EDITORIAL

ਸਿਖਿਆ ਸਕੈਂਡਲ ਤੇ ਸਰਕਾਰੀ ਸਿਸਟਮ, 36000 ਜਾਲ੍ਹੀ ਡਿਗਰੀਆਂ

ਅਮਰਜੀਤ ਸਿੰਘ ਵੜੈਚ (94178-01988)

ਦਿੱਲੀ ਸਥਿਤ ASER( Annual Status Education Report ) ਅਨੁਸਾਰ ਭਾਰਤ  ਦੇ ਪੜ੍ਹੇ ਇੰਜਨੀਅਰਾਂ ‘ਚੋਂ 80 ਫ਼ੀਸਦ ਤੋਂ ਵੱਧ ਨੂੰ ਇਸ ਕਰਕੇ ਰੁਜ਼ਗਾਰ ਨਹੀਂ ਮਿਲ਼ ਸਕਦਾ ਕਿਉਂਕਿ ਉਨ੍ਹਾਂ ਕੋਲ਼ ਆਪਣੀਆਂ ਡਿਗਰੀਆਂ ਅਨੁਸਾਰ ਪੜ੍ਹਾਈ/ਮੁਹਾਰਤ ਹੀ ਨਹੀਂ ਹੈ : ਇਹੋ ਜਿਹੀ ਸਥਿਤੀ ਹੀ ਬਾਕੀ ਡਿਗਰੀ ਵਾਲ਼ਿਆਂ ਦੀ ਵੀ ਹੈ ।

ਸਾਡੇ ਦੇਸ਼ ਦੇ ਹਰ ਸੂਬੇ ਵਿੱਚ ਕੋਈ ਨਾ ਕੋਈ ਤਕੜਾ ਘਪਲਾ ਮਿਲ਼ ਜਾਂਦਾ ਹੈ ; ਜੇਕਰ ਕਹਿ ਲਿਆ ਜਾਵੇ ਕਿ ਅਸੀਂ ਘਪਲਿਆਂ ‘ਚ ਹੀ ਜੀ ਰਹੇ ਹਾਂ ਤਾਂ ਕੋਈ ਗ਼ਲਤ ਨਹੀਂ ਹੋਵੇਗਾ । ਹਾਲ ਹੀ ਵਿੱਚ ਪੱਛਮੀਂ ਬੰਗਾਲ ‘ਚ ਕਥਿਤ ਸਕੂਲੀ ਨੌਕਰੀਆਂ ਘੁਟਾਲੇ ‘ਚ  ਫੜੇ ਗਏ ਮੰਤਰੀ ਪਾਰਥਾ ਚੈਟਰਜੀ ਨੇ ਇਹ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਜਿਸ ਹਿਸਾਬ ਨਾਲ਼ ਵਿਦਿਆ  ਵਿਭਾਗਾਂ ‘ਚ  ਭ੍ਰਿਸ਼ਟਾਚਾਰ ਪਨਪ ਰਿਹਾ ਹੈ ਉਸ ਹਿਸਾਬ ਨਾਲ਼ ਭਾਰਤ ਦਾ ਭਵਿਖ ਕੀ ਹੋਵੇਗਾ ? ਇਸ ਘਪਲੇ ‘ਚ ਮੰਤਰੀ ਦੀ ਇਕ ਸਾਥਣ ਅਰਪਿਤਾ ਮੁਕਰਜੀ ਤੋਂ ਤਕਰੀਬਨ 42 ਕਰੋੜ ਦੇ ਨੋਟ ਤੇ ਗਹਿਣੇ ਬਰਾਮਦ ਕੀਤੇ ਜਾ  ਚੁੱਕੇ ਹਨ  ਜੋ ਟਰੰਕਾਂ ‘ਚ ਭਰ ਕੇ ਰੱਖੇ ਹੋਏ ਸਨ ।

