PunjabTop News

ਸ਼ੰਭੂ ਰੇਲਵੇ ਟਰੈਕ ਧਮਾਕਾ ਮਾਮਲਾ : ਮੁਲਜ਼ਮਾਂ ਤੋਂ NIA ਵੱਲੋਂ 8 ਘੰਟੇ ਪੁੱਛਗਿੱਛ; ਪਟਿਆਲਾ ਅਦਾਲਤ ’ਚ ਪੇਸ਼ ਕਰਨ ਮਗਰੋਂ ਸੱਤ ਦਿਨ ਦੇ ਰਿਮਾਂਡ ’ਤੇ

ਸ਼ੰਭੂ ਰੇਲਵੇ ਟਰੈਕ ’ਤੇ ਆਈਈਡੀ ਧਮਾਕਾ ਮਾਮਲੇ ’ਚ ਮਲੇਸ਼ੀਆ ਤੋਂ ਡਿਪੋਰਟ ਕਰ ਕੇ ਲਿਆਂਦੇ ਗਏ ਦੋ ਮੁਲਜ਼ਮਾਂ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕਰੀਬ ਅੱਠ ਘੰਟੇ ਪੁੱਛਗਿੱਛ ਕੀਤੀ ਗਈ। ਦੋਵੇਂ ਮੁਲਜ਼ਮਾਂ ਨੂੰ ਪਟਿਆਲਾ ਅਦਾਲਤ ’ਚ ਪੇਸ਼ ਕਰਨ ਮਗਰੋਂ ਸੱਤ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਘਨੌਰ ਵਾਸੀ ਮਨਜੀਤ ਸਿੰਘ ਤੇ ਅੰਬਾਲਾ ਵਾਸੀ ਗੁਰਵਿੰਦਰ ਸਿੰਘ ਤੋਂ ਰਿਮਾਂਡ ਦੇ ਪਹਿਲੇ ਦਿਨ ਫੰਡਿੰਗ ਨੈੱਟਵਰਕ ਤੇ ਲੈਣ-ਦੇਣ ਨਾਲ ਜੁੜੇ ਵਿਅਕਤੀਆਂ ਦੀ ਪਛਾਣ ਲਈ ਪੁੱਛਗਿੱਛ ਕੀਤੀ ਗਈ। ਜਾਂਚ ਏਜੰਸੀਆਂ ਮੁਤਾਬਕ ਦੋਵੇਂ ਮੁਲਜ਼ਮ ਸ਼ੰਭੂ ਰੇਲਵੇ ਟਰੈਕ ਧਮਾਕਾ ਮਾਮਲੇ ’ਚ ਮਾਰੇ ਗਏ ਤਰਨਤਾਰਨ ਵਾਸੀ ਜਗਰੂਪ ਸਿੰਘ ਦੇ ਬੈਂਕ ਖਾਤੇ ’ਚ ਲਗਾਤਾਰ ਰਕਮ ਭੇਜਦੇ ਰਹੇ ਸਨ। ਘਟਨਾ ਤੋਂ ਪਹਿਲਾਂ ਵੀ ਉਸ ਦੇ ਖਾਤੇ ’ਚ ਵੱਡੀ ਮਾਤਰਾ ’ਚ ਧਨ ਰਾਸ਼ੀ ਟਰਾਂਸਫਰ ਕੀਤੀ ਗਈ ਸੀ। ਕੇਂਦਰੀ ਏਜੰਸੀਆਂ ਦੀ ਸੂਚਨਾ ਦੇ ਆਧਾਰ ’ਤੇ ਮਲੇਸ਼ੀਆ ਦੀ ਰਾਇਲ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਨੂੰਨੀ ਕਾਰਵਾਈ ਪੂਰੀ ਕਰਨ ਮਗਰੋਂ ਉਨ੍ਹਾਂ ਨੂੰ ਭਾਰਤ ਹਵਾਲੇ ਕੀਤਾ ਗਿਆ।

ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਵਿਦੇਸ਼ ’ਚ ਬੈਠੇ ਇਹ ਮੁਲਜ਼ਮ ਪੰਜਾਬ ’ਚ ਸਰਗਰਮ ਆਪਰੇਟਿਵਾਂ ਤੱਕ ਫੰਡ ਪਹੁੰਚਾਉਣ, ਹਮਲਿਆਂ ਦੀ ਯੋਜਨਾ ਬਣਾਉਣ ਤੇ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ’ਚ ਅਹਿਮ ਭੂਮਿਕਾ ਨਿਭਾਅ ਰਹੇ ਸਨ। ਇਸ ਮਾਮਲੇ ’ਚ ਹੁਣ ਤੱਕ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਾਂਚ ਦੌਰਾਨ ਆਰਪੀਜੀ ਲਾਂਚਰ, ਆਈਈਡੀ, ਆਰਡੀਐਕਸ, ਹੈਂਡ ਗ੍ਰਨੇਡ, ਆਧੁਨਿਕ ਪਿਸਤੌਲਾਂ ਤੇ ਵੱਡੀ ਮਾਤਰਾ ’ਚ ਕਾਰਤੂਸ ਵੀ ਬਰਾਮਦ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button