
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਕਤਲ ਅਤੇ ਉਨ੍ਹਾਂ ਸਾਲਾਂ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕੀਤੇ ਗਏ ਕਥਿਤ ਫਰਜ਼ੀ ਮੁਕਾਬਲਿਆਂ ਨੂੰ ਦਰਸਾਉਂਦੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਦੇ ਰਿਲੀਜ਼ ਹੋਣ ਨਾਲ ਸਾਬਕਾ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦਾ ਨਾਮ ਇੱਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ।
29 ਸਾਲ ਪਹਿਲਾਂ, 23 ਮਈ 1997 ਨੂੰ ਡੇਰਾਬੱਸੀ ਨੇੜੇ ਰੇਲਵੇ ਟਰੈਕ ‘ਤੇ ਚਿੱਟੇ ਕੱਪੜਿਆਂ ਵਿਚ ਇੱਕ ਵਿਅਕਤੀ ਦਿੱਲੀ-ਕਾਲਕਾ ਹਿਮਾਲੀਅਨ ਕੁਈਨ ਐਕਸਪ੍ਰੈੱਸ ਦੇ ਸਾਹਮਣੇ ਆ ਗਿਆ ਸੀ, ਜਿਸ ਨੂੰ ਪੁਲਿਸ ਨੇ ਪੰਜਾਬ ਪੁਲਿਸ ਦੇ ਸਭ ਤੋਂ ਵਿਵਾਦਗ੍ਰਸਤ ਚਿਹਰਿਆਂ ਵਿਚੋਂ ਇੱਕ ਐੱਸ.ਐੱਸ.ਪੀ. ਅਜੀਤ ਸਿੰਘ ਸੰਧੂ ਦੱਸਿਆ ਸੀ ਪਰ ਉਸੇ ਦਿਨ ਤੋਂ ਇਹ ਸਵਾਲ ਖੜ੍ਹਾ ਹੈ ਕਿ ਕੀ ਸੰਧੂ ਦੀ ਸੱਚਮੁੱਚ ਮੌਤ ਹੋਈ ਸੀ ਜਾਂ ਇਹ ਮੌਤ ਦਾ ਇੱਕ ਡਰਾਮਾ ਸੀ।
ਉਸ ਸਮੇਂ ਪਟਿਆਲਾ ਤੋਂ ਪੱਤਰਕਾਰ ਜੁਪਿੰਦਰਜੀਤ ਸਿੰਘ ਦੀਆਂ ਖ਼ਬਰਾਂ ਮੁਤਾਬਕ ਪੁਲਿਸ ਵੱਲੋਂ ਇਸ ਨੂੰ ਖ਼ੁਦਕੁਸ਼ੀ ਕਰਾਰ ਦੇਣ ਦੇ ਬਾਵਜੂਦ ਸ਼ੁਰੂਆਤੀ ਰਿਪੋਰਟਾਂ ਵਿਚ ਕਤਲ ਦੀ ਸੰਭਾਵਨਾ ਨੂੰ ਰੱਦ ਨਹੀਂ ਸੀ ਕੀਤਾ ਗਿਆ ਅਤੇ ਸੰਧੂ ਦੀ ਮਾਂ ਨੇ ਵੀ ਪੁਲਿਸ ਨੂੰ ਆਪਣੇ ਪੁੱਤਰ ਦੇ ਕਤਲ ਹੋਣ ਦੀ ਗੱਲ ਕਹੀ ਸੀ, ਜਿਸ ਦੀ ਬਾਅਦ ਵਿਚ ਕੋਈ ਜਾਂਚ ਨਹੀਂ ਹੋਈ।
