D5 specialOpinion

ਸਹਿਜਪ੍ਰੀਤ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਉਜਾਗਰ ਸਿੰਘ

ਸਹਿਜਪ੍ਰੀਤ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਇਸ ਕਾਵਿ ਸੰਗ੍ਰਹਿ ਵਿੱਚ 82 ਕਵਿਤਾਵਾਂ, 32 ਗ਼ਜ਼ਲਾਂ ਅਤੇ 6 ਗੀਤ ਹਨ। ਕਾਵਿ ਸੰਗ੍ਰਹਿ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਕਵਿਤਾਵਾਂ, ਦੂਜੇ ਵਿੱਚ ਗੀਤ ਅਤੇ ਤੀਜੇ ਭਾਗ ਵਿੱਚ ਗ਼ਜ਼ਲਾਂ ਹਨ। ਇਸ ਤੋਂ ਪਹਿਲਾਂ ਸਹਿਜਪ੍ਰੀਤ ਦੇ ਦੋ ਕਾਵਿ ਸੰਗ੍ਰਹਿ ‘ਤਾਰਿਆਂ ਜੜਿਆ ਅੰਬਰ’ ਅਤੇ ‘ਮੇਰਾ ਯਕੀਨ ਕਰੀਂ’ ਪ੍ਰਕਾਸ਼ਤ ਹੋ ਚੁੱਕੇ ਹਨ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਹੈ ਕਿ ਕਵੀ ਪੰਜਾਬ ਦੇ ਲੋਕਾਂ ਨੂੰ ਚਿੰਬੜੀਆਂ ਅਲਾਮਤਾਂ ਦਾ ਬਾਖ਼ੂਬੀ ਨਾਲ ਆਪਣੀਆਂ ਕਵਿਤਾਵਾਂ ਵਿੱਚ ਪਰਦਾ ਫਾਸ਼ ਕਰਦਾ ਹੈ। ਸਹਿਜਪ੍ਰੀਤ ਸਿੰਘ ਮਾਂਗਟ ਦੀ ਦਲੇਰੀ ਦੀ ਦਾਦ ਦੇਣੀ ਬਣਦੀ ਹੈ ਕਿ ਉਹ ਹਰ ਸਮਾਜਿਕ ਬਿਮਾਰੀ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਬੇਖ਼ੌਫ ਹੋ ਕੇ ਲੋਕਾਂ ਦੀ ਕਚਹਿਰੀ ਵਿੱਚ ਪ੍ਰੱਸਤਤ ਕਰਦਾ ਹੈ।

ਕਵੀ ਸਮਾਜ ਦੀ ਦੁਰਗਤੀ ਤੋਂ ਅਤਿਅੰਤ ਚਿੰਤਾ ਵਿੱਚ ਗ੍ਰਸਿਆ ਲੱਗਦਾ ਹੈ ਕਿਉਂਕਿ ਉਸ ਦੀਆਂ 82 ਕਵਿਤਾਵਾਂ ਵਿੱਚ ਵਾਰ ਵਾਰ, ਨਸ਼ੇ, ਬੇਰੋਜ਼ਗਾਰੀ, ਬਲਾਤਕਾਰ, ਭਰੂਣ ਹੱਤਿਆ, ਆਤਮ ਹੱਤਿਆਵਾਂ, ਕਿਸਾਨੀ ਕਰਜ਼ੇ, ਧੋਖੇ ਫ਼ਰੇਬ, ਸਿਆਸਤਦਾਨਾ ਦੀ ਲੁੱਟ, ਧਰਮ ਦੇ ਠੇਕਦਾਰਾਂ ਦੀਆਂ ਆਪ ਹੁਦਰੀਆਂ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਜ਼ਿਕਰ ਆ ਰਿਹਾ ਹੈ। ਕਿਸਾਨ ਸਲਫਾਸ਼ ਖਾ ਕੇ ਮਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਹੀ ਕੀਟਨਾਸ਼ਕ ਦਵਾਈਆਂ ਨਹੀਂ ਮਿਲ ਰਹੀਆਂ, ਕਰਜ਼ੇ ਦਾ ਭਾਰ ਦਿਨ-ਬਦਿਨ ਵੱਧ ਰਿਹਾ ਹੈ। ਅਵਾਰਾ ਪਸ਼ੂ ਦਨਦਿਨਾਂਦੇ ਫਿਰ ਰਹੇ ਹਨ। ਧਰਮ ਦੇ ਠੇਕੇਦਾਰ ਗਊ ਰਖਸ਼ਕ ਮਨਮਾਨੀਆਂ ਕਰ ਰਹੇ ਹਨ। ਅਬਲਾ ਦੀ ਪੱਤ ਲੁੱਟੀ ਜਾ ਰਹੀ ਹੈ।  ਭਗਵਾਂਕਰਨ ਭਾਰੂ ਹੋ ਰਿਹਾ ਹੈ। ਮਾਰਧਾੜ ਹੋਣ ਕਰਕੇ ਖ਼ੂਨ ਦੀ ਹੋਲੀ ਖੇਡੀ ਜਾ ਰਹੀ ਹੈ।

