D5 specialOpinion

ਸਬਰ, ਸਿਦਕ, ਸੰਤੋਖ, ਸਿਰੜ੍ਹ ਦੀ ਅਨੂਠੀ ਸ਼ਖ਼ਸੀਅਤ

ਕੁਲਵੰਤ ਸਿੰਘ ਅਣਖੀ

ਮਾਤਾ ਗੁਜਰੀ ਜੀ, ਸਿੱਖ ਮਾਨਸਿਕਤਾ ਵਿੱਚ ਮਾਤਾ ਗੁਜਰੀ ਜੀ ਦਾ ਸਰਵਸ੍ਰੇਸ਼ਟ ਮੁਰਾਤਬਾ ਹੈ।ਆਪਣੇ ਗੁਰੂ-ਪਤੀ ਨੂੰ ਮਾਨਵਤਾ ਦੀ ਧਾਰਮਿਕ ਆਜ਼ਾਦੀ ਅਤੇ ਵਿਸ਼ੇਸ਼ ਤੌਰ ਤੇ ਕਸ਼ਮੀਰੀ ਹਿੰਦੂਆਂ ਤੇ ਜਾਬਰ-ਜਨੂੰਨੀ ਮੁਗਲ ਹਾਕਮਾਂ ਵੱਲੋਂ ਹੁੰਦੇ ਅਮਾਨਵੀ ਜ਼ੁਲਮਾਂ ਨੂੰ ਠੱਲ੍ਹ ਪਾਉਣ ਦੀ ਪਰਉਪਕਾਰਤਾ ਭਰੀ ਮਨਸ਼ਾ ਸਹਿਤ ਦਿੱਲੀ ਵੱਲ ਤੋਰ ਕੇ ਨਿਵੇਕਲਾ ਇਤਿਹਾਸ ਮਾਤਾ ਗੁਜਰੀ ਜੀ ਨੇ ਹੀ ਤਾਂ ਸਿਰਜਿਆ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਰਾਹੀਂ ਔਰੰਗਜ਼ੇਬ ਨੂੰ ਕਹਿ ਭੇਜਿਆ ਸੀ ਕਿ ਜੇਕਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਇਸਲਾਮ ਧਾਰਨ ਕਰ ਲੈਣਗੇ ਤਾਂ ਕਸ਼ਮੀਰੀ ਪੰਡਿਤ ਵੀ ਮੁਸਲਮਾਨ ਬਣ ਜਾਣਗੇ।ਸੋ ਔਰੰਗਜ਼ੇਬ ਦੀ ਕਚਹਿਰੀ ਵੱਲ ਵਿਦਾ ਕਰਦੇ ਵਕਤ ਮਾਤਾ ਜੀ ਨੂੰ ਇਹ ਤਾਂ ਸਪਸ਼ਟ ਸੀ ਕਿ ਗੁਰਦੇਵ ਜੀ ਦੀ ਕੁਰਬਾਨੀ ਅਟੱਲ ਹੋਵੇਗੀ।  13 ਪੋਹ ਸੰਮਤ 1761ਦੀ ਠੰਢੀ-ਜ਼ਖ ਸਵੇਰੇ, ਬਿਰਧ ਮਾਤਾ ਗੁਜਰੀ ਜੀ ਨੇ ਫੁਲਾਂ-ਜਿਹੇ ਮਾਸੂਮ ਅਤੇ ਜਾਨ ਤੋਂ ਵੱਧ ਲਾਡਲੇ ਪੋਤਰਿਆਂ ਨੂੰ ਸਰਹੰਦ ਦੇ ਜ਼ਾਲਮ ਨਵਾਬ ਵਜ਼ੀਰ ਖਾਂ ਦੀ ਖੂਨੀ ਕਚਹਿਰੀ ਵੱਲ ਵੀ ਤਾਂ ਆਪ ਹੀ ਵਿਦਾ ਕੀਤਾ ਸੀ।