ਵਿਦਿਆ ਦੇ ਖੇਤਰ ‘ਚ ਭਾਰਤ ਦਾ ਇਹ ਕੋਈ ਪਹਿਲਾ ਸਕੈਂਡਲ ਨਹੀਂ ਹੈ : ਸਾਡੇ ਦੇਸ਼ ‘ਚ ਹੁਣ ਤੱਕ ਦਾ ਸੱਭ ਤੋਂ ਵੱਡਾ ਵਿਦਿਆਕ ਖੇਤਰ ਦਾ ਕਥਿਤ ਫਰਾਡ ਹਿਮਾਚਲ ਪ੍ਰਦੇਸ਼ ਦੀ ‘ਮਾਨਵ ਭਾਰਤੀ ਯੂਨੀਵਰਿਸਟੀ’ ਦਾ ਹੈ ਜਿਸ  ਨੇ 2009 ਤੋਂ 2021 ਤੱਕ 36000 ਕਥਿਤ ਜਾਲ੍ਹੀ ਡਿਗਰੀਆਂ ਵੰਡੀਆਂ ਸਨ ; ਇਕ ਡਿਗਰੀ ਦੀ ਕੀਮਤ ਇਕ ਤੋਂ ਤਿੰਨ ਲੱਖ ਤੱਕ ਤਹਿ ਹੁੰਦੀ ਸੀ । ਵਿਆਪਮ , ਮੱਧ ਪ੍ਰਦੇਸ਼ ਦਾ ਐਂਟਰੈਂਸ ਇਮਤਿਹਾਨ ਦਾ ਕਾਲਾ ਧੰਦਾ ਗਿਆਰਾਂ ਸਾਲ ਚਲਦਾ ਰਿਹਾ ਪਰ ਪਤਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਜਿਸ ਵਿੱਚ ਸਾਰੇ ਪੇਪਰਾਂ/ਓਐੱਮਆਰ ਸ਼ੀਟਾਂ ਨਾਲ ਛੇੜਛਾੜ ਕਰਕੇ ਲੋਕਾਂ ਨੂੰ ਨਜਾਇਜ਼ ਫ਼ਾਇਦੇ ਦਿਤੇ ਜਾਂਦੇ ਸੀ ।

ਉਤਰ ਪ੍ਰਦੇਸ਼ ਵਿੱਚ ਤਾਂ ਇਕ ਲੜਕੀ ਅਨਾਮੀਕਾ ਸ਼ੁਕਲਾ ਦੀਆਂ ਡਿਗਰੀਆਂ ‘ਤੇ 25 ਵਿਅਕਤੀਆਂ ਨੇ ਨੌਕਰੀ ਲੈ ਲਈ ਸੀ ਪਰ ਅਨਾਮੀਕਾ ਖ਼ੁਦ ਬੇਰੁਜ਼ਗਾਰ ਸੀ । ਆਂਧਰਾ ਪਰਦੇਸ਼ ਵਿੱਚ  ਧੜਾਧੜ ਕਾਲਿਜ ਖੋਲ੍ਹ ਕੇ ਸਰਕਾਰੀ ਗਰਾਂਟ ਖਾਣ ਦਾ ਬਹੁਤ ਤਕੜਾ ਘਪਲਾ ਹੋਇਆ ਸੀ ਜਿਸ ਵਿੱਚ 2010 ‘ਚ 500 ਇੰਜਨੀਅਰਿੰਗ ਕਾਲਜ ਬੰਦ ਕਰਨ ਦਾ ਹੁਕਮ ਦਿਤਾ ਗਿਆ ਜੋ ਮੁਢਲੀਆਂ ਸ਼ਰਤਾ, ਜਿਵੇਂ ਇਮਾਰਤ ਅਤੇ ਅਧਿਆਪਕ, ਹੀ ਪੂਰੀਆਂ ਨਹੀਂ ਕਰਦੇ ਸਨ । ਇਸੇ ਤਰ੍ਹਾਂ ਜਦੋਂ ਆਂਧਰਾ ਪ੍ਰਦੇਸ਼ ‘ਚ ਸਰਕਾਰ ਨੇ ਨਿੱਜੀ ਕਾਲਜਾਂ ‘ਚ ਪੜ੍ਹਦੇ  ਘੱਟ-ਗਿਣਤੀ ਤੇ ਗਰੀਬ ਵਿਦਿਆਰਥੀਆਂ ਦੀਆਂ ਫ਼ੀਸਾਂ ਸਰਕਾਰ ਵੱਲੋਂ ਦਿਤੇ ਜਾਣ ਦਾ ਐਲਾਨ ਕੀਤਾ ਤਾਂ ਧੜਾਧੜ 12309 ਕਾਲਿਜ ਖੁੱਲ੍ਹ ਗਏ ; ਜਦੋਂ ਇਹ ਫਰਾਡ ਫੜਿਆ ਗਿਆ ਤਾਂ 9903 ਕਾਲਜ ਬੋਗਸ ਹੀ ਨਿਕਲ਼ੇ ।