ਸਿਆਸਤਦਾਨ ਹੰਕਾਰ ਦੇ ਮਾਰੇ ਪਏ ਹਨ।  ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਲੱਗ ਰਿਹਾ ਹੈ। ਸਿਆਸਤਦਾਨ ਮਨ ਕੀ ਬਾਤ ਕਰੀ ਜਾਂਦੇ ਹਨ। ਜੰਗਲ ਰਾਜ ਬਣਿਆਂ ਪਿਆ ਹੈ। ਹੈਵਾਨੀਅਤ ਦਾ ਨੰਗਾ ਨਾਚ ਹੋ ਰਿਹਾ ਹੈ। ਬੇਬਸੀ ਅਤੇ ਲਾਚਾਰੀ ਚਾਰੇ ਪਾਸੇ ਫੈਲੀ ਪਈ ਹੈ। ਅਖਾਉਤੀ ਦੇਸ਼ ਭਗਤ ਮਨਮਾਨੀਆਂ ਕਰ ਰਹੇ ਹਨ। ਮਾਨਵਤਾ ਸ਼ਰਮਸ਼ਾਰ ਹੋਈ ਜਾ ਰਹੀ ਹੈ। ਬਹਾਦਰ ਕਹਾਉਣ ਵਾਲੇ ਪੰਜਾਬੀ ਮੂੰਹਾਂ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਇਨ੍ਹਾਂ ਸਾਰੀਆਂ ਵਿਸੰਗਤੀਆਂ ਨੂੰ ਦਲੇਰੀ ਨਾਲ ਆਪਣੀ ਕਵਿਤਾਵਾਂ ਦੇ ਵਿਸ਼ੇ ਬਣਾ ਰਿਹਾ ਹੈ। ਇਨ੍ਹਾਂ ਅਲਾਮਤਾਂ ਦੇ ਬਾਵਜੂਦ ਕਵੀ ਸੁਹਾਵਣੇ ਮਾਹੌਲ ਦੀ ਉਡੀਕ ਵਿੱਚ ਆਸ਼ਾਵਾਦੀ ਹੈ। ਅਫਸਰਸ਼ਾਹੀ ਸਿਆਸਤਦਾਨਾ ਦੀ ਗ਼ੁਲਾਮ ਬਣੀ ਹੋਈ ਹੈ। ਕਵੀ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਵਿਦਵਾਨ ਅਤੇ ਅਖ਼ਬਾਰ ਗੁੰਗੇ, ਬੋਲੇ ਅਤੇ ਅੰਨ੍ਹੇ ਬਣਕੇ ਸਾਰਾ ਕੁਝ ਬਰਦਾਸ਼ਤ ਕਰਦੇ ਹੋਏ ਦਰਬਾਰੀ ਬਣਕੇ ਇਨਾਮ ਲੈਣ ਲਈ ਤਤਪਰ ਹਨ।