ਸਮੁੱਚੇ ਜਗਤ ਦੇ ਮਾਨਵੀ ਇਤਿਹਾਸ ਵਿਚ, ਧਾਰਮਿਕ ਅਜ਼ਾਦੀ ਦੇ ਸੰਘਰਸ਼ ਵਿੱਚ ਕੀਤੇ ਬਲੀਦਾਨਾਂ ਦੇ ਜਿਹੜੇ ਅਸਹਿ ਸਦਮੇ ਮਾਤਾ ਗੁਜਰੀ ਜੀ ਨੇ ਆਪਣੀ ਜਾਨ ਤੇ ਝੱਲੇ, ਦਾ ਕੋਈ ਹੋਰ ਸਾਨੀ ਨਹੀਂ ਹੈ। ਸਿੱਖ ਸੰਗਤਾਂ, ਸਮੇਤ ਸੰਸਾਰ ਦਾ ਹਰੇਕ ਮਾਨਵੀ ਧਾਰਮਿਕ ਅਕੀਦੇ ਦੀ ਅਜ਼ਾਦੀ ਦਾ ਹਮਾਇਤੀ, ਮਾਤਾ ਗੁਜਰੀ ਜੀ ਦੇ ਬਲੀਦਾਨ ਨੂੰ ਨਮਨ ਕਰਦਾ ਹੈ। ਧਾਰਮਿਕ ਸਬਰ-ਸਿਦਕ ਦੀ ਅਨੂਠੀ, ਅਟੱਲ, ਅਡੋਲ ਅਤੇ ਨਿਰਮਲ ਆਤਮਾ ਦੀ ਧਾਰਨੀ ਮਾਤਾ ਗੁਜਰੀ ਜੀ ਦਾ ਜਨਮ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਜ਼ਿਲ੍ਹਾ ਜਲੰਧਰ ਦੇ ਨਗਰ ਕਰਤਾਰਪੁਰ ਵਿਖੇ ਪਿਤਾ ਭਾਈ ਨੰਦ ਲਾਲ ਜੀ ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਜੀ ਦੀ ਕੁਖੋਂ ਹੋਇਆ। ਆਪ ਜੀ ਬਚਪਨ ਤੋਂ ਹੀ ਧਾਰਮਿਕ, ਨਿਮਰ ਅਤੇ ਹਲੀਮੀ ਭਰੇ ਸੁਭਾਅ ਦੇ ਸਨ। ਸ੍ਰੀ ( ਗੁਰੂ) ਤੇਗ਼ ਬਹਾਦਰ ਜੀ ਨਾਲ ਆਪ ਜੀ ਦਾ ਅਨੰਦ ਕਾਰਜ 15 ਅੱਸੂ ਸੰਮਤ 1686 ਨੂੰ ਕਰਤਾਰਪੁਰ ਵਿਖੇ ਹੋਇਆ। ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਹੋਣ ਦਾ ਮਾਣ ਪ੍ਰਾਪਤ ਹੋਇਆ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਰਿਆ ਸਤਲੁਜ ਦੇ ਕਿਨਾਰੇ ਨੈਣਾਂ ਦੇਵੀ ਪਹਾੜੀ ਦੇ ਨਜ਼ਦੀਕ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ 26 ਅੱਸੂ ਸੰਮਤ 1722 (ਅਕਤੂਬਰ 1665) ਨੂੰ ਅਨੰਦਪੁਰ ਦੀ ਨੀਂਹ ਰੱਖੀ। ਇਹ ਨਗਰ “ਖਾਲਸੇ ਦੀ ਵਾਸੀ “ਵਜੋਂ ਪ੍ਰਸਿੱਧ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮੁਗਲ ਹਾਕਮ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਸਤਾਏ ਹਿੰਦੂਆਂ ਨੂੰ ਧਰਵਾਸ ਅਤੇ ਸਹਾਰਾ ਦੇਣ ਦੇ ਆਸ਼ੇ ਨਾਲ, ਸਿੱਖ ਧਰਮ ਦੇ ਪ੍ਰਚਾਰ-ਪਰਸਾਰ ਦਾ ਘੇਰਾ ਹੋਰ ਵਿਸ਼ਾਲ ਅਤੇ ਪਕੇਰਾ ਕਰਨ ਲਈ ਅਤੇ ਭਾਰਤ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਨਿਵਾਸ ਰੱਖਣ ਵਾਲੇ ਸਿੱਖਾਂ ਵਿੱਚ ਸਿੱਖੀ ਵਿਸ਼ਵਾਸ ਹੋਰ ਦ੍ਰਿੜ ਕਰਾਉਣ ਲਈ ਪੂਰਬ ਦੇਸ਼ ਦਾ ਲੰਮਾ ਭ੍ਰਮਣ ਮਾਤਾ ਗੁਜਰੀ ਜੀ ਅਤੇ ਪਰਿਵਾਰ ਸਮੇਤ ਕੀਤਾ। ਮਾਤਾ ਗੁਜਰੀ ਜੀ ਸੰਗਤਾਂ ਦੇ ਲੰਗਰ ਪਾਣੀ ਦੀ ਸੇਵਾ ਅਤੇ ਹੋਰ ਸਹੂਲਤਾਂ ਲਈ ਦਿਨ-ਰਾਤ ਇਕ ਕਰੀ ਰੱਖਦੇ। ਪਰਿਵਾਰ ਵਿਚ ਬਾਲ ਦੇ ਆਗਮਨ ਨੂੰ ਧਿਆਨ ਵਿੱਚ ਰੱਖ ਕੇ ਮਾਤਾ ਗੁਜਰੀ ਜੀ, ਭਾਈ ਕਿਰਪਾਲ ਚੰਦ ਅਤੇ ਹੋਰ ਸਿੱਖਾਂ ਦਾ ਪਟਨਾ ਵਿਖੇ ਟਿਕਾਣਾ ਕਰਕੇ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੁਝ ਮੁਖੀ ਸਿੱਖਾਂ ਸਮੇਤ ਬੰਗਾਲ ਅਤੇ ਆਸਾਮ ਨੂੰ ਸਿੱਖ ਸੰਗਤਾਂ ਦੀ ਗੁਰੂ-ਦਰਸ਼ਨ ਦੀ ਤਾਂਘ ਪੂਰੀ ਕਰਨ ਲਈ ਚਲੇ ਗਏ। ਪਟਨਾ ਸ਼ਹਿਰ ਵਿਖੇ ਬਾਲ ਗੋਬਿੰਦ ਰਾਇ ਜੀ ਦਾ ਆਗਮਨ 23 ਪੋਹ ਸੰਮਤ 1723 (ਮੁਤਾਬਕ 22 ਦਸੰਬਰ 1666)ਨੂੰ ਹੋਇਆ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਬਾਲ ਗੋਬਿੰਦ ਰਾਇ ਜੀ ਦੇ ਆਗਮਨ ਦੀ ਖ਼ਬਰ ਢਾਕਾ ਸ਼ਹਿਰ ਵਿਚ ਮਿਲੀ। ਬੰਗਾਲ ਆਸਾਮ ਵਿੱਚ ਗੁਰੂ ਜੀ ਤਿੰਨ ਸਾਲ ਤੋਂ ਵੱਧ ਸਮੇਂ ਲਈ ਹਕੂਮਤੀ ਸਹਿਮ ਦੂਰ ਕਰਕੇ ਸੰਗਤਾਂ ਨੂੰ ਧਰਵਾਸ ਦੇਣ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਖੇਤਰ ਵਿਚ ਸਿੱਖੀ ਦੀ ਜੋਤ ਜਗਾਈ ਸੀ।ਅਸਾਮ ਦੇ ਰਾਜੇ ਚੱਕ੍ਰ ਧਵਜ ਅਤੇ ਰਾਜਾ ਰਾਮ ਸਿੰਘ ਦਰਮਿਆਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸੁਲਹ ਕਰਾ ਕੇ ਉਨ੍ਹਾਂ ਦੀ ਕਲੇਸ਼ ਮੁਕਾਈ। ਉਪਰੰਤ ਗੁਰਦੇਵ ਵਾਪਿਸ ਪਟਨਾ ਸਾਹਿਬ ਆ ਗਏ। ਇਥੇ ਆ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੇ ਸਪੁੱਤਰ ਗੋਬਿੰਦ ਰਾਇ ਜੀ ਨੂੰ ਪਹਿਲੀ ਵਾਰ ਵੇਖਿਆ। ਸੰਨ 1670 ਵਿਚ ਗੁਰੂ ਜੀ ਪੰਜਾਬ ਵਾਪਿਸ ਆ ਗਏ।ਮਾਰਚ 1671ਵਿਚ ਪਰਿਵਾਰ ਨੂੰ ਵੀ ਪਟਨਾ ਸਾਹਿਬ ਤੋਂ ਅਨੰਦਪੁਰ ਸੱਦ ਲਿਆ। ਮਾਤਾ ਗੁਜਰੀ ਜੀ ਦੇ ਮੋਹ ਭਰੇ ਵਿਉਹਾਰ ਅਤੇ ਗੋਬਿੰਦ ਰਾਇ ਜੀ ਦੀਆਂ ਬਾਲ-ਲੀਲਾਂ ਕਾਰਨ ਪਟਨੇ ਦੀਆਂ ਸੰਗਤਾਂ ਅਤੇ ਖਾਸ ਕਰਕੇ ਰਾਜਾ ਫਤਿਹ ਚੰਦ ਦੀ ਰਾਣੀ ਲਈ ਵਿਛੋੜਾ ਬਹੁਤ ਭਾਵੁਕਤਾ ਭਰਿਆ ਸੀ। ਅਨੰਦਪੁਰ ਸਾਹਿਬ ਨੂੰ ਰੌਣਕਾਂ ਭਰਿਆ ਬਣਾਉਣ ਅਤੇ ਇਥੋਂ ਦੇ ਵਸਨੀਕਾਂ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਗੁਰੂ ਜੀ ਨੇ ਸਾਰੇ ਕਿਤਿੱਆ ਦੇ ਹੁਨਰਮੰਦਾਂ ਨੂੰ ਇਥੇ ਵਸਾਇਆ। ਸੰਨ 1674 ਵਿਚ ਔਰੰਗਜ਼ੇਬੀ ਹਕੂਮਤ ਦੇ ਸਤਾਏ ਸਹਿਮੇ ਕਸ਼ਮੀਰੀ ਹਿੰਦੂਆਂ ਦਾ ਇੱਕ ਜਥਾ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਅਨੰਦਪੁਰ ਸਾਹਿਬ ਵਿਖੇ ਗੁਰੂ ਦਰਬਾਰ ਵਿੱਚ ਆ ਫਰਿਆਦੀ ਹੋਇਆ।

