਂਸੀ ਅਤੇ ਮਦਰ ਐਂਡ ਚਾਈਲਡ ਹਸਪਤਾਲ (ਐਮ.ਸੀ.ਐਚ) ਦੇ ਵਾਰਡਾਂ ਵਿੱਚ ਜ਼ਰੂਰੀ ਦਵਾਈਆਂ ਅਤੇ ਡਾਕਟਰੀ ਉਪਕਰਣਾਂ ਦੀ ਉਪਲਬਧਤਾ ਸਬੰਧੀ ਜਾਂਚ ਕੀਤੀ ਗਈ । ਵੱਖ ਵੱਖ ਹਸਪਤਾਲਾਂ ਵਿਚ ਕੋਵਿਡ -19 ਟੈਸਟਿੰਗ ਸਬੰਧੀ ਨਮੂਨੇ ਲੈਣ  ਦੀ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ ਗਿਆ। ਇਹ ਮੁਹਿੰਮ ਲਗਭਗ 16 ਘੰਟੇ ਚੱਲੀ । ਉਨਾਂ ਅੱਗੇ ਕਿਹਾ ਕਿ ਮਰੀਜ਼ਾਂ ਅਤੇ ਉਨਾਂ ਦੇ ਅਟੈਂਡੰਟਾਂ ਨੂੰ ਹਸਪਤਾਲਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸਹੂਲਤਾਂ ਬਾਰੇ ਪੁੱਛਗਿੱਛ ਕੀਤੀ ਗਈ। ਮੁਹਿੰਮ ਦੌਰਾਨ ਕੁਝ ਥਾਵਾਂ ‘ਤੇ ਕੁਝ ਊਣਤਾਈਆਂ ਵੀ ਪਾਈਆਂ ਗਈਆਂ ਜਿਨਾਂ ਨੂੰ ਪਹਿਲ ਦੇ ਅਧਾਰ ‘ ਤੇ ਦਰੁਸਤ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧ ਵਿਚ ਜ਼ਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਜਾਂਚ ਦੌਰਾਨ ਉਨਾਂ ਨੇੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਡਾਕਟਰੀ ਉਪਕਰਣ ਕਾਰਜਸ਼ੀਲ ਹੋਣੇ ਚਾਹੀਦੇ ਹਨ ਅਤੇ ਜੇਕਰ ਕੋਈ ਨੁਕਸ ਹੋਵੇ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ। ਡਾ. ਮਨਜੀਤ ਨੇ  ਕਿਹਾ ਕਿ ਸਾਡਾ ਟੀਚਾ ਸੂਬੇ ਵਿੱਚ ਸਰਬੋਤਮ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਾ ਹੈ ਜਿਸ ਲਈ ਸਾਰੇ ਸਿਹਤ ਅਮਲੇ ਦਾ ਸਹਿਯੋਗ ਅਤੇ ਸਹਾਇਤਾ ਲੋੜੀਂਦੀ ਹੈ। ਉਨਾਂ ਕਿਹਾ ਕਿ ਸਾਰੀਆਂ ਜ਼ਰੂਰੀ ਦਵਾਈਆਂ ਐਮਰਜੈਂਸੀ ਵਾਰਡ ਵਿਚ ਉਪਲਬਧ ਹੋਣੀਆਂ ਚਾਹੀਦੀਆਂ ਹਨ ਅਤੇ ਮਰੀਜ਼ਾਂ ਦੇ ਅਟੈਂਡੰਟਾਂ ਨੂੰ ਕੋਈ ਵੀ ਦਵਾਈ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਾ ਪਵੇ। ਉਨਾਂ ਖ਼ਬਰਦਾਰ ਕਰਦਿਆਂ  ਕਿਹਾ ਕਿ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਡਾਕਟਰੀ ਸਹੂਲਤਾਂ ਵਿੱਚ ਕਿਸੇ ਕਿਸਮ ਦੀ ਢਿੱਲ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਹਸਪਤਾਲ ਅੰਦਰ ਅਤੇ ਵਾਰਡਾਂ ਵਿਚ ਸਫਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਨਾਉਣ ਸਬੰਧੀ ਨਿਰਦੇਸ਼ ਵੀ ਦਿੱਤੇ।
             ਡਾ: ਮਨਜੀਤ ਸਿੰਘ ਨੇ ਡਾਕਟਰਾਂ ਨੂੰ ਮਰੀਜ਼ਾਂ ਨਾਲ ਪਿਆਰ  ਤੇ ਹਮਦਰਦੀ ਨਾਲ ਪੇਸ਼ ਆਉਣ ਅਤੇ  ਅਣ-ਸੁਖਾਵੇਂ ਹਾਲਾਤ ਹੋਣ ’ਤੇ ਵੀ ਆਪਣਾ ਆਪਾ ਨਾ  ਗਵਾਉਣ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਡਾਕਟਰ-ਮਰੀਜ਼ ਦਾ ਰਿਸ਼ਤਾ ਬਹੁਤ ਮਹੱਤਵਪੂਰਣ ਹੁੰਦਾ ਹੈ ਕਿਉਂਕਿ ਡਾਕਟਰ ਅਤੇ ਮਰੀਜ਼ ਵਿਚਾਲੇ ਚੰਗੇ ਸੰਬੰਧਾਂ ਨਾਲ ਹੀ  ਮਰੀਜ਼ ਦੀ ਬਿਮਾਰੀ , ਮਿਆਰੀ  ਇਲਾਜ  ਸਬੰਧੀ ਜਾਣਕਾਰੀ ਅਤੇ ਮਰੀਜ਼ ਦੀ ਬਿਹਤਰ ਦੇਖਭਾਲ ਦਾ ਰਾਹ ਪੱਧਰਾ ਬਣਦਾ ਹੈ। ਉਨਾਂ ਕਿਹਾ ਕਿ ਜੇ ਡਾਕਟਰ ਮਰੀਜ਼ਾਂ ਪ੍ਰਤੀ ਹਮਦਰਦੀ ਦਿਖਾਉਣ ਤਾਂ ਵਧੀਆ ਨਤੀਜੇ ਪ੍ਰਾਪਤ ਹੋਣਗੇ। ਮਰੀਜ਼ਾਂ ਨੂੰ ਦਿੱਤੇ ਜਾ ਰਹੇ ਇਲਾਜ ਤੋਂ ਸੰਤੁਸ਼ਟ ਹੋਣਾ ਚਾਹੀਦਾ ਹੈ। ਮੁਹਿੰਮ ਦੌਰਾਨ ਡਾ ਹਰਮਿੰਦਰਜੀਤ ਸਿੰਘ ਚੀਮਾ ਅਤੇ ਸਿਹਤ ਇੰਸਪੈਕਟਰ ਭੁਪਿੰਦਰ ਸਿੰਘ ਦਹਿਰੀ ਵੀ ਉਨਾਂ ਦੇ ਨਾਲ ਸਨ।
-NAV GILL
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button