ਉਹ ਵੀ ਇਕ ਸ਼ਬਦ ਬੋਲਣ ਤੇ ਲਿਖਣ ਲਈ ਤਿਆਰ ਨਹੀਂ ਹਨ। ਪੰਜਾਬੀਆਂ ਦੀ ਤ੍ਰਾਸਦੀ ਦੀ ਇਸ ਤੋਂ ਵੱਡੀ ਬਦਕਿਸਮਤੀ ਹੋਰ ਕੋਈ ਨਹੀਂ ਹੋ ਸਕਦੀ। ਇਮਾਨਦਾਰੀ ਰਫੂ ਚੱਕਰ ਹੋ ਗਈ ਹੈ। ਅਸਲ ਹਿੰਦੁਸਤਾਨੀ ਇਮਾਨਦਾਰ ਹੋਵੇਗਾ। ਨੇਕੀ ਦੀ ਜਿੱਤ ਦਾ ਨਾਟਕ ਖੇਡਿਆ ਜਾ ਰਿਹਾ। ਮਾਨਵਤਾ ਦਾ ਘਾਣ ਹੋ ਰਿਹਾ। ਭਗਤ ਮਖੌਟਾ ਪਾਈ ਫਿਰਦੇ ਹਨ। ਗੋਦਰਾ ਅਤੇ ਦਿੱਲੀ ਦਾ ਕਤਲੇਆਮ ਮਨੁੱਖਤਾ ਨੂੰ ਚਿੜਾ ਰਿਹਾ ਹੈ। ਇਨਸਾਨ  ਨਾਲੋਂ ਗਊ ਬਣਨਾ ਬਿਹਤਰ ਹੈ। ਗਣਤੰਤਰ ਦਾ ਲਾਭ ਗ਼ਰੀਬਾਂ ਨੂੰ ਨਹੀਂ ਮਿਲ ਰਿਹਾ ਕਿਉਂਕਿ ਖਾਣ ਪੀਣ ਅਤੇ ਪਹਿਨਣ ਦੀ ਲੋੜ ਪੂਰੀ ਨਹੀਂ ਹੋ ਰਹੀ। ਵਿਕਾਸ ਦੀ ਥਾਂ ਵਿਨਾਸ਼ ਨੇ ਮੱਲ ਲਈ ਹੈ। ਆਜ਼ਾਦੀ ਦੇ ਪ੍ਰਵਾਨਿਆਂ ਦੇ ਸਪਨੇ ਸਿਆਸਤਦਾਨਾਂ ਨੇ ਚਕਨਾਚੂਰ ਕਰ ਦਿੱਤੇ ਹਨ।  ਸਿਆਸਤਦਾਨਾ ਦੇ ਵਾਅਦੇ ਕਦੇ ਪੂਰੇ ਨਹੀਂ ਹੁੰਦੇ, ਸਗੋਂ ਭਾਈਚਾਰਕ ਸਾਂਝ ਖ਼ਤਮ ਕਰੀ ਜਾਂਦੇ ਹਨ। ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ‘ਸਾਡੇ ਸੁਫ਼ਨਿਆਂ ਦੀ ਆਜ਼ਾਦੀ’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਲੋਕਾਂ ਨੂੰ ਵੰਗਾਰਦਾ ਹੋਇਆ ਲਿਖਦਾ ਹੈ-