ਘਟਨਾ ਦੇ ਪੰਜ ਦਿਨਾਂ ਬਾਅਦ ਰੇਲ ਡਰਾਈਵਰ ਦਾ ਬਿਆਨ ਸਾਹਮਣੇ ਆਇਆ, ਜਿਸ ਅਨੁਸਾਰ ਇੱਕ ਵਿਅਕਤੀ ਨੇ ਲਾਲੜੂ ਨੇੜੇ ਅਚਾਨਕ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ ਸੀ। ਮੌਕੇ ‘ਤੇ ਪਹੁੰਚੇ ਪੱਤਰਕਾਰਾਂ ਵੱਲੋਂ ਲਾਸ਼ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਹੀ ਇਹ ਮੰਨ ਲਿਆ ਗਿਆ ਕਿ ਉਹ ਅਜੀਤ ਸਿੰਘ ਸੰਧੂ ਸੀ। ਸੰਧੂ ਦੇ ਬਟੂਏ ਵਿਚੋਂ ਦੋ ਟੁਕੜਿਆਂ ਵਿਚ ਇੱਕ ਖ਼ੁਦਕੁਸ਼ੀ ਨੋਟ ਮਿਲਿਆ, ਜਿਸ ਵਿਚ ਪੰਜਾਬੀ ਵਿਚ ਲਿਖਿਆ ਸੀ— ”ਜ਼ਲਾਲਤ ਦੀ ਜ਼ਿੰਦਗੀ ਜੀਣ ਨਾਲੋਂ ਮਰ ਜਾਣਾ ਹੀ ਚੰਗਾ ਹੈ।” ਪੁਲਿਸ ਸੂਤਰਾਂ ਅਨੁਸਾਰ ਇਹ ਕਾਗਜ਼ ਨਵਾਂ ਲਿਖਿਆ ਹੋਇਆ ਨਹੀਂ ਲੱਗਦਾ ਸੀ, ਜਿਸ ਤੋਂ ਅੰਦਾਜ਼ਾ ਲਗਾਇਆ ਗਿਆ ਕਿ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਇੱਕ ਨਿੱਜੀ ਲਿਖਤ ਮਾਹਿਰ ਗੋਪਾਲ ਕ੍ਰਿਸ਼ਨ ਸ਼ਰਮਾ ਨੇ ਸੰਧੂ ਦੇ ਪੁਰਾਣੇ ਨਮੂਨਿਆਂ ਨਾਲ ਮਿਲਾਣ ਕਰਕੇ ਇਸ ਨੋਟ ਨੂੰ ਅਸਲੀ ਦੱਸਿਆ ਸੀ ਪਰ ਸਰਕਾਰੀ ਲਿਖਤ ਮਾਹਿਰ ਇਸ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਉਸ ਨੇ ਪੰਜਾਬੀ ਲਿਖਤ ਦੇ ਨਵੇਂ ਨਮੂਨੇ ਮੰਗੇ, ਜਿਸ ਨੇ ਜਾਂਚ ਦੀ ਵੱਡੀ ਖਾਮੀ ਨੂੰ ਉਜਾਗਰ ਕੀਤਾ।
ਇੱਕ ਸੀਨੀਅਰ ਅਧਿਕਾਰੀ ਵਜੋਂ ਸੰਧੂ ਜ਼ਿਆਦਾਤਰ ਅੰਗਰੇਜ਼ੀ ਵਿਚ ਦਸਤਾਵੇਜ਼ ਸਾਈਨ ਕਰਦੇ ਸਨ ਅਤੇ ਪੁਲਿਸ ਸਿਰਫ਼ 1977 ਅਤੇ 1978 ਦੇ ਪੁਰਾਣੇ ਪੰਜਾਬੀ ਨਮੂਨੇ ਹੀ ਪੇਸ਼ ਕਰ ਸਕੀ, ਜਿਨ੍ਹਾਂ ਦਾ ਮੌਜੂਦਾ ਲਿਖਤ ਨਾਲ ਸਹੀ ਮਿਲਾਣ ਸੰਭਵ ਨਹੀਂ ਸੀ।