ਕਸ਼ਮੀਰੀ ਪੰਡਿਤਾਂ ਦੇ ਦਿਲ-ਵਿੰਨਵੇ ਦੁੱਖ ਸੁਣ ਕੇ ਗੁਰੂ ਸਾਹਿਬ ਨੇ ਇਹ ਜ਼ਰੂਰੀ ਸਮਝਿਆ ਕਿ ਜਬਰ ਜੁਲਮ ਦੇ ਝੱਖੜ ਨੂੰ ਠੱਲ੍ਹ ਪਾਉਣ ਲਈ ਆਪਣਾ ਸੀਸ ਕੁਰਬਾਨ ਕੀਤਾ ਜਾਵੇ। ਮਾਤਾ ਗੁਜਰੀ ਜੀ ਦੀਆਂ ਧਾਰਮਿਕ ਅਤੇ ਸਿੱਖੀ ਸਿਦਕ ਦੀਆਂ ਲੋਰੀਆਂ ਅਤੇ ਸਾਖੀਆਂ ਹਿਰਦੇ ਵਿਚ ਧਾਰਨ ਕਰ, ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਗੁਰਸਿੱਖੀ ਜੀਵਨ ਸੰਗ ਪ੍ਰਵਾਨ ਚੜ੍ਹ ਰਹੇ ਬਾਲ ਗੋਬਿੰਦ ਰਾਇ ਨੇ ਪਿਤਾ-ਗੁਰੂ ਦੇ ਖਿਆਲਾਂ ਦੀ ਹਾਮੀ ਭਰੀ। ਕੁਝ ਗੁਰਸਿੱਖਾਂ ਨੂੰ ਨਾਲ ਲੈਕੇ ਸਤਿਗੁਰ ਦਿੱਲੀ ਨੂੰ ਚੱਲ ਪਏ। ਪਰਿਵਾਰ, ਗੁਰਸਿੱਖਾਂ ਸਮੇਤ ਮਾਤਾ ਗੁਜਰੀ ਜੀ ਨੇ ਪਤੀ-ਗੁਰੂ ਜੀ ਨੂੰ ਸਿੱਖੀ ਸਿਦਕ ਅਤੇ ਮਰਿਆਦਾ ਨਿਭਾਉਂਦਿਆਂ ਆਪਣੇ ਹੱਥੀਂ ਵਿਦਾ ਕੀਤਾ। ਨੌਂਵੇਂ ਗੁਰਦੇਵ ਵੱਖ-ਵੱਖ ਸਿੱਖ ਧਰਮਸ਼ਾਲਾਵਾਂ ਵਿਚ ਸੰਗਤਾਂ ਵਿੱਚ ਸਿੱਖ ਸਿਧਾਂਤ ਅਤੇ ਗੁਰਬਾਣੀ ਨਾਲ ਪ੍ਰਪੱਕਤਾ ਭਰੀ ਅਧਿਆਤਮਕ ਸਾਂਝ ਵਧਾਉਂਦੇ ਹੋਏ ਆਗਰਾ ਵਿਖੇ ਪਹੁੰਚੇ, ਜਿਥੋਂ ਉਨ੍ਹਾਂ ਨੂੰ ਸਾਥੀ ਸੇਵਕਾਂ ਸਮੇਤ ਗ੍ਰਿਫਤਾਰ ਕਰ ਕੇ ਦਿੱਲੀ ਲਿਜਾਇਆ ਗਿਆ। ਕਰਾਮਾਤ ਨੂੰ ਨਿਕਾਰਨ, ਇਸਲਾਮ ਕਬੂਲ ਨਾ ਕਰਨ ਕਰਕੇ ਔਰੰਗਜ਼ੇਬ ਦੇ ਹੁਕਮ ਤਹਿਤ ਸਮਾਣੇ ਦੇ ਜਲਾਦ ਜਲਾਲੁੱਦੀਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ ਗਿਆ। ਗੁਰੂ ਜੀ ਦੇ ਸੀਸ ਨੂੰ ਚੇਤੰਨ ਅਤੇ ਜੁਝਾਰੂ ਭਾਈ ਜੈਤਾ ਜੀ ਨੇ ਅਨੰਦਪੁਰ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਸਮੂਹ ਸੰਗਤਾਂ ਦੇ ਸਨਮੁੱਖ ਨੌਂ ਸਾਲ ਦੇ ਗੁਰੂ ਗੋਬਿੰਦ ਰਾਇ (ਸੰਨ 1699 ਦੀ ਵਿਸਾਖੀ ਵਾਲੇ ਦਿਨ ਆਪਣੇ ਹੱਥੀਂ ਸਾਜੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਹੋਏ) ਜੀ ਨੂੰ ਸੌਂਪ ਕੇ “ਰੰਘਰੇਟੇ ਗੁਰੂ ਕੇ ਬੇਟੇ” ਦਾ ਸਤਿਕਾਰਤ ਵਰ ਪ੍ਰਾਪਤ ਕੀਤਾ।