ਤੁਹਾਨੂੰ ਹੀ ਕੁਝ ਕਰਨਾ ਪੈਣਾ, ਥੋੜ੍ਹਾ ਥੋੜ੍ਹਾ ਸਾਡੇ ਵਰਗਾ ਬਣਨਾ ਪੈਣਾ।

ਬੁਜ਼ਦਿਲੀ ਤਿਆਗ ਕੇ, ਸੀਸ ਤਲੀ ‘ਤੇ ਧਰਨਾ ਪੈਣਾ।

ਸ਼ੈਤਾਨਾ ਨਾਲ ਲੜਨਾ ਪੈਣਾ, ਐਵੇਂ ਵਕਤ ਨਾ ਗਵਾਓ।

ਸਾਡੀਆਂ ਕੁਰਬਾਨੀਆਂ ਨੂੰ, ਕਾਲੇ ਅੰਗਰੇਜ਼ਾਂ ਦੇ ਪੈਰਾਂ ‘ਚ ਨਾ ਰੋਲੋ।

ਜ਼ਾਲਮ ਦਾ ਸਿੰਘਾਸਨ ਹਿਲਾਓ, ਉਸ ਨੂੰ ਉਸਦੀ ਔਕਾਤ ਦਿਖਾਓ।

ਦੇਸ਼ ਭਗਤੀ ਦੀ ਪਰੀਭਾਸ਼ਾ ‘ਤੇ ਕਿੰਤੂ ਪ੍ਰੰਤੂ ਕਰਦਾ ਕਵੀ ਲਿਖਦਾ ਹੈ ਕਿ ਹੁਣ ਸ਼ਹੀਦੀਆਂ ਪ੍ਰਾਪਤ ਕਰਨ, ਦੇਸ਼ ਨੂੰ ਪਿਆਰ ਕਰਨ, ਅਮਨ ਸ਼ਾਂਤੀ ਨਾਲ ਜਿਓਣ ਵਾਲੇ ਨਹੀਂ ਸਗੋਂ ਹੁਣ ਫਿਰਕੂ ਸੋਚ ਵਾਲੇ, ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਇਨਸਾਨੀਅਤ ਦੇ ਦੁਸ਼ਮਣ ਦੇਸ਼ ਭਗਤੀ ਤਹਿ ਕਰਨਗੇ। ਅਗੋਂ ਕਵੀ ਲਿਖਦਾ-

ਮੇਰੇ ਕੋਲ ਤਾਂ ਮੇਰਾ ਆਪਣਾ ਇਤਿਹਾਸ ਹੈ।

ਇਸ ਦਾ ਇਹ ਮਤਲਬ ਨਹੀਂ, ਕਿ ਮੈਂ ਦੇਸ਼ ਭਗਤ ਨਹੀਂ।

ਮੈਨੂੰ ਆਪਣੇ ਵਿਰਸੇ ‘ਤੇ ਮਾਣ ਹੈ, ਧਰਮ ‘ਤੇ ਮਾਣ ਹੈ।

ਮੈਂ ਦੇਸ਼ ਦੀਆਂ ਜੜਾਂ ਦੇਸ਼ ਭਗਤੀ ਦਾ ਬੁਰਕਾ ਪਾ।

ਖੋਖਲੀਆਂ ਨਹੀਂ ਕਰ ਰਿਹਾ।

ਨਫ਼ਰਤਾਂ ਫ਼ੈਲਾ ਰਹੇ, ਅਖ਼ੌਤੀ ਦੇਸ਼ ਭਗਤਾਂ ਨਾਲੋਂ ਮੈਂ,

ਕਿਤੇ ਵੱਡਾ ਦੇਸ਼ ਭਗਤ ਹਾਂ।

ਸਹਿਜਪ੍ਰੀਤ ਦੀਆਂ ਕਈ ਕਵਿਤਾਵਾਂ ਪੁਰਾਤਨ ਵਿਰਾਸਤ ਤੋਂ ਮੁੱਖ ਮੋੜਨ ਦੀਆਂ ਬਾਤਾਂ ਪਾਉਂਦੀਆ ਹਨ। ਬੰਟੇ ਖੇਡਣਾ, ਗੰਨੇ ਚੂਪਣਾ, ਖੂਹ ਦੀ ਮੌਣ ‘ਤੇ ਬੈਠਣਾ, ਕੁਦਰਤ ਦੀ ਗੋਦ ਦਾ ਆਨੰਦ ਮਾਨਣਾ ਅਤੇ ਆਪਣੀ ਔਕਾਤ ਵਿੱਚ ਰਹਿਣਾ, ਭੜੋਲੀ ‘ਚ ਧਰੀ ਦਾਲ, ਕਾੜ੍ਹਨੀ ਦਾ ਦੁੱਧ ਆਦਿ ਨੂੰ ਇਨਸਾਨ ਤਿਲਾਂਜ਼ਲੀ ਦੇ ਬੈਠਾ ਹੈ। ਕਵੀ ਲਿਖਦਾ ਹੈ-