ਪੋਸਟਮਾਰਟਮ ਦੀ ਰਿਪੋਰਟ ਵਿਚ ਸੱਟਾਂ ਮੌਤ ਤੋਂ ਪਹਿਲਾਂ ਦੀਆਂ ਦੱਸੀਆਂ ਗਈਆਂ ਸਨ, ਜਿਸ ਦਾ ਮਤਲਬ ਸੀ ਕਿ ਜਦੋਂ ਰੇਲ ਗੱਡੀ ਵੱਜੀ, ਤਾਂ ਉਹ ਜ਼ਿੰਦਾ ਸੀ। ਉਸ ਦਾ ਸਰੀਰ ਵਿਚਕਾਰੋਂ ਕੱਟਿਆ ਗਿਆ ਸੀ ਅਤੇ ਖੋਪੜੀ ਦੇ ਚੀਥੜੇ ਉੱਡ ਗਏ ਸਨ ਪਰ ਚਿਹਰਾ ਪਛਾਣਨਯੋਗ ਸੀ। ਅੱਜ ਜਦੋਂ ਖਾਲੜਾ ਦੇ ਕਤਲ ਅਤੇ ਫਰਜ਼ੀ ਮੁਕਾਬਲਿਆਂ ਦੇ ਦੌਰ ਨੂੰ ਮੁੜ ਯਾਦ ਕੀਤਾ ਜਾ ਰਿਹਾ ਹੈ, ਤਾਂ ਸੰਧੂ ਦਾ ਨਾਂ ਸਾਬਕਾ ਡੀ.ਜੀ.ਪੀ. ਕੇ.ਪੀ. ਐੱਸ. ਗਿੱਲ ਨਾਲ ਜੋੜਿਆ ਜਾ ਰਿਹਾ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਚਰਚਾ ਵੀ ਚੱਲ ਰਹੀ ਹੈ ਕਿ ਸੰਧੂ ਮਰਿਆ ਨਹੀਂ ਸੀ, ਸਗੋਂ ਉਸ ਨੂੰ ਸਰਕਾਰੀ ਸੁਰੱਖਿਆ ਹੇਠ ਨਵੀਂ ਪਛਾਣ ਦੇ ਕੇ ਵਿਦੇਸ਼ ਭੇਜ ਦਿੱਤਾ ਗਿਆ ਸੀ। ਸਾਲ 2026 ਵਿਚ ਵੀ 1997 ਦੇ ਕਈ ਸਵਾਲ ਅਣਸੁਲਝੇ ਹਨ— ਇੱਕ ਸਰਵਿਸ ਰਿਵਾਲਵਰ ਰੱਖਣ ਵਾਲੇ ਐੱਸ.ਐੱਸ.ਪੀ. ਨੇ ਰੇਲ ਅੱਗੇ ਛਾਲ ਮਾਰਨ ਦਾ ਔਖਾ ਰਾਹ ਕਿਉਂ ਚੁਣਿਆ? ਪੁਲਿਸ ਦਹਾਕਿਆਂ ਦੀ ਸਰਵਿਸ ਦੇ ਬਾਵਜੂਦ ਸੰਧੂ ਦੀ ਪੰਜਾਬੀ ਲਿਖਤ ਦਾ ਕੋਈ ਨਵਾਂ ਨਮੂਨਾ ਕਿਉਂ ਨਹੀਂ ਲੱਭ ਸਕੀ? ਸਰਕਾਰੀ ਮਾਹਰ ਨਿੱਜੀ ਮਾਹਰ ਦੀ ਰਿਪੋਰਟ ਨਾਲ ਅਸਹਿਮਤ ਕਿਉਂ ਸੀ? ਅਤੇ ਸੰਧੂ ਦੀ ਮਾਂ ਵੱਲੋਂ ਲਗਾਏ ਗਏ ਕਤਲ ਦੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕਿਉਂ ਨਹੀਂ ਕੀਤੀ ਗਈ? ਇਹ ਸਭ ਅਜਿਹੇ ਸਵਾਲ ਹਨ, ਜਿਨ੍ਹਾਂ ਦੇ ਜਵਾਬ ਕਦੇ ਸਾਹਮਣੇ ਨਹੀਂ ਆਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