ਸਿਕਮ ਦੀ EIILM ਯੂਨੀਵਰਸਿਟੀ ਬਿਨਾਂ  ਸਰਕਾਰ ਦੀ ਇਜਾਜ਼ਤ ਦੇ ਪੂਰੇ ਦੇਸ਼ ਤੇ ਸਮੇਤ ਮਾਰਸ਼ੀਅਸ ‘ਚ 5000 ‘ਡਾਕ ਰਾਹੀ ਪੜ੍ਹਾਈ’ ਦੇ ਕੇਂਦਰ ਖੋਲ਼੍ਹਕੇ 5000 ਹਜ਼ਾਰ ਕਰੋੜ ਦਾ ਚੂਨਾ ਲਾ ਗਈ । ਇਸ ਯੂਨੀਵਰਸਿਟੀ ਨੇ ਹਜ਼ਾਰਾਂ ਹੀ ਨਕਲੀ ਸਰਟੀਫ਼ੀਕੇਟ ਵੰਡ ਦਿਤੇ ।ਹਰਿਆਣੇ ਦੇ ਸਾਬਕਾ ਮੁੱਖ-ਮੰਤਰੀ ਓਮ ਪ੍ਰਕਾਸ਼ ਚੌਟਾਲਾ ਵਿਦਿਆ ਵਿਭਾਗ ‘ਚ ਗ਼ਲਤ ਢੰਗ ਨਾਲ਼ ਅਧਿਆਪਕਾਂ ਦੀਆਂ ਭਰਤੀਆਂ ‘ਚ 10 ਸਾਲ ਦੀ ਕੈਦ ਕੱਟ ਚੁੱਕੇ ਹਨ ਤੇ ਇਕ ਹੋਰ  ਕੇਸ ‘ਚ  ਫਿਰ ਜੇਲ੍ਹ ਭੇਜ ਦਿਤੇ ਗਏ ਹਨ । ਇਸੇ ਵਰ੍ਹੇ ਹਰਿਆਣੇ ‘ਚ ਨਿੱਜੀ ਸਕੂਲਾਂ ਵੱਲੋਂ ਦਸਵੀਂ ਕਲਾਸ ਦੇ ਨਕਲੀ ਸਰਟੀਫੀਕੇਟ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਪੰਜਾਬ ‘ਚ ਵੀ ਸਾਬਕਾ ਵਿਦਿਆ ਮੰਤਰੀ ਸਿਕੰਦਰ ਸਿੰਘ ਮਲੂਕਾ ‘ਤੇ ਵੀ ਕਿਤਾਬਾਂ ਦੀ ਖ਼ਰੀਦ ‘ਚ ਕਥਿਤ ਘਪਲੇ ਦੇ ਇਲਜ਼ਾਮ ਲੱਗੇ ਸਨ । ਪੰਜਾਬ ਦੇ ਹੀ ਇਕ ਹੋਰ ਸਾਬਕਾ ਵਿਦਿਆ ਮੰਤਰੀ ਸਵਰਗੀ ਤੋਤਾ ਸਿੰਘ ‘ਤੇ ਵੀ ਪੀਐੱਸਈਬੀ ‘ਚ ਕਲਰਕਾਂ ਤੇ ਅਸਿਸਟੈਂਟਾਂ ਦੀਆਂ ਭਰਤੀਆਂ ਦੇ ਕਥਿਤ ਦੋਸ਼ ਲੱਗੇ ਸਨ । ਸਾਬਕਾ ਸਮਾਜ ਭਲਾਈ ਮੰਤਰੀ  ਸਾਧੂ ਸਿੰਘ ਧਰਮਸੋਤ ਅਨੂਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 69 ਕਰੋੜ ਦੇ ਕਥਿਤ ਵਜ਼ੀਫ਼ੇ ਘਪਲੇ ਦੇ ਦੋਸ਼ੀ ਪਾਏ ਗਏ ਪਰ ਬਾਅਦ ‘ਚ ਕੈਪਟਨ ਨੇ ‘ਦੁੱਧ ਧੋਤੇ ਸਾਧੂ’ ਕਰਾਰ ਦੇ ਦਿਤਾ । ਵੈਸੇ ਅੱਜਕੱਲ੍ਹ  ਉਹ ਜੰਗਲ਼ ਮਹਿਕਮੇ ਦੇ ਕਥਿਤ ਸਕੈਂਡਲ ਚ’ ਅਦਾਲਤੀ ਹਿਰਾਸਤ ‘ਚ ਜ਼ਮਾਨਤ ਦੀ ਇੰਤਜ਼ਾਰ ਕਰ ਰਹੇ ਹਨ ।