ਮੇਰੇ ਪਿੰਡ ਦੇ ਖੇਤਾਂ ਵਿੱਚ ਹੁਣ ਚਿੱਟਾ ਉਗਦਾ ਹੈ,

ਮੜੀਆਂ ਦੇ ਬਰਾਂਡੇ ਵਿੱਚ ਸਿਵਿਆਂ ਦੀ ਅੱਗ ਠੰਡੀ ਨਹੀਂ ਹੁੰਦੀ।

ਧਾਰਮਿਕ ਸਥਾਨਾ ਬਾਰੇ ਕਵੀ ਲਿਖਦਾ ਹੈ ਕਿ ਹੁਣ ਇਨ੍ਹਾਂ ਥਾਵਾਂ ਨੂੰ ਧਰਮ ਦੇ ਠੇਕੇਦਾਰ ਚਲਾਉਂਦੇ ਹਨ। ਧਰਮ ਦੇ ਨਾਂ ‘ਤੇ ਦੁਕਾਨਦਾਰੀ ਚਲ ਰਹੀ ਹੈ।

ਦੂਜੇ ਪਾਸੇ ਧਰਮ ਦੀ ਠੇਕੇਦਾਰੀ, ਦੇਖਣਾ ਤੁਸੀਂ,

ਲਹਿਰ ਉਠਣ ਵਾਲੀ ਹੈ, ਪਿੰਡੋ ਪਿੰਡ, ਗਲੀ ਗਲੀ, ਸ਼ਹਿਰ ਸ਼ਹਿਰ।

ਨਹੀਂ ਡਰਨਗੇ ਜੁਝਾਰੂ, ਘਰਾਂ ਵਿੱਚੋਂ ਨਿਕਲਣਗੇ ਯੋਧੇ,

ਸਰਵਨਾਸ਼ ਹੋਵੇਗਾ ਦੁਸ਼ਟਾਂ ਦਾ, ਜਿੱਤ ਆਖ਼ਰ ਹੋਏਗੀ, ਮਾਨਵਤਾ ਦੀ।

Êਪੰਜਾਬ ਦੀ ਵਰਤਮਾਨ ਸਥਿਤੀ ‘ਤੇ ਕਵੀ ਚਿੰਤਾਜਨਕ ਹੈ। ਦੂਜਿਆਂ ਦੇ ਘਰ ਲੱਗੀ ਅੱਗ ਨੂੰ ਘੋਗੜ ਪਿੰਨੇ ਬਸੰਤਰ ਸਮਝ ਰਹੇ ਹਨ। ਜਦੋਂ ਆਪਣੇ ਘਰ ਲੱਗੇਗੀ ਉਦੋਂ ਅਹਿਸਾਸ ਹੋਵੇਗਾ। ਅੰਤਰ ਆਤਮਾ ਕਵਿਤਾ ਵਿੱਚ ਕਵੀ ਵਿਦਵਾਨਾ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਲਈ ਪ੍ਰੇਰਦਾ ਹੈ ਕਿਉਂਕਿ ਉਨ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਮੁੱਖ ਮੋੜ ਲਿਆ ਸੀ। ਨਸ਼ਿਆਂ ਦਾ ਛੇਵਾਂ ਦਰਿਆ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਿਹਾ ਹੈ।