ਮਾਤਾ ਗੁਜਰੀ ਜੀ ਨੇ ਪੁੱਤਰ-ਗੁਰੂ ਗੋਬਿੰਦ ਰਾਇ ਜੀ ਅਤੇ ਸੰਗਤਾਂ ਸਮੇਤ ਗੁਰੂ-ਪਤੀ ਜੀ ਦੇ ਪਵਿੱਤਰ ਸੀਸ ਦਾ ਅੰਤਿਮ ਸੰਸਕਾਰ ਅਕਾਲ ਪੁਰਖ ਦੇ ਹੁਕਮ ਵਿੱਚ ਰਾਜ਼ੀ ਰਹਿ ਕੇ ਕੀਤਾ। ਗੁਰੂ ਜੀ ਦੇ ਧੜ ਦਾ ਅੰਤਿਮ ਸਸਕਾਰ ਭਾਈ ਉਦੇ ਅਤੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਦਿੱਲੀ ਨਜ਼ਦੀਕ ਪਿੰਡ ਰਕਾਬਗੰਜ ਵਿਖੇ ਆਪਣੇ ਘਰ ਨੂੰ ਅਗਨ ਭੇਟ ਕਰਕੇ ਕੀਤਾ। ਮਾਤਾ ਗੁਜਰੀ ਜੀ ਨੇ ਮੁਨਸ਼ੀ ਸਾਹਿਬ ਚੰਦ ਅਤੇ ਮੁਨਸ਼ੀ ਪੀਰ ਮੁਹੰਮਦ ਕਾਜ਼ੀ ਨੂੰ ਪੰਜ ਸਾਲ ਦੀ ਉਮਰ ਦੇ ਬਾਲ ਗੋਬਿੰਦ ਰਾਇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੀ। 10 ਨਵੰਬਰ 1675 ਨੂੰ ਦਸ਼ਮੇਸ਼ ਜੀ ਨੂੰ ਗੁਰਿਆਈ ਤਿਲਕ ਦੀ ਮਰਿਆਦਾ ਪੂਰੀ ਕਰਕੇ ਗੁਰਗੱਦੀ ਸੌਂਪ ਦਿੱਤੀ।ਪਤੀ-ਗੁਰੂ ਦੀ ਲਾਸਾਨੀ ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਨੌਂ ਸਾਲ ਦੇ ਸਪੁੱਤਰ ਨੂੰ ਮਿਲੀ ਗੁਰੂਤਾ ਨੇ ਮਾਤਾ ਗੁਜਰੀ ਜੀ ਨੂੰ ਭਵਿੱਖੀ ਝੱਖੜਾਂ ਦਾ ਦਿੱਬ-ਦ੍ਰਿਸ਼ਟ ਬੋਧ ਕਰਾ ਦਿੱਤਾ, ਜਿਸ ਸਦਕਾ ਉਨ੍ਹਾਂ ਦੇ ਹਿਰਦੇ ਵਿੱਚ ਸਬਰ, ਸਿਦਕ, ਸਿਰੜ,ਸੰਜਮ ਅਤੇ ਸੰਤੋਖ ਟਿਕ ਗਏ। ਅਧਿਆਤਮਕ ਨਿਤਨੇਮ ਦੇ ਨਾਲ ਨਾਲ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ਸ਼ਹਿਨਸ਼ਾਹੀ ਜਲੌ ਕਾਇਮ ਰੱਖਦਿਆਂ ਹੋਇਆਂ ਤਖ਼ਤ ਸਜਾਇਆ, ਸ਼ਸ਼ਤਰ ਤਿਆਰ ਕਰਵਾਏ, ਤਿਆਰ-ਬਰ-ਤਿਆਰ ਫੌਜ ਰੱਖੀ,ਦੁਮਾਲੇ ਤੇ ਕਲਗੀ ਸਜਾਈ,ਜੰਗੀ ਮੁਸ਼ਕਾਂ ਰੋਜ਼ਾਨਾ ਅਭਿਆਸ ਬਣੀਆਂ, ਬਵੰਜਾ ਕਵੀ ਰੱਖੇ,ਘੋੜ-ਸਵਾਰੀ ਕਰਦੇ ਵਕਤ ਬਾਜ ਕੋਲ ਹੁੰਦਾ, ਰਣਜੀਤ ਨਗਾਰੇ ਦੀ ਧਮਕ ਪੈਂਦੀ।