ਉਪਰੋਕਤ ਸਥਿਤੀਆਂ ਸਾਡੇ ਲੀਡਰਾਂ ਲਈ ਡੁੱਬਕੇ ਮਰਨ ਵਾਲ਼ੀਆਂ ਹਨ ; ਇਹ ਮੰਤਰੀ ਲੋਕ ਜੋ ਈਸ਼ਵਰ ਅਤੇ ਸੰਵਿਧਾਨ ਦੀ ਸੌਂਹ ਚੁੱਕ ਕੇ  ਸਰਕਾਰਾਂ ‘ਚ ਮੌਜਾਂ ਮਾਣਦੇ ਹਨ ਪਰ ਦੇਸ਼ ਦਾ ਭਵਿਖ ਤਬਾਹ ਕਰ ਦਿੰਦੇ ਹਨ । ਇਹੋ ਜਿਹੇ ਲੋਕ ਇਹ ਸਮਝਦੇ ਹਨ ਕਿ ਜਦੋਂ ਕੇਸ ਅਦਾਲਤਾਂ ਦੀਆਂ ਫ਼ਾਇਲਾਂ ‘ਚ ਲੱਗ ਜਾਂਦੇ ਹਨ  ਤਾਂ ਫਿਰ ਡਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਦਾਲਤਾਂ ‘ਚ ਕੇਸ ਲਟਕਦੇ  ਹੀ ਰਹਿੰਦੇ ਹਨ ਤੇ ਅਪੀਲਾਂ ‘ਚ ਉਲਝਕੇ ਕਈ ਕਈ ਸਾਲ ਕਿਸੇ ਸਿੱਟੇ ‘ਤੇ ਨਹੀਂ ਪਹੁੰਚਦੇ ; ਇਸੇ ਦੌਰਾਨ ਇਹੋ ਜਿਹੇ ਭਰਿਸ਼ਟ ਲੋਕ ਫਿਰ ਮੰਤਰੀ ਬਣ ਜਾਂਦੇ ਹਨ ਤਾਂ ਫਿਰ ਉਹ ਆਪਣੇ ਕੇਸ ਕਮਜ਼ੋਰ ਕਰਨ ਲਈ ਸਭ ਕੁਝ ਕਰ ਲੈਂਦੇ ਹਨ । ਵੈਸੇ ਵੀ ਰਾਜਨੀਤੀ ਖੇਡ ਫਿਕਸ ਕਰਕੇ ਖੇਡੀ ਜਾਂਦੀ ਹੈ ; ਮੈ ਤੇਰਾ ਖ਼ਿਆਲ ਰੱਖੂੰ ਤੂੰ ਮੇਰਾ ਰੱਖੀਂ ।