ਦੂਜੇ ਭਾਗ ਵਿੱਚ 6 ਗੀਤ ਹਨ। ਇਹ ਸਾਰੇ ਗੀਤ ਵੀ ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ ਕਰਦੇ ਹਨ। ਕੰਡਿਆਲੀ ਤਾਰ ਵਾਲੇ ਗੀਤ ਵਿੱਚ ਪੰਜਾਬ ਦੀ ਵੰਡ ਦੀ ਹੂਕ ਸੁਣਾਈ ਦਿੰਦੀ ਹੈ। ਗੀਤਕਾਰ ਮੁੜ ਪੰਜਾਬ ਦੀਆਂ ਹੱਦਾਂ ਤੋੜਕੇ ਇਕ ਕਰਨ ਦੀ ਕਾਮਨਾ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦਾ ਵਾਸਤਾ ਪਾਉਂਦਾ ਹੈ। ਜੀਵੇ ਪੰਜਾਬ ਵਿੱਚ ਖ਼ੁਦਕਸ਼ੀਆਂ ਬੰਦ ਕਰਨ ਦੀ ਤਾਕੀਦ ਕਰਦਾ ਹੋਇਆ ਨਸ਼ਿਆਂ ਨੂੰ ਤਿਲਾਂਜ਼ਲੀ, ਹਥਿਆਰਾਂ ਤੋਂ ਤੋਬਾ, ਸਾਦੇ ਵਿਆਹ ਅਤੇ ਬੇਲੋੜੇ ਕਰਜ਼ੇ ਨਾ ਲੈਣ ਦਾ ਵਾਸਤਾ ਪਾਉਂਦਾ ਹੈ।  ਦੀਵਾਲੀ ਕਿਵੇਂ ਮਨਾਵਾਂ ਅਤੇ ਮੇਰੀ ਦਾਦੀ ਮਾਂ ਸਮਾਜਿਕ ਸਦਭਵਨਾ ਨਾਲ ਰਹਿਣ ਅਤੇ ਬੁਰਾਈਆਂ ਤੋਂ ਖਹਿੜਾ ਛੁਡਵਾਉਣ ਦੀ ਗੱਲ ਕਰਦਾ ਹੈ। ਸੁਫ਼ਨਿਆਂ ਵਿੱਚ ਆਉਂਦਾ ਹੈ ਵਿੱਚ ਕਵੀ ਆਪਣੇ ਪਿੰਡ ਕਟਾਣੀ ਦਾ ਹੇਜ ਪ੍ਰਗਟਾਉਂਦਾ ਹੈ।