ਅਨੰਦਪੁਰ ਸਾਹਿਬ ਵਿਖੇ ਮਾਤਾ ਗੁਜਰੀ ਜੀ ਲਈ ਇਹ ਵਕਤ ਖ਼ੁਸ਼ੀਆਂ ਖੇੜਿਆਂ ਅਤੇ ਵਿਸਮਾਦ ਨਾਲ ਭਰਪੂਰ ਸੀ, ਜਦੋਂ ਮਾਤਾ ਜੀ ਚੰਨ ਜਿਹੇ ਮੁੱਖੜਿਆਂ ਵਾਲੇ ਮਨਮੋਹਣੇ ਪੋਤਰਿਆਂ ਨੂੰ ਪਾਲਦੇ, ਖਿਡਾਉਂਦੇ, ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਉਂਦੇ, ਗੁਰਬਾਣੀ ਦੇ ਸ਼ਬਦ ਕੰਠ ਕਰਾਉਂਦੇ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਬਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵਿਲੱਖਣ ਸ਼ਹੀਦੀ ਦਾ ਹੱਡੀਂ ਹੰਢਾਇਆ ਇਤਿਹਾਸ ਦੱਸਦੇ। ਇਹ ਸਭ ਕੁਝ ਪਹਾੜਾਂ ਰਾਜਿਆਂ ਨੂੰ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਈਰਖਾਲੂਆਂ ਨੇ ਮੁਗਲ ਹਾਕਮਾਂ ਪਾਸ ਝੂਠੀਆਂ ਸ਼ਕਾਇਤਾਂ ਦੀ ਝੜੀ ਲਾ ਦਿੱਤੀ। ਇਨ੍ਹਾਂ ਵਿਰੋਧਤਾਈਆਂ ਦਾ ਸਿੱਟਾ ਔਰੰਗਜ਼ੇਬ ਦੇ ਹੁਕਮ ਤੇ ਸਰਹੰਦ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਲੋਂ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਵਜੋਂ ਨਿਕਲਿਆ। ਕਈ ਮਹੀਨਿਆਂ ਦੀ ਘੇਰਾਬੰਦੀ ਦੇ ਬਾਵਜੂਦ ਜਦ ਦੁਸ਼ਮਣ ਫੌਜਾਂ ਆਪਣੇ ਟੀਚੇ ਵਿਚ ਸਫ਼ਲ ਨਾ ਹੋਈਆਂ ਤਾਂ ਵਕਾਰ ਕਾਇਮ ਰੱਖਣ ਲਈ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਰੱਖਿਅਤ ਲਾਂਘਾ ਦੇਣ ਦੀ ਪੇਸ਼ਕਸ਼ ਕਰਦੀ ਇੱਕ ਚਿੱਠੀ ਭੇਜੀ। ਚਿੱਠੀ ਵਿਚਲੀ ਪੇਸ਼ਕਸ਼ ਬਾਰੇ ਸਭ ਕੁਝ ਭਾਂਪਦਿਆਂ ਹੋਇਆਂ ਵੀ, ਹਾਲਾਤਾਂ ਅਤੇ ਸਿੰਘਾਂ ਦੀ ਮਨਸ਼ਾ ਅਨੁਸਾਰ ਦਸ਼ਮੇਸ਼ ਪਿਤਾ ਜੀ ਨੇ ਛੇ ਅਤੇ ਸੱਤ ਪੋਹ ਦੀ ਕਕਰੀਲੀ ਰਾਤ ਨੂੰ ਮਾਤਾ ਗੁਜਰੀ ਜੀ, ਚਾਰ ਸਾਹਿਬਜ਼ਾਦਿਆਂ, ਆਪਣੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ,ਪੰਜ ਪਿਆਰਿਆਂ, ਭਾਈ ਜੀਵਨ ਸਿੰਘ ਅਤੇ ਫੌਜਾਂ ਸਮੇਤ ਅਨੰਦਪੁਰ ਸਾਹਿਬ ਨੂੰ ਸਦੀਵੀ ਅਲਵਿਦਾ ਕਹਿ ਦਿੱਤਾ।

ਅੰਮ੍ਰਿਤ ਵੇਲੇ ਤਕ ਸਿੰਘਾਂ ਦਾ ਕਾਫਲਾ ਸਰਸਾ ਨਦੀ ਦੇ ਕਿਨਾਰੇ ਪਹੁੰਚ ਗਿਆ, ਜਿਸ ਵਿਚ ਭਾਰੀ ਮੀਂਹਾਂ ਕਾਰਨ ਹੜ੍ਹ ਆਇਆ ਹੋਇਆ ਸੀ। ਨਦੀ ਦੇ ਹੜ੍ਹ ਵਿਚ ਕਾਫੀ ਜਾਨੀ,ਮਾਲੀ ਅਤੇ ਸਾਹਿਤਕ ਨੁਕਸਾਨ ਹੋ ਗਿਆ। ਪਰਿਵਾਰ ਵੀ ਜੀਅ-ਭਿਆਣੇ ਵੰਡਿਆ ਗਿਆ। ਗੁਰੂ ਜੀ,ਦੋ ਵੱਡੇ ਸਾਹਿਬਜ਼ਾਦੇ ਅਤੇ ਪਿਆਰਿਆਂ ਸਮੇਤ ਚਾਲੀ ਸਿੰਘ ਚਮਕੌਰ ਵੱਲ ਵੱਧ ਗਏ, ਗੁਰੂ ਜੀ ਦੇ ਮਹਿਲ ਅਤੇ ਭਾਈ ਮਨੀ ਸਿੰਘ ਦਿੱਲੀ ਨੂੰ ਚਲ ਪਏ, ਛੋਟੇ ਮਾਸੂਮ ਸਾਹਿਬਜ਼ਾਦਿਆਂ ਅਤੇ ਬਿਰਧ ਮਾਤਾ ਗੁਜਰੀ ਜੀ ਨੂੰ ਘਰ ਦਾ ਰਸੋਈਆ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ। ਕਪਟੀ ਗੰਗੂ, ਮਾਤਾ ਜੀ ਦਾ ਧਨ ਵੇਖ ਕੇ ਲਾਲਚ ਵਿੱਚ ਅੰਨ੍ਹਾ ਹੋ ਗਿਆ।ਸਾਰਾ ਧਨ ਰਾਤ ਸਮੇਂ ਚੁਰਾ ਕੇ ਸਵੇਰੇ ਮੋਰਿੰਡੇ ਦੇ ਥਾਣੇਦਾਰ ਨੂੰ ਨਾਲ਼ ਲੈ ਕੇ ਆਪਣੇ ਪ੍ਰਤਿਪਾਲਕਾਂ ਨੂੰ ਫੜਾਉਣ ਲਈ ਲੈ ਆਇਆ। ਮੋਰਿੰਡਾ ਦੇ ਰਹਿਣ ਵਾਲੇ ਜਾਨੀ ਖਾਂ ਤੇ ਮਾਨੀ ਖਾਂ ਰੰਘੜ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲੈ ਗਏ। ਤਿੰਨਾਂ ਨੂੰ ਕੈਦ ਕਰ ਦਿੱਤਾ ਗਿਆ। ਅਚੱਲ, ਅਟੱਲ ਅਤੇ ਅਡੋਲ ਹਿਰਦੇ ਵਾਲ਼ੇ ਮਾਤਾ ਗੁਜਰੀ ਜੀ ਲਈ ਜੀਵਨ ਦਾ ਇਹ ਸਭ ਤੋਂ ਕਠਿਨ ਪ੍ਰੀਖਿਆ ਵਾਲਾ ਵਕਤ ਸੀ। ਪੋਹ ਮਹੀਨੇ ਦੇ ਕਕਰੀਲੇ ਮੌਸਮ ਵਿਚ ਬਰਫੀਲੇ ਨਾਲ਼ੇ ਦੇ ਕਿਨਾਰੇ ਉੱਚੇ ਅਤੇ ਸਾਰੇ ਪਾਸਿਓਂ ਖੁਲ੍ਹੇ ਠੰਢੇ-ਸੀਤ ਬੁਰਜ ਵਿਚ ਜ਼ਾਲਮ ਹਕੂਮਤ ਦੇ ਪਹਿਰੇ ਹੇਠ ਸਮਾਂ ਗੁਜ਼ਾਰਨਾ ਅਕਾਲ ਪੁਰਖ ਦੀ ਬਖਸ਼ਿਸ਼- ਸਬਰ,ਸਿੱਦਕ ਅਤੇ ਅਧਿਆਤਮਕ ਹੌਸਲੇ ਸਦਕਾ ਹੀ ਸੀ।

ਪਹਿਲੇ ਦਿਨ ਜਦੋਂ ਸੂਬੇ ਦੀ ਕਚਹਿਰੀ ਵਿੱਚ ਮਾਸੂਮ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਲਈ ਸਿਪਾਹੀ ਲੈਣ ਆਏ , ਤਾਂ ਹਿਰਦੇ ਵਿਚ ਵਸਾਈ ਧੁਰ ਕੀ ਬਾਣੀ ਉਚਾਰਦਿਆਂ ਮਾਤਾ ਜੀ ਨੇ ਸੋਹਣੇ ਕੇਸਾਂ ਤੇ ਦੁਮਾਲੇ ਸਜਾਏ, ਮੁੱਖੜਿਆਂ ਨੂੰ ਪਿਆਰਿਆ, ਛਾਤੀ ਨਾਲ ਘੁੱਟ ਕੇ ਲਾਇਆ ਅਤੇ ਹਰਿ-ਪ੍ਰਭੂ ਦੇ ਆਸਰੇ ਧਰਮ ਵਿਚ ਪ੍ਰਪੱਕ ਰਹਿਣ ਦਾ ਉਪਦੇਸ਼ ਦੇ ਕੇ ਸਿਪਾਹੀਆਂ ਨਾਲ ਤੋਰ ਦਿੱਤਾ। ਸਾਹਿਬਜ਼ਾਦਿਆਂ ਨੂੰ ਅੰਜਾਣੇ ਬੱਚੇ ਜਾਣ ਕੇ ਧਨ ਦੌਲਤ, ਸਵਾਦਿਸ਼ਟ ਖਾਣਿਆਂ, ਖਿਡੌਣਿਆਂ ਆਦਿ ਲੁਭਾਊ ਲਾਲਚ ਦੇ ਕੇ ਇਸਲਾਮ ਕਬੂਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰੰਤੂ ਸਾਹਿਬਜ਼ਾਦਿਆਂ ਨੇ, ਜਿਨ੍ਹਾਂ ਦਾ ਰੋਮ ਰੋਮ ਦਾਦੀ ਜੀ ਦੀਆਂ ਸਿੱਖਿਆਵਾਂ ਸਦਕਾ ਧਾਰਮਿਕ ਸਿੱਦਕ ਨਿਭਾਉਣ ਲਈ ਦ੍ਰਿੜ ਸੀ, ਸਾਰੇ ਲੋਭ ਲਾਲਚ ਨਿਕਾਰ ਕੇ ਇਸਲਾਮ ਕਬੂਲ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ। ਸਰੀਰਕ ਕਸ਼ਟ ਦੇ ਕੇ ਫਿਰ ਅਗਲੇ ਦਿਨ ਹਾਜ਼ਿਰ ਹੋਣ ਲਈ ਕਹਿ ਕੇ ‘ਚੰਡਾਲ ਬੁਰਜ’ ਵਿਚ ਵਾਪਿਸ ਭੇਜ ਦਿੱਤਾ। ਮਾਤਾ ਜੀ ਨੇ ਮਾਸੂਮਾਂ ਨੂੰ ਹਿੱਕ ਨਾਲ ਲਾ ਕੇ ਦੁਲਾਰਿਆ, ਮੂੰਹ ਮੱਥੇ ਚੁੰਮੇ, ਆਪਣੀ ਬੁੱਕਲ ਵਿਚ ਲੈ ਕੇ ਕਚਹਿਰੀ ਵਿਚ ਪੇਸ਼ੀ ਬਾਰੇ ਪੁੱਛਿਆ। ਬੱਚਿਆਂ ਪਾਸੋਂ ਸਾਰਾ ਸੂਰਤ-ਏ-ਹਾਲ ਜਾਣ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਹਨੇਰੇ ਪਏ ਗੁਰੂ ਘਰ ਦੇ ਸ਼ਰਧਾਲੂ ਭਾਈ ਮੋਤੀ ਰਾਮ ਜੀ ਪਰਦੇ ਨਾਲ ਕੋਸਾ ਮਿੱਠਾ ਦੁੱਧ ਲੈ ਕੇ ਠੰਢੇ ਬੁਰਜ ਹਾਜ਼ਰ ਹੋਇਆ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੁੱਧ ਛਕਿਆ ਤੇ ਭਾਈ ਜੀ ਨੂੰ ਗੁਰ-ਅਸੀਸਾਂ ਸਹਿਤ ਵਿਦਾ ਕੀਤਾ।

ਅਗਲੇ ਦਿਨ ਸਾਹਿਬਜ਼ਾਦੇ ਚੜ੍ਹਦੀ ਕਲਾ ਵਿਚ ਸੂਬੇ ਦੀ ਕਚਹਿਰੀ ਪੇਸ਼ ਹੋਏ। ਬੱਚਿਆਂ ਵੱਲੋਂ ਇਸਲਾਮ ਕਬੂਲ ਤੋਂ ਦੋ- ਟੁਕ ਜਵਾਬ ਦੇਣ ਤੇ ਵਜ਼ੀਰ ਖਾਂ ਗੁੱਸੇ ਵਿਚ ਸੀ। ਸਾਹਿਬਜ਼ਾਦਿਆਂ ਤੇ ਹਕੂਮਤ ਦੇ ਬਾਗ਼ੀ ਹੋਣ ਦਾ ਦੋਸ਼ ਲਾ ਕੇ ਕਾਜ਼ੀ ਨੂੰ ਸਜ਼ਾ ਸੁਣਾਉਣ ਲਈ ਕਿਹਾ। ਪ੍ਰੰਤੂ ਕਾਜ਼ੀ ਨੇ ਜਵਾਬ ਦਿੱਤਾ ਕਿ ਇਸਲਾਮ ਮਾਸੂਮ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ। ਕਚਹਿਰੀ ਵਿੱਚ ਹਾਜ਼ਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਵੀ ਭੜਕਾਇਆ ਗਿਆ ਕਿ ਉਹ ਆਪਣੇ ਭਰਾ ਨਾਹਰ ਖਾਂ ਅਤੇ ਭਣੇਵੇਂ ਖਿਜਰ ਖਾਂ ਦਾ ਬਦਲਾ ਸਾਹਿਬਜ਼ਾਦਿਆਂ ਕੋਲੋਂ ਲੈ ਲਵੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੇ ਯੁੱਧ ਵਿਚ ਮਾਰ ਦਿੱਤਾ ਸੀ। ਨਵਾਬ ਸ਼ੇਰ ਮੁਹੰਮਦ ਖਾਂ ਨੇ ਇਸ ਗੱਲ ਨੂੰ ਕੇਵਲ ਨਿਕਾਰ ਹੀ ਨਹੀਂ ਦਿੱਤਾ, ਬਲਕਿ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸੀ਼ਰਖੋਰ ਮਾਸੂਮਾਂ ਤੇ ਜ਼ੁਲਮ ਕਰਨਾ ਪਾਪ ਹੈ। ਪੇਸ਼ ਨਾ ਜਾਂਦੀ ਵੇਖਕੇ ਸਾਹਿਬਜ਼ਾਦਿਆਂ ਨੂੰ ਵਾਪਿਸ ਦਾਦੀ ਜੀ ਕੋਲ ਠੰਢੇ ਬੁਰਜ ਵਿਚ ਭੇਜ ਕੇ 13 ਪੋਹ ਨੂੰ ਫਿਰ ਪੇਸ਼ ਹੋਣ ਦਾ ਹੁਕਮ ਦੇ ਦਿੱਤਾ। ਅਗਲੀ ਪੇਸ਼ੀ ਵਾਲੇ ਦਿਨ ਫਿਰ ਇਸਲਾਮ ਕਬੂਲ ਕਰਨ ਲਈ ਧਮਕਾਇਆ ਗਿਆ, ਪ੍ਰੰਤੂ ਸਾਹਿਬਜ਼ਾਦਿਆਂ ਦ੍ਰਿੜਤਾ ਭਰੀ ਨਾਂਹ ਕਰ ਕੇ ਆਪਣੇ ਧਰਮ ਨੂੰ ਸਵਾਸਾਂ ਸੰਗ ਨਿਭਾਉਣ ਬਾਰੇ ਬੜੀ ਬੇਬਾਕੀ ਅਤੇ ਦਲੇਰੀ ਨਾਲ ਜਵਾਬ ਦਿੱਤਾ।ਡਾ.ਗੰਡਾ ਸਿੰਘ ਨੇ “ਸ਼ਹੀਦੀ ਸਾਤਾ “ਵਿਚ ਪਾਪੀ ਦੀਵਾਨ ਸੁੱਚਾ ਨੰਦ ਦੇ ਭੜਕਾਹਟ ਭਰੇ ਸ਼ਬਦਾਂ ਨੂੰ ਦਰਜ ਕੀਤਾ ਹੈ,”ਅਫਾਈ ਰਾ ਕੁਸ਼ਤਨ,ਵਾ ਬਚਾ ਸਿ਼ਰਾ ਨਿਗਾਹ, ਦਾਸਤਾਨ ਕਾਰੇ ਖਿਰਦਮੰਦਾ ਨੀਸਤ ,ਚਿਰਾ ਕੇ ਆਗਬਤ,ਗੁਰਗ ਜਾਦਾ ਗੁਰਗ ਸ਼ਵਦ।(ਬਘਿਆੜ ਦੇ ਬੱਚੇ ਬਘਿਆੜ ਹੁੰਦੇ ਹਨ, ਇਨ੍ਹਾਂ ਨੂੰ ਕਤਲ ਕਰਨਾ ਠੀਕ ਹੈ)।

ਅਖੀਰ ਬੱਚਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਗਿਆ। ਜ਼ਾਲਮਾਂ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਹੀ ਨੀਹਾਂ ਵਿਚ ਚਿਣ ਦਿੱਤਾ। ਕੰਧਾਂ ਉਸਰਨ ਤੋਂ ਪਹਿਲਾਂ ਹੀ ਡਿੱਗ ਪਈਆਂ ਤੇ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ। ਬੇਹੋਸ਼ ਪਏ ਸਾਹਿਬਜ਼ਾਦਿਆਂ ਨੂੰ ਜੱਲਾਦਾਂ ਨੇ ਜ਼ਿਬਾਹ ਕਰ ਕੇ ਸ਼ਹੀਦ ਕਰ ਦਿੱਤਾ। ਇਹ ਮਨਹੂਸ ਖ਼ਬਰ ਦੀਵਾਨ ਟੋਡਰ ਮੱਲ ਨੇ ਮਾਤਾ ਜੀ ਨੂੰ ਹਉਕੇ ਭਰਦਿਆਂ ਦਿਤੀ। ਬਰਦਾਸ਼ਤ ਤੋਂ ਬਾਹਰ ਸਦਮਾ ਸਹਾਰਿਆ ਨਾ ਗਿਆ। ਰੂਹ ਆਤਮਾ ਪੰਜ ਭੂਤਕ ਸਰੀਰ ਤਿਆਗ ਕੇ ਪਰਮ ਜੋਤ ਵਿਚ ਸਮਾ ਗਈ। ਵਜ਼ੀਰ ਖਾਂ ਵੱਲੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨ ਲਈ ਜ਼ਮੀਨ ਦੇਣ ਤੋਂ ਨਾਂਹ ਕਰਨ ਤੇ ਦੀਵਾਨ ਟੋਡਰ ਮੱਲ ਜੀ ਨੇ ਖੜ੍ਹੇ ਰੁਖ ਸੋਨੇ ਦੀਆਂ ਮੋਹਰਾਂ ਵਿਛਾਅ ਕੇ ਜ਼ਮੀਨ ਮੁੱਲ ਲਈ। ਅੰਤਿਮ ਸਸਕਾਰ ਕਰਨ ਵਿਚ ਬਾਬਾ ਫੂਲ ਦੇ ਸਪੁੱਤਰ ਤਿਲੋਕ ਸਿੰਘ ਅਤੇ ਰਾਮ ਸਿੰਘ ਨੇ ਦੀਵਾਨ ਟੋਡਰ ਮੱਲ ਦਾ ਸਹਿਯੋਗ ਦਿੱਤਾ।

ਸਹਾਇਕ ਪੁਸਤਕਾਂ:

ਗੁਰ ਇਤਿਹਾਸ:ਪ੍ਰੋ.ਸਾਹਿਬ ਸਿੰਘ
ਸ਼ਹੀਦੀ ਸਾਤਾ :ਡਾ.ਗੰਡਾ ਸਿੰਘ
ਮਹਾਨ ਕੋਸ਼ : ਭਾਈ ਕਾਨ੍ਹ ਸਿੰਘ ਨਾਭਾ
ਗੁਰੂ ਗੋਬਿੰਦ ਸਿੰਘ : ਸੁਰਿੰਦਰ ਸਿੰਘ ਕੋਹਲੀ

 

ਕੁਲਵੰਤ ਸਿੰਘ ਅਣਖੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button