ਅਦਾਲਤਾਂ ‘ਚ ਸਾਲਾਂ ਬੱਧੀ ਚੱਲਦੇ ਕੇਸਾਂ ਦੌਰਾਨ ਦੋਸ਼ੀ ਗਵਾਹਾਂ ਨੂੰ ਡਰਾ/ਧਮਕਾ/ਖਰੀਦ ਲੈਂਦੇ ਹਨ ਅਤੇ ਸਬੂਤਾਂ ਨੂੰ ਖ਼ਤਮ  ਕਰਨ ਜਾਂ ਬਦਲਣ ‘ਚ ਕਾਮਯਾਬ ਹੋ ਜਾਂਦੇ ਹਨ ਜਿਸ ਕਰਕੇ ਕੇਸ ਕਮਜ਼ੋਰ ਹੋ ਜਾਂਦੇ ਹਨ । ਇੰਜ ਅਜਿਹੇ ਲੋਕਾਂ ਦੇ ਹੌਂਸਲੇ ਹੋਰ ਬੁਲੰਦ ਹੋ ਜਾਂਦੇ ਹਨ ।

ਅੱਜ ਲੋੜ ਇਸ ਗੱਲ ਦੀ ਹੈ ਕਿ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਜਲਦੀ ਸਿੱਟੇ ‘ਤੇ ਪਹੁੰਚਾਉਣ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਬਣਾਈਆਂ ਜਾਣ ਜਿਨ੍ਹਾਂ ਵਿੱਚ ਸਿਰਫ਼ ਮੰਤਰੀਆਂ ‘ਤੇ ਉੱਚ ਅਧਿਕਾਰੀਆਂ ਦੇ ਕੇਸ ਹੀ ਲਏ ਜਾਣ । ਇਹ ਕੇਸ ਲੜਨ ਲਈ ਵਿਸ਼ੇਸ਼ ਸਰਕਾਰੀ ਮਸ਼ੀਨਰੀ ਨਿਧਾਰਿਤ ਹੋਣੀ ਚਾਹਦੀ ਹੈ ਅਤੇ ਕੇਸਾਂ ਦਾ ਹਰ ਪੱਦਰ ‘ਤੇ ਨਿਪਟਾਰਾ ਕਰਨ ਦਾ ਸਮਾਂ  ‘ਤੇ ਜਵਾਬਦੇਹੀ ਵੀ ਨਿਸ਼ਚਤ ਹੋਵੇ ।  ਇੰਜ ਕਰਨ ਨਾਲ਼ ਕਥਿਤ ਦੋਸ਼ੀਆਂ ਵੱਲੋਂ ਸਬੂਤ ਮਿਟਾਏ ਜਾਣ ਦਾ ਡਰ ਵੀ ਘਟੇਗਾ ਤੇ ਭ੍ਰਿਸ਼ਟ ਲੋਕ ਜਲਦੀ ਜੇਲ੍ਹਾਂ ‘ਚ ਡੱਕੇ ਜਾਣਗੇ ਅਤੇ ਜਿਨ੍ਹਾਂ ‘ਤੇ ਝੂਠੇ ਕੇਸ ਬਣਾ ਦਿੱਤੇ ਜਾਂਦੇ ਹਨ ਉਨ੍ਹਾਂ ਨੂੰ ਵੀ ਜਲਦੀ ਮਾਨਸਿਕ ਪ੍ਰਸ਼ਾਨੀਆਂ ਤੋਂ ਛੁਟਕਾਰਾ ਮਿਲ਼ ਜਾਇਆ ਕਰੇਗਾ ।

ਭ੍ਰਿਸ਼ਟਾਚਾਰ ਦਾ ਪਾਣੀ ਉਪਰੋਂ ਹੀ ਚੋਣਾ ਸ਼ੁਰੂ ਹੁੰਦਾ ਹੈ । ਜਦੋਂ ਭਰਿਸ਼ਟਾਚਾਰ ਉਪਰੋਂ ਖਤਮ ਹੋਣ ਲੱਗੇਗਾ ਹੇਠਲੇ ਪੱਧਰ ‘ਤੇ ਆਪਣੇ ਆਪ ਪਾਣੀ ਸਾਫ਼ ਹੋਣ ਲੱਗ ਪਵੇਗਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button