ਇਸੇ ਤਰ੍ਹਾਂ ਤੀਜੇ ਭਾਗ ਵਿੱਚ 48 ਗ਼ਜ਼ਲਾਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਗ਼ਜ਼ਲਾਂ ਸਮਾਜਿਕਤਾ ਦੀ ਗੱਲ ਕਰਦੀਆਂ ਹਨ। ਆਪਣੀਆਂ ਕਈ ਗ਼ਜ਼ਲਾਂ ਵਿੱਚ ਸਿਆਸੀ ਪਾਰਟੀਆਂ ਦੀ ਕਾਗੁਜ਼ਾਰੀ ਨੂੰ ਆੜੇ ਹੱਥੀਂ ਲੈਂਦਾ ਹੈ। ਸਿਆਸੀ ਲੋਕ ਗਿਰਗਟ ਦੀ ਤਰ੍ਹਾਂ ਰੰਗ ਤਾਂ ਬਦਲਦੇ ਹੀ ਹਨ ਪ੍ਰੰਤੂ ਪਾਰਟੀਆਂ ਵੀ ਬਦਲਣ ਲਗੇ ਮਿੰਟ ਹੀ ਲਗਾਂਦੇ ਹਨ। ਇਨ੍ਹਾਂ ਦੀ ਸਿਆਸਤ ਸਿਧਾਂਤਾਂ ਦੀ ਥਾਂ ਮੌਕਾ ਪ੍ਰਸਤੀ ਦੀ ਹੋ ਗਈ ਹੈ। ਇਸੇ ਤਰ੍ਹਾਂ ਕਿਸਾਨਾ ਦੀਆਂ ਖੁਦਕਸ਼ੀਆਂ ਅਤੇ ਕਰਜ਼ਿਆਂ ਦਾ ਜ਼ਿਕਰ ਵੀ ਵਾਰ ਵਾਰ ਕਰਦੇ ਹਨ। ਮੇਰੇ ਕੱਦੋਂ ਪਿੰਡ ਦੇ ਗੁਆਂਢੀ ਇਲਾਕੇ ਖਾਸ ਤੌਰ ਤੇ ਸਾਹਿਤਕਾਰਾਂ ਦੀ ਨਰਸਰੀ ਰਾਮਪੁਰ ਦੇ ਨੇੜੇ ਦੇ ਪਿੰਡ ਕਟਾਣੀ ਕਲਾਂ ਦੇ ਹੋਣ ਕਰਕੇ ਪਿੰਡ ਦਾ ਜ਼ਿਕਰ ਵੀ ਕਈ ਗ਼ਜ਼ਲਾਂ ਵਿੱਚ ਕਰਦੇ ਹਨ। ਪਰਵਾਸ, ਬੇਵਫ਼ਾਈ ਅਤੇ ਝੂਠ ਨੂੰ ਵੀ ਗ਼ਜ਼ਲਾਂ ਵਿੱਚ ਵਿਸ਼ਾ ਬਣਾਇਆ ਹੈ। ਸਮਾਜਿਕ ਤਾਣੇ ਬਾਣੇ ਵਿੱਚ ਇਨਸਾਨੀਅਤ ਦੀ ਥਾਂ ਰੁਤਬੇ ਨੇ ਲੈ ਲਈ ਹੈ। ਇਨਸਾਨੀ ਰਿਸ਼ਤਿਆਂ ਵਿੱਚ ਵੀ ਗਰਜਾਂ ਭਾਰੂ ਹੋ ਗਈਆਂ ਹਨ। ਪਿਆਰ ਮੁਹੱਬਤ ਸਿਰਫ ਕਿਤਾਬੀ ਸ਼ਬਦਾਂ ਤੱਕ ਹੀ ਸੀਮਤ ਹੋ ਗਏ ਹਨ। ਭਾਰਤ ਪਾਕਿ ਦੀ ਵੰਡ ਦੇ ਸੰਤਾਪ ਨੂੰ ਵੀ ਕੰਡਿਆਲੀ ਤਾਰ ਰਾਹੀਂ ਵਿਸ਼ਾ ਬਣਾਇਆ ਹੈ। ਸਹਜਪ੍ਰੀਤ ਸਿੰਘ ਮਾਂਗਟ ਦੀ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਸ਼ਬਦਾਵਲੀ ਦਿਹਾਤੀ ਵਿਰਾਸਤ ਵਿੱਚੋਂ ਲਈ ਗਈ ਹੈ। ਜਿਸ ਕਰਕੇ ਜਲਦੀ ਸਮਝ ਵਿੱਚ ਆ ਜਾਂਦੀਆਂ ਹਨ,। ਭਾਵ ਸਰਲ ਪੰਜਾਬੀ ਦੀ ਵਰਤੋਂ ਕੀਤੀ ਗਈ ਹੈ। ਆਸ ਕੀਤੀ ਜਾ ਸਕਦੀ ਹੈ ਕਿ ਭਵਿਖ ਵਿੱਚ ਸਹਿਜਪ੍ਰੀਤ ਸਿੰਘ ਮਾਂਗਟ ਹੋਰ ਸਾਰਥਿਕ ਕਵਿਤਾਵਾਂ ਅਤੇ ਗੀਤ ਲਿਖਣ ਦੇ ਸਮਰੱਥ ਹੋਵੇਗਾ।

151 ਪੰਨਿਆਂ, ਦਿਲਕਸ਼ ਮੁੱਖ ਕਵਰ, 200 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ‘ਏ ਗਰੁਪ ਆਫ ਚੇਤਨਾ ਪ੍ਰਕਾਸ਼ਨ ਲੁਧਿਆਣਾ’ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਬਾਈਲ-94178 13072

ujagarsingh48@yahoo.com

 

 